ਯੱਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਯੱਗ (ਨਾਂ,ਪੁ) ਹਵਨ ਕਰਕੇ ਲਾਇਆ ਲੰਗਰ ਅਤੇ ਕੀਤਾ ਪੁੰਨ-ਦਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਯੱਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਯੱਗ [ਨਾਂਪੁ] ਮਨੋਰਥ ਸਿੱਧੀ ਲਈ ਅੱਗ ਵਿੱਚ ਘਿਓ ਆਦਿ ਸਮੱਗਰੀ ਪਾ ਕੇ ਮੰਤਰ ਉਚਾਰਨ ਦੇ ਨਾਲ਼ ਕੀਤੀ ਜਾਣ ਵਾਲ਼ੀ ਧਾਰਮਿਕ ਕਿਰਿਆ , ਹਵਨ; ਕਿਸੇ ਪੀਰ ਫ਼ਕੀਰ ਦੀ ਦਰਗਾਹ ਆਦਿ’ਤੇ ਮੰਗ ਦੀ ਪੂਰਤੀ ਲਈ ਕੀਤਾ ਗਿਆ ਭੰਡਾਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਯੱਗ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਯੱਗ : ਪ੍ਰਾਚੀਨ ਭਾਰਤ ਦੇ ਆਰੀਆ ਲੋਕਾਂ ਦਾ ਇੱਕ ਵੈਦਿਕ ਕਰਮ, ਜਿਸ ਵਿੱਚ ਅਕਸਰ ਹਵਨ ਅਤੇ ਪੂਜਾ ਹੁੰਦੀ ਸੀ। ਵੈਦਿਕ ਕਾਲ ਵਿੱਚ ਯੱਗ ਦੀ ਬਹੁਤ ਮਹੱਤਤਾ ਸੀ। ਵੈਦਿਕ ਰਿਸ਼ੀਆਂ ਨੇ ਯੱਗ ਕਰਨ ਨੂੰ ਆਪਣੇ ਰੋਜ਼ ਦੇ ਜੀਵਨ ਦਾ ਹਿੱਸਾ ਹੀ ਬਣਾਇਆ ਹੋਇਆ ਸੀ। ਯੱਗ ਲਈ ਵੇਦੀ ਬਣਾਈ ਜਾਂਦੀ ਸੀ ਜਿਸ ਨੂੰ ਸਰਬ-ਉੱਤਮ ਵਸਤੂ ਆਖਿਆ ਗਿਆ ਹੈ। ਵੈਦਿਕ ਰਿਸ਼ੀਆਂ ਅਨੁਸਾਰ ਪਹਿਲਾ ਧਰਮ ਯੱਗ ਹੈ। ਜਿੱਥੇ ਯੱਗ ਹੁੰਦਾ ਹੈ ਉੱਥੇ ਦੇਵਤੇ ਨਿਵਾਸ ਕਰਦੇ ਹਨ। ਯੱਗ ਦੇਵਤਿਆਂ ਦੀ ਪ੍ਰਸੰਨਤਾ ਲਈ ਕੀਤਾ ਜਾਂਦਾ ਹੈ। ਹਿੰਦੂਆਂ ਦਾ ਧਾਰਮਿਕ ਵਿਸ਼ਵਾਸ ਹੈ ਕਿ ਜਿਸ ਦ੍ਰਵ/ਵਸਤੂ ਦਾ ਯਜਮਾਨ ਹਵਨ ਕਰਦੇ ਹਨ, ਉਹ ਦੇਵਤਿਆਂ ਨੂੰ ਮਿਲਦੀ ਹੈ। ਯੱਗ ਦੇਵਤਿਆਂ ਦੀ ਤ੍ਰਿਪਤੀ ਦਾ ਸਾਧਨ ਹੈ ਜਿਸ ਕਾਰਨ ਉਹ ਯੱਗ ਕਰਤਾ ਨੂੰ ਹਰ ਪ੍ਰਕਾਰ ਦੇ ਲਾਭ ਦਿੰਦੇ ਹਨ ਤੇ ਉਸ ਉੱਪਰ ਪ੍ਰਸੰਨ ਰਹਿੰਦੇ ਹਨ। ਯੱਗ ਨੂੰ ਸੁਖਦਾਈ, ਮਨੋਰਥ ਪੂਰਨ ਕਰਨ ਵਾਲਾ, ਕਲਿਆਣਕਾਰੀ, ਦੁਸ਼ਮਣਾਂ ਤੋਂ ਮੁਕਤੀ ਪ੍ਰਦਾਨ ਕਰਨ ਵਾਲਾ, ਸ੍ਵਰਗ ਪ੍ਰਾਪਤੀ ਕਰਵਾਉਣ ਵਾਲਾ, ਗਿਆਨਦਾਇਕ ਪ੍ਰਭੂ ਪ੍ਰਾਪਤੀ ਕਰਵਾਉਣ ਵਾਲਾ, ਮਾਇਆ ਤੋਂ ਵਿਰਕਤ ਕਰਵਾਉਣ ਵਾਲਾ ਆਦਿ ਮੰਨਿਆ ਗਿਆ ਹੈ। ਯੱਗ ਕਰਨ ਵਾਲਿਆਂ ਦੀ ਦੇਵਤੇ ਰੱਖਿਆ ਕਰਦੇ ਹਨ ਤੇ ਉਹਨਾਂ ਨੂੰ ਲੰਮੀ ਉਮਰ ਪ੍ਰਦਾਨ ਕਰਦੇ ਹਨ। ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਯੱਗ ਉੱਤਮ ਬੇੜੀ ਦੇ ਸਮਾਨ ਹੈ। ਯੱਗ ਨਾ ਕਰਨ ਵਾਲਿਆਂ ਨਾਲ ਦੇਵਤੇ ਨਰਾਜ਼ ਰਹਿੰਦੇ ਹਨ। ਉਪਨਿਸ਼ਦਾਂ ਵਿੱਚ ਆਤਮ ਯੱਗ ਤੇ ਅਤਿਥੀ ਯੱਗ ਨੂੰ ਮਹੱਤਵਪੂਰਨ ਆਖਿਆ ਗਿਆ ਹੈ।
ਮਹਾਂਭਾਰਤ ਵਿੱਚ ਵਿਧੀਪੂਰਵਕ ਯੱਗ ਕਰਨ ਦਾ ਵਿਧਾਨ ਦੱਸਿਆ ਗਿਆ ਹੈ। ਚਾਰ ਵਰਨਾਂ ਲਈ ਯੱਗ ਦਾ ਵਿਧਾਨ ਕਰਦਿਆਂ ਕਿਹਾ ਗਿਆ ਹੈ ਕਿ ਬ੍ਰਾਹਮਣ ਲਈ ਤਪ, ਖੱਤਰੀ ਲਈ ਯੁੱਧ, ਵੈਸ਼ ਲਈ ਘਿਓ ਆਦਿ ਪਦਾਰਥਾਂ ਦੀ ਅਹੂਤੀ ਦੇਣਾ, ਅਤੇ ਸ਼ੂਦਰ ਲਈ ਉਪਰਲੇ ਤਿੰਨਾਂ ਵਰਨਾਂ ਦੀ ਸੇਵਾ ਕਰਨਾ ਹੀ ਯੱਗ ਹੈ। ਯੱਗ ਵਿੱਚ ਅਹਿੰਸਾ ਨੂੰ ਪ੍ਰਵਾਨ ਕੀਤਾ ਹੈ ਹਿੰਸਾ ਨੂੰ ਨਹੀਂ। ਗੀਤਾ ਵਿੱਚ ਅਧਿਆਤਮ ਯੱਗ ਦਾ ਜ਼ਿਕਰ ਹੈ ਜਿਸ ਅਨੁਸਾਰ ਦੇਵਤਿਆਂ ਦੀ ਪੂਜਾ, ਪਾਰਬ੍ਰਹਮ ਪਰਮਾਤਮਾ ਨਾਲ ਲਿਵ ਜੋੜਨਾ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਰੋਕਣਾ, ਤੇ ਆਪਣੇ ਵੱਸ ਵਿੱਚ ਕਰਨਾ, ਰਾਗ-ਦ੍ਵੈਖ ਤੋਂ ਰਹਿਤ ਹੋ ਕੇ ਵਿਸ਼ਿਆਂ ਨੂੰ ਭੋਗਣਾ, ਪਰਮਾਤਮਾ ਬਿਨਾਂ ਕਿਸੇ ਹੋਰ ਦਾ ਚਿੰਤਨ ਨਾ ਕਰਨਾ, ਪਰਮਾਤਮਾ ਨੂੰ ਅਰਪਿਤ ਬੁੱਧੀ ਨਾਲ ਲੋਕ ਸੇਵਾ ਵਿੱਚ ਪਦਾਰਥ ਲਗਾਉਣਾ, ਅਸ਼ਟਾਂਗ ਯੋਗ ਕਰਨਾ, ਪ੍ਰਾਣਾਯਾਮ ਅਤੇ ਨਿਯਮਿਤ ਆਹਾਰ ਕਰਨਾ ਸ੍ਰੇਸ਼ਠ ਯੱਗ ਕਰਨਾ ਹਨ। ਪ੍ਰਭੂ ਪ੍ਰਾਪਤੀ ਲਈ ਕੀਤਾ ਗਿਆ ਹਰ ਕਰਮ ਸ੍ਰੇਸ਼ਠ ਯੱਗ ਮੰਨਿਆ ਗਿਆ ਹੈ। ਇਹ ਸਾਰੇ ਯੱਗ ਪਾਪ ਨਾਸ਼ਕ ਹਨ। ਗਿਆਨ ਪ੍ਰਾਪਤੀ ਨੂੰ ਵੀ ਸ੍ਰੇਸ਼ਠ ਯੱਗ ਦੇ ਅੰਤਰਗਤ ਰੱਖਿਆ ਗਿਆ ਹੈ। ਜਪ ਯੱਗ ਗਿਆਨ ਦੇ ਵਿੱਚ ਹੀ ਆਉਂਦਾ ਹੈ। ਯੱਗ ਕਰਨ ਵਾਲਾ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
ਗੁਣਾਂ ਦੇ ਆਧਾਰ ਤੇ ਯੱਗ ਤਿੰਨ ਪ੍ਰਕਾਰ ਦੇ ਹਨ- 1. ਸਾਤਵਿਕ 2. ਰਾਜਸ 3. ਤਾਮਸ। ਮਨੂ ਨੇ ਯੱਗ ਵਿੱਚ ਪਸ਼ੂ ਬਲੀ ਨੂੰ ਜਾਇਜ਼ ਮੰਨਿਆ ਹੈ ਕਿਉਂਕਿ ਇਹ ਬਲੀ ਦਿੱਤੇ ਪਸ਼ੂ ਨੂੰ ਅਗਲਾ ਜਨਮ ਚੰਗਾ ਮਿਲਦਾ ਹੈ। ਯੱਗ ਲਈ ਦਾਨ ਦੱਖਣਾ ਲਾਜ਼ਮੀ ਹੈ। ਗ੍ਰਿਸਤੀ ਲਈ ਪੰਜ ਪ੍ਰਕਾਰ ਦੇ ਯੱਗ ਹਨ-ਬ੍ਰਹਮ ਯੱਗ, ਦੇਵ ਯੱਗ, ਪਿਤਰੀ ਯੱਗ, ਭੂਤ ਯੱਗ ਤੇ ਮਨੁੱਖ ਯੱਗ। ਇਹਨਾਂ ਤੋਂ ਇਲਾਵਾ ਗ੍ਰਿਸਤੀ ਪਾਸੋਂ ਕੰਮ ਕਰਦਿਆਂ ਹੋਏ ਪਾਪ ਜਾਂ ਜੀਵ ਹੱਤਿਆਵਾਂ ਦੇ ਪਾਪਾਂ ਦਾ ਫਲ ਨਹੀਂ ਮਿਲਦਾ। ਇਹਨਾਂ ਤੋਂ ਇਲਾਵਾ ਪੁਰਾਣਾਂ ਵਿੱਚ ਕਰਮ ਯੱਗ, ਜਪ ਯੱਗ, ਗਿਆਨ ਯੱਗ, ਦ੍ਰਵ ਯੱਗ, ਯੋਗ ਯੱਗ, ਅਸ਼ਵਮੇਧ ਯੱਗ, ਰਾਜਸੂ ਯੱਗ, ਗੋ ਮੇਧ ਯੱਗ, ਨਰ ਮੇਧ ਯੱਗ, ਲਾਂਗਰ, ਸ਼੍ਰੀਕਰ, ਯਸ਼ਸ਼ਕਰ ਯੱਗ, ਵੈਸ਼ਨਵ, ਧਨਦਾਇਕ, ਭੂਮੀਦਾਇਕ, ਰਾਜ ਮੇਧ, ਲੋਹ ਯੱਗ, ਸਵਰਨ ਯੱਗ, ਰਤਨ ਯੱਗ, ਤਾਮਰ ਯੱਗ, ਸ਼ਿਵ ਯੱਗ, ਵਰੁਣ ਯੱਗ, ਧਰਮ ਯੱਗ ਆਦਿ ਦਾ ਉਲੇਖ ਮਿਲਦਾ ਹੈ।
ਹਿੰਦੂ ਧਰਮ ਅਨੁਸਾਰ ਗ੍ਰਿਸਤੀ ਪੰਜ ਪ੍ਰਕਾਰ ਦੀ ਹਿੰਸਾ ਰੋਜ਼ ਕਰਦਾ ਹੈ ਭਾਵ ਇਹ ਪੰਜ ਕਰਮ ਕਰਨ ਨਾਲ ਜੀਵ ਮਰਦੇ ਹਨ, ਇਹਨਾਂ ਦੇ ਮਰਨ ਦਾ ਜੋ ਪਾਪ ਹੈ ਉਸ ਤੋਂ ਬਚਣ ਲਈ ਪੰਜ ਯੱਗ ਕਰੇ। ਇਹ ਪੰਜ ਹਿੰਸਾ ਕਰਮ ਹਨ-1. ਉੱਖਲੀ ਵਿੱਚ ਅੰਨ ਕੁੱਟਣ ਨਾਲ 2. ਤਵਾ ਜਲਾਉਣ ਨਾਲ 3. ਝਾੜੂ ਦੇਣ ਨਾਲ 4. ਚੱਕੀ ਪੀਹਣ ਨਾਲ 5. ਜਲ ਦਾ ਘੜਾ ਭਰਨ ਨਾਲ।
ਬੁੱਧ ਧਰਮ ਵਾਲਿਆਂ ਨੇ ਯੱਗ ਕਰਨ ਨੂੰ ਮਾਨਤਾ ਨਹੀਂ ਦਿੱਤੀ ਸਗੋਂ ਇਸ ਦਾ ਵਿਰੋਧ ਕੀਤਾ ਕਿਉਂਕਿ ਇਹਨਾਂ ਯੱਗਾਂ ਵਿੱਚ ਪੁਜਾਰੀ ਪਸ਼ੂਆਂ ਦਾ ਬੱਧ ਕਰਕੇ ਖ਼ੂਨ-ਖ਼ਰਾਬਾ ਕਰਦੇ ਸਨ। ਜੀਵ-ਹੱਤਿਆ ਬੁੱਧ ਮਤ ਵਿੱਚ ਪਾਪ ਕਰਮ ਹੈ। ਭਗਤੀ ਲਹਿਰ ਨੇ ਭਗਤਾਂ ਅਤੇ ਗੁਰੂ ਸਾਹਿਬਾਨ ਨੇ ਵੀ ਯੱਗ ਨੂੰ ਕੋਈ ਮਾਨਤਾ ਨਹੀਂ ਦਿੱਤੀ ਕੇਵਲ ਪ੍ਰਭੂ ਭਜਨ ਨੂੰ ਹੀ ਸਭ ਪ੍ਰਕਾਰ ਦੇ ਯੱਗਾਂ ਤੋਂ ਉੱਤਮ ਅਤੇ ਸੁੱਖਾਂ ਦਾ ਦਾਸ ਮੰਨਿਆ ਹੈ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 9827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-05-11-09-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First