ਰਣਜੋਧ ਸਿੰਘ ਮਜੀਠੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਣਜੋਧ ਸਿੰਘ ਮਜੀਠੀਆ (ਮ. 1872 ਈ.): ਲਾਹੌਰ ਦਰਬਾਰ ਦਾ ਇਕ ਜਾਗੀਰਦਾਰ ਅਤੇ ਫ਼ੌਜੀ ਜਰਨੈਲ ਸ. ਰਣਜੋਧ ਸਿੰਘ ਸ. ਦੇਸਾ ਸਿੰਘ ਮਜੀਠੀਆ ਦਾ ਪੁੱਤਰ ਸੀ। ਇਸ ਨੂੰ ਹਜ਼ਾਰਾ ਖੇਤਰ ਦਾ ਗਵਰਨਰ ਵੀ ਬਣਾਇਆ ਗਿਆ ਸੀ। ਜਦੋਂ ਸੰਨ 1844 ਈ. ਵਿਚ ਰਾਜਾ ਗੁਲਾਬ ਸਿੰਘ ਡੋਗਰਾ ਨੇ ਸਰਕਸ਼ੀ ਕੀਤੀ ਤਾਂ ਇਸ ਨੂੰ ਉਸ ਵਿਰੁੱਧ ਫ਼ੌਜੀ ਕਾਰਵਾਈ ਕਰਨ ਦੀ ਕਮਾਨ ਸੌਂਪੀ ਗਈ। ਇਸ ਨੇ ਰਾਜਾ ਗੁਲਾਬ ਸਿੰਘ ਨੂੰ ਅਧੀਨ ਕੀਤਾ ਅਤੇ ਰਾਜਾ ਹੀਰਾ ਸਿੰਘ ਦੁਆਰਾ ਲਾਹੌਰ ਤੋਂ ਖਿਸਕਾਇਆ ਗਿਆ ਖ਼ਜ਼ਾਨਾ ਵਾਪਸ ਲਿਆ। ਇਸ ਤਰ੍ਹਾਂ ਇਸ ਦੀ ਲਾਹੌਰ ਦਰਬਾਰ ਵਿਚ ਚੰਗੀ ਪੈਂਠ ਬਣ ਗਈ। ਪਰ ਜਦੋਂ ਇਸ ਦੇ ਭਰਾ ਸ. ਲਹਿਣਾ ਸਿੰਘ ਮਜੀਠੀਏ ਨੇ ਲਾਹੌਰ ਦੀ ਖ਼ਾਨਾਜੰਗੀ ਨੂੰ ਨੀਝ ਨਾਲ ਵੇਖਿਆ, ਤਾਂ ਅੰਗ੍ਰੇਜ਼ੀ ਇਲਾਕੇ ਵਲ ਨਿਕਲ ਗਿਆ। ਸ਼ਾਹ ਮੁਹੰਮਦ ਅਨੁਸਾਰ —ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਵੱਡਾ ਅਕਲ ਦਾ ਕੋਟ ਕਮਾਲ ਮੀਆਂ ਮਹਾਂਬਲੀ ਸਰਦਾਰ ਸੀ ਪੰਥ ਵਿਚੋਂ, ਡਿੱਠੀ ਬਣੀ ਕੁਚੱਲਣੀ ਚਾਲ ਮੀਆਂ ਦਿਲ ਆਪਣੇ ਬੈਠ ਵਿਚਾਰ ਕਰਦਾ, ਏਥੇ ਕਈਆਂ ਦੇ ਹੋਣਗੇ ਕਾਲ ਮੀਆਂ ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ, ਸਭੋ ਛਡ ਕੇ ਦੇਗ-ਦਵਾਲ ਮੀਆਂ31

ਲਹਿਣਾ ਸਿੰਘ ਦੇ ਚਲੇ ਜਾਣ ਨਾਲ ਜਦੋਂ ਲਾਹੌਰ ਦਰਬਾਰ ਵਿਚ ਮਜੀਠੀਏ ਸਰਦਾਰਾਂ ਦਾ ਪ੍ਰਭਾਵ ਘਟਿਆ, ਤਾਂ ਇਹ ਰਾਣੀ ਜਿੰਦਾਂ ਦੇ ਭਰਾ ਮੁੱਖ ਮੰਤਰੀ ਜਵਾਹਰ ਸਿੰਘ ਦੇ ਪੱਖ ਵਲ ਝੁਕ ਗਿਆ। ਅੰਗ੍ਰੇਜ਼ਾਂ ਨਾਲ ਹੋਈ ਪਹਿਲੀ ਲੜਾਈ ਵੇਲੇ ਇਸ ਨੂੰ ਇਕ ਵੱਡੇ ਸੈਨਿਕ ਦਲ ਦਾ ਕਮਾਂਡਰ ਬਣਾਇਆ ਗਿਆ। ਇਸ ਨੇ 