ਰਾਮਦਾਸ, ਗੁਰੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮਦਾਸ, ਗੁਰੂ: ਆਪ ਸਿੱਖ ਗੁਰੂ-ਪਰੰਪਰਾ ਵਿਚ ਚੌਥੇ ਗੱਦੀਦਾਰ ਸਨ। ਆਪ ਦਾ ਜਨਮ 24 ਸਤੰਬਰ 1534 ਈ. (ਕਤਕ ਵਦੀ 2, 1591 ਬਿ.) ਨੂੰ ਸੋਢੀ ਹਰਿਦਾਸ ਦੇ ਘਰ ਮਾਤਾ ਦਯਾ ਕੌਰ (ਨਾਮਾਂਤਰ ਅਨੂਪ ਦੇਵੀ) ਦੀ ਕੁੱਖੋਂ ਲਾਹੌਰ ਨਗਰ ਦੀ ਚੂਨਾ-ਮੰਡੀ ਬਸਤੀ ਵਿਚ ਹੋਇਆ। ਆਪ ਦਾ ਮੂਲ ਨਾਂ ‘ਰਾਮਦਾਸ’ ਸੀ , ਪਰ ਘਰ ਵਿਚ ਸਭ ਤੋਂ ਵੱਡਾ ਪੁੱਤਰ ਹੋਣ ਕਾਰਣ ਆਪ ਨੂੰ ‘ਜੇਠਾ ’ ਉਪਨਾਮ ਨਾਲ ਸੰਬੋਧਿਤ ਕੀਤਾ ਜਾਂਦਾ। ਅਜੇ ਆਪ ਕੇਵਲ ਸੱਤਾਂ ਸਾਲਾਂ ਦੇ ਸਨ ਕਿ ਆਪ ਦੀ ਪਹਿਲਾਂ ਮਾਤਾ ਅਤੇ ਫਿਰ ਪਿਤਾ ਦਾ ਦੇਹਾਂਤ ਹੋ ਗਿਆ। ਇਸ ਤਰ੍ਹਾਂ ਯਤੀਮ ਹੋਏ ਬੱਚੇ ਨੂੰ ਨਾਨੀ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਲੈ ਆਈ। ਉਥੇ ਪਰਿਵਾਰਿਕ ਜ਼ਿੰਮੇਵਾਰੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਆਪ ਨੇ ਘੁੰਙਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ। ਜਦੋਂ ਆਪ ਦੀ ਉਮਰ 12 ਵਰ੍ਹਿਆਂ ਦੀ ਹੋਈ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਬਾਸਰਕੇ ਦੀ ਸੰਗਤ ਨਾਲ ਆਪ ਗੋਇੰਦਵਾਲ ਆਏ ਅਤੇ ਅਜਿਹੇ ਪ੍ਰਭਾਵਿਤ ਹੋਏ ਕਿ ਬਾਸਰਕੇ ਪਰਤਣ ਦਾ ਵਿਚਾਰ ਤਿਆਗ ਕੇ ਸਦਾ ਲਈ ਉਥੇ ਗੁਰੂ-ਸੇਵਾ ਵਿਚ ਮਗਨ ਰਹਿਣ ਲਗ ਗਏ। ਗੁਰੂ-ਸੇਵਾ ਆਪ ਦੇ ਜੀਵਨ ਦਾ ਮੁੱਖ ਮਨੋਰਥ ਬਣ ਗਈ। ਸਵੇਰੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ , ਫਿਰ ਲੰਗਰ ਵਿਚ ਆਪਣਾ ਕਰਤੱਵ ਨਿਭਾਉਂਦੇ ਅਤੇ ਵੇਹਲੇ ਹੋਣ’ਤੇ ਘੁੰਙਣੀਆਂ ਵੇਚਣ ਦਾ ਕੰਮ ਕਰਦੇ।

