ਰਾਜਸ਼ੇਖਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਜਸ਼ੇਖਰ : ਸੰਸਕ੍ਰਿਤ ਸਾਹਿਤ ਵਿੱਚ ਰਾਜਸ਼ੇਖਰ ਇੱਕ ਨਾਟਕਕਾਰ ਅਤੇ ਕਾਵਿ-ਸ਼ਾਸਤਰੀ ਅਚਾਰੀਆ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਚਾਰ ਨਾਟਕ ਅਤੇ ਇੱਕ ਕਾਵਿ-ਸ਼ਾਸਤਰੀ ਗ੍ਰੰਥ ਲਿਖ ਕੇ ਉਸ ਨੇ ਸਾਹਿਤ ਸੰਸਾਰ ਨੂੰ ਅਮੀਰ ਕੀਤਾ। ਇਹ ਕਨੌਜ ਦੇ ਪ੍ਰਤਿਹਾਰ ਵੰਸ਼ ਦੇ ਰਾਜੇ ਮਹਿੰਦਰਪਾਲ ਅਤੇ ਮਹੀਪਾਲ ਦਾ ਗੁਰੂ ਸੀ। ਇਸ ਤੱਥ ਦਾ ਹਵਾਲਾ ਉਸ ਨੇ ਆਪਣੇ ਵਿੱਧਸ਼ਾਲਭੰਜਿਕਾ ਨਾਂ ਦੇ ਰੂਪਕ ਵਿੱਚ ਦਿੱਤਾ ਹੈ। ਬਾਲਰਾਮਾਇਣ ਨਾਟਕ ਵਿੱਚ ਵੀ ਉਸ ਨੇ ਆਪਣੇ ਇਸ ਸ਼ਿਸ਼ ਦੀ ਪ੍ਰਸੰਸਾ ਕੀਤੀ ਹੈ। ਅੰਦਰੂਨੀ ਅਤੇ ਬਾਹਰਲੇ ਸਬੂਤਾਂ ਦੇ ਆਧਾਰ ’ਤੇ ਰਾਜਸ਼ੇਖਰ ਦਾ ਸਮਾਂ ਨੌਂਵੀਂ ਅਤੇ ਦਸਵੀਂ ਸ਼ਤਾਬਦੀ ਈਸਵੀ ਵਿਚਕਾਰ ਮੰਨਿਆ ਜਾਂਦਾ ਹੈ। ਰਾਜਸ਼ੇਖਰ ਦੇ ਜਨਮ ਸਥਾਨ ਬਾਰੇ ਵੀ ਵੱਖ-ਵੱਖ ਰਾਵਾਂ ਹਨ। ਕੁਝ ਵਿਦਵਾਨ ਉਸ ਨੂੰ ਮੱਧ ਪ੍ਰਦੇਸ਼ ਦਾ ਅਤੇ ਕੁਝ ਦੱਖਣੀ ਇਲਾਕੇ ਦਾ ਮੰਨਦੇ ਹਨ। ਮੱਧ ਪ੍ਰਦੇਸ਼ ਨੂੰ ਉਸ ਦੀ ਜਨਮ ਭੂਮੀ ਮੰਨਣ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਰਾਜ ਸ਼ੇਖਰ ਨੇ ਮੱਧ ਪ੍ਰਦੇਸ਼ ਦੀ ਸ਼ੌਰਸੇਨੀ ਪ੍ਰਾਕ੍ਰਿਤ ਭਾਸ਼ਾ ਵਿੱਚ ਇੱਕ ਪੂਰਾ ਨਾਟਕ ਲਿਖਿਆ ਹੈ ਅਤੇ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਕਨੌਜ ਅਤੇ ਪਾਂਚਾਲ ਲਈ ਬਹੁਤ ਰੁਚੀ ਦਿਖਾਈ ਹੈ ਇਸ ਲਈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਪੈਦਾ ਹੋਇਆ। ਪਰ ਕੁਝ ਵਿਦਵਾਨਾਂ ਨੇ ਉਸ ਦਾ ਜਨਮ ਸਥਾਨ ਮਹਾਂਰਾਸ਼ਟਰ ਵਿੱਚ ਵਿਦਰਭ ਨਾਮਕ ਸਥਾਨ ਨੂੰ ਮੰਨਿਆ ਹੈ। ਅਜਿਹਾ ਮੰਨਣ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਕਾਵਯਮੀਮਾਂਸਾ ਨਾਮਕ ਗ੍ਰੰਥ ਵਿੱਚ ਰਾਜਸ਼ੇਖਰ ਨੇ ਜਿਸ ਸਾਹਿਤ ਵਿੱਦਿਆ ਦੀ ਵਧੂ (ਵਹੁਟੀ) ਦਾ ਹਵਾਲਾ ਦਿੱਤਾ ਹੈ ਉਸ ਦਾ ਵਿਆਹ ਵਿਦਰਭ ਵਿੱਚ ਦਿਖਾਇਆ ਗਿਆ ਹੈ ਅਤੇ ਕਰਪੂਰਮੰਜਰੀ ਨਾਂ ਦੀ ਨਾਟਿ ਕ੍ਰਿਤ ਦੀ ਨਾਇਕਾ ਵੀ ਵਿਦਰਭ ਦੇਸ ਦੀ ਰਾਜਕੁਮਾਰੀ ਹੀ ਹੈ।

     ਰਾਜਸ਼ੇਖਰ ਆਪਣੇ-ਆਪ ਨੂੰ ਬਾਰ-ਬਾਰ ਯਾਯਾਵਗੀਯ ਲਿਖਦਾ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਉਹ ਯਾਯਾਵਰ ਵੰਸ਼ ਨਾਲ ਸੰਬੰਧਿਤ ਸੀ। ਇਸ ਵੰਸ਼ ਵਿੱਚ ਅਕਾਲਜਲਦ, ਸੁਰਾਨੰਦ ਅਤੇ ਤਰਲ ਆਦਿ ਕਈ ਕਵੀਰਾਜ ਹੋਏ। ਰਾਜਸ਼ੇਖਰ ਪ੍ਰਸਿੱਧ ਕਵੀ ਅਕਾਲਜਲਦ ਦਾ ਪੋਤਾ ਸੀ। ਇਸ ਤਰ੍ਹਾਂ ਸ਼ਾਸਤਰੀ ਪ੍ਰਤਿਭਾ ਰਾਜਸ਼ੇਖਰ ਨੂੰ ਵੰਸ਼ ਪਰੰਪਰਾ ਤੋਂ ਪ੍ਰਾਪਤ ਹੋਈ। ਰਾਜਸ਼ੇਖਰ ਦੀ ਮਾਤਾ ਦਾ ਨਾਂ ਸ਼ੀਲਾਵਤੀ ਅਤੇ ਪਿਤਾ ਦਾ ਨਾਂ ਦੁਰਦੁਕ ਸੀ। ਬਾਲਰਾਮਾਇਣ ਨਾਟਕ ਵਿੱਚ ਰਾਜਸ਼ੇਖਰ ਨੇ ਆਪਣੇ ਪਿਤਾ ਬਾਰੇ ਕਿਸੇ ਰਾਜੇ ਦੇ ਮਹਾਂ ਮੰਤਰੀ ਹੋਣ ਦਾ ਹਵਾਲਾ ਦਿੱਤਾ ਹੈ। ਰਾਜਸ਼ੇਖਰ ਦੀ ਪਤਨੀ ਚੌਹਾਨ ਵੰਸ਼ ਦੀ ਖਤਰੀ ਇਸਤਰੀ ਅਵੰਤੀ ਸੁੰਦਰੀ ਸੀ।

