ਯੋਜਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯੋਜਕ : ਯੋਜਕ ਦਾ ਕੋਸ਼ੀ ਅਰਥ ਹੈ ‘ਜੋੜਨ ਵਾਲਾ’।ਇਸ ਤਰ੍ਹਾਂ ਜਿਹੜੇ ਸ਼ਬਦ ਇੱਕ ਤੋਂ ਵੱਧ ਵਿਆਕਰਨ ਇਕਾਈਆਂ (ਵਾਕਾਂਸ਼ਾਂ-ਇੱਕ- ਸ਼ਬਦੀ ਜਾਂ ਬਹੁ-ਸ਼ਬਦੀ ਅਤੇ ਉਪਵਾਕਾਂ) ਨੂੰ ਆਪਸ ਵਿੱਚ ਜੋੜਨ ਅਰਥਾਤ ਇੱਕ ਸਮੁੱਚਤਾ ਵਿੱਚ ਬੰਨ੍ਹਣ ਦਾ ਕਾਰਜ ਕਰਦੇ ਹਨ, ਉਹਨਾਂ ਨੂੰ ਯੋਜਕ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ। ਹੇਠਾਂ ਦਰਜ ਵਾਕਾਂ (1-10) ਵਿਚਲੇ ਟੇਢੀ ਛਪਾਈ ਵਾਲੇ ਸ਼ਬਦ ; ਅਤੇ, ਜਾਂ, ਕਿ, ਪਰ, ਜੇ...ਤਾਂ, ਤਾਂਕਿ/ਤਾਂਜੁ, ਇਸ ਲਈ...ਤਾਂਕਿ, ਭਾਵੇਂ, ਭਾਵੇਂ...ਪਰ/ਤਾਂਵੀ, ਕਿਉਂਕਿ, ਇਸ ਲਈ...ਕਿਉਂਕਿ ਆਦਿ ਪੰਜਾਬੀ ਵਿੱਚ ਵਰਤੇ ਜਾਂਦੇ ਪ੍ਰਮੁਖ ਯੋਜਕ ਹਨ। ਪੰਜਾਬੀ ਵਿੱਚ ਯੋਜਕ ਸੀਮਿਤ ਗਿਣਤੀ ਦੇ ਸ਼ਬਦ ਹਨ ਅਤੇ ਇਹ, ਸਾਰੇ ਦੇ ਸਾਰੇ, ਅਵਿਕਾਰੀ ਹਨ।

     1.   ਸੋਹਣ ਅਤੇ ਮੋਹਣ ਨੇ ਦਿੱਲੀ ਜਾਣਾ ਹੈ।

     2.   ਸੋਹਣ ਜਾਂ ਮੋਹਣ ਨੇ ਦਿੱਲੀ ਜਾਣਾ ਹੈ।

     3.   ਸੋਹਣ ਕਿ ਮੋਹਣ ਨੇ ਦਿੱਲੀ ਜਾਣਾ ਹੈ?