ਆਪ ਦੀ ਅਦੁੱਤੀ ਸੇਵਾ, ਧਾਰਮਿਕ ਸਾਧਨਾ ਅਤੇ ਹਲੀਮ ਸ਼ਖ਼ਸੀਅਤ ਤੋਂ ਗੁਰੂ ਅਮਰਦਾਸ ਜੀ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਨਾਲ ਸੰਨ 1553 ਈ. (22 ਫਗਣ 1610 ਬਿ.) ਵਿਚ ਵਿਆਹ ਕਰ ਦਿੱਤਾ। ਆਪ ਨੇ ਇਕ ਸਫਲ ਗ੍ਰਿਹਸਥੀ ਦੇ ਨਾਲ ਨਾਲ ਅਧਿਆਤਮਿਕ ਸਾਧਨਾ ਵੀ ਪੂਰੀ ਸ਼ਿਦਤ ਅਤੇ ਨਿਸ਼ਠਾ ਨਾਲ ਨਿਭਾਈ। ਆਪ ਨੂੰ ਪਹਿਲਾਂ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਾਉਣ ਦੀ ਸੇਵਾ ਸੌਂਪੀ ਜੋ ਆਪ ਨੇ ਬੜੀ ਸਫਲਤਾ ਨਾਲ ਮੁਕੰਮਲ ਕੀਤੀ। ਫਿਰ ਗੁਰੂ ਅਮਰਦਾਸ ਜੀ ਦੇ ਆਦੇਸ਼ ਦੀ ਪਾਲਨਾ ਕਰਦਿਆਂ ਆਪ ਨੇ ਤੁੰਗ , ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜ਼ਮੀਨ ਖ਼ਰੀਦ ਕੇ ਉਥੇ ਸੰਨ 1574 ਈ. (ਸੰ. 1631 ਬਿ.) ਵਿਚ ਇਕ ਬਸਤੀ ਕਾਇਮ ਕੀਤੀ ਜਿਸ ਦਾ ਨਾਂ ‘ਗੁਰੂ ਕਾ ਚਕ ’ ਰਖਿਆ। ਉਸ ਬਸਤੀ ਦੀ ਪੂਰਬ ਦਿਸ਼ਾ ਵਲ ਇਕ ਸਰੋਵਰ ਵੀ ਬਣਵਾਇਆ। ਬਸਤੀ ਦਾ ਨਾਂ ਬਾਦ ਵਿਚ ਆਪ ਦੇ ਨਾਂ ਤੇ ‘ਰਾਮਦਾਸਪੁਰ ’ ਪ੍ਰਸਿੱਧ ਹੋਇਆ ਅਤੇ ਸਰੋਵਰ ਦਾ ਨਾਂ ‘ਅੰਮ੍ਰਿਤਸਰ ’ ਪ੍ਰਚਲਿਤ ਹੋਇਆ। ਕਾਲਾਂਤਰ ਵਿਚ ਸਾਰਾ ਨਗਰ ਹੀ ‘ਅੰਮ੍ਰਿਤਸਰ’ ਦੇ ਨਾਂ ਨਾਲ ਜਾਣਿਆ ਜਾਣ ਲਗਿਆ।

ਗੁਰੂ ਅਮਰਦਾਸ ਜੀ ਨੇ ਗੁਰੂ-ਗੱਦੀ ਦੀ ਸੁਪਾਤਰਤਾ ਲਈ ਆਪਣੇ ਦੋਹਾਂ ਪੁੱਤਰਾਂ (ਬਾਬਾ ਮੋਹਨ ਅਤੇ ਮੋਹਰੀ) ਅਤੇ ਦੋਹਾਂ ਜਵਾਈਆਂ (ਰਾਮਾ ਅਤੇ ਜੇਠਾ) ਦੀ ਜਦੋਂ ਆਪਣੇ ਢੰਗ ਨਾਲ ਪਰੀਖਿਆ ਲਈ ਤਾਂ ਆਪ ਗੁਰੂ ਅਮਰਦਾਸ ਜੀ ਦੀ ਪਰਖ ਕਸਵਟੀ ਉਤੇ ਪੂਰੇ ਉਤਰੇ। ਫਲਸਰੂਪ ਆਪ ਨੂੰ 1 ਸਤੰਬਰ 1574 ਈ. (2 ਅਸੂ 1631 ਬਿ.) ਨੂੰ ਗੁਰਿਆਈ ਬਖ਼ਸ਼ੀ ਗਈ। ਗੁਰੂ-ਗੱਦੀ ਉਤੇ ਬੈਠਣ ਤੋਂ ਬਾਦ ਆਪ ਨੇ ‘ਗੁਰੂ-ਕਾ-ਚਕ’ ਦੀ ਉਸਾਰੀ ਅਤੇ ਵਿਸਤਾਰ ਵਲ ਵਿਸ਼ੇਸ਼ ਧਿਆਨ ਦਿੱਤਾ ਅਤੇ ਦੂਰੋਂ ਦੂਰੋਂ ਹਰ ਭਾਈਚਾਰੇ ਅਤੇ ਕਿੱਤੇ ਦੇ ਲੋਕਾਂ ਨੂੰ ਬੁਲਵਾ ਕੇ ਨਗਰ ਵਿਚ ਵਸਾਇਆ। ਆਪ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਿਵਸਥਾ ਠੀਕ ਕਰਨ ਲਈ ਅਤੇ ਗੁਰੂ-ਦਰਬਾਰ ਅਤੇ ਲੰਗਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਮਸੰਦ -ਪਰੰਪਰਾ ਦਾ ਆਰੰਭ ਕੀਤਾ।

ਆਪ ਦੇ ਘਰ ਤਿੰਨ ਪੁੱਤਰਾਂ—ਪ੍ਰਿਥੀਚੰਦ, ਮਹਾਂਦੇਵ ਅਤੇ ਅਰਜਨ ਦੇਵ—ਨੇ ਜਨਮ ਲਿਆ। ਪ੍ਰਿਥੀਚੰਦ ਸ਼ੁਰੂ ਤੋਂ ਹੀ ਪਿਤਾ-ਗੁਰੂ ਦੇ ਆਦੇਸ਼ਾਂ ਦੀ ਪਾਲਨਾ ਕਰਨ ਅਤੇ ਅਧਿਆਤਮੀ ਰੁਚੀ ਵਾਲਾ ਜੀਵਨ ਬਤੀਤ ਕਰਨ ਦੀ ਥਾਂ ਪ੍ਰਭੁਤਾ ਦਾ ਪ੍ਰਦਰਸ਼ਨ ਕਰਦਾ ਸੀ ਅਤੇ ਗੁਰੂ ਜੀ ਲਈ ਕਈ ਪ੍ਰਕਾਰ ਦੇ ਕਲੇਸ਼ਾਂ ਦਾ ਕਾਰਣ ਬਣਦਾ ਸੀ। ਕਈ ਵਾਰ ਪਰਿਵਾਰਿਕ ਅਤੇ ਸੰਪੱਤੀ ਸੰਬੰਧੀ ਮਾਮਲਿਆਂ ਨੂੰ ਲੈ ਕੇ ਗੁਰੂ ਜੀ ਨਾਲ ਤਕਰਾਰ ਵੀ ਕਰਦਾ ਸੀ। ਇਸ ਸੰਬੰਧੀ ਆਪ ਦੀ ਬਾਣੀ ਵਿਚ ਸੰਕੇਤ ਮਿਲ ਜਾਂਦੇ ਹਨ—ਕਾਹੈ ਪੂਤ ਝਗਰਤ ਹਉ ਸੰਗਿ ਬਾਪ ਜਿਨ ਕੇ ਬਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ... ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ (ਗੁ.ਗ੍ਰੰ.1200)। ਦੂਜਾ ਪੁੱਤਰ, ਮਹਾਂਦੇਵ ਬੇਲਾਗ ਅਤੇ ਉਦਾਸੀਨ ਬਿਰਤੀ ਵਾਲਾ ਸੀ। ਤੀਜੇ ਸੁਪੁੱਤਰ ਅਰਜਨ ਦੇਵ ਨੂੰ ਨਾਨਾ ਗੁਰੂ ਅਮਰਦਾਸ ਜੀ ਦਾ ‘ਦੋਹਿਤਾ-ਬਾਣੀ ਕਾ ਬੋਹਿਥਾ’ ਹੋਣ ਦਾ ਵਰਦਾਨ ਪ੍ਰਾਪਤ ਸੀ। ਆਪ ਨੇ ਪੂਰੇ ਸੱਤ ਸਾਲ ਗੁਰਿਆਈ ਕਰਕੇ 1 ਸਤੰਬਰ 1581 ਈ. (2 ਅਸੂ, 1638 ਬਿ.) ਨੂੰ ਸੰਸਾਰਿਕ ਲੀਲਾ ਸਮਾਪਤ ਕੀਤੀ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਸਭ ਤੋਂ ਛੋਟੇ ਸੁਪੁੱਤਰ (ਗੁਰੂ) ਅਰਜਨ ਦੇਵ ਨੂੰ ਬਖ਼ਸ਼ੀ।