     ਬਾਲਰਾਮਾਇਣ, ਬਾਲਭਾਰਤ, ਵਿੱਧਸ਼ਾਲਭੰਜਿਕਾ ਅਤੇ ਕਰਪੂਰਮੰਜਰੀ ਰਾਜਸ਼ੇਖਰ ਦੀਆਂ ਇਹ ਚਾਰ ਨਾਟ ਕ੍ਰਿਤੀਆਂ ਹਨ ਅਤੇ ਕਾਵਯਮੀਮਾਂਸਾ ਸਾਹਿਤਿਕ ਸਮੀਖਿਆ ਨਾਲ ਸੰਬੰਧਿਤ ਉਸ ਦਾ ਪੰਜਵਾਂ ਗ੍ਰੰਥ ਹੈ। ਰਾਜਸ਼ੇਖਰ ਦੇ ਨਾਂ ਨਾਲ ਕੁਝ ਹੋਰ ਰਚਨਾਵਾਂ ਵੀ ਜੋੜੀਆਂ ਗਈਆਂ ਹਨ ਜਿਵੇਂ ਭੂਵਨਕੋਸ਼ ਨਾਂ ਦਾ ਭੂਗੋਲ ਸੰਬੰਧੀ ਗ੍ਰੰਥ ਅਤੇ ਹਰਵਿਲਾਸ ਨਾਂ ਦਾ ਮਹਾਂਕਾਵਿ। ਇਸ ਤੋਂ ਇਲਾਵਾ ਅਸ਼ਟਪਤ੍ਰ-ਦਲਕਮਲ ਨਾਂ ਦੇ ਇੱਕ ਗ੍ਰੰਥ ਅਤੇ ਰਤਨਮੰਜਰੀ ਨਾਂ ਦੀ ਨਾਟਿਕਾ ਨੂੰ ਵੀ ਰਾਜਸ਼ੇਖਰ ਦੀਆਂ ਰਚਨਾਵਾਂ ਮੰਨਿਆ ਗਿਆ ਹੈ ਪਰ ਇਹਨਾਂ ਗ੍ਰੰਥਾਂ ਸੰਬੰਧੀ ਕੋਈ ਠੋਸ ਪ੍ਰਮਾਣ ਉਪਲਬਧ ਨਹੀਂ।

     ਬਾਲਰਾਮਾਇਣ ਦਸ ਅੰਕਾਂ ਵਿੱਚ ਲਿਖਿਆ ਗਿਆ ਇੱਕ ਵੱਡ ਆਕਾਰੀ ਨਾਟਕ ਹੈ। ਇਸ ਵਿੱਚ ਪੂਰੀ ਰਾਮ ਕਥਾ ਨੂੰ ਰੋਚਕ ਕਲਪਨਾਵਾਂ ਨਾਲ ਸੰਜੋ ਕੇ ਉਸ ਦੀ ਨਵੇਂ ਰੂਪ ਵਿੱਚ ਪੇਸ਼ਕਾਰੀ ਕੀਤੀ ਗਈ ਹੈ। ਨਾਟਕ ਦੇ ਪਹਿਲੇ ਤਿੰਨ ਅੰਕਾਂ ਵਿੱਚ ਰਾਵਣ ਦੇ ਵਿਅਕਤਿਤਵ ਦਾ ਅਤੇ ਧਣੁੱਖ ਯੱਗ ਦਾ ਵਰਣਨ ਹੈ। ਚੌਥੇ ਅੰਕ ਵਿੱਚ ਰਾਮ ਅਤੇ ਪਰਸਰਾਮ ਸੰਵਾਦ, ਪੰਜਵੇਂ ਅਤੇ ਛੇਵੇਂ ਅੰਕਾਂ ਵਿੱਚ ਸੀਤਾ ਹਰਨ, ਸੱਤਵੇਂ ਵਿੱਚ ਵਾਨਰ ਸੈਨਾ ਦੀ ਸਹਾਇਤਾ ਅਤੇ ਸਮੁੰਦਰ ਉਪਰ ਪੁਲ ਬਣਾ ਕੇ ਲੰਕਾ ਪ੍ਰਵੇਸ਼, ਅੱਠਵੇਂ ਵਿੱਚ ਰਾਮ, ਲਛਮਣ ਅਤੇ ਰਾਵਣ ਦੇ ਸਹਾਇਕਾਂ ਵਿਚਕਾਰ ਯੁੱਧ, ਨੌਂਵੇਂ ਵਿੱਚ ਰਾਮ ਰਾਵਣ ਯੁੱਧ ਅਤੇ ਦਸਵੇਂ ਵਿੱਚ ਰਾਮ, ਲਛਮਣ, ਸੀਤਾ ਤੇ ਉਹਨਾਂ ਦੇ ਸਾਥੀਆਂ ਦਾ ਅਜੁੱਧਿਆ ਪੁੱਜਣਾ ਅਤੇ ਰਾਮ ਦੇ ਰਾਜ ਤਿਲਕ ਦਾ ਵਰਣਨ ਹੈ। ਇਸ ਨਾਟਕ ਦੇ ਵੱਡੇ ਆਕਾਰ ਨੂੰ ਦੇਖ ਕੇ ਇਸ ਨੂੰ ਨਾਟਕ ਦੀ ਬਜਾਏ ਇੱਕ ਪ੍ਰਬੰਧ ਕਹਿਣਾ ਵਧੇਰੇ ਯੋਗ ਜਾਪਦਾ ਹੈ।

     ਬਾਲਭਾਰਤ ਰਾਜਸ਼ੇਖਰ ਦਾ ਦੂਜਾ ਨਾਟਕ ਹੈ ਜਿਸ ਨੂੰ ਪ੍ਰਚੰਡ ਪਾਂਡਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦੋ ਅੰਕਾਂ ਦਾ ਅਧੂਰਾ ਨਾਟਕ ਹੈ ਜਿਸ ਵਿੱਚ ਮਹਾਂਭਾਰਤ ਦੀ ਕਥਾ ਨੂੰ ਨਾਟਕੀ ਜਾਮੇ ਵਿੱਚ ਪੇਸ਼ ਕੀਤਾ ਗਿਆ ਹੈ। ਨਾਟਕ ਵਿੱਚ ਬ੍ਰਾਹਮਣ ਦਾ ਭੇਸ ਪਾ ਕੇ ਯੁਧਿਸ਼ਟਰ ਭੀਮ ਆਦਿ ਦਾ ਦਰੋਪਦੀ ਦੇ ਸਵੰਬਰ ਵਿੱਚ ਆਉਣਾ, ਅਰਜੁਨ ਦਾ ਮੱਛੀ ਦੀ ਅੱਖ ਨੂੰ ਵਿੰਨ੍ਹਣਾ, ਅਰਜੁਨ ਦੀ ਜਾਤ ਬਰਾਦਰੀ ਦਾ ਪਤਾ ਨਾ ਹੋਣ ਕਰ ਕੇ ਸਭ ਦੀ ਚਿੰਤਾ, ਕਿਸੇ ਦਲੀਲ ਦੀ ਪਰਵਾਹ ਨਾ ਕਰਦੇ ਹੋਏ ਅਰਜੁਨ ਦਾ ਦਰੋਪਦੀ ਨੂੰ ਲੈ ਕੇ ਨਿਕਲ ਜਾਣਾ, ਪਾਂਡਵਾਂ ਦੀ ਦੌਲਤ ਦੇਖ ਕੇ ਦੁਰਯੋਧਨ ਦਾ ਯੁਧਿਸ਼ਟਰ ਨੂੰ ਜੂਏ ਵਿੱਚ ਹਰਾਉਣ ਦਾ ਸ਼ੜਯੰਤਰ, ਦਰੋਪਦੀ ਦਾ ਚੀਰ ਹਰਨ, ਦਰੋਪਦੀ ਦਾ ਦੁਰਯੋਧਨ ਨੂੰ ਸਰਾਪ, ਭੀਮ ਦੀ ਬਦਲਾ ਲੈਣ ਦੀ ਪ੍ਰਤਿੱਗਿਆ ਅਤੇ ਸ਼ਕੁਨੀ ਦੀ ਆਗਿਆ ਨਾਲ ਉਹਨਾਂ ਦਾ ਵਣ ਜਾਣਾ ਆਦਿ ਘਟਨਾਵਾਂ ਨਾਲ ਨਾਟਕ ਦੀ ਸਮਾਪਤੀ ਹੋ ਜਾਂਦੀ ਹੈ।

