ਰਮਦਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਮਦਾਸ [ਨਿਪੁ] ਵੇਖੋ ਰਵਿਦਾਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਮਦਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਮਦਾਸ (ਪਿੰਡ): ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਬਾਬਾ ਬੁੱਢਾ ਦੇ ਛੋਟੇ ਪੁੱਤਰ ਭਾਈ ਭਾਨਾ ਨੇ ਵਸਾਇਆ ਅਤੇ ਇਸ ਦਾ ਨਾਂ ‘ਰਾਮਦਾਸ’ ਰਖਿਆ ਜੋ ਕਾਲਾਂਤਰ ਵਿਚ ‘ਰਮਦਾਸ’ ਉਚਾਰਿਆ ਜਾਣ ਲਗਾ। ਬਾਬਾ ਬੁੱਢਾ ਦਾ ਸਾਰਾ ਪਰਿਵਾਰ ਆਪਣੇ ਜੱਦੀ ਪਿੰਡ ਕੱਥੂ ਨੰਗਲ ਤੋਂ ਇਸ ਪਿੰਡ ਆ ਵਸਿਆ। ਭਾਈ ਭਾਨੇ ਦੇ ਪੋਤਰੇ ਭਾਈ ਝੰਡਾ (ਜਨਮ 1580 ਈ.) ਦੀ ਪ੍ਰਤਿਸ਼ਠਾ ਕਾਰਣ ਇਸ ਪਿੰਡ ਨੂੰ ਉਸ ਦੇ ਨਾਂ ਨਾਲ ਵਿਸ਼ਿਸ਼ਟ ਕਰਕੇ ‘ਝੰਡਾ ਰਮਦਾਸ ’ ਕਿਹਾ ਜਾਣ ਲਗਿਆ। ਬਾਬਾ ਬੁੱਢਾ ਜੀ ਭਾਵੇਂ ਅਧਿਕਤਰ ਗੁਰੂ ਸਾਹਿਬਾਨ ਦੀ ਸੇਵਾ ਵਿਚ ‘ਬੀੜ ਬਾਬਾ ਬੁੱਢਾ’ ਵਿਚ ਹੀ ਰਹੇ , ਪਰ ਉਹ ਕਦੇ ਕਦੇ ਆਪਣੇ ਪਰਿਵਾਰ ਨੂੰ ਮਿਲਣ ਲਈ ਇਸ ਪਿੰਡ ਆਉਂਦੇ ਰਹਿੰਦੇ ਸਨ। ਬਾਬਾ ਜੀ ਆਪਣੇ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ ਇਥੇ ਆ ਟਿਕੇ ਸਨ। ਆਪਣਾ ਅੰਤ ਨੇੜੇ ਆਇਆ ਜਾਣ ਕੇ ਬਾਬਾ ਜੀ ਦੇ ਮਨ ਵਿਚ ਗੁਰੂ-ਦਰਸ਼ਨ ਦੀ ਇੱਛਾ ਪੈਦਾ ਹੋਈ। ਜਾਣੀ-ਜਾਣ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਆਏ ਅਤੇ ਆਪ ਦੇ ਦਰਸ਼ਨ ਕਰਨ ਉਪਰੰਤ ਬਾਬਾ ਜੀ ਨੇ 16 ਨਵੰਬਰ 1631 ਈ. ਨੂੰ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਨੇ ਆਪਣੇ ਹੱਥੀਂ ਬਾਬਾ ਜੀ ਦਾ ਸਸਕਾਰ ਕੀਤਾ। ਇਸ ਪਿੰਡ ਵਿਚ ਤਿੰਨ ਇਤਿਹਾਸਿਕ ਗੁਰੂ-ਧਾਮ ਹਨ।

ਇਕ, ਗੁਰਦੁਆਰਾ ਬੁੰਗਾ ਸਾਹਿਬ ਜੋ ਪਿੰਡ ਦੇ ਪੂਰਬ ਵਲ ਉਸਰਿਆ ਹੋਇਆ ਹੈ। ਬਾਬਾ ਬੁੱਢਾ ਜੀ ਨੂੰ ਮਿਲਣ ਆਏ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਥਾਨ ਉਤੇ ਠਿਕਾਣਾ ਕੀਤਾ ਸੀ। ਦੂਜਾ , ਗੁਰਦੁਆਰਾ ਸਮਾਧਾਂ, ਜੋ ਪਿੰਡ ਤੋਂ ਬਾਹਰ ਉੱਤਰ-ਪੂਰਬ ਵਾਲੇ ਪਾਸੇ ਇਕ ਕਿ.ਮੀ. ਦੀ ਵਿਥ ਉਤੇ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ ਸੀ। ਤੀਜਾ, ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਜੀ ਜੋ ਪਿੰਡ ਦੀ ਦੱਖਣੀ ਬਾਹੀ ਵਿਚ ਉਸਰਿਆ ਹੋਇਆ ਹੈ। ਇਸੇ ਸਥਾਨ ਉਤੇ ਬਾਬਾ ਜੀ ਦਾ ਪਰਿਵਾਰ ਰਹਿੰਦਾ ਸੀ। ਇਕ ਵਾਰ ਲਾਹੌਰ ਦਰਬਾਰ ਦੀ ਸੈਨਾ ਦੁਆਰਾ ਇਸ ਪਿੰਡ ਦੀ ਕੀਤੀ ਗਈ ਲੁਟ-ਮਾਰ ਵੇਲੇ ਇਹ ਘਰ ਬਰਬਾਦ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲਗਣ’ਤੇ ਉਸ ਨੇ ਇਸ ਸਥਾਨ ਉਤੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਹੁਣ ਨਵੀਂ ਇਮਾਰਤ ਬਣ ਚੁਕੀ ਹੈ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.