ਯੋਗ ਦਰਸ਼ਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਯੋਗ ਦਰਸ਼ਨ : ਯੋਗ ਦਰਸ਼ਨ ਮਹਾਂਰਿਸ਼ੀ ਪਤੰਜਲੀ ਦੀ ਰਚਨਾ ਹੈ। ਇਹ ਰਚਨਾ ਹੋਰ ਸਾਰੇ ਯੋਗ ਸ਼ਾਸਤਰਾਂ ਵਿੱਚੋਂ ਛੋਟੀ ਹੈ, ਪਰੰਤੂ ਮਹੱਤਵ ਦੀ ਦ੍ਰਿਸ਼ਟੀ ਨਾਲ ਸਭ ਤੋਂ ਮਹੱਤਵਪੂਰਨ ਹੈ। ਯੋਗ ਦਰਸ਼ਨ ਵਿੱਚ ਕੁੱਲ ਚਾਰ ਪਦ ਅਤੇ 194 ਸੂਤਰ ਹਨ।
ਯੋਗ ਸ਼ਬਦ ਦੇ ਅਨੇਕ ਅਰਥ ਹਨ, ਜਿਵੇਂ ਜੋੜ, ਸੰਬੰਧ, ਸੰਯੋਗ, ਜੁਗਤ, ਉਪਾਅ, ਨਿਯਮ ਆਦਿ। ਮਹਾਂਰਿਸ਼ੀ ਪਤੰਜਲੀ ਦੇ ਅਨੁਸਾਰ ਯੋਗ ਦਾ ਅਰਥ ਹੈ, ਮਨ ਦੀਆਂ ਬਿਰਤੀਆਂ ਨੂੰ ਕਾਬੂ ਰੱਖਣ.'योगरि चित्तकृति निरोध्: ਅਰਥਾਤ ਚਿੱਤ ਬਿਰਤੀਆਂ ਦੇ ਸੰਜਮ ਨੂੰ ਯੋਗ ਆਖਦੇ ਹਨ। ਪਤੰਜਲੀ ਨੇ ਇਸ ਸੂਤਰ ਦੀ ਵਿਆਖਿਆ ਕਰਦੇ ਹੋਏ ਅੱਗੇ ਕਿਹਾ ਹੈ ਕਿ ਮਨ ਦੀਆਂ ਬਿਰਤੀਆਂ (ਮਨ ਦੀਆਂ ਲਹਿਰਾਂ) ਨੂੰ ਸਭ ਬੁਰਾਈਆਂ ਤੋਂ ਹਟਾ ਕੇ (ਵਿਰਾਗ) ਅਤੇ ਸ਼ੁਭ ਗੁਣਾਂ ਵਿੱਚ ਸਥਿਰ ਕਰ ਕੇ, ਪਰਮਾਤਮਾ ਦੀ ਨੇੜਤਾ ਵਿੱਚ ਰਹਿ ਕੇ ਪਰਮਾਤਮਾ ਵਿੱਚ ਹੀ ਲੀਨ ਹੋ ਜਾਣ ਨੂੰ ਯੋਗ (ਮੁਕਤੀ) ਕਹਿੰਦੇ ਹਨ। ਮਨ ਦੀਆਂ ਬਿਰਤੀਆਂ ਦਾ ਸੰਜਮ (ਨਿਰੋਧ) ਅਤੇ ਈਸ਼ਵਰ ਦੇ ਧਿਆਨ ਵਿੱਚ ਲੀਨਤਾ ਨੂੰ ਹੀ ਯੋਗ ਕਿਹਾ ਜਾ ਸਕਦਾ ਹੈ।
ਯੋਗ ਦਰਸ਼ਨ ਦੇ ਅੰਗ : ਜਿਸ ਪ੍ਰਕਾਰ ਚਿਕਿਤਸਾ ਸ਼ਾਸਤਰ ਵਿੱਚ ਰੋਗ, ਰੋਗ ਦਾ ਹੇਤੂ, ਰੋਗ ਤੋਂ ਮੁਕਤੀ ਅਤੇ ਮੁਕਤੀ ਲਈ ਔਖਧ (ਦਵਾਈ), ਇਹ ਚਾਰ ਅੰਗ ਹਨ, ਉਸੀ ਤਰ੍ਹਾਂ ਯੋਗ ਦਰਸ਼ਨ ਵਿੱਚ ਸੰਸਾਰ, ਸੰਸਾਰ ਦਾ ਹੇਤੂ, ਮੋਕਸ਼ ਅਤੇ ਮੋਕਸ਼ ਲਈ ਉਪਾਅ, ਨਾਮਕ ਚਾਰ ਅੰਗ ਹਨ। ਇਹ ਦੁਖਮਈ ਸੰਸਾਰ ਤਿਆਗਣਯੋਗ ਹੈ। ਮਨੁੱਖ ਜਦੋਂ ਬਾਹਰੀ ਪ੍ਰਕਿਰਤੀ ਨਾਲ ਜੁੜਦਾ ਹੈ, ਇਹ ਦੁਖਮਈ ਸੰਸਾਰ ਦਾ ਹੇਤੂ ਹੁੰਦਾ ਹੈ। ਪ੍ਰਕਿਰਤੀ ਦੇ ਖਿਚਾਵ ਤੋਂ ਮੂੰਹ ਮੋੜ ਲੈਣਾ ਹੀ ਮੋਕਸ਼ ਹੈ ਅਤੇ ਮੋਕਸ਼ ਦਾ ਉਪਾਅ ਹੈ ਸਮਯਕ ਦਰਸ਼ਨ ਅਰਥਾਤ ਸਹੀ ਜੀਵਨ-ਜਾਚ।
ਯੋਗ ਦੇ ਸਾਧਨ : ਯੋਗ ਵਾਸਤੇ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨ, ਪਰਮਾਤਮਾ ਦਾ ਧਿਆਨ ਅਤੇ ਲੀਨਤਾ ਜ਼ਰੂਰੀ ਹੈ, ਇਸ ਲਈ ਪਤੰਜਲੀ ਨੇ ਅੱਠ ਸਾਧਨਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਹੈ। ਇਹ ਅੱਠ ਸਾਧਨ ਯੋਗ ਦੇ ਅੰਗ ਹਨ :
1. ਯਮ : ਯਮ ਦਾ ਅਰਥ ਹੈ ਸੰਜਮ। ਜੀਵਨ ਨੂੰ ਸੰਜਮਤਾ ਵਿੱਚ ਰੱਖਣ ਲਈ ਪੰਜ ਯਮਾਂ (ਸੰਜਮਾਂ) ਦੀ ਸਿਫਾਰਿਸ਼ ਕੀਤੀ ਹੈ-ਅਹਿੰਸਾ, ਸੱਚ, ਅਸਤੇਯ (ਚੋਰੀ ਨਾ ਕਰਨਾ), ਬ੍ਰਹਮਚਾਰੀ ਤੇ ਅਪਰਿਗ੍ਰਹਿ (ਧਨ-ਦੌਲਤ ਦਾ ਮੋਹ ਨਾ ਕਰਨਾ)।
2. ਨਿਯਮ : ਨਿਯਮ ਵੀ ਪੰਜ ਹੀ ਹਨ-ਨਿਰਮਲਤਾ, ਸੰਤੋਸ਼, ਤਪ, ਸਵਾਧਿਆਇ (ਸ਼ਾਸਤਰਾਂ ਦਾ ਅਧਿਆਪਨ) ਅਤੇ ਈਸ਼ਵਰ ਪ੍ਰਣਿਧਾਨ (ਈਸ਼ਵਰ ਦੀ ਪ੍ਰਾਰਥਨਾ)।
