ਰਾਖਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਾਖਸ਼ [ਨਾਂਪੁ] ਦੈਂਤ , ਦਾਨਵ [ਵਿਸ਼ੇ] ਜ਼ਾਲਮ ਮਨੁੱਖ, ਬੇਰਹਿਮ ਆਦਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਾਖਸ਼ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਖਸ਼: ਪੰਜਾਬੀ ਵਿਚ ਦੈਂਤ , ਦਾਨਵ ਅਤੇ ਰਾਖਸ਼ ਇਕ ਪ੍ਰਕਾਰ ਦੇ ਸਮਾਨਾਰਥਕ ਹਨ ਅਤੇ ਦੇਵਤਿਆਂ ਦੇ ਵਿਰੋਧੀ ਤਸੱਵਰ ਕੀਤੇ ਜਾਂਦੇ ਹਨ।
ਰਾਖਸ਼ (ਰਾਕੑਸ਼ਸ) ਦੀ ਮਾਨਤਾ ਵੈਦਿਕ ਕਾਲ ਤੋਂ ਸ਼ੁਰੂ ਹੋ ਗਈ ਸੀ ਕਿਉਂਕਿ ਉਦੋਂ ਜੋ ਦੁਖ , ਤਕਲੀਫ਼ਾਂ, ਬੀਮਾਰੀਆਂ ਮਨੁੱਖ ਅਨੁਭਵ ਕਰਦਾ ਸੀ ਉਨ੍ਹਾਂ ਪਿਛੇ ਕਿਸੇ ਰਾਖਸ਼ੀ ਸ਼ਕਤੀ ਦੀ ਕਲਪਨਾ ਕੀਤੀ ਜਾਂਦੀ ਸੀ। ਦੁਖਾਂ- ਤਕਲੀਫ਼ਾਂ ਦੇ ਅਨੰਤ ਹੋਣ ਕਰਕੇ ਰਾਖਸ਼ਾਂ ਦੀ ਗਿਣਤੀ ਵੀ ਅਨੰਤ ਮੰਨੀ ਜਾਂਦੀ ਸੀ। ਉਸ ਤੋਂ ਬਾਦ ਉਨ੍ਹਾਂ ਰਾਖਸ਼ੀ ਸ਼ਕਤੀਆਂ ਦਾ ਮਾਨਵੀਕਰਣ ਹੋਣ ਲਗਾ ਅਤੇ ਉਨ੍ਹਾਂ ਦੀਆਂ ਆਦਤਾਂ, ਦੋਸ਼ਾਂ, ਦੁਰਾਚਾਰਾਂ ਆਦਿ ਬਾਰੇ ਗੱਲਾਂ ਪ੍ਰਚਲਿਤ ਹੋਣ ਲਗੀਆਂ। ਉਹ ਪਸ਼ੂਆਂ ਅਤੇ ਮਨੁੱਖਾਂ ਨੂੰ ਖਾਣ ਵਾਲੇ , ਹਨੇਰੇ ਵਿਚ ਵਿਚਰਨ ਵਾਲੇ, ਯੱਗਾਂ ਨੂੰ ਨਸ਼ਟ ਕਰਨ ਵਾਲੇ, ਅਨੇਕ ਪ੍ਰਕਾਰ ਦੇ ਭੇਸ ਅਤੇ ਰੂਪ ਬਦਲਣ ਵਾਲੇ, ਭਿਆਨਕ ਬੋਲੀਆਂ ਬੋਲਣ ਵਾਲੇ ਮੰਨੇ ਜਾਣ ਲਗੇ। ਅਗਨੀ ਦੇਵਤਾ ਅਤੇ ਇੰਦ੍ਰ ਦੇਵਤਾ ਦੇ ਸ਼ੁਰੂ ਤੋਂ ਹੀ ਰਾਖਸ਼ ਵੈਰੀ ਰਹੇ , ਕਿਉਂਕਿ ਪ੍ਰਕਾਸ਼ ਅਤੇ ਅੰਧਕਾਰ ਵਿਚ ਆਦਿ-ਕਾਲ ਤੋਂ ਵਿਰੋਧ ਚਲਿਆ ਆ ਰਿਹਾ ਹੈ।