70 ਤੋਪਾਂ ਨਾਲ ਆਪਣੀ ਫ਼ੌਜ ਦਾ ਰੁਖ ਲੁਧਿਆਣੇ ਵਲ ਮੋੜਿਆ। ਲਾਡਵਾ ਰਿਆਸਤ ਦੇ ਰਾਜਾ ਅਜੀਤ ਸਿੰਘ (ਵੇਖੋ) ਨਾਲ ਮਿਲ ਕੇ ਇਸ ਨੇ ਲੁਧਿਆਣਾ ਛਾਵਣੀ ਵਿਚ ਅੰਗ੍ਰੇਜ਼ ਬੈਰਕਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਫਤਹਿਗੜ੍ਹ, ਧਰਮਕੋਟ ਅਤੇ ਬਦੋਵਾਲ ਨੂੰ ਆਪਣੇ ਅਧੀਨ ਕਰ ਲਿਆ। ਪਰ ਅਲੀਵਾਲ ਦੀ ਲੜਾਈ ਵਿਚ ਹਾਰ ਗਿਆ। ਇਸ ਬਾਰੇ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਲਿਖਿਆ ਹੈ—ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ ਤਰਫ ਲਾਡੂਏ ਵਾਲੇ ਦੀ ਚਲਿਆ ... ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ ਵਿਚੋਂ ਜੀਊ ਫਿਰੰਗੀ ਦਾ ਹੱਲਿਆ 82 ਕਹਿੰਦੇ ਹਨ ਕਿ ਇਹ ਵਿਚੋਂ ਅੰਗ੍ਰੇਜ਼ਾਂ ਨਾਲ ਮਿਲ ਗਿਆ ਸੀ। ਭੈਰੋਵਾਲ ਵਿਚ ਅੰਗ੍ਰੇਜ਼ਾਂ ਨਾਲ ਹੋਏ ਅਹਿਦਨਾਮੇ ਵਿਚ ਇਸ ਨੂੰ ਕੌਂਸਲ ਆਫ਼ ਰੀਜੈਂਸੀ ਦਾ ਮੈਂਬਰ ਬਣਾਇਆ ਗਿਆ। ਅੰਗ੍ਰੇਜ਼ਾਂ ਨੂੰ ਇਹ ਸ਼ਕ ਹੋ ਗਿਆ ਕਿ ਇਹ ਮੁਲਤਾਨ ਦੇ ਦੀਵਾਨ ਮੂਲਰਾਜ ਨਾਲ ਵਿਚੋਂ ਮਿਲਿਆ ਹੋਇਆ ਹੈ ਅਤੇ ਅਗ੍ਰੇਜ਼ ਸਰਕਾਰ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਿਹਾ ਹੈ। ਫਲਸਰੂਪ ਇਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪਰ ਅੰਗ੍ਰੇਜ਼ਾਂ ਨਾਲ ਹੋਈ ਦੂਜੀ ਲੜਾਈ ਤੋਂ ਬਾਦ ਇਸ ਨੂੰ ਮੁਕਤ ਕਰ ਦਿੱਤਾ ਗਿਆ। ਇਸ ਨੂੰ ਕੇਵਲ 2500 ਰੁਪਏ ਸਾਲਾਨਾ ਪੈਨਸ਼ਨ ਦੇ ਕੇ ਇਸ ਦੀ ਸਾਰੀ ਜਾਗੀਰ ਜ਼ਬਤ ਕਰ ਲਈ ਗਈ। ਇਸ ਤਰ੍ਹਾਂ ਇਹ ਗੁੰਮਨਾਮੀ ਦੀ ਹਾਲਤ ਵਿਚ ਹੀ ਆਪਣਾ ਵਕਤ ਕਟਦਾ ਹੋਇਆ ਸੰਨ 1872 ਈ. ਵਿਚ ਮਰ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.