     4.   ਸੋਹਣ ਦੇ ਵੱਡੇ ਭਰਾ ਅਤੇ ਮੋਹਣ ਦੇ ਸਾਲੇ ਨੇ ਦਿੱਲੀ ਜਾਣਾ ਹੈ।

     5.   ਸੋਹਣ ਪੜ੍ਹ ਰਿਹਾ ਹੈ ਪਰ ਮੋਹਣ ਸੁੱਤਾ ਪਿਆ ਹੈ।

     6.   ਸੋਹਣ ਨੇ ਕਿਹਾ ਕਿ ਮੋਹਣ ਨੂੰ ਕੱਲ੍ਹ ਦਿੱਲੀ ਜਾਣਾ ਪਵੇਗਾ।

     7.   (ੳ)  ਜੇ ਸੋਹਣ ਦਿੱਲੀ ਗਿਆ ਤਾਂ ਮੋਹਣ ਜਲੰਧਰ ਜਾਵੇਗਾ।

          (ਅ)  ਸੋਹਣ ਦਿੱਲੀ ਗਿਆ ਤਾਂ ਮੋਹਣ ਜਲੰਧਰ ਜਾਵੇਗਾ।

     8.   (ੳ)  ਇਸ ਲਈ ਸੋਹਣ ਦਿੱਲੀ ਗਿਆ ਤਾਂ ਕਿ/ਤਾਂ ਜੁ ਇੰਗਲੈਂਡ ਤੋਂ ਮੋਹਣ ਨੂੰ ਮਿਲ ਸਕੇ।

          (ਅ)  ਸੋਹਣ ਇਸ ਲਈ ਦਿੱਲੀ ਗਿਆ ਤਾਂ ਕਿ ਇੰਗਲੈਂਡ ਤੋਂ ਆਏ ਮੋਹਣ ਨੂੰ ਮਿਲ ਸਕੇ।

          (ੲ)  ਸੋਹਣ ਦਿੱਲੀ ਗਿਆ ਤਾਂ ਕਿ ਇੰਗਲੈਂਡ ਤੋਂ ਆਏ ਮੋਹਣ ਨੂੰ ਮਿਲ ਸਕੇ।

     9.   (ੳ)  ਭਾਵੇਂ ਸੋਹਣ ਗੁੱਸੇ ਵਿੱਚ ਸੀ ਤਾਂ ਵੀ ਸੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ।

          (ਅ)  ਸੋਹਣ ਭਾਵੇਂ ਗੁੱਸੇ ਵਿੱਚ ਸੀ ਤਾਂ ਵੀ ਮੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ।

          (ੲ)  ਸੋਹਣ ਗੁੱਸੇ ਵਿੱਚ ਸੀ ਤਾਂ ਵੀ ਮੋਹਣ ਦੀ ਗੱਲ ਉਸ ਨੇ ਧਿਆਨ ਨਾਲ ਸੁਣੀ।

     10. (ੳ)  ਸੋਹਣ ਦੀ ਦੁਕਾਨ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ।

          (ਅ)  ਸੋਹਣ ਦੀ ਦੁਕਾਨ ਇਸ ਲਈ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ।

          (ੲ)  ਇਸ ਲਈ ਸੋਹਣ ਦੀ ਦੁਕਾਨ ਬਹੁਤ ਚੱਲਦੀ ਹੈ ਕਿਉਂਕਿ ਉੱਥੇ ਹਰ ਘਰੇਲੂ ਵਸਤੂ ਮਿਲਦੀ ਹੈ।

     ਬਣਤਰ ਦੇ ਆਧਾਰ ਉੱਤੇ ਪੰਜਾਬੀ ਯੋਜਕਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਇਕਹਿਰੇ ਅਤੇ ਸੰਯੁਕਤ। ਇੱਕ ਸ਼ਬਦ ਰੂਪੀ ਯੋਜਨਾ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਹੈ ਅਤੇ ਜਾਂ, ਕਿ, ਪਰ ਆਦਿ (ਵਾਕ (1) ਤੋਂ (6) ਤੱਕ) ਇੱਕ ਤੋਂ ਵੱਧ ਸ਼ਬਦਾਂ ਵਾਲੇ ਯੋਜਕਾਂ ਨੂੰ ਸੰਯੁਕਤ ਯੋਜਕ ਆਖਦੇ ਹਨ ਜੋ ਅਗੋਂ ਦੋ ਪ੍ਰਕਾਰ ਦੇ ਹਨ ਬੱਝਵੇਂ ਅਤੇ ਟੁੱਟਵੇਂ। ਬੱਝਵੇਂ ਸੰਯੁਕਤ ਯੋਜਕ ਉਹ ਹੁੰਦੇ ਹਨ, ਜਿਨ੍ਹਾਂ ਦੇ ਸਾਰੇ ਸ਼ਬਦ ਰੂਪ ਵਾਕ ਵਿੱਚ ਇੱਕ ਥਾਂ ਇਕੱਠੇ ਵਿਚਰਨ : ਤਾਂ ਵੀ (9ੲ) ਕਿਉਂਕਿ (10ੳ) ਆਦਿ। ਇਸ ਤੋਂ ਉਲਟ, ਜਿਨ੍ਹਾਂ ਦੀਆਂ ਸ਼ਬਦ ਇਕਾਈਆਂ ਵਾਕ ਵਿੱਚ ਵੱਖ-ਵੱਖ ਥਾਂਵਾਂ ਉੱਤੇ ਵਿਚਰਨ ਉਹਨਾਂ ਨੂੰ ਟੁੱਟਵੇਂ ਸੰਯੁਕਤ ਯੋਜਕ ਕਿਹਾ ਜਾਂਦਾ ਹੈ ਜੇ...ਤਾਂ (7ੳ), ਇਸ ਲਈ...ਤਾਂਕਿ (8ੳ), ਭਾਵੇਂ...ਤਾਂ ਵੀ (9ੳ) ਇਸ ਲਈ...ਕਿਉਂਕ (9ੲ) ਆਦਿ।