ਗੁਰੂ ਰਾਮਦਾਸ ਜੀ ਦਾ ਵਿਅਕਤਿਤਵ ਇਕ ਸਚੇ ਸਾਧਕ ਦਾ ਬਿੰਬ ਪ੍ਰਸਤੁਤ ਕਰਦਾ ਹੈ। ਹਲੀਮੀ ਅਥਵਾ ਨਿਮਰਤਾ ਆਪ ਦੇ ਜੀਵਨ ਦੀ ਵਿਸ਼ਿਸ਼ਟਤਾ ਹੈ। ਜਦੋਂ ਆਪ ਜੀ ਗੁਰੂ ਅਮਰਦਾਸ ਜੀ ਦੀ ਸ਼ਰਣ ਵਿਚ ਆਏ ਅਤੇ ਮਕਬੂਲ ਚੜ੍ਹੇ ਤਾਂ ਸ਼ੁਕਰਾਨੇ ਵਜੋਂ ਜੋ ਭਾਵ ਪ੍ਰਗਟਾਏ, ਉਹ ਸਚਮੁਚ ਨਿਮਰਤਾ ਦਾ ਮਰਮ-ਸਪਰਸ਼ੀ ਚਿਤ੍ਰਣ ਹੈ—ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ਤੂੰ ਗੁਰ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ (ਗੁ.ਗ੍ਰੰ.167)।

ਗੁਰੂ ਦੀ ਆਗਿਆ ਦਾ ਪਾਲਨ ਕਰਨ ਵਿਚ ਆਪ ਦਾ ਕੋਈ ਮੁਕਾਬਲਾ ਨਹੀਂ ਸੀ। ਇਸੇ ਆਗਿਆ- ਪਾਲਨ ਦੀ ਰੁਚੀ ਕਾਰਣ ਆਪ ਇਕ ਯਤੀਮ ਬੱਚੇ ਤੋਂ ਅਧਿਆਤਮਿਕ ਤੌਰ ’ਤੇ ਯਤੀਮਾਂ ਦੇ ਸਰਪ੍ਰਸਤ ਬਣ ਸਕੇ। ਰਾਏ ਬਲਵੰਡ ਅਤੇ ਸਤੈ ਡੂਮ ਅਨੁਸਾਰ ਆਪ ਦਾ ਗੁਰੂ-ਪਦ ਪ੍ਰਾਪਤ ਕਰਨਾ ਇਕ ਕਰਾਮਾਤ ਸੀ। ਅਸਲ ਵਿਚ ਪ੍ਰਭੂ ਜਿਸ ਨੂੰ ਪੈਦਾ ਕਰਦਾ ਹੈ, ਉਸ ਨੂੰ ਸੰਵਾਰਦਾ ਵੀ ਹੈ—ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ (ਗੁ.ਗ੍ਰੰ968)।

ਗੁਰੂ ਰਾਮਦਾਸ ਜੀ ਇਕ ਚੰਗੇ ਵਿਵਸਥਾਪਕ ਅਤੇ ਨਿਰਮਾਤਾ ਸਨ। ਗੋਇੰਦਵਾਲ ਵਿਚ ਬਾਉਲੀ ਅਤੇ ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜ਼ਮੀਨ ਖ਼ਰੀਦ ਕੇ ‘ਗੁਰ ਕਾ ਚਕ ’ ਨਗਰ ਅਤੇ ਸਰੋਵਰ ਦਾ ਨਿਰਮਾਣ ਆਪ ਦੀ ਲਗਨ ਦਾ ਫਲ ਹੈ। ਗੁਰੂ-ਗੱਦੀ ਪ੍ਰਬੰਧ ਵਿਚ ਵੀ ਆਪ ਨੇ ਕਾਫ਼ੀ ਸੁਧਾਰ ਕੀਤਾ। ਗੁਰਮਤਿ ਦੇ ਵਧਦੇ ਪ੍ਰਚਾਰ ਨੂੰ ਵੇਖ ਕੇ ਜਦੋਂ ਪਰੰਪਰਾਵਾਦੀਆਂ ਨੇ ਬਾਦਸ਼ਾਹ ਅਕਬਰ ਅਗੇ ਗੁਰੂ-ਗੱਦੀ ਵਿਰੁੱਧ ਸ਼ਿਕਾਇਤ ਕੀਤੀ ਤਾਂ ਗੁਰੂ ਅਮਰਦਾਸ ਜੀ ਨੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਪ ਨੂੰ ਭੇਜਿਆ। ਆਪ ਨੇ ਤਰਕ ਸਹਿਤ ਆਪਣਾ ਮਤ ਪੇਸ਼ ਕੀਤਾ ਅਤੇ ਵਿਰੋਧੀਆਂ ਨੂੰ ਨਿਰੁਤਰ ਕਰਕੇ ਬਾਦਸ਼ਾਹ ਦੇ ਮਨ ਵਿਚ ਗੁਰੂ-ਗੱਦੀ ਪ੍ਰਤਿ ਆਦਰ ਦਾ ਸੰਚਾਰ ਕੀਤਾ।

ਆਪ ਨੇ ਪ੍ਰੇਮ-ਭਗਤੀ ਵਿਚ ਵਿਆਹ ਦੇ ਰੂਪਕ ਦੀ ਸਿਰਜਨਾ ਕਰਕੇ ਲੌਕਿਕ ਸੰਦਰਭ ਵਿਚ ਅਧਿਆਤਮਿਕ ਅਦ੍ਵੈਤਤਾ ਨੂੰ ਉਜਵਲ ਰੂਪ ਪ੍ਰਦਾਨ ਕੀਤਾ ਅਤੇ ਸਤਿਗੁਰੂ ਦੇ ਸਿੱਖ ਦੇ ਦਿਨ-ਚਰਯ ਦਾ ਵਿਵਰਣ ਦੇ ਕੇ ਨਵੇਂ ਸਿੱਖ ਸਭਿਆਚਾਰ ਦਾ ਬਿੰਬ ਪ੍ਰਸਤੁਤ ਕੀਤਾ। ਆਪ ਦੇ ਸ਼ਬਦਾਂ ਵਿਚ—ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰਿ ਚੜੈ ਦਿਵਸੁ ਗੁਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ (ਗੁ.ਗ੍ਰੰ305-6)। ‘ਸਵਈਏ ਮਹਲੇ ਚਉਥੇ ਕੇ’ ਵਿਚ ਭੱਟ ਕਵੀਆਂ ਨੇ ਗੁਰੂ ਜੀ ਵਿਚ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਅਤੇ ਸਮਰਥਤਾਵਾਂ ਦਾ ਆਰੋਪ ਕਰਕੇ ਬੜੇ ਸੁੰਦਰ ਢੰਗ ਨਾਲ ਚਿਤ੍ਰਣ ਕੀਤਾ ਹੈ ਅਤੇ ਜਿਗਿਆਸੂਆਂ ਨੂੰ ਦਸਿਆ ਹੈ ਕਿ ਗੁਰੂ ਰਾਮਦਾਸ ਜੀ ਕਲਿਯੁਗ ਅੰਦਰ ਭਵਸਾਗਰ ਤੋਂ ਤਾਰਨ ਵਿਚ ਸਮਰਥ ਅਜਿਹੀ ਸ਼ਖ਼ਸੀਅਤ ਹਨ ਜਿਸ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲਗ ਜਾਂਦੀ ਹੈ। ਉਸ ਦੁਖ-ਨਾਸ਼ਕ ਅਤੇ ਸੁਖਦਾਇਕ ਸ਼ਕਤੀ ਦਾ ਕੇਵਲ ਧਿਆਨ ਧਰਨ ਨਾਲ ਹੀ ਉਹ ਨੇੜੇ ਪ੍ਰਤੀਤ ਹੋਣ ਲਗਦੀ ਹੈ—ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ (ਗੁ.ਗ੍ਰੰ1400)