‘ਬਾਲਮੀਕਿ ਰਾਮਾਇਣ’ ਦੇ ‘‘ਉਤਰ-ਕਾਂਡ’’ ਵਿਚ ਰਾਖਸ਼ਾਂ ਦੀ ਉਤਪੱਤੀ ਬਾਰੇ ਪ੍ਰਕਾਸ਼ ਪਾਉਂਦਿਆਂ ਲਿਖਿਆ ਗਿਆ ਹੈ ਕਿ ਬ੍ਰਹਮਾ ਨੇ ਇਨ੍ਹਾਂ ਨੂੰ ਮਨੁੱਖਾਂ ਦੀ ਰਖਿਆ ਕਰਨ ਦਾ ਕੰਮ ਸੌਂਪਿਆ। ਇਨ੍ਹਾਂ ਰਾਖਸ਼ਾਂ ਵਿਚੋਂ ਦੋ ਪ੍ਰਮੁਖ ਸਨ—ਹੇਤਿ ਅਤੇ ਪ੍ਰਹੇਤਿ। ਹੇਤਿ ਨੇ ‘ਕਾਲ’ ਦੀ ਭਿਆਨਕ ਭੈਣ ਭਯਾ ਨਾਲ ਵਿਆਹ ਕੀਤਾ ਅਤੇ ਵਿਦੑਯੁਤਕੇਸ਼ ਨਾਂ ਦੇ ਪੁੱਤਰ ਨੂੰ ਜਨਮ ਦਿੱਤਾ। ਉਸ ਦਾ ਵਿਆਹ ਸੰਧਿਆ ਦੀ ਪੁੱਤਰੀ ਸਾਲਕਟੰਕਟਾ ਨਾਲ ਹੋਇਆ। ਉਨ੍ਹਾਂ ਦੁਆਰਾ ਪੈਦਾ ਹੋਏ ਬਾਲਕ ਨੂੰ ਸ਼ੰਕਰ ਅਤੇ ਪਾਰਬਤੀ ਨੇ ਵਰਦਾਨ ਦੇ ਕੇ ਅਮਰ ਕਰ ਦਿੱਤਾ ਅਤੇ ਉਸ ਦਾ ਨਾਂ ਸੁਕੇਸ਼ ਰਖਿਆ। ਅਗੋਂ ਉਸ ਦਾ ਵਿਆਹ ਗ੍ਰਾਮਣੀ ਨਾਂ ਦੇ ਗੰਧਰਵ ਦੀ ਪੁੱਤਰੀ ਦੇਵਵਤੀ ਨਾਲ ਹੋਇਆ ਜਿਸ ਤੋਂ ਤਿੰਨ ਭਿਆਨਕ ਪੁੱਤਰ ਪੈਦਾ ਹੋਏ—ਮਾਲੑਯਵਾਨ, ਸੁਮਾਲੀ ਅਤੇ ਮਾਲੀ। ਉਨ੍ਹਾਂ ਨੇ ਬ੍ਰਹਮਾ ਦੀ ਤਪਸਿਆ ਕਰਕੇ ਪਰਸਪਰ ਪ੍ਰੇਮ-ਭਾਵ ਅਤੇ ਅਮਰਤਾ ਦਾ ਵਰ ਪ੍ਰਾਪਤ ਕੀਤਾ ਅਤੇ ਵਿਸ਼੍ਵਕਰਮਾ ਦੀ ਸਿਰਜੀ ਸੋਨੇ ਦੀ ਲੰਕਾ ਵਿਚ ਰਹਿਣ ਲਗੇ। ਉਧਰ ਨਰਮਦਾ ਨਾਂ ਦੀ ਇਕ ਗੰਧਰਵੀ ਨੇ ਆਪਣੀ ਮਰਜ਼ੀ ਨਾਲ ਜਨਮ ਲਿਆ ਅਤੇ ਤਿੰਨ ਪੁੱਤਰੀਆਂ ਪੈਦਾ ਕੀਤੀਆਂ ਜਿਨ੍ਹਾਂ ਵਿਚੋਂ ਸੁੰਦਰੀ ਦਾ ਵਿਆਹ ਮਾਲੑਯਵਾਨ ਨਾਲ, ਕੇਤੁਮਤੀ ਦਾ ਸੁਮਾਲੀ ਨਾਲ ਅਤੇ ਵਸੁਧਾ ਦਾ ਮਾਲੀ ਨਾਲ ਹੋਇਆ।
ਮਾਲੑਯਵਾਨ ਅਤੇ ਸੁੰਦਰੀ ਤੋਂ ਵਜ੍ਰਮੁਸ਼ੑਠੀ, ਵਿਰੂਪਾਕੑਸ਼, ਦੁਰਮੁਖ, ਸੁਪੑਤਘਨ, ਯੱਗਕੋਪ, ਮੱਤ ਅਤੇ ਉਨਮੱਤ ਨਾਂ ਦੇ ਪੁੱਤਰ ਪੈਦਾ ਹੋਏ। ਸੁਮਾਲੀ ਅਤੇ ਕੇਤੁਮਤੀ ਤੋਂ ਪ੍ਰਹਸਤ, ਅਕੰਪਨ, ਵਿਕਟ, ਕਾਲਕਾਰਮੁਕ, ਧੂਮ੍ਰਾਕੑਸ਼, ਦੰਡ , ਸੁਪਾਰਸ਼੍ਵ, ਸੰਹੑਲਾਦੀ, ਪ੍ਰਘਸ ਅਤੇ ਭਾਸਕਰਣ ਜਨਮੇ। ਮਾਲੀ ਅਤੇ ਵਸੁਧਾ ਨੇ ਅਨਲ, ਅਨਿਲ, ਹਰ ਅਤੇ ਸੰਪਾਤੀ ਨੂੰ ਪੈਦਾ ਕੀਤਾ।
ਇਨ੍ਹਾਂ ਸਾਰੇ ਰਾਖਸ਼ਾਂ ਨੇ ਰਲ ਕੇ ਦੇਵਤਿਆਂ ਨੂੰ ਸਵਰਗੋਂ ਬਾਹਰ ਕਢਿਆ ਅਤੇ ਉਥੇ ਆਪਣਾ ਕਬਜ਼ਾ ਕਰ ਲਿਆ। ਇਨ੍ਹਾਂ ਨੂੰ ਮਾਰਨ ਅਤੇ ਦੇਵਤਿਆਂ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਵਿਸ਼ਣੂ ਨੇ ਆਪਣੇ ਸਿਰ ਉਤੇ ਲਈ। ਰਾਖਸ਼ਾਂ ਨਾਲ ਵਿਸ਼ਣੂ ਦਾ ਤਕੜਾ ਯੁੱਧ ਹੋਇਆ। ਮਾਲੀ ਮਾਰਿਆ ਗਿਆ। ਬਾਕੀ ਦੇ ਰਾਖਸ਼ ਭਜ ਕੇ ਪਾਤਾਲ ਲੋਕ ਚਲੇ ਗਏ। ਉਥੇ ਸੁਮਾਲੀ ਨੂੰ ਇਨ੍ਹਾਂ ਨੇ ਆਪਣਾ ਰਾਜਾ ਬਣਾ ਲਿਆ। ਕਾਲਾਂਤਰ ਵਿਚ ਸੁਮਾਲੀ ਦੇ ਪੋਤਰੇ ‘ਰਾਵਣ’ ਨੇ ਲੰਕਾ ਵਿਚੋਂ ਕੁਬੇਰ ਨੂੰ ਭਜਾ ਕੇ ਉਥੇ ਆਪਣਾ ਰਾਜ ਕਾਇਮ ਕੀਤਾ। ਰਾਵਣ ਅਤੇ ਉਸ ਦੇ ਸਾਥੀਆਂ ਨੂੰ ਲੰਕਾ ਵਿਚ ਵਿਸ਼ਣੂ ਨੇ ਸ਼੍ਰੀ ਰਾਮ ਰੂਪ ਵਿਚ ਅਵਤਰਿਤ ਹੋ ਕੇ ਮਾਰਿਆ।
ਪੌਰਾਣਿਕ ਯੁਗ ਵਿਚ ਰਾਖਸ਼ਾਂ ਦੀ ਉਤਪੱਤੀ ਬਾਰੇ ਕਈ ਆਖਿਆਨ ਘੜੇ ਗਏ। ਕਿਤੇ ਇਨ੍ਹਾਂ ਨੂੰ ਬ੍ਰਹਮਾ ਦੇ ਮਾਨਸ ਪੁੱਤਰ ਪੁਲਸਤੑਯ ਰਿਸ਼ੀ ਦੀ ਸੰਤਾਨ ਮੰਨਿਆ ਗਿਆ ਅਤੇ ਕਿਤੇ ਇਹ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਏ ਦਸੇ ਗਏ। ‘ਵਿਸ਼ਣੂ-ਪੁਰਾਣ’ ਅਨੁਸਾਰ ਦਕੑਸ਼ ਪ੍ਰਜਾਪਤੀ ਦੀ ਪੁੱਤਰੀ ‘ਖਸਾ ’ ਦਾ ਵਿਆਹ ਕਸ਼ੑਯਪ ਨਾਲ ਹੋਇਆ। ਉਨ੍ਹਾਂ ਦੀ ਸੰਤਾਨ ਰਾਖਸ਼ ਅਖਵਾਈ। ‘ਰਾਕੑਸ਼ਸ’ ਸ਼ਬਦ ਦੇ ਪ੍ਰਚਲਿਤ ਹੋ ਜਾਣ ਨਾਲ ਫਿਰ ਇਸ ਸ਼ਬਦ ਦੀ ਵਿਉੱਤਪਤੀ ਵੀ ਲਭੀ ਜਾਣ ਲਗੀ। ‘ਬਾਲਮੀਕਿ ਰਾਮਾਇਣ’ ਅਤੇ ‘ਵਿਸ਼ਣੂ ਪੁਰਾਣ ’ ਅਨੁਸਾਰ ਇਸ ਦਾ ਅਰਥ ਰਕੑਸ਼ਾ (ਰਖਿਆ) ਕਰਨ ਵਾਲਾ ਮੰਨਿਆ ਗਿਆ ਅਤੇ ਰਾਖਸ਼ਾਂ ਨੂੰ ਬ੍ਰਹਮਾ ਨੇ ਮਨੁੱਖਾਂ ਦੀ ਰਖਿਆ ਲਈ ਪੈਦਾ ਕੀਤਾ ਦਸਿਆ ਜਾਣ ਲਗਿਆ। ਇੰਜ ਪ੍ਰਤੀਤ ਹੁੰਦਾ ਹੈ ਕਿ ਜਦੋਂ ਆਰਯ ਲੋਕ ਭਾਰਤ ਵਿਚ ਆਏ ਸਨ ਤਾਂ ਉਨ੍ਹਾਂ ਨੇ ਇਥੋਂ ਦੀਆਂ ਪਹਿਲੀਆਂ ਵਸਦੀਆਂ ਜਾਤੀਆਂ ਨੂੰ ਅਧੀਨ ਕਰ ਲਿਆ ਹੋਵੇਗਾ ਅਤੇ ਉਨ੍ਹਾਂ ਵਿਚ ਕਈ ਕਿਸਮ ਦੇ ਦੋਸ਼ਾਂ ਦਾ ਆਰੋਪਣ ਕਰਕੇ ਉਨ੍ਹਾਂ ਨੂੰ ਰਾਖਸ਼ ਕਹਿਣਾ ਸ਼ੁਰੂ ਕਰ ਦਿੱਤਾ ਹੋਵੇਗਾ। ਬਾਦ ਵਿਚ ਦੁਸ਼ਟ ਅਤੇ ਵੈਰੀ ਲਈ ਵੀ ਇਹ ਸ਼ਬਦ ਵਰਤਿਆ ਜਾਣ ਲਗਿਆ।
ਪੰਜਾਬੀ ਸਭਿਆਚਾਰ ਵਿਚ ‘ਰਾਖਸ਼’ ਸ਼ਬਦ ਦੈਂਤ, ਦਾਨਵ ਜਾਂ ਅਸੁਰ ਸ਼ਬਦਾਂ ਦੇ ਸਮਾਨਾਰਥਕ ਵਜੋਂ ਵਰਤਿਆ ਗਿਆ ਹੈ। ਇਨ੍ਹਾਂ ਚੌਹਾਂ ਸ਼ਬਦਾਂ ਦੀ ਪੰਜਾਬੀ ਸਾਹਿਤ ਵਿਚ ਖੁਲ੍ਹ ਕੇ ਵਰਤੋਂ ਹੋਈ ਹੈ। ਮੱਧ-ਯੁਗ ਵਿਚ ਹੀ ਨਹੀਂ , ਆਧੁਨਿਕ ਯੁਗ ਵਿਚ ਵੀ ਇਨ੍ਹਾਂ ਨਾਲ ਸੰਬੰਧਿਤ ਮੁਹਾਵਰਿਆਂ, ਪ੍ਰਤੀਕਾਂ, ਉਪਮਾਨਾਂ, ਹਵਾਲਿਆਂ ਅਤੇ ਕਥਾ-ਪ੍ਰਸੰਗ ਦਾ ਬਹੁਤ ਪ੍ਰਯੋਗ ਹੋਇਆ ਹੈ।
ਸਿੱਖ ਮਤ ਵਿਚ ਦੈਂਤ ਜਾਂ ਰਾਖਸ਼ ਸ਼ਬਦ ਦੀ ਵਰਤੋਂ ਕੇਵਲ ਲੋਕ-ਵਿਰਸੇ ਦੀ ਸ਼ਬਦਵਾਲੀ ਵਜੋਂ ਹੋਈ ਹੈ। ਇਨ੍ਹਾਂ ਪ੍ਰਤਿ ਕਿਸੇ ਪ੍ਰਕਾਰ ਦੀ ਮਾਨਤਾ ਸਿੱਖ ਸਮਾਜ ਵਿਚ ਵਰਜਿਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First