     ਕਾਰਜ ਦੇ ਆਧਾਰ ਉੱਤੇ ਯੋਜਕਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਸਮਾਨ ਯੋਜਕ ਅਤੇ ਅਧੀਨ ਯੋਜਕ। ਸਾਵੀਆਂ ਵਾਕਾਤਮਿਕ ਬਣਤਰਾਂ ਵਿੱਚ ਕਾਰਜਸ਼ੀਲ ਹੋਣ ਵਾਲੇ ਯੋਜਕਾਂ ਨੂੰ ਸਮਾਨ ਯੋਜਕ ਆਖਦੇ ਹਨ।ਸਾਵੀਆਂ ਵਾਕਾਤਮਿਕ ਬਣਤਰਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਵਾਕ ਵਿੱਚ ਆਪਸੀ ਸਥਾਨ ਬਦਲੀ ਕੀਤਿਆਂ ਵਾਕ ਬਣਤਰ ਵਿੱਚ ਕੋਈ ਤਬਦੀਲੀ ਨਾ ਵਾਪਰੇ। ਮਿਸਾਲ ਵਜੋਂ ਉਪਰੋਕਤ ਵਾਕ (1), (2) ਅਤੇ (3) ਵਿੱਚ ਸ਼ਬਦ ਸੋਹਣ ਅਤੇ ਮੋਹਣ, ਵਾਕ (4) ਵਿਚਲੇ ਦੋ ਨਾਂਵ-ਵਾਕਾਂਸ਼ ‘ਸੋਹਣ ਦੇ ਵੱਡੇ ਭਰਾ’ ਅਤੇ ‘ਮੋਹਣ ਦੇ ਸਾਲੇ’ ਅਤੇ ਵਾਕ (5) ਦੇ ਦੋਵੇਂ ਉਪਵਾਕ ਸਾਵੀਆਂ ਵਾਕਾਤਮਿਕ ਬਣਤਰਾਂ ਹਨ।

         1.        ਮੋਹਣ ਅਤੇ ਸੋਹਣ ਨੇ ਦਿੱਲੀ ਜਾਣਾ ਹੈ।

         4.        ਮੋਹਣ ਦੇ ਸਾਲੇ ਅਤੇ ਸੋਹਣ ਦੇ ਵੱਡੇ ਭਰਾ ਨੇ ਦਿੱਲੀ ਜਾਣਾ ਹੈ।

         5.        ਮੋਹਣ ਸੁੱਤਾ ਪਿਆ ਹੈ ਪਰ ਸੋਹਣ ਪੜ੍ਹ ਰਿਹਾ ਹੈ।

     ਇਹਨਾਂ ਸਾਵੀਆਂ ਬਣਤਰਾਂ ਨੂੰ ਜੋੜਨ ਵਾਲੇ ਯੋਜਕ- ਅਤੇ, ਜਾਂ, ਕਿ, ਪਰ, ਆਦਿ ਸਮਾਨ ਯੋਜਕ ਹਨ ਜੋ ਸ਼ਬਦ, ਵਾਕਾਂਸ਼ ਅਤੇ ਉਪਵਾਕ ਦੀ ਪੱਧਰ ਉੱਤੇ ਵਿਚਰਦੇ ਹਨ।

   ਅਸਾਵੀਆਂ ਵਾਕਾਤਮਿਕ ਬਣਤਰਾਂ ਨੂੰ ਜੋੜਨ ਵਾਲੇ ਯੋਜਕ ਅਧੀਨ ਯੋਜਕ ਅਖਵਾਉਂਦੇ ਹਨ। ਅਸਾਵੀਆਂ ਵਾਕਾਤਮਿਕ ਬਣਤਰਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਵਾਕ ਵਿੱਚ ਆਪਸੀ ਸਥਾਨ ਬਦਲੀ ਨਾ ਕੀਤੀ ਜਾ ਸਕੇ। ਅਰਥਾਤ ਜਿਨ੍ਹਾਂ ਬਣਤਰਾਂ ਦੀ ਆਪਸੀ ਸਥਾਨ ਬਦਲੀ ਕੀਤਿਆਂ ਵਾਕ ਵਿਆਕਰਨਿਕ ਪੱਖੋਂ ਸ਼ੁੱਧ ਨਾ ਰਹੇ, ਉਹਨਾਂ ਨੂੰ ਅਸਾਵੀਆਂ ਵਾਕਾਤਮਿਕ ਬਣਤਰਾਂ ਕਿਹਾ ਜਾਂਦਾ ਹੈ। ਵਾਕ (6 ਤੋਂ 10) ਅਧੀਨ ਯੋਜਕ ਵਰਤੇ ਗਏ ਹਨ, ਜੋ ਅਸਾਵੀਆਂ ਵਾਕਾਤਮਿਕ ਬਣਤਰਾਂ ਨੂੰ ਜੋੜਦੇ ਹਨ। ਇਹਨਾਂ ਦੇ ਅਸਾਵੇਂਪਨ ਨੂੰ ਹੇਠਾਂ ਦਰਜ ਵਾਕਾਂ ਵਿੱਚ ਦਰਸਾਇਆ ਗਿਆ ਹੈ।

           11        (7ੳ)          ਜੇ ਮੋਹਣ ਜਲੰਧਰ ਜਾਵੇਗਾ ਤਾਂ ਸੋਹਣ ਦਿੱਲੀ ਗਿਆ।*

           12         (8ੳ)          ਇਸ ਲਈ ਇੰਗਲੈਂਡੋਂ ਆਏ ਮੋਹਣ ਨੂੰ ਮਿਲ ਸਕੇ ਤਾਂ ਕਿ ਸੋਹਣ ਦਿੱਲੀ ਗਿਆ।*

          ਇੱਥੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਅਧੀਨ ਯੋਜਕ ਸੰਯੁਕਤ ਬਣਤਰ ਵਾਲੇ ਹੁੰਦੇ ਹਨ। ਪੰਜਾਬੀ ਵਿੱਚ ‘ਕਿ’ ਅਜਿਹਾ ਇਕਹਿਰਾ ਯੋਜਕ ਹੈ, ਜੋ ਸਮਾਨ ਯੋਜਕ ਵਜੋਂ (ਵਾਕ 6) ਵੀ। ਟੁੱਟਵੇਂ ਸੰਯੁਕਤ ਯੋਜਕਾਂ ਦੇ ਦੋਵੇਂ ਅੰਸ਼ ਵੀ ਵਾਕ ਵਿੱਚ ਵਰਤੇ ਜਾਂਦੇ ਹਨ (ਵਾਕ 7ੳ, 8ੳ, 9ੳ) ਅਤੇ ਦੋਹਾਂ ਵਿੱਚੋਂ ਇੱਕ ਵੀ (ਵਾਕ 8ੲ, 9ੲ, 10ੳ)। ਪਰ ਇੱਕ ਵੀ ਵਾਕ ਵਿੱਚੋਂ ਗ਼ੈਰ-ਹਾਜ਼ਰੀ ਦੇ ਬਾਵਜੂਦ ਵਾਕਾਂ ਦੇ ਅਰਥਾਂ ਵਿੱਚ ਉਸ ਦਾ ਭਾਵ ਮੌਜੂਦ ਰਹਿੰਦਾ ਹੈ।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਯੋਜਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਯੋਜਕ: ਦੋ ਵਿਆਕਰਨਕ ਇਕਾਈਆਂ (ਸ਼ਬਦ, ਵਾਕੰਸ਼, ਉਪਵਾਕ) ਨੂੰ ਅੰਦਰੂਨੀ ਅਤੇ ਬਾਹਰੀ ਤੌਰ ’ਤੇ ਜੋੜਨ ਵਾਲੇ ਸ਼ਬਦ ਰੂਪਾਂ ਨੂੰ ‘ਯੋਜਕ’ ਸ਼ਬਦ-ਸ਼ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦੇ ਸੀਮਤ ਸ਼ਬਦ ਰੂਪ ਹਨ ਭਾਵ ਇਨ੍ਹਾਂ ਨੂੰ ਸੀਮਤ ਸ਼ਬਦ-ਸ਼ਰੇਣੀਆਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ। ਇਸ ਸ਼ਰੇਣੀ ਵਿਚ ‘ਤ, ਅਤੇ, ਕਿ, ਸਗੋਂ, ਭਾਵੇਂ, ਕਿਉਂਕਿ, ਜੋ, ਜਿਹੜਾ, ਜੇ-ਤਾਂ’ ਆਦਿ ਯੋਜਕ ਸ਼ਬਦ ਹਨ। ਰੂਪ ਦੇ ਪੱਖ ਤੋਂ ਇਨ੍ਹਾਂ ਦੀ ਦੋਹਰੀ ਮੈਂਬਰਸ਼ਿਪ ਹੈ ਭਾਵ ਵਿਕਾਰੀ ਅਤੇ ਅਵਿਕਾਰੀ। ਜੋ, ਜਿਹੜਾ (ਮੂਲ ਰੂਪ ਵਿਚ ਪੜਨਾਂਵ ਸ਼ਬਦ ਹਨ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦ ਅਵਿਕਾਰੀ। ਵਾਕੰਸ਼ ਦੀ ਅੰਦਰੂਨੀ ਬਣਤਰ ਵਿਚ ਵਿਚਰਨ ਵਾਲੇ ਸ਼ਬਦ ਜਦੋਂ ਇਕੋ ਲੜੀ ਦੇ ਮੈਂਬਰ ਹੋਣ ਤਾਂ ਇਹ ਉਨ੍ਹਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ, ਜਿਵੇਂ : ‘ਪਿਓ ਅਤੇ ਪੁੱਤ ਪਿੰਡ ਗਏ, ਪਿਓ ਜਾਂ ਪੁੱਤ ਪਿੰਡ ਗਏ। ਕਈ ਯੋਜਕ ਵਿਕਲਪ ਲਈ ਵਰਤੇ ਜਾਂਦੇ ਹਨ ਜਿਵੇਂ : ‘ਪਿਓ ਕਿ ਪੁੱਤ ਪਿੰਡ ਜਾਏ, ਪਿਓ ਜਾਂ ਪੁੱਤ ਪਿੰਡ ਜਾਏ, ਪਿਓ ਨਹੀਂ ਸਗੋਂ ਪੁੱਤ ਪਿੰਡ ਜਾਏ।’ ਉਪਵਾਕ ਦੇ ਬਾਹਰੀ ਵਿਚਰਨ ਨੂੰ ਯੋਜਕਾਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ। ਕਿਸੇ ਸੰਯੁਕਤ ਜਾਂ ਮਿਸ਼ਰਤ ਵਾਕ ਵਿਚ ਵਿਚਰਨ ਵਾਲੇ ਸਵਾਧੀਨ+ਸਵਾਧੀਨ ਅਤੇ ਸਵਾਧੀਨ+ਪਰਾਧੀਨ ਆਦਿ ਤਰਤੀਬ ਦੀਆਂ ਬਣਤਰਾਂ ਨੂੰ ਯੋਜਕ ਸ਼ਬਦ ਨਿਯੋਜਤ ਕਰਦੇ ਹਨ, ਜਿਵੇਂ : ‘ਕੁੜੀਆਂ ਪੜ੍ਹ ਰਹੀਆਂ ਹਨ ਅਤੇ ਮੁੰਡੇ ਖੇਡ ਰਹੇ ਹਨ, ਉਹ ਪਿੰਡ ਪਹੁੰਚਿਆ ਹੀ ਸੀ ਕਿ ਮੀਂਹ ਪੈਣ ਲਗ ਪਿਆ, ਉਹ ਘਰ ਨਹੀਂ ਗਿਆ ਸਗੋਂ ਸਾਧ ਦੇ ਡੇਰੇ ਚਲਾ ਗਿਆ, ਕਿਉਂਕਿ ਉਹ ਨਾਨਕੇ ਗਿਆ ਹੋਇਆ ਸੀ ਇਸ ਲਈ ਬਰਾਤ ਨਹੀਂ ਗਿਆ।’