        ਰਚਨਾ: ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਇਨ੍ਹਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ 20 ਰਾਗਾਂ ਵਿਚ ਅਤੇ ਗੁਰੂ ਅਮਰਦਾਸ ਜੀ ਨੇ 18 ਰਾਗਾਂ ਵਿਚ ਬਾਣੀ ਰਚੀ ਸੀ। ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਵੀ ਕੇਵਲ ਨੌਂ ਵਾਰਾਂ ਨਾਲ ਦਜ ਹਨ। ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਇਤਨੇ ਅਧਿਕ ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਸੀ। ਇਤਨੇ ਅਧਿਕ ਰਾਗਾਂ ਵਿਚ ਨਿਪੁਣਤਾ ਪ੍ਰਾਪਤ ਕਰ ਸਕਣਾ ਗੁਰੂ ਜੀ ਦੇ ਅਦੁੱਤੀ ਵਿਅਕਤਿਤਵ ਦਾ ਕ੍ਰਿਸ਼ਮਾ ਹੈ। ਰਾਗ-ਕ੍ਰਮ ਅਨੁਸਾਰ ਆਪ ਦੀ ਬਾਣੀ ਦਾ ਵਿਉਰਾ ਇਸ ਪ੍ਰਕਾਰ ਹੈ :

(1)    ਸਿਰੀ ਰਾਗ      :ਚਉਪਦੇ-6, ਪਹਰਾ-1, ਛੰਤ-1, ਪਦੇ-6 (ਵਣਜਾਰਾ), ਪਉੜੀਆਂ -21, (ਵਾਰ ਮ.੪ ਵਿਚ) = 35

(2)    ਮਾਝ ਰਾਗ      :       ਚਉਪਦੇ-7, ਅਸ਼ਟਪਦੀ-1, ਸ਼ਲੋਕ-2 (ਵਾਰ ਮ.੧ ਵਿਚ) = 10

(3)    ਗਉੜੀ ਰਾਗ    :       ਚਉਪਦੇ-32, ਅਸ਼ਟਪਦੀਆਂ-2 (ਕਰਹਲੇ), ਪਉੜੀਆਂ-28, ਸ਼ਲੋਕ-53 (ਵਾਰ ਮ. ੪ ਵਿਚ) = 115

(4)    ਆਸਾ ਰਾਗ     :       ਚਉਪਦੇ-16, (ਸੌਪੁਰਖ ਸਹਿਤ), ਛੰਤ-14 = 30

(5)    ਗੂਜਰੀ ਰਾਗ    :       ਚਉਪਦੇ-7, ਅਸ਼ਟਪਦੀ-1=8

(6)    ਦੇਵਗੰਧਾਰੀ ਰਾਗ: ਚਉਪਦੇ-6=6

(7)    ਬਿਹਾਗੜਾ ਰਾਗ :ਛੰਤ-6, ਪਉੜੀਆਂ-21, ਸ਼ਲੋਕ-2 (ਵਾਰ ਮ.੪ ਵਿਚ) = 29

(8)    ਵਡਹੰਸ ਰਾਗ   :       ਚਉਪਦੇ-3, ਛੰਤ-6 (ਦੋ ਘੋੜੀਆਂ ਸਹਿਤ), ਪਉੜੀਆਂ- 21 (ਵਾਰ ਮ.੪ ਵਿਚ) = 30

