ਰਹਿਤ-ਮਰਯਾਦਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਹਿਤ-ਮਰਯਾਦਾ [ਨਾਂਇ] ਵਿਸ਼ੇਸ਼ ਸਿਧਾਂਤਾਂ ਅਨੁਸਾਰ ਰਹਿਣ ਦਾ ਭਾਵ; ਸਿੱਖੀ ਅਸੂਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਹਿਤ-ਮਰਯਾਦਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹਿਤ-ਮਰਯਾਦਾ: ਇਸ ਤੋਂ ਭਾਵ ਹੈ ਧਾਰਮਿਕ ਨਿਯਮਾਂ ਦੀ ਬੰਦਸ਼ ਜਾਂ ਪਾਬੰਦੀ ਵਿਚ ਰਹਿਣ ਦੀ ਮਰਯਾਦਾ। ਚੂੰਕਿ ਇਹ ਸ਼ਬਦ ਹੁਣ ਸਿੱਖ-ਸਮਾਜ ਲਈ ਰੂੜ੍ਹ ਹੋ ਚੁਕਿਆ ਹੈ, ਇਸ ਲਈ ਇਸ ਤੋਂ ਭਾਵ ਹੈ ਉਹ ਕਰਮਾਚਾਰ ਜਿਸ ਅਨੁਸਾਰ ਇਕ ਸਿੱਖ ਨੂੰ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ।

ਕਿਸੇ ਨਵੇਂ ਧਰਮ ਅਥਵਾ ਸਮਾਜ ਲਈ ਉਸ ਦੇ ਸ਼ੁਰੂ ਹੋਣ ਨਾਲ ਹੀ ਬੰਦਸ਼ਾਂ ਦੀ ਵਿਵਸਥਾ ਨਹੀਂ ਹੁੰਦੀ। ਇਨ੍ਹਾਂ ਦੀ ਸਿਰਜਨਾ ਦੇ ਪਿਛੋਕੜ ਵਜੋਂ ਸਮੇਂ ਸਮੇਂ ਬਦਲਦੀਆਂ ਪਰਿਸਥਿਤੀਆਂ ਦਾ ਆਪਣਾ ਯੋਗਦਾਨ ਰਹਿੰਦਾ ਹੈ। ਇਨ੍ਹਾਂ ਵਿਚੋਂ ਕੁਝ ਬੰਦਸ਼ਾਂ ਜਾਂ ਨਿਯਮ ਪਰੰਪਰਾਗਤ ਹੁੰਦੇ ਹਨ, ਕੁਝ ਪੁਰਾਣੇ ਨਿਯਮਾਂ ਨੂੰ ਲੋੜ ਅਨੁਸਾਰ ਬਦਲ ਦਿੱਤਾ ਹੁੰਦਾ ਹੈ ਅਤੇ ਕੁਝ ਬਿਲਕੁਲ ਨਵੇਂ ਹੁੰਦੇ ਹਨ।

ਰਹਿਤ ਵਿਚ ਰਹਿਣਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ। ਇਸ ਸੰਬੰਧੀ ਪਹਿਲੇ ਗੁਰੂ ਜੀ ਦੀ ਬਾਣੀ ਵਿਚੋਂ ਹੀ ਸੰਕੇਤ ਮਿਲ ਜਾਂਦੇ ਹਨ, ਜਿਵੇਂ :

(1)   ਜੀਵਨ ਮੁਕਤੁ ਜਾਂ ਸਬਦੁ ਸੁਣਾਏ

ਸਚੀ ਰਹਤ ਸਦਾ ਸੁਖੁ ਪਾਏ (ਗੁ.ਗ੍ਰੰ.1343)

(2)   ਗਿਆਨੁ ਧਿਆਨੁ ਸਭੁ ਗੁਰ ਤੇ ਹੋਈ

ਸਾਚੀ ਰਹਤ ਸਾਚਾ ਮਨਿ ਸੋਈ (ਗੁ.ਗ੍ਰੰ.831)

ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਰਚਨਾ ਵਿਚ ਸਪੱਸ਼ਟ ਕਿਹਾ ਹੈ— ਰਹਤ ਅਵਰ ਕਛੁ ਅਵਰ ਕਮਾਵਤ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ (ਗੁ. ਗ੍ਰੰ.269)

ਗੁਰੂ ਗ੍ਰੰਥ ਸਾਹਿਬ ਵਿਚ ‘ਰਹਿਤ ’ ਦਾ ਵਿਸ਼ੇਸ਼ ਮਹੱਤਵ ਦਸਿਆ ਗਿਆ ਹੈ। ਇਸ ਨੂੰ ‘ਰਹਿਣੀ’ ਵੀ ਕਿਹਾ ਜਾਂਦਾ ਹੈ। ‘ਰਹਿਤ’ ਦਾ ਕਈਆਂ ਪ੍ਰਸੰਗਾਂ ਵਿਚ ਸਰੂਪ- ਨਿਰਧਾਰਣ ਵੀ ਹੋਇਆ ਹੈ, ਜਿਵੇਂ—ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮ ਧਿਆਵੈ ਉਦਮੁ ਕਰੈ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰ ਨਾਵੈ (ਗੁ.ਗ੍ਰੰ.305)।

ਇਸ ਪ੍ਰਕਾਰ ਦੀ ਰਹਿਤ ਅਧਿਕਤਰ ਮਾਨਸਿਕ ਹੈ। ਭਾਈ ਗੁਰਦਾਸ ਦੀਆਂ ਵਾਰਾਂ ਅਤੇ ‘ਦਸਮ ਗ੍ਰੰਥ ’ ਵਿਚ ਵੀ ਅਜਿਹੀ ਰਹਿਤ ਦੇ ਬਹੁਤ ਉਲੇਖ ਮਿਲ ਜਾਂਦੇ ਹਨ। ਪਰ ਇਸ ਤਰ੍ਹਾਂ ਦੀ ਰਹਿਤ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਖ਼ਾਲਸੇ ਤੋਂ ਪਹਿਲਾਂ ਦੀ ਹੈ। ਖ਼ਾਲਸੇ ਦੀ ਸਿਰਜਨਾ ਨਾਲ ਰਹਿਤ ਦਾ ਸਰੂਪ ਬਦਲਿਆ ਹੈ। ਇਸ ਦਾ ਝੁਕਾਓ ਮਾਨਸਿਕ ਰਹਿਤ ਦੇ ਨਾਲ ਨਾਲ ਸ਼ਰੀਰਕ ਰਹਿਤ ਵਲ ਵੀ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਇਸ ਰਹਿਤ- ਮਰਯਾਦਾ ਵਿਚ ਸਮੇਂ ਸਮੇਂ ਵਾਧੇ ਹੁੰਦੇ ਰਹੇ ਅਤੇ ਇਸ ਤਰ੍ਹਾਂ ਰਹਿਤ-ਨੁਮਾ ਰਚਨਾਵਾਂ ਦੀ ਪਰੰਪਰਾ ਚਲ ਪਈ ਜਿਸ ਨੂੰ ਰਹਿਤਨਾਮੇ (ਵੇਖੋ) ਕਿਹਾ ਜਾਣ ਲਗਿਆ। ਇਨ੍ਹਾਂ ਦੀ ਗਿਣਤੀ ਵਿਦਵਾਨਾਂ ਨੇ ਚਾਲੀ ਤਕ ਕੀਤੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.