     ਚਾਰ ਅੰਕਾਂ ਵਿੱਚ ਲਿਖੀ ਗਈ ਵਿੱਧਸ਼ਾਲਭੰਜਿਕਾ ਇੱਕ ਨਾਟਿਕਾ ਹੈ। ਜਿਸ ਵਿੱਚ ਲਾਟ ਦੇਸ ਦਾ ਰਾਜਾ ਚੰਦਰ ਵਰਮਾ ਆਪਣੀ ਪੁਤਰੀ ਮ੍ਰਿੰਗਾਂਕਾਵਲੀ ਨੂੰ ਬਾਲਕ ਪੁੱਤਰ ਦੇ ਭੇਸ ਵਿੱਚ ਰਾਜਾ ਵਿਦਿਆਧਰ ਮੱਲ ਦੀ ਰਾਣੀ ਕੋਲ ਭੇਜਦਾ ਹੈ। ਰਾਜੇ ਦਾ ਮੰਤਰੀ ਇਸ ਰਹੱਸ ਨੂੰ ਜਾਣਦਾ ਹੈ ਇਸ ਲਈ ਦੋਵਾਂ ਵਿੱਚ ਖਿੱਚ ਪੈਦਾ ਕਰਨ ਲਈ ਉਹ ਉਸ ਨੂੰ ਰਾਜੇ ਕੋਲ ਭੇਜਦਾ ਹੈ। ਰਾਜਾ ਵੀ ਉਸ ਬਾਰੇ ਚਿੰਤਾ ਕਰਨ ਲੱਗਦਾ ਹੈ। ਅਚਾਨਕ ਚਿਤਰਸ਼ਾਲਾ ਵਿੱਚ ਰਾਜਾ ਆਪਣੀ ਪ੍ਰੇਮਿਕਾ ਦੀ ਖ਼ੁਦੀ ਹੋਈ ਮੂਰਤੀ ਨੂੰ ਵੇਖ ਕੇ ਉਸ ਦੇ ਗਲ ਵਿੱਚ ਮੋਤੀਆਂ ਦੀ ਮਾਲਾ ਪਾ ਦਿੰਦਾ ਹੈ। ਰਾਣੀ, ਕੁੰਤਲ ਦੇਸ ਦੀ ਰਾਜਕੁਮਾਰੀ ਕੁਵਲਯਮਾਲਾ ਦਾ ਵਿਆਹ ਮ੍ਰਿਗਾਂਕਵਰਮਾ ਨਾਲ ਕਰਾਉਣਾ ਚਾਹੁੰਦੀ ਹੈ। ਰਾਜਾ ਆਪਣੇ ਸੁਫ਼ਨੇ ਦੀ ਰਾਣੀ ਨੂੰ ਬਾਗ਼ ਵਿੱਚ ਇੱਕ ਪ੍ਰੇਮ ਪੱਤਰ ਪੜ੍ਹਦੇ ਹੋਏ ਦੇਖਦਾ ਹੈ। ਰਾਜਾ ਅਤੇ ਵਿਦੂਸ਼ਕ ਨਾਇਕਾ ਨੂੰ ਮਿਲਦੇ ਹਨ। ਆਖ਼ਰ ਵਿੱਚ ਰਾਣੀ ਈਰਖਾ ਕਰਦੀ ਹੋਈ ਮ੍ਰਿਗਾਂਕਵਰਮਾ ਨੂੰ ਬਾਲ ਸਮਝਦੇ ਹੋਏ ਇਸਤਰੀ ਦਾ ਪਹਿਰਾਵਾ ਪੁਆ ਕੇ ਉਸ ਦਾ ਵਿਆਹ ਰਾਜੇ ਨਾਲ ਕਰਵਾ ਦਿੰਦੀ ਹੈ ਪਰ ਉਹ ਧੋਖਾ ਖਾ ਜਾਂਦੀ ਹੈ। ਚੰਦਰਵਰਮਾ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਅਤੇ ਉਹ ਪੁੱਤਰ ਦਾ ਭੇਸ਼ ਧਾਰਨ ਕਰਨ ਵਾਲੀ ਆਪਣੀ ਬੇਟੀ ਦਾ ਵਿਆਹ ਰਾਜੇ ਨਾਲ ਕਰਨਾ ਚਾਹੁੰਦਾ ਹੈ। ਮਜਬੂਰ ਹੋ ਕੇ ਰਾਣੀ ਮ੍ਰਿਗਾਂਕਾਵਲੀ ਦਾ ਵਿਆਹ ਰਾਜੇ ਨਾਲ ਕਰਾ ਦਿੰਦੀ ਹੈ ਅਤੇ ਫਿਰ ਕੁਵਲਯਮਾਲਾ ਦਾ ਵਿਆਹ ਵੀ ਰਾਜੇ ਨਾਲ ਹੀ ਕਰ ਦਿੰਦੀ ਹੈ।

     ਕਰਪੂਰਮੰਜਰੀ ਸਟੱਕ ਸ਼੍ਰੇਣੀ ਦਾ ਪ੍ਰਾਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਇੱਕ ਰੂਪਕ ਹੈ ਜਿਸ ਵਿੱਚ ਰਾਜਾ ਚੰਡਪਾਲ ਅਤੇ ਕੁੰਤਲ ਦੇਸ ਦੀ ਰਾਜਕੁਮਾਰੀ ਕਰਪੂਰ ਮੰਜਰੀ ਦੀ ਪ੍ਰੇਮ ਕਥਾ ਹੈ। ਭੈਰਵਾਨੰਦ ਨਾਂ ਦਾ ਇੱਕ ਤਾਂਤ੍ਰਿਕ ਅਲੌਕਿਕ ਸਿੱਧੀ ਦੀ ਤਾਕਤ ਨਾਲ ਵਿਦਰਭ ਦੀ ਰਾਜਕੁਮਾਰੀ ਕਰਪੂਰਮੰਜਰੀ ਨੂੰ ਰਾਜੇ ਕੋਲ ਲਿਆਉਂਦਾ ਹੈ। ਗੱਲ-ਬਾਤ ਦੇ ਦੌਰਾਨ ਉਸ ਦਾ ਮਹਾਰਾਣੀ ਨਾਲ ਰਿਸ਼ਤਾ ਨਿਕਲ ਆਉਂਦਾ ਹੈ ਇਸ ਲਈ ਰਾਣੀ ਉਸ ਨੂੰ ਮਹੱਲ ਵਿੱਚ ਰੱਖ ਲੈਂਦੀ ਹੈ। ਰਾਜਾ ਉਸ ਦੀ ਸੁੰਦਰਤਾ ਤੇ ਲੱਟੂ ਹੋ ਜਾਂਦਾ ਹੈ। ਨਾਇਕਾ ਕਰਪੂਰਮੰਜਰੀ ਵੀ ਉਸ ਲਈ ਆਪਣੇ ਭਾਵਾਂ ਦਾ ਪ੍ਰਗਟਾਵਾ ਇੱਕ ਪ੍ਰੇਮ ਪੱਤਰ ਲਿਖ ਕੇ ਕਰਦੀ ਹੈ। ਮਹਾਰਾਣੀ ਦੀ ਇਜਾਜ਼ਤ ਨਾਲ ਉਹ ਝੂਲਾ ਝੂਟਦੀ ਹੈ ਜਿਸ ਨੂੰ ਵਿਦੂਸ਼ਕ ਛੁਪ ਕੇ ਦੇਖਦੇ ਹਨ। ਦੋਹਦ ਦੀ ਰਸਮ ਨਿਭਾਉਣ ਲਈ ਜਦੋਂ ਉਹ ਬਾਗ਼ ਵਿੱਚ ਜਾਂਦੀ ਹੈ ਤਾਂ ਰਾਜੇ ਨੂੰ ਉਸ ਦੀ ਸੁੰਦਰਤਾ ਨੇੜਿਓਂ ਦੇਖਣ ਦਾ ਮੌਕਾ ਮਿਲ ਜਾਂਦਾ ਹੈ। ਉਹਨਾਂ ਦੀ ਪ੍ਰੇਮ-ਕਥਾ ਦੀ ਗੱਲ ਰਾਣੀ ਦੇ ਕੰਨੀਂ ਪੈਣ ’ਤੇ ਉਹ ਕਰਪੂਰਮੰਜਰੀ ਨੂੰ ਕੈਦ ਕਰ ਦਿੰਦੀ ਹੈ। ਇੱਕ ਦਾਸੀ ਦੀ ਮਦਦ ਨਾਲ ਉਹ ਨਾਇਕਾ ਸੁਰੰਗ ਦੇ ਰਸਤੇ ਜਾ ਕੇ ਰਾਜੇ ਨੂੰ ਮਿਲਦੀ ਹੈ। ਭੈਰਵਾਨੰਦ ਦੀ ਤਰਕੀਬ ਨਾਲ ਜਦੋਂ ਰਾਣੀ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਜਾਂਦਾ ਹੈ ਕਿ ਕਰਪੂਰਮੰਜਰੀ ਨਾਲ ਰਾਜੇ ਦਾ ਵਿਆਹ ਉਸ ਨੂੰ ਸਮਰਾਟ ਬਣਨ ਵਿੱਚ ਸਹਾਈ ਹੋਵੇਗਾ ਤਾਂ ਰਾਣੀ ਦੋਵਾਂ ਦੇ ਵਿਆਹ ਲਈ ਸਹਿਮਤੀ ਦੇ ਦਿੰਦੀ ਹੈ। ਦੋਵਾਂ ਦੇ ਵਿਆਹ ਨਾਲ ਹੀ ਨਾਟਕ ਦੀ ਸਮਾਪਤੀ ਹੁੰਦੀ ਹੈ।

     ਸਾਹਿਤ ਸਮੀਖਿਆ ਨਾਲ ਸੰਬੰਧਿਤ ਕਾਵਯਮੀਮਾਂਸਾ ਨਾਂ ਦਾ ਗ੍ਰੰਥ ਇੱਕ ਕਵੀ ਨੂੰ ਜਾਣਕਾਰੀ ਦੇਣ ਵਾਲਾ ਮਹਾਨ ਕੋਸ਼ ਹੈ। ਸ਼ਿਵ ਨੇ ਬ੍ਰਹਮਾ ਨੂੰ ਕਿਵੇਂ ਕਾਵਯਮੀਮਾਂਸਾ ਦੀ ਸਿੱਖਿਆ ਦਿੱਤੀ, ਬ੍ਰਹਮਾ ਨੇ ਇਸ ਦੇ ਅਠਾਰਾਂ ਵਿਸ਼ੇ ਅਠਾਰਾਂ ਗ੍ਰੰਥਾਂ ਵਿੱਚ ਸ਼ਿਸ਼ ਪਰੰਪਰਾ ਰਾਹੀਂ ਕਿਵੇਂ ਵਰਣਿਤ ਕੀਤੇ ਅਤੇ ਰਾਜਸ਼ੇਖਰ ਨੇ ਅਠਾਈ ਅਧਿਆਇਆਂ ਦੇ ਇੱਕ ਗ੍ਰੰਥ ਵਿੱਚ ਕਿਵੇ ਉਹਨਾਂ ਦਾ ਸੰਖੇਪ ਰੂਪ ਪੇਸ਼ ਕੀਤਾ, ਇਸ ਸਭ ਦਾ ਜ਼ਿਕਰ ਪਹਿਲੇ ਅਧਿਆਇ ਵਿੱਚ ਹੈ। ਦੂਜੇ ਅਧਿਆਇ ਵਿੱਚ ਪੂਰੇ ਸਾਹਿਤ ਨੂੰ ਸ਼ਾਸਤਰ ਅਤੇ ਕਾਵਿ ਭਾਗਾਂ ਵਿੱਚ ਵੰਡ ਕੇ ਸ਼ਾਸਤਰ ਦੇ ਪੌਰੁਸ਼ੇਯ ਅਤੇ ਅਪੌਰਸ਼ੇਯ ਦੋ ਵਰਗ ਬਣਾਏ ਗਏ ਹਨ। ਤੀਜੇ ਅਧਿਆਇ ਵਿੱਚ ਕਾਵਿ ਪੁਰਸ਼ ਦੇ ਜਨਮ ਅਤੇ ਸਾਹਿਤ ਵਿੱਦਿਆ ਰੂਪ ਵਧੂ ਨਾਲ ਉਸ ਦੇ ਵਿਆਹ ਦਾ ਜ਼ਿਕਰ ਹੈ। ਚੌਥੇ ਅਧਿਆਇ ਵਿੱਚ ਕਵੀ ਬਣਨ ਲਈ ਜ਼ਰੂਰੀ ਤੱਥਾਂ ਦਾ ਬਿਆਨ ਹੈ। ਪੰਜਵੇਂ ਅਧਿਆਇ ਵਿੱਚ ਕਾਵਿ ਪਾਦ ਕਲਪ, ਛੇਵੇਂ ਵਿੱਚ ਪਦ-ਵਾਕਿ ਵਿਵੇਕ, ਸਤਵੇਂ ਵਿੱਚ ਪਾਠ ਪ੍ਰਤਿਸ਼ਠਾ, ਅੱਠਵੇਂ ਵਿੱਚ ਕਾਵਿ ਅਰਥ ਯੋਨੀ, ਨੌਂਵੇਂ ਵਿੱਚ ਅਰਥ ਵਿਆਪਤੀ ਅਤੇ ਦਸਵੇਂ ਵਿੱਚ ਕਵੀ ਚਰਿਆ ਅਤੇ ਰਾਜ ਚਰਿਆ ਦਾ ਵਰਣਨ ਹੈ। ਗਿਆਰ੍ਹਵੇਂ ਤੋਂ ਤੇਰ੍ਹਵੇਂ ਅਧਿਆਇ ਵਿੱਚ ਇਹ ਵਰਣਨ ਹੈ ਕਿ ਕਵੀ ਆਪਣੇ ਪੂਰਬ ਵਰਤੀ ਕਵੀਆਂ ਦੇ ਆਸ਼ੇ ਨੂੰ ਕਿਵੇਂ ਸਮਝ ਸਕਦਾ ਹੈ। ਚੌਦਵੇਂ ਤੋਂ ਸੋਲ੍ਹਵੇਂ ਅਧਿਆਇ ਤੱਕ ਦੇਸ ਅਤੇ ਕਾਲ ਆਦਿ ਦਾ ਵਰਣਨ ਵਿੱਚ ਪ੍ਰਸਿੱਧ ਕਵੀ ਸਮੇਂ ਦਾ, ਸਤ੍ਹਾਰਵੇਂ ਵਿੱਚ ਦੇਸ ਵਿਭਾਗ ਦਾ ਅਤੇ ਅਠਾਰ੍ਹਵੇਂ ਵਿੱਚ ਕਾਲ ਵਿਭਾਗ ਦਾ ਵਰਣਨ ਹੈ। ਇਸ ਵਿਸ਼ੇ ਸੂਚੀ ਨੂੰ ਦੇਖਣ ’ਤੇ ਪਤਾ ਲੱਗਦਾ ਹੈ ਕਿ ਕਾਵਯ ਮੀਮਾਂਸਾ ਆਪਣੇ ਪੂਰਬ ਵਰਤੀ ਕਾਵਿਸ਼ਾਸਤਰੀ ਗ੍ਰੰਥਾਂ ਤੋਂ ਬਿਲਕੁਲ ਵੱਖ ਹੈ। ਇਸ ਗ੍ਰੰਥ ਦੇ ਆਧਾਰ ’ਤੇ ਹੀ ਰਾਜਸ਼ੇਖਰ ਕਵੀ ਸ਼ਿਕਸ਼ਾ ਸੰਪਰਦਾਇ ਦਾ ਪ੍ਰਵਰਤਕ ਮੰਨਿਆ ਜਾਂਦਾ ਹੈ। ਰਾਜਸ਼ੇਖਰ ਦੇ ਇਸ ਸੰਪਰਦਾਇ ਦੀ ਪਰੰਪਰਾ ਕਾਇਮ ਰੱਖਣ ਵਾਲਿਆਂ ਵਿੱਚ ਕਸ਼ੇਮੇਂਦਰ, ਅਰਿਸਿੰਹ ਅਮਰਚੰਦਰ, ਦੇਵੇਸ਼ਵਰ ਅਤੇ ਕੇਸ਼ਵਮਿਸ਼੍ਰ ਹਨ। ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਨੂੰ ਰਾਜਸ਼ੇਖਰ ਦੀ ਅਦੁੱਤੀ ਦੇਣ ਹੈ।


ਲੇਖਕ : ਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.