3. ਆਸਨ : ਮਨ ਅਤੇ ਸਰੀਰ ਨੂੰ ਸਥਿਰ ਕਰ ਕੇ ਇੱਕ ਸਥਿਤੀ ਵਿੱਚ ਦੇਰ ਤੱਕ ਸੁਖ ਪੂਰਬਕ ਬੈਠਣਾ ਆਸਨ ਅਖਵਾਉਂਦਾ ਹੈ। ਸਥਿਰਤਾ ਅਤੇ ਧਿਆਨ ਵਾਸਤੇ ਕਈ ਤਰ੍ਹਾਂ ਦੇ ਆਸਨਾਂ ਦੀ ਚਰਚਾ ਕੀਤੀ ਜਾਂਦੀ ਹੈ; ਜਿਵੇਂ ਸਿੱਧਾਸਨ, ਪਦਮਾਸਨ, ਸੁਖਾਸਨ ਜਾਂ ਸਵਸਤਿਕ (ਹੱਥਾਂ ਨੂੰ ਸੀਨੇ ਤੇ ਸਵਾਸਤਿਕ ਚਿੰਨ੍ਹ ਵਾਂਗ ਰੱਖ ਕੇ ਬੈਠਣਾ)। ਸਿੱਧਾਸਨ ਸਿੱਧਾਂ ਦੇ ਬੈਠਣ ਦੀ ਵਿਧੀ ਹੈ, ਪਦਮਾਸਨ ਵਿੱਚ ਚੌਕੜੀ ਮਾਰ ਕੇ ਧਰਤੀ ਤੇ ਬੈਠਦੇ ਹਨ। ਸੁਖਾਸਨ ਸਹਿਜਾਸਨ ਹੈ, ਜਿਵੇਂ ਬੈਠਣ ਵਿੱਚ ਕੋਈ ਪਰੇਸ਼ਾਨੀ ਨਾ ਹੋਏ।
4. ਪ੍ਰਾਣਾਯਾਮ : ਸਾਹ ਨੂੰ ਸੰਜਮਪੂਰਬਕ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕ੍ਰਿਆ ਨੂੰ ਪ੍ਰਾਣਾਯਾਮ ਕਹਿੰਦੇ ਨੇ।
5. ਪ੍ਰਤਯਾਹਾਰ : ਮਨ ਅਤੇ ਇੰਦਰੀਆਂ ਨੂੰ ਰੂਪ, ਰਸ, ਗੰਧ ਆਦਿ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨ ਨੂੰ ਪ੍ਰਤਯਾਹਾਰ ਕਹਿੰਦੇ ਹਨ।
6. ਧਾਰਨਾ : ਮਨ ਨੂੰ ਅੰਤਰਮੁੱਖ ਕਰ ਕੇ ਸਰੀਰ ਦੀਆਂ ਇੰਦਰੀਆਂ ਤੋਂ ਉੱਪਰ ਕਿਸੇ ਇੱਕ ਸਥਾਨ ਤੇ ਸਥਿਰ ਕਰਨ ਦੀ ਧਾਰਨਾ ਹੈ।
7. ਧਿਆਨ : ਮਨ, ਇੰਦਰੀਆਂ, ਬੁੱਧੀ ਅਤੇ ਆਤਮਾ ਜਦ ਕਿਸੇ ਇੱਕ ਸਥਿਤੀ ਤੇ ਲੀਨ ਹੋ ਜਾਂਦੇ ਹਨ ਅਤੇ ਨਿਰੰਤਰ ਉਸੇ ਨੁਕਤੇ ਤੇ ਖੁਭੇ ਰਹਿੰਦੇ ਹਨ ਤਾਂ ਇਸ ਨੂੰ ਧਿਆਨ ਦੀ ਸੰਗਿਆ ਦਿੱਤੀ ਜਾਂਦੀ ਹੈ। ਯਾਦ ਰਹੇ, ਇਸ ਹਾਲਤ ਵਿੱਚ ਧਿਆਨ, ਧਿਆਤਾ (ਧਿਆਨ ਕਰਨ ਵਾਲਾ) ਅਤੇ ਧਿਯੇਯ (ਜਿਸ ਦਾ ਧਿਆਨ ਕੀਤਾ ਜਾਏ) ਦਾ ਅਲੱਗ-ਅਲੱਗ ਅਹਿਸਾਸ ਬਣਿਆ ਰਹਿੰਦਾ ਹੈ।
8. ਸਮਾਧੀ : ਜਦੋਂ ਧਿਆਨ ਵਿੱਚ ਧਿਯੇਯ-ਵਸਤੂ ਆਪਣੇ ਪੂਰੇ ਆਕਾਰ ਵਿੱਚ ਪ੍ਰਤੱਖ ਹੁੰਦੀ ਹੋਵੇ ਤਾਂ ਉਹ ਸਥਿਤੀ ਸਮਾਧੀ ਹੈ। ਸਮਾਧੀ ਵਿੱਚ ਧਿਆਨ ਅਤੇ ਧਿਆਤਾ ਵਿੱਚ ਅੰਤਰ ਨਹੀਂ ਰਹਿੰਦਾ, ਇਸ ਅਵਸਥਾ ਵਿੱਚ ਮਾਤਰ ਧਿਯੇਯ ਹੀ ਰਹਿੰਦਾ ਹੈ।
ਯੋਗ ਦਰਸ਼ਨ ਵਿੱਚ ਈਸ਼ਵਰ ਦਾ ਸਰਬ ਸ੍ਰੇਸ਼ਠ ਨਾਂ ‘ਪ੍ਰਣਵ’ ਅਰਥਾਤ ‘ਓਮ’ ਹੈ। ‘ਓਮ’ ਦੇ ਅਰਥ ਸਹਿਤ ਜਪ ਨਾਲ ਆਪਣੇ ਸਰੂਪ ਦਾ ਸਾਖਿਆਤ ਹੁੰਦਾ ਹੈ। ਇੱਥੇ ਯੋਗ ਦੇ ਬਾਕੀ ਵਿਘਨਾਂ ਦਾ ਭੀ ਅੰਤ ਹੋ ਜਾਂਦਾ ਹੈ। ਯੋਗੀ ਲੋਕ ਮੰਨਦੇ ਹਨ ਕਿ ਯੋਗ-ਅਭਿਆਸ ਨਾਲ ਮਨੁੱਖ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ ਅਤੇ ਬਾਹਰ ਪ੍ਰਕਿਰਤੀ ਦੀਆਂ ਸ਼ਕਤੀਆਂ ਤੇ ਵੀ ਕਾਬੂ ਪਾ ਸਕਦਾ ਹੈ।
ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਯੋਗ ਦਰਸ਼ਨ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਯੋਗ ਦਰਸ਼ਨ : ਜਿਸ ਸਿਧਾਂਤ ਪ੍ਰਣਾਲੀ ਦਾ ਸੰਬੰਧ ਯੋਗ ਸਾਧਨਾ ਨਾਲ ਹੈ, ਉਸ ਨੂੰ ‘ਯੋਗ ਦਰਸ਼ਨ’ ਦਾ ਨਾਂ ਦਿੱਤਾ ਜਾਂਦਾ ਹੈ। ‘ਯੋਗ’ ਸ਼ਬਦ ਸੰਸਕ੍ਰਿਤ ਦੀ ‘ਯੁਜੑ’ ਧਾਤੂ ਤੋਂ ਬਣਿਆ ਹੈ ਅਤੇ ਇਹ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਸ਼ਬਦ ਦਾ ਸਾਧਾਰਥ ਅਰਥ ਹੈ ਜੋੜਨਾ ਜਾਂ ਸੰਬੰਧ ਕਾਇਮ ਕਰਨਾ। ਫਲਸਰੂਪ ਦਰਸ਼ਨ ਵਿਚ ਆਤਮਾ ਪ੍ਰਮਾਤਮਾ ਦੀ ਏਕਤਾ ਨੂੰ ‘ਯੋਗ’ ਕਿਹਾ ਜਾਂਦਾ ਹੈ। ਇਸ ਤੋਂ ਛੁੱਟ ਆਤਮਾ ਅਤੇ ਪ੍ਰਮਾਤਮਾ ਵਿਚ ਮੇਲ ਕਰਾਉਣ ਲਈ ਸਾਧਨਾ ਪ੍ਰਣਾਲੀ ਜਾਂ ਵਿਧੀ ਨੂੰ ਵੀ ਯੋਗ ਦਾ ਨਾਂ ਦਿੱਤਾ ਜਾਂਦਾ ਹੈ; ਜਿਵੇਂ ਗਿਆਨ ਯੋਗ, ਕਰਮ ਯੋਗ, ਭਗਤੀ ਯੋਗ। ‘ਯੋਗ’ ਸ਼ਬਦ ਦਾ ਵਿਸ਼ੇਸ਼ ਅਰਥ ਹੈ ‘ਯਤਨ’। ਇਸ ਤਰ੍ਹਾਂ ਯਤਨ–ਪੂਰਵਕ ਕੀਤੀ ਗਈ ਸਾਧਨਾ ਪ੍ਰਣਾਲੀ ਯੋਗ ਹੈ। ਪਤੰਜਲਿ ਅਨੁਸਾਰ ‘ਚਿੱਤ ਵ੍ਰਿਤੀ ਦੇ ਨਿਰੋਧ’ (ਠਹਿਰਾਓ ਜਾਂ ਰੋਕ) ਨੂੰ ਯੋਗ ਕਹਿੰਦੇ ਹਨ।