        ਪੰਜਾਬੀ ਵਾਕ-ਜੁਗਤ ਵਿਚ ਯੋਜਕ ਸ਼ਬਦ ਦੋ ਪਰਕਾਰ ਦੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਦੇ ਹਨ। ਇਨ੍ਹਾਂ ਬਣਤਰਾਂ ਨੂੰ ‘ਸਾਂਵੀਆਂ ਅਤੇ ਅਸਾਂਵੀਆਂ ਬਣਤਰਾਂ’ ਦਾ ਨਾਂ ਦਿੱਤਾ ਜਾਂਦਾ ਹੈ। ਸਾਂਵੀਆਂ ਵਾਕਾਤਮਕ ਬਣਤਰਾਂ ਅਤੇ ਵਿਚਰਨ ਵਾਲੇ ਉਪਵਾਕ, ਸਵਾਧੀਨ ਹੁੰਦੇ ਹਨ ਜਦੋਂ ਕਿ ਅਸਾਂਵੀਆਂ ਵਾਕਾਤਮਕ ਬਣਤਰਾਂ ਵਿਚ ਵਿਚਰਨ ਵਾਲੇ ਉਪਵਾਕ, ਪਰਾਧੀਨ ਅਤੇ ਸਵਾਧੀਨ ਹੁੰਦੇ ਹਨ। ਜਿਹੜੇ ਯੋਜਕ ਸਾਂਵੀਆਂ ਬਣਤਰਾਂ ਵਿਚ ਵਿਚਰਦੇ ਹਨ ਉਨ੍ਹਾਂ ਯੋਜਕਾਂ ਨੂੰ ‘ਸਮਾਨ-ਯੋਜਕ’ ਕਿਹਾ ਜਾਂਦਾ ਹੈ ਅਤੇ ਅਸਾਂਵੀਆਂ ਬਣਤਰਾਂ ਵਿਚ ਵਿਚਰਨ ਵਾਲੇ ਯੋਜਕਾਂ ਨੂੰ ‘ਅਧੀਨ ਯੋਜਕ’ ਕਿਹਾ ਜਾਂਦਾ ਹੈ। ‘ਤੇ, ਅਤੇ, ਜਾਂ’ ਆਦਿ ਯੋਜਕਾਂ ਨੂੰ ਸਮਾਨ ਯੋਜਕਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ ਅਤੇ ‘ਕਿ, , ਭਾਵੇਂ, ਸਗੋਂ, ਕਿਉਂਕਿ, ਕਿਉਂਜੋ, ਇਸ ਲਈ, ਜੋ , ਜਿਹੜਾ, ਜੇ-ਤਾਂ, ਭਾਵੇਂ-ਤਾਂ, ਜਦ-ਤਦ’ ਆਦਿ ਯੋਜਕ ਨੂੰ ਅਧੀਨ ਯੋਜਕਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ। ‘ਕਿ’ ਯੋਜਕ ਨੂੰ ਛੱਡ ਕੇ ਬਾਕੀ ਸਾਰੇ ਯੋਜਕ ਵਾਕ ਦੇ ਸ਼ੁਰੂ ਵਿਚ ਵਿਚਰ ਸਕਦੇ ਹਨ। ਵਿਚਰਨ ਦੇ ਪੱਖ ਤੋਂ ਯੋਜਕ ਦੋ ਤਰ੍ਹਾਂ ਨਾਲ ਵਿਚਰ ਸਕਦੇ ਹਨ : ਕਿਸੇ ਬਣਤਰ ਵਿਚ ਇਕੱਲੇ ਤੌਰ ’ਤੇ ਜਿਵੇਂ : ‘ਤੇ, ਅਤੇ, ਕਿ, ਜਾਂ’ ਆਦਿ। ਦੂਜੇ ਪਾਸੇ ਯੋਜਕ ਇਕੱਲੇ ਦੀ ਥਾਂ ਜੋਟਿਆਂ ਵਿਚ ਵਿਚਰਦੇ ਹਨ ਜਿਵੇਂ : ਇਕ ਯੋਜਕ ਪਹਿਲੇ ਉਪਵਾਕ ਦੀ ਬਣਤਰ ਵਿਚ ਹੁੰਦਾ ਹੈ ਅਤੇ ਉਸ ਦਾ ਸਹਿ-ਸਬੰਧੀ ਦੂਜੇ ਉਪਵਾਕ ਵਿਚ ਵਿਚਰਦਾ ਹੈ, ਜਿਵੇਂ : ‘ਜੇ-ਤਾਂ’ ’ੇ ਉਹ ਗਿਆ ਤਾਂ ਮੈਂ ਵੀ ਜਾਵਾਂਗਾ,’ ਜਦ-ਤਦ, ਜੋ-ਉਹ, ਜਿਹੜਾ-ਉਹ, ਜਿਥੇ-ਉਥੇ, ਜਿੰਨਾ-ਉਨਾਂ, ਜੋ-ਸੋ, ਜਿਵੇਂ-ਤਿਵੇਂ ਆਦਿ। ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਯੋਜਕ ਸ਼ਰੇਣੀ ਦੇ ਮੂਲ ਯੋਜਕਾਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਪਰੰਤੂ ਬਹੁਤੀ ਵਾਰ ਹੋਰਨਾਂ ਸ਼ਬਦ-ਸ਼ਰੇਣੀਆਂ ਦੇ ਸ਼ਬਦ ਵੀ ਯੋਜਕਾਂ ਵਜੋਂ ਵਿਚਰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 23143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਯੋਜਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਜਕ [ਨਾਂਪੁ] (ਭਾਵਿ) ਉਪਵਾਕਾਂ ਅਤੇ ਵਾਕੰਸ਼ਾਂ ਨੂੰ ਜੋੜਨ ਵਾਲ਼ੀ ਭਾਸ਼ਾਈ ਇਕਾਈ (ਜਿਵੇਂ ਅਤੇ, ਤੇ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.