ਯੋਗ ਸਾਧਨਾ ਭਾਰਤ ਦੀ ਇਕ ਮਹੱਤਵਪੂਰਣ ਸਾਧਨਾ ਪ੍ਰਣਾਲੀ ਹੈ। ਉਪਨਿਸ਼ਦਾਂ ਅਤੇ ਗੀਤਾ ਵਿਚ ਇਸ ਦੇ ਉਲੇਖ ਮਿਲ ਜਾਂਦੇ ਹਨ। ‘ਭਾਗਵਤ ਪੁਰਾਣ’ ਅਤੇ ‘ਯੋਗ ਵਾਸ਼ਿਸਠ’ ਵਿਚ ਇਸ ਦੀ ਮਹੱਤਵ–ਸਥਾਪਨਾ ਹੋਈ ਹੈ। ਬੁੱਧ ਮੱਤ ਵਿਚ ਨਿਰਵਾਣ–ਪਦ ਦੀ ਪ੍ਰਾਪਤੀ ਲਈ ਯੋਗ ਨੂੰ ਸਹਾਇਕ ਸਾਧਨ ਮੰਨਿਆ ਗਿਆ ਹੈ। ਪਤੰਜਲਿ ਨੇ ਸਭ ਤੋਂ ਪਹਿਲਾਂ ਪੂਰਬ–ਵਰਤੀ ਰਿਸ਼ੀਆਂ ਅਤੇ ਆਚਾਰਚਯਾਂ ਦੀਆਂ ਯੋਗ ਸਾਧਨਾ ਸੰਬੰਧੀ ਮਾਨਤਾਵਾਂ ਅਤੇ ਸਿਧਾਂਤਾਂ ਦੇ ਆਧਾਰ ’ਤੇ ‘ਯੋਗ–ਸੂਤ੍ਰ’ ਦੀ ਰਚਨਾ ਕੀਤੀ ਜਿਸ ਵਿਚ ਯੋਗ ਸੰਬੰਧੀ ਸੂਖ਼ਮ ਅਧਿਐਨ ਪੇਸ਼ ਕੀਤਾ ਗਿਆ। ਪਰ ਸਭ ਨਾਲੋਂ ਅਧਿਕ ‘ਅਸ਼ਟਾਗ ਯੋਗ’ ਦੇ ਸਰੂਪ ਅਤੇ ਮਹੱਤਵ ਨੂੰ ਦਰਸਾਇਆ ਗਿਆ ਹੈ। ਇਸ ਦੇ ਸਮਾਨਾਂਤਰ ‘ਹਠ ਯੋਗ’ ਹੈ ਜਿਸ ਦਾ ਮੂਲ ਭਾਵੇਂ ਤੰਤ੍ਰ–ਗ੍ਰੰਥਾਂ ਵਿਚ ਮੰਨਿਆ ਜਾਂਦਾ ਹੈ ਪਰ ਇਸ ਦੀ ਪੁਨਰ–ਸਥਾਪਨਾ ਗੋਰਖ–ਨਾਥ ਨੇ ਕੀਤੀ। ਇਸ ਤਰ੍ਹਾਂ ਇਹ ਦੋਵੇਂ ਯੋਗ ਸੁਤੰਤਰ ਰੂਪ ਵਿਚ ਪ੍ਰਵਾਹਮਾਨ ਰਹੇ ਹਨ, ਪਰ ਕਿਤੇ ਕਿਤੇ ਇਨ੍ਹਾਂ ਦੋਹਾਂ ਦੇ ਸਾਧਨਾਂ ਦਾ ਆਪਸ ਵਿਚ ਮੇਲ ਵੀ ਹੋਇਆ ਹੈ। ਅਜਿਹੀ ਸਥਿਤੀ ਵਿਚ ‘ਹਠ ਯੋਗ’ ਦਾ ਸੰਬੰਧ ਚੂੰਕਿ ਸ਼ਰੀਰਿਕ ਕ੍ਰਿਆ–ਵਿਧੀ ਨਾਲ ਹੈ, ਇਸ ਲਈ ਇਸ ਨੂੰ ਯੋਗ ਸਾਧਨਾਂ ਦੀ ਪਹਿਲੀ ਪੌੜੀ ਕਿਹਾ ਜਾਵੇਗਾ ਅਤੇ ਪਤੰਜਲਿ ਦੇ ਯੋਗ ਦਾ ਸੰਬੰਧ ਮੋਖ ਨਾਲ ਹੈ, ਇਸ ਲਈ ਉਸ ਨੂੰ ਯੋਗ ਸਾਧਨਾ ਦੀ ਦੂਜੀ ਪੌੜੀ ਮੰਨਿਆ ਜਾਵੇਗਾ। ਇਸ ਨੂੰ ‘ਰਾਜ ਯੋਗ’ ਵੀ ਕਿਹਾ ਜਾਂਦਾ ਹੈ। ਮੁੱਖ ਤੌਰ ਤੇ ਯੋਗ ਦੀ ਇਹੀ ਦੋ ਭੇਦ ਹਨ –– ਰਾਜ–ਯੋਗ ਅਤੇ ਹਠ–ਯੋਗ। ਉਂਜ ਮੰਤ੍ਰ–ਯੋਗ, ਲਿਵ–ਯੋਗ, ਸ਼ਬਦ–ਸੁਰਤਿ–ਯੋਗ ਆਦਿ ਦਾ ਉਲੇਖ ਵੀ ਕਿਤੇ ਕਿਤੇ ਮਿਲਦਾ ਹੈ।
ਪਤੰਜਲਿ ਕ੍ਰਿਤ ‘ਯੋਗ–ਸੂਤ੍ਰ’ ਦੇ ਕੁਲ ਚਾਰ ਪਦ ਹਨ। ਪਹਿਲੇ ਪਾਦ ਦਾ ਨਾਂ ‘ਸਮਾਧਿਪਾਦ’ ਹੈ। ਇਸ ਵਿਚ ਯੋਗ ਦੇ ਲੱਛਣ, ਸਰੂਪ ਅਤੇ ਉਸ ਦੀ ਪ੍ਰਾਪਤੀ ਦੇ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਨਾਲ ਹੀ ਚਿੱਤ ਵ੍ਰਿਤੀਆਂ ਦੇ ਭੇਦ ਅਤੇ ਲੱਛਣ ਦੱਸੇ ਗਏ ਹਨ। ਦੂਜੇ ਪਾਦ ਦਾ ਨਾਂ ਹੈ ‘ਸਾਧਨ–ਪਾਦ’। ਇਸ ਵਿਚ ਅਵਿੱਦਿਆ (ਅਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦੱਸਿਆ ਗਿਆ ਹੈ। ਇਨ੍ਹਾਂ ਦੁੱਖਾਂ ਦਾ ਨਾਸ਼ ਕਰਨ ਲਈ ਕਲੇਸ਼ਾਂ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਜਿਸ ਲਈ ਨਿਰਮਲ ਵਿਵੇਕ ਗਿਆਨ ਦੀ ਲੋੜ ਹੈ ਅਤੇ ਇਸ ਗਿਆਨ ਦੀ ਪ੍ਰਾਪਤੀ ਦਾ ਉਪਾਅ ਅੱਗ ਅੰਗਾਂ ਦੀ ਪਾਲਣਾ ਹੈ। ਇਹ ਅੱਠ ਅੰਗ (ਅਸ਼ਟਾਂਗ) ਹਨ––ਯਮ, ਨਿਸਮ, ਆਸਨ, ਪ੍ਰਾਣਾਯਮ, ਪ੍ਰਤੑਯਾਹਾਰ, ਧਾਰਣਾ, ਧਿਆਨ ਅਤੇ ਸਮਾਧਿ। ਤੀਜੇ ਪਦ ਦਾ ਨਾਂ ਹੈ ‘ਵਿਭੂਤਿਪਾਦ’। ਇਸ ਵਿਚ ਧਾਰਣਾ, ਧਿਆਨ ਅਤੇ ਸਮਾਧਿ ਇਨ੍ਹਾਂ ਤਿੰਨਾਂ ਦਾ ਸਮੁੱਚਾ ਭਾਵ ‘ਸੰਯਮ’ ਦਸ ਕੇ ਉਸ ਦੇ ਵੱਖ ਵੱਖ ਫਲਾਂ ਉੱਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। ਇਸ ਨੂੰ ਯੋਗ ਦੀ ਸਿੱਧੀ ਅਤੇ ਵਿਭੂਤੀ ਵੀ ਕਹਿੰਦੇ ਹਨ। ਪਰ ਇਨ੍ਹਾਂ ਸਿੱਧੀਆਂ ਦੇ ਲੋਭ ਵਿਚ ਨਾ ਪੈਣ ਲਈ ਸਾਧਕ ਨੂੰ ਚੇਤਾਵਨੀ ਵੀ ਕੀਤੀ ਗਈ ਹੈ। ਚੌਥੇ ਪਾਦ ਦਾ ਨਾਂ ‘ਕੈਵਲੑਯ–ਪਾਦ’ ਹੈ। ਇਸ ਵਿਚ ਕੈਵਲੑਯ ਪ੍ਰਾਪਤ ਕਰਨ ਯੋਗ ਚਿੱਤ ਦਾ ਸਰੂਪ ਚਿੱਤਰਿਆ ਗਿਆ ਹੈ ਅਤੇ ਯੋਗ ਦਰਸ਼ਨ ਸੰਬੰਧੀ ਪੈਦਾ ਹੋਣ ਵਾਲੇ ਸ਼ੰਕਿਆਂ ਦਾ ਨਿਰਵਾਣ ਕੀਤਾ ਗਿਆ ਹੈ। ਕਲੇਸ਼ ਅਤੇ ਕਰਮਾਂ ਦਾ ਅਭਾਵ ਅਤੇ ਪੁਨਰ–ਜਨਮ ਦੀ ਸਮਾਪਤੀ ਆਦਿ ਗੱਲਾਂ ਤੇ ਪ੍ਰਕਾਸ਼ ਪਾ ਕੇ ਕੈਵਲੑਯ ਦਾ ਸਰੂਪ ਵੀ ਉਘਾੜਿਆ ਗਿਆ ਹੈ।
ਯੋਗ ਦਰਸ਼ਨ ਈਸ਼ਵਰ ਤੱਤ ਵਿਚ ਵਿਸ਼ਵਾਸ ਰੱਖਦਾ ਹੈ। ਈਸ਼ਵਰ ਸਨਾਤਨ, ਆਪਣੇ ਆਪ ਤੇ ਨਿਰਭਰ, ਪੁਰਸ਼ ਅਤੇ ਪ੍ਰਕ੍ਰਿਤੀ ਤੋਂ ਵੱਖ ਇਕ ਸੁਤੰਤਰ ਅਤੇ ਨਿੱਤ ਤੱਤ ਹੈ। ਇਹ ਇਕ ਵਿਸ਼ੇਸ਼ ਪੁਰਸ਼ ਵੀ ਕਿਹਾ ਜਾ ਸਕਦਾ ਹੈ। ਉਹ ਨਾ ਕਲੇਸ਼ ਭੋਗਦਾ ਹੈ, ਨਾ ਕੋਈ ਕਰਮ ਕਰਦਾ ਹੈ, ਉਹ ਸਕਦਾ ਮੁਕਤ ਅਤੇ ਅਸਾਧਾਰਣ ਤੇ ਅਨੰਤ ਸ਼ਕਤੀ ਵਾਲਾ ਪਰਮ ਪੁਰਸ਼ ਹੈ। ਆਦਿ ਕਰਤਾ ਕੇਵਲ ਇਕ ਪ੍ਰਮੇਸ਼ਵਰ ਹੈ, ਬਾਕੀ ਦੇਵ ਉਸ ਦੇ ਅਧੀਨ ਹਨ। ਜੋ ਸਾਧਕ ਆਪਣੇ ਆਪ ਨੂੰ ਪ੍ਰਮੇਸ਼ਵਰ ਅੱਗੇ ਅਰਪਣ ਕਰਦਾ ਹੈ, ਉਸ ਦੇ ਸਾਧਨਾ–ਮਾਰਗ ਦੇ ਸਾਰੇ ਔਖ ਕਟ ਜਾਂਦੇ ਹਨ ਅਤੇ ਪ੍ਰਮੇਸ਼ਵਰ ਦੀ ਕ੍ਰਿਪਾ ਨਾਲ ਉਸ ਨੂੰ ਜਲਦੀ ਕੈਵਲੑਯ ਪ੍ਰਾਪਤ ਹੋ ਜਾਂਦਾ ਹੈ। ਈਸ਼ਰਵ ਪੁਰਸ਼ ਅਤੇ ਪ੍ਰਕ੍ਰਿਤੀ ਦੇ ਸੰਯੋਗ ਨਾਲ ਪ੍ਰਕ੍ਰਿਤੀ ਦੇ ਪਰਿਣਾਮ ਨੂੰ ਨਿਯੰਤ੍ਰਿਤ ਕਰਦਾ ਹੈ। ਇਸ ਮੱਤ ਅਨੁਸਾਰ ਭ੍ਰਾਂਤੀਆਂ ਤੋਂ ਰਹਿਤ ਸ਼ੑਰੁਤੀ (ਵੇਦ) ਦਾ ਕਰਤਾ ਅਲਪੱਗ ਜੀਵ ਨਹੀਂ ਹੋ ਸਕਦਾ, ਉਹ ਕਰਤਾ ਕੇਵਲ ਸਰਬੱਗ ਈਸ਼ਵਰ ਹੀ ਹੋ ਸਕਦਾ ਹੈ। ਸ਼ੑਰੁਤੀ ਚੂੰਕਿ ਪ੍ਰਮਾਣ ਹੈ ਅਤੇ ਇਸ ਪ੍ਰਮਾਣ ਦੀ ਸਹਾਇਤਾ ਨਾਲ ਯੋਗ ਸ਼ਾਸਤ੍ਰਕਾਰ ਈਸ਼ਵਰ ਦੀ ਸੱਤਾ ਨੂੰ ਸਿੱਧ ਕਰਦਾ ਹੈ।
ਯੋਗ ਦਰਸ਼ਨ ਮੁੱਖ ਤੌਰ ਤੇ ਨੀਤੀ ਸ਼ਾਸਤ੍ਰ ਹੈ ਅਤੇ ਇਸ ਦਾ ਦਾਰਸ਼ਨਿਕ ਆਧਾਰ ‘ਸ਼ਾਂਖੑਯ ਦਰਸ਼ਨ’ (ਵੇਖੋ) ਹੈ। ਇਨ੍ਹਾਂ ਦੋਹਾਂ ਮੱਤਾਂ ਵਿਚ ਦੂਰ ਤਕ ਸਮਾਨਤਾ ਹੈ। ਪਰ ਕੁਝ ਅੰਤਰ ਵੀ ਹਨ। ਸਾਂਖੑਯ ਈਸ਼ਰਵ ਦੀ ਸੱਤਾ ਨੂੰ ਨਹੀਂ ਮੰਨਦਾ, ਜਦ ਕਿ ਯੋਗ ਈਸ਼ਵਰ ਦੀ ਸੱਤਾ ਸਵੀਕਾਰ ਕਰਦਾ ਹੈ। ਸਾਂਖੑਯ 25 ਤੱਤ ਮੰਨਦਾ ਹੈ ਅਤੇ ਯੋਗ 26। ਪੁਰਸ਼, ਪ੍ਰਕ੍ਰਿਤੀ ਅਤੇ ਈਸ਼ਵਰ, ਇਹ ਤਿੰਨ ਪ੍ਰਧਾਨ ਅਤੇ ਨਿੱਤ ਤੱਤ ਹਨ ਅਤੇ ਬਾਕੀ ਦੇ 23 ਅਨਿੱਤ ਅਤੇ ਅਪ੍ਰਧਾਨ ਹਨ। ਸਾਂਖੑਯ ਕੇਵਲ ਵਿਵੇਕ ਗਿਆਨ ਦੁਆਰਾ ਮੋਖ ਸੰਭਵ ਮੰਨਦਾ ਹੈ, ਪਰ ਯੋਗ ਵਿਵੇਕ ਗਿਆਨ ਦੀ ਲੋੜ ਦੇ ਨਾਲ ਨਾਲ ਮੋਖ ਪ੍ਰਾਪਤੀ ਲਈ ਕਰਮ–ਯੋਗ ਜਾਂ ਸਾਧਨਾ ਦਾ ਵੀ ਮਹੱਤਵ ਦੱਸਦਾ ਹੈ। ਇਸ ਤਰ੍ਹਾਂ ਅਸ਼ਟਾਂਗ ਯੋਗ ਦੇ ਰੂਪ ਵਿਚ ਇਕ ਵਿਸ਼ੇਸ਼ ਕਰਮ–ਮਾਰਗ ਦੱਸਿਆ ਗਿਆ ਹੈ ਜਿਸ ਦਾ ਅੰਤਿਮ ਅੰਗ ਸਮਾਧੀ ਹੈ ਅਤੇ ਜਿਸ ਰਾਹੀਂ ਆਤਮ–ਸਾਖਿਅਤ–ਕਾਰ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਾਂਖੑਯ ਗਿਆਨ ਪ੍ਰਧਾਨ ਅਤੇ ਯੋਗ ਕਰਮ– ਪ੍ਰਧਾਨ ਦਰਸ਼ਨ ਹਨ। ਯੋਗ ਦੇ ਕਰਮ–ਮਾਰਗ ਦੇ ਮਹੱਤਵ ਪ੍ਰਤਿ ਕੋਈ ਦਰਸ਼ਨ ਵੀ ਅਵੇਸਲਾ ਨਹੀਂ ਹੋ ਸਕਦਾ, ਇਸ ਲਈ ਯੋਗ ਦਰਸ਼ਨ ਦਾ ਬਾਕੀ ਸਾਰੇ ਦਰਸ਼ਨਾਂ ਉੱਤੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਪ੍ਰਤੀਤ ਹੁੰਦਾ ਹੈ।
ਵਿਵੇਕ ਗਿਆਨ ਦੇ ਪ੍ਰਾਪਤ ਹੋਣ ਤੇ ਜੀਵ ਯੋਗ ਸਾਧਨਾ ਰਾਹੀਂ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਚਿੱਤ ਨਾਲ ਸੰਯੋਗ ਆਤਮਾ ਦੇ ਬੰਧਨ ਦਾ ਕਾਰਣ ਹੈ। ਵਿਵੇਕ ਗਿਆਨ ਅਤੇ ਯੋਗ ਸਾਧਨਾ ਨਾਲ ਚਿੱਤ ਵ੍ਰਿਤੀ ਰੁਕ (ਸਥਿਰ ਹੋ) ਜਾਂਦੀ ਹੈ ਅਤੇ ਚਿੱਤ–ਆਤਮਾ ਸੰਯੋਗ ਨਸ਼ਟ ਹੋ ਜਾਂਦਾ ਹੈ। ਸੰਯੋਗ ਦੇ ਨਸ਼ਟ ਹੋਣ ਨਾਲ ਆਤਮਾ ਆਪਣੇ ਮੂਲ ਰੂਪ ਵਿਚ ਸਥਿਤ ਹੋ ਜਾਂਦੀ ਹੈ। ਸਾਂਖੑਯ ਮੱਤ ਵਾਂਗ ਹੀ ਯੋਗ ਵਿਚ ਮੋਖ ਅਵਸਥਾ ਸੁੱਖ ਜਾਂ ਆਨੰਦ ਦੀ ਅਵਸਥਾ ਨਹੀਂ ਹੈ, ਇਹ ਇਕ ਚਿਰ–ਦੁਖ–ਨਿਵ੍ਰਿਤੀ ਦੀ ਅਵਸਥਾ ਹੈ। ਆਤਮਾ ਚਿੱਤ ਨਾਲ ਸੰਯੁਕਤ ਹੋ ਕੇ ਅਗਿਆਨ–ਵਸ ਆਪਣੇ ਆਪ ਨੂੰ ਕਰਤਾ ਅਤੇ ਭੋਗਤਾ ਸਮਝਣ ਲੱਗ ਜਾਂਦੀ ਹੈ, ਇਹੀ ਆਤਮਾ ਦੀ ਬੱਧ (ਬੰਨ੍ਹੀ ਹੋਈ) ਅਵਸਥਾ ਹੈ। ਇਸ ਅਵਸਥਾ ਵਿਚ ਆਤਮਾ ਪੰਜ ਕਲੇਸ਼ਾਂ ਨਾਲ ਘਿਰ ਜਾਂਦੀ ਹੈ, ਇਹ ਕਲੇਸ਼ ਪੰਜ ਹਨ––ਅਵਿੱਦਿਆ (ਅਗਿਆਨ), ਅਸੑਮਿਤਾ (ਦੇਹ, ਧਨ ਦੀ ਹਉਮੈ), ਰਾਗ (ਪਦਾਰਥਾਂ ਵਿਚ ਪ੍ਰੇਮ), ਦ੍ਵੈਸ਼ (ਵੈਰ ਵਿਰੋਧ), ਅਤੇ ਅਭਿਨਿਵੇਸ਼ (ਨਾ ਕਰਨ ਯੋਗ ਕੰਮਾਂ ਨੂੰ ਹਠ ਪੂਰਵਕ ਕਰਨਾ ਅਤੇ ਮੌਤ ਤੋਂ ਡਰਨਾ)। ਅਵਿੱਦਿਆ ਹੀ ਇਨ੍ਹਾਂ ਕਲੇਸ਼ਾਂ ਦੀ ਜਨਨੀ ਹੈ। ਇਨ੍ਹਾਂ ਕਲੇਸ਼ਾਂ ਨੂੰ ਅਸ਼ਟਾਂਗਾਂ ਰਾਹੀਂ ਮੂਲੋਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਸਮਾਧੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹੀ ਯੋਗ–ਸਿੱਧੀ ਹੈ। (ਵੇਖੋ ‘ਖਟ ਦਰਸ਼ਨ’)
[ਸਹਾ. ਗ੍ਰੰਥ––ਹਿ. ਮਾ. ਕੋ. (1) : ‘ਪਾਤੰਜਲ ਯੋਗ ਦਰਸ਼ਨ’ (ਗੀਤਾ ਪ੍ਰੈਸ); ਡਾਕਟਰ ਰਾਧਾ ਕ੍ਰਿਸ਼ਣਨ : ‘ਭਾਰਤੀਯ ਦਰਸ਼ਨ’ (ਹਿੰਦੀ) ਭਾਗ 2; ਪੰ. ਬਲਦੇਵ ਉਪਾਧਿਆਯ : ‘ਭਾਰਤੀਯ ਦਰਸ਼ਨ’ (ਹਿੰਦੀ); ਹਰਿਦਾਸ ਬੰਦ ਉਪਾਧਿਆਯ : ‘ਭਾਰਤੀਯ ਦਰਸ਼ਨ ਕੀ ਮਰਮ–ਕਥਾ’ (ਹਿੰਦੀ)]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਯੋਗ ਦਰਸ਼ਨ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਯੋਗ ਦਰਸ਼ਨ : ਇਹ ਸੰਸਕ੍ਰਿਤ ਦੇ ਯੁਜ ਧਾਤੂ ਤੋਂ ਬਣੇ ਸ਼ਬਦ ‘ਯੋਗ’ ਦੀ ਸਾਧਨਾ ਨਾਲ ਸਬੰਧਤ ਸਿਧਾਂਤ ਪ੍ਰਣਾਲੀ ਹੈ। ਯੋਗ ਸ਼ਬਦ ਦਾ ਮੂਲ ਅਰਥ ਜੋੜਨਾ ਜਾਂ ਸਬੰਧ ਕਾਇਮ ਕਰਨਾ ਹੈ। ਇਸ ਲਈ ਇਹ ਆਤਮਾ ਅਤੇ ਪਰਮਾਤਮਾ ਦਾ ਮੇਲ ਕਰਾਉਣ ਵਾਲੀ ਸਾਧਨਾ ਪ੍ਰਣਾਲੀ ਹੈ। ਪਤੰਜਲੀ ਅਨੁਸਾਰ ਚਿਤ ਬਿਰਤੀ ਦੇ ਨਿਰੋਧ (ਰੋਕ) ਦਾ ਨਾਂ ਯੋਗ ਹੈ। ਯੋਗ ਦਾ ਇਕ ਅਰਥ ਯਤਨ ਵੀ ਹੈ। ਇਸ ਤਰ੍ਹਾਂ ਇਹ ਯਤਨ ਪੂਰਵਕ ਕੀਤੀ ਗਈ ਸਾਧਨਾ ਪ੍ਰਣਾਲੀ ਹੈ। ਆਤਮਾ-ਪਰਮਾਤਮਾ ਦੇ ਮੇਲ ਲਈ ਗਿਆਨਯੋਗ, ਕਰਮਯੋਗ, ਭਗਤੀ ਆਦਿ ਯੋਗ ਪ੍ਰਣਾਲੀਆਂ ਪੁਰਾਤਨ ਸਮੇਂ ਤੋਂ ਪ੍ਰਚਲਿਤ ਹਨ। ਉਪਨਿਸ਼ਦਾਂ, ਭਾਗਵਤ ਪੁਰਾਣ, ਗੀਤਾ, ਯੋਗ ਵਾਸ਼ਿਸ਼ਠ ਆਦਿ ਵਿਚ ਯੋਗ ਸਾਧਨਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਬੁੱਧ ਮਤ ਵਿਚ ਨਿਰਵਾਣ ਪਦ ਦੀ ਪ੍ਰਾਪਤੀ ਲਈ ਯੋਗ ਦੀ ਸਹਾਇਤਾ ਲੈਣ ਸਬੰਧੀ ਹੀ ਨਿਰਦੇਸ਼ ਹੈ। ਸਭ ਤੋਂ ਪਹਿਲਾਂ ਪਤੰਜਲੀ ਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਰਿਸ਼ੀਆਂ ਅਤੇ ਆਚਾਰੀਆਂ ਦੇ ਯੋਗ ਸਾਧਨਾ ਸਬੰਧੀ ਵਿਚਾਰਾਂ ਅਤੇ ਸਿਧਾਤਾਂ ਦੇ ਅਧਾਰ ਤੇ ਯੋਗ ਸੂਤਰ ਦੀ ਰਚਨਾ ਕੀਤੀ ਜਿਸ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਵੀ ਦਿੱਤਾ ਹੈ :–
‘ਸੇਖ ਨਾਗ ਪਾਤੰਜਲ ਮਿਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ’
ਇਸ ਯੋਗ ਸੂਤਰ ਵਿਚ ਸਭ ਤੋਂ ਵੱਧ ਮਹੱਤਵ ਅਸ਼ਟਾਂਗ ਯੋਗ ਨੂੰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹਠ ਯੋਗ ਦੇ ਸਰੂਪ ਅਤੇ ਮਹੱਤਵ ਦੀ ਵਿਆਖਿਆ ਹੈ। ਹਠ ਯੋਗ ਦਾ ਮੂਲ ਭਾਵੇਂ ਤੰਤਰ ਗ੍ਰੰਥਾਂ ਵਿਚ ਮੰਨਿਆ ਜਾਂਦਾ ਹੈ ਪਰ ਉਸ ਦੀ ਪੁਨਰ ਸਥਾਪਨਾ ਗੋਰਖਨਾਥ ਨੇ ਕੀਤੀ। ਇਹ ਦੋਵੇਂ ਯੋਗ ਭਾਵੇਂ ਸੁਤੰਤਰ ਰੂਪ ਵਿਚ ਹੀ ਚਲਦੇ ਰਹੇ ਹਨ ਪਰ ਕਿਤੇ ਕਿਤੇ ਇਨ੍ਹਾਂ ਦਾ ਆਪਸ ਵਿਚ ਮੇਲ ਵੀ ਹੋਇਆ ਹੈ ਅਤੇ ਇਸ ਹਾਲਤ ਵਿਚ ਹਠ ਯੋਗ ਨੂੰ ਯੋਗ ਸਾਧਨਾ ਦੀ ਪਹਿਲੀ ਅਤੇ ਅਸ਼ਟਾਂਗ ਯੋਗ ਨੂੰ ਦੂਜੀ ਪੌੜੀ ਮੰਨਿਆ ਜਾਂਦਾ ਹੈ। ਅਸ਼ਟਾਂਗ ਯੋਗ ਨੂੰ ਰਾਜ ਯੋਗ ਵੀ ਕਿਹਾ ਜਾਂਦਾ ਹੈ ਜਿਸ ਵਿਚ ਸੋਹੰ ਜਾਪ ਅਤੇ ਅਜਪਾ ਜਾਪ ਦਾ ਵਿਧਾਨ ਹੈ। ਇਸ ਤੋਂ ਅੱਗੇ ਲਿਵ ਯੋਗ ਹੈ। ਯੋਗ ਸਾਧਨਾ ਵਿਚ ਮੰਤਰ ਯੋਗ ਨੂੰ ਵੀ ਮਾਨਤਾ ਪ੍ਰਾਪਤ ਹੈ। ਜਿਸ ਵਿਚ ਚਿਤ ਕਿਸੇ ਖਾਸ ਨੁਕਤੇ ਉੱਤੇ ਕੇਂਦਰਿਤ ਹੋ ਜਾਂਦਾ ਹੈ ਅਤੇ ਵਾਸ਼ਨਾਵਾਂ ਮਿਟ ਜਾਂਦੀਆਂ ਹਨ। ਸ਼ਬਦ ਸੁਰਤਿ ਯੋਗ ਉਹ ਹੈ ਜਿਸ ਰਾਹੀਂ ਸ਼ਬਦ ਅਤੇ ਸੁਰਤਿ ਦਾ ਸੰਜੋਗ ਹੁੰਦਾ ਹੈ ਅਤੇ ਕਾਲ, ਦਿਸ਼ਾ, ਕਰਮ, ਕਾਰਜ, ਕਾਰਣ ਆਦਿ ਦੀਆਂ ਸੀਮਾਵਾਂ ਖਤਮ ਹੋ ਜਾਂਦੀਆਂ ਹਨ। ਸਹਿਜਯੋਗ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਦੁਆਰਾ ਹੀ ਹੋਈ ਮੰਨੀ ਜਾਂਦੀ ਹੈ। ਪਤੰਜਲੀ ਦੇ ਯੋਗ ਸੂਤਰ ਦੇ ਚਾਰ ਚਰਣ ਜਾਂ ਪਾਦ ਹਨ :– ਪਹਿਲਾ ਸਮਾਧੀ ਪਾਦ ਹੈ ਜਿਸ ਵਿਚ ਯੋਗ ਦੇ ਲੱਛਣ, ਸਰੂਪ ਅਤੇ ਉਸ ਦੀ ਪ੍ਰਾਪਤੀ ਦੇ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਚਿਤ ਬਿਰਤੀਆਂ ਦੇ ਭੇਦ ਤੇ ਲੱਛਣ ਵੀ ਦੱਸੇ ਗਏ ਹਨ। ਦੂਜੇ ਪਾਦ ਨੂੰ ਸਾਧਨਾ ਪਾਦ ਕਿਹਾ ਜਾਂਦਾ ਹੈ। ਇਸ ਵਿਚ ਅਗਿਆਨ ਸਮੇਤ ਪੰਜ ਕਲੇਸ਼ਾਂ ਨੂੰ ਸਾਰੇ ਦੁੱਖਾਂ ਦਾ ਕਾਰਨ ਦੱਸ ਕੇ ਇਨ੍ਹਾਂ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਦੱਸਿਆ ਗਿਆ ਹੈ ਜਿਸ ਵਾਸਤੇ ਨਿਰਮਲ ਗਿਆਨੀ ਦੀ ਲੋੜ ਤੇ ਬਲ ਦਿੱਤਾ ਗਿਆ ਹੈ। ਗਿਆਨ ਦੀ ਪ੍ਰਾਪਤੀ ਲਈ ਅੱਠ ਅੰਗ-ਯਮ, ਨਿਯਮ ਆਸਣ, ਪ੍ਰਾਣਾਯਾਮ, ਪ੍ਰਤਯਾਹਾਰ, ਧਾਰਨਾ, ਧਿਆਨ ਅਤੇ ਸਮਾਧੀ ਪਦ ਵੀ ਜ਼ਰੂਰੀ ਹਨ। ਤੀਜੇ ਪਦ ਨੂੰ ਵਿਭੂਤੀ ਪਾਦ ਕਿਹਾ ਜਾਂਦਾ ਹੈ ਜਿਸ ਵਿਚ ਧਾਰਨਾ, ਧਿਆਨ ਅਤੇ ਸਮਾਧੀ ਦਾ ਸਮੂਹ ਸੰਜਮ ਦੱਸਿਆ ਹੈ ਅਤੇ ਉਸ ਦੇ ਲੱਛਣਾਂ ਤੇ ਮਹੱਤਵ ਦੀ ਵਿਆਖਿਆ ਕੀਤੀ ਗਈ ਹੈ। ਸੰਜਮ ਨੂੰ ਯੋਗ ਦੀ ਸਿੱਧੀ ਅਤੇ ਵਿਭੂਤੀ ਕਿਹਾ ਗਿਆ ਹੈ ਪਰ ਇਨ੍ਹਾਂ ਸਿੱਧੀਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਚੌਥੇ ਪਾਦ ਨੂੰ ਕੈਵਲਯ ਪਾਦ ਕਿਹਾ ਜਾਂਦਾ ਹੈ ਜਿਸ ਵਿਚ ਮੁਕਤੀ ਪ੍ਰਾਪਤ ਕਰਨ ਯੋਗ ਚਿੱਤ ਦਾ ਸਰੂਪ ਚਿਤਰ ਕੇ ਯੋਗ ਦਰਸ਼ਨ ਸੰਬੰਧੀ ਪੈਦਾ ਹੋਣ ਵਾਲੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ ਹੈ।
ਯੋਗ ਦਰਸ਼ਨ ਈਸ਼ਵਰ ਤੱਤ ਵਿਚ ਵਿਸ਼ਵਾਸ ਰੱਖਦਿਆਂ ਹੋਇਆਂ ਉਸ ਨੂੰ ਸਨਾਤਨ, ਸਵੈ ਨਿਰਭਰ, ਪੁਰਖ ਅਤੇ ਕੁਦਰਤ ਤੋਂ ਭਿੰਨ ਇਕ ਸੁਤੰਤਰ ਅਤੇ ਨਿੱਤ ਤੱਤ ਮੰਨਦਾ ਹੈ। ਈਸ਼ਵਰ ਇਕ ਅਜਿਹਾ ਵਿਸ਼ੇਸ਼ ਪੁਰਖ ਹੈ ਜਿਹੜਾ ਨਾ ਕਲੇਸ਼ ਭੋਗਦਾ ਹੈ ਅਤੇ ਨਾ ਕੋਈ ਕਰਮ ਕਰਦਾ ਹੈ। ਉਹ ਸਦਾ ਮੁਕਤ, ਅਸਾਧਾਰਣ ਅਤੇ ਅਨੰਤ ਸ਼ਕਤੀ ਵਾਲਾ ਪਰਮ ਪੁਰਖ ਹੈ। ਸਾਰੇ ਦੇਵੀ ਦੇਵਤੇ ਪ੍ਰਭੂ ਦੇ ਅਧੀਨ ਹਨ। ਪ੍ਰਭੂ ਅੱਗੇ ਆਪਣਾ ਆਪਾ ਅਰਪਣ ਕਰਨ ਵਾਲੇ ਸਾਧਕ ਅਥਵਾ ਜਗਿਆਸੂ ਦੇ ਪਰਮਾਰਥਕ ਰਸਤੇ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਅਤੇ ਉਹ ਸਹਿਜੇ ਹੀ ਕੈਵਲਯ (ਮੁਕਤੀ) ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਪੁਰਸ਼ ਅਤੇ ਪ੍ਰਾਕ੍ਰਿਤੀ ਦੇ ਸੰਯੋਗ ਨਾਲ ਪ੍ਰਾਕ੍ਰਿਤੀ ਦੇ ਨਤੀਜਿਆਂ ਨੂੰ ਕਾਬੂ ਵਿਚ ਰੱਖਦਾ ਹੈ। ਯੋਗ ਦਰਸ਼ਨ ਅਨੁਸਾਰ ਭਰਮਾਂ ਭੁਲੇਖਿਆਂ ਤੋਂ ਰਹਿਤ ਸ਼੍ਰੁਤੀ (ਵੇਦ) ਦਾ ਕਰਤਾ ਅਲਪਗ ਜੀਵ ਨਹੀਂ ਹੋ ਸਕਦਾ ਸਿਰਫ਼ ਸਰਬੱਗ ਪ੍ਰਭੂ ਹੀ ਉਸ ਦੀ ਰਚਨਾ ਕਰ ਸਕਦਾ ਹੈ। ਸੁਰਤੀ ਰੂਪੀ ਪ੍ਰਮਾਣ ਨਾਲ ਯੋਗ ਸ਼ਾਸਤਰਕਾਰ ਈਸ਼ਵਰ ਦੀ ਸੱਤਾ ਨੂੰ ਸਿਧ ਕਰਦਾ ਹੈ।
ਯੋਗ ਦਰਸ਼ਨ ਨੂੰ ਮੁੱਖ ਤੌਰ ਤੇ ਨੀਤੀ ਸ਼ਾਸਤਰ ਕਿਹਾ ਜਾ ਸਕਦਾ ਹੈ ਜਿਸ ਦਾ ਦਾਰਸ਼ਨਿਕ ਆਧਾਰ ਸਾਂਖਯ ਦਰਸ਼ਨ ਹੈ। ਇਨ੍ਹਾਂ ਦੋਹਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਦੇ ਨਾਲ ਨਾਲ ਕੁਝ ਅੰਤਰ ਵੀ ਹਨ। ਯੋਗ ਦੇ ਉਲਟ ਸਾਂਖਯ ਈਸ਼ਵਰ ਦੀ ਸੱਤਾ ਨੂੰ ਸਵੀਕਾਰ ਨਹੀਂ ਕਰਦਾ। ਯੋਗ ਅਨੁਸਾਰ ਤੱਤਾਂ ਦੀ ਗਿਣਤੀ ਛੱਬੀ ਹੈ ਜਦ ਕਿ ਸਾਂਖਯ ਅਨੁਸਾਰ ਪੱਚੀ। ਯੋਗ ਪੁਰਸ਼, ਕੁਦਰਤ ਅਤੇ ਈਸ਼ਵਰ ਤਿੰਨਾਂ ਨੂੰ ਪ੍ਰਧਾਨ ਅਤੇ ਨਿੱਤ ਤੱਤ ਮੰਨਦਿਆਂ ਹੋਇਆਂ ਬਾਕੀ ਤੇਈ ਤੱਤਾਂ ਨੂੰ ਅਨਿਤ ਅਤੇ ਅਪ੍ਰਧਾਨ ਤੱਤ ਮੰਨਦਾ ਹੈ। ਸਾਂਖਯ ਅਨੁਸਾਰ ਮੁਕਤੀ ਪ੍ਰਾਪਤੀ ਵਿਵੇਕ ਗਿਆਨ ਦੁਆਰਾ ਹੀ ਸੰਭਵ ਹੈ ਜਦ ਕਿ ਯੋਗ ਦਰਸ਼ਨ ਅਨੁਸਾਰ ਮੁਕਤੀ ਪ੍ਰਾਪਤੀ ਲਈ ਵਿਵੇਕ-ਗਿਆਨ ਦੇ ਨਾਲ ਨਾਲ ਕਰਮਯੋਗ ਜਾਂ ਸਾਧਨਾ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਅਸ਼ਟਾਂਗ ਯੋਗ ਦੇ ਰੂਪ ਵਿਚ ਇਕ ਵਿਸ਼ੇਸ਼ ਕਰਮ-ਮਾਰਗ ਦੱਸਿਆ ਗਿਆ ਹੈ ਜਿਸ ਰਾਹੀਂ ਆਤਮ-ਸਾਖਿਆਤਕਾਰ ਹੁੰਦਾ ਹੈ। ਸਾਂਖਯ ਦਰਸ਼ਨ ਜਿਥੇ ਗਿਆਨ ਪ੍ਰਧਾਨ ਹੈ ਉਥੇ ਯੋਗ ਦਰਸ਼ਨ ਕਰਮ ਪ੍ਰਧਾਨ ਹੈ। ਇਸ ਦਰਸ਼ਨ ਦੇ ਕਰਮ ਮਾਰਗ ਦੇ ਮਹੱਤਵ ਬਾਰੇ ਸੰਸਾਰ ਦਾ ਕੋਈ ਵੀ ਦਰਸ਼ਨ ਅਵੇਸਲਾ ਨਹੀਂ ਹੋ ਸਕਦਾ। ਇਸ ਲਈ ਯੋਗ ਦਰਸ਼ਨ ਦਾ ਬਾਕੀ ਸਾਰੇ ਦਰਸ਼ਨਾਂ ਉੱਤੇ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਜ਼ਰੂਰ ਪਿਆ ਹੈ।
ਇਸ ਦਰਸ਼ਨ ਅਨੁਸਾਰ ਚਿੱਤ ਨਾਲ ਸੰਯੋਗ, ਆਤਮਾ ਦੇ ਬੰਧਨਾਂ ਦਾ ਕਾਰਨ ਹੈ। ਵਿਵੇਕ, ਗਿਆਨ ਅਤੇ ਯੋਗ ਸਾਧਨਾ ਰਾਹੀਂ ਚਿੱਤ ਬਿਰਤੀ ਰੁਕ ਜਾਂਦੀ ਹੈ ਜਾਂ ਸਥਿਰ ਹੋ ਜਾਂਦੀ ਹੈ। ਇਸ ਦੇ ਫਲਸਰੂਪ ਚਿਤ ਅਤੇ ਆਤਮਾ ਦਾ ਸੰਜੋਗ ਨਸ਼ਟ ਹੋ ਜਾਂਦਾ ਹੈ ਅਤੇ ਆਤਮਾ ਬੰਧਨ ਰਹਿਤ ਹੋ ਕੇ ਈਸ਼ਵਰ ਤੱਤ ਨਾਲ ਮਿਲ ਜਾਂਦੀ ਹੈ ਜਿਸ ਨਾਲ ਆਪਣੇ ਮੂਲ ਰੂਪ ਵਿਚ ਸਥਿਤ ਹੋ ਜਾਂਦੀ ਹੈ।
ਯੋਗ ਦਰਸ਼ਨ ਸਾਂਖਯ ਮਤ ਵਾਂਗ ਹੀ ਮੁਕਤੀ ਦੀ ਅਵਸਥਾ ਨੂੰ ਸੁੱਖ ਜਾਂ ਆਨੰਦ ਦੀ ਅਵਸਥਾ ਨਹੀਂ ਦਸਦਾ ਸਗੋਂ ਇਸ ਨੂੰ ਇਕ ਦੁਖ ਨਵਿਰਤੀ ਦੀ ਅਵਸਥਾ ਬਿਆਨ ਕਰਦਾ ਹੈ। ਆਤਮਾ ਚਿੱਤ ਨਾਲ ਸੰਜੋਗ ਕਰ ਕੇ ਅਗਿਆਨਤਾ ਵਸ ਆਪਣੇ ਆਪ ਨੂੰ ਕਰਤਾ ਅਤੇ ਭੋਗਤਾ ਸਮਝਣ ਲਗ ਜਾਂਦੀ ਹੈ ਜਿਸ ਨਾਲ ਬੰਧਨ ਵਿਚ ਫਸ ਜਾਂਦੀ ਹੈ। ਅਜਿਹੀ ਹਾਲਤ ਵਿਚ ਆਤਮਾ ਪੰਜ ਕਲੇਸ਼ਾਂ ਵਿਚ ਘਿਰ ਜਾਂਦੀ ਹੈ ਜਿਹੜੇ ਅਵਿਦਿਆ ਅਸਮਿਤਾ (ਦੇਹ, ਧਨ ਦੀ ਹਉਮੈ), ਰਾਗ (ਸੰਸਾਰਕ ਪਦਾਰਥਾਂ ਨਾਲ ਮੋਹ), ਦ੍ਵੈਖ (ਵੈਰ, ਵਿਰੋਧ) ਅਤੇ ਅਭਿਨਿਵੇਸ਼ (ਨਾ ਕਰਨ ਯੋਗ ਕੰਮਾਂ ਨੂੰ ਹਠ ਪੂਰਵਕ ਕਰਨਾ) ਹਨ। ਇਨ੍ਹਾਂ ਸਾਰੇ ਕਲੇਸ਼ਾਂ ਦਾ ਮੂਲ ਅਵਿਦਿਆ ਹੈ। ਅਸ਼ਟਾਂਗ ਰਾਹੀਂ ਇਨ੍ਹਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਅਤੇ ਅਗਾਧ ਸਮਾਧ ਲਗ ਜਾਂਦੀ ਹੈ ਜਿਹੜੀ ਅਸਲ ਵਿਚ ਸਹੀ ਯੋਗ ਸਿੱਧੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-37-01, ਹਵਾਲੇ/ਟਿੱਪਣੀਆਂ: ਹ. ਪੁ. –ਮ ਕੋ. ; ਐਨ. ਰਿ. ਐਥ. ; ਗੁ. ਨਾ. ਸ. ਰ. ; ਪੰ. ਸਾ. ਸੰ. ਕੋ.
ਵਿਚਾਰ / ਸੁਝਾਅ
please recommend any book in punjabi for patanjali yoga sutras
arshdeep singh,
( 2018/10/11 07:2931)
Please Login First