(9)    ਸੋਰਠਿ ਰਾਗ    :       ਚਉਪਦੇ-9, ਪਉੜੀਆਂ-29, ਸ਼ਲੋਕ-7, (ਵਾਰ ਮ.੪ ਵਿਚ) = 45

(10)  ਧਨਾਸਰੀ ਰਾਗ :       ਚਉਪਦੇ-13, ਛੰਤ-1=14

(11)   ਜੈਤਸਰੀ ਰਾਗ  :       ਚਉਪਦੇ-11 = 11

(12)  ਟੋਡੀ ਰਾਗ       :       ਚਉਪਦੇ-1 = 1

(13)  ਬੈਗੜੀ ਰਾਗ    :       ਚਉਪਦੇ-6 = 6

(14)  ਤਿਲੰਗ ਰਾਗ    :       ਚਉਪਦੇ-2, ਅਸ਼ਟਪਦੀ-1 = 3

(15)  ਸੂਹੀ ਰਾਗ       : ਚਉਪਦੇ-15, ਅਸ਼ਟਪਦੀਆਂ- 2, ਛੰਤ-6= 23

(16)  ਬਿਲਾਵਲ ਰਾਗ  : ਚਉਪਦੇ-7, ਅਸ਼ਟਪਦੀਆਂ-6, ਛੰਤ-2, ਪਉੜੀਆਂ-13, ਸ਼ਲੋਕ -1 (ਵਾਰ ਮ. ੪ ਵਿਚ) = 29

(17)  ਗੋਂਡ ਰਾਗ       : ਚਉਪਦੇ-6 = 6

(18)  ਰਾਮਕਲੀ ਰਾਗ : ਚਉਪਦੇ-6 = 6

(19)  ਨਟਨਾਰਾਇਨ ਰਾਗ :   ਚਉਪਦੇ-9,

                            ਅਸ਼ਟਪਦੀਆਂ-6 = 15

(20)  ਮਾਲੀ ਗਉੜਾ ਰਾਗ     : ਚਉਪਦੇ-6 = 6

(21)  ਮਾਰੂ ਰਾਗ       :       ਚਉਪਦੇ-8, ਸੋਲਹੇ-2, ਸ਼ਲੋਕ -3 (ਵਾਰ ਮ. ੩ ਵਿਚ) = 13

(22)  ਤੁਖਾਰੀ ਰਾਗ   :       ਛੰਤ-4 = 4

(23)  ਕੇਦਾਰਾ ਰਾਗ   :       ਚਉਪਦੇ-2 = 2

(24)  ਭੈਰਉ ਰਾਗ     :       ਚਉਪਦੇ-7 = 7

(25)  ਬਸੰਤ ਰਾਗ     : ਚਉਪਦੇ-7, ਅਸ਼ਟਪਦੀ-1 = 8

(26)  ਸਾਰੰਗ ਰਾਗ    :       ਚਉਪਦੇ-13, ਅਸ਼ਟਪਦੀਆਂ -2, ਪਉੜੀਆਂ-35, ਸ਼ਲੋਕ-6 (ਵਾਰ ਮ.੪ ਵਿਚ) = 56

(27)  ਮਲਾਰ ਰਾਗ    :       ਚਉਪਦੇ-9 = 9

(28)  ਕਾਨੜਾ ਰਾਗ   :       ਚਉਪਦੇ-12, ਅਸ਼ਟਪਦੀਆਂ -6, ਪਉੜੀਆਂ15, ਸ਼ਲੋਕ-30 (ਵਾਰ ਮ. ੪ ਵਿਚ) = 63

(29)  ਕਲਿਆਨ ਰਾਗ : ਚਉਪਦੇ-7, ਅਸ਼ਟਪਦੀਆਂ-6 = 13

(30)  ਪ੍ਰਭਾਤੀ ਰਾਗ   :       ਚਉਪਦੇ-7 = 7

ਸ਼ਲੋਕ ਵਾਰਾਂ ਤੇ

ਵਧੀਕ : ਸ਼ਲੋਕ-30 = 30

ਕੁਲ-ਜੋੜ                = 640

ਬਾਣੀਵਾਰ ਕੁਲ-ਜੋੜ   :ਚਉਪਦੇ-240, ਅਸ਼ਟਪਦੀਆਂ- 34, ਪਹਰਾ-1, ਵਣਜਾਰਾ-6, ਸੋਲਹੇ-2, ਛੰਤ-40, ਸ਼ਲੋਕ- 134, ਪਉੜੀਆਂ-183 = 640

ਸੁਤੰਤਰ ਬਾਣੀਆਂ    :          ਪਹਰਾ, ਵਣਜਾਰਾ, ਕਰਹਲੇ , ਛਕੇ-ਛੰਤ , ਘੋੜੀਆਂ, ਲਾਵਾਂ , ਵਾਰ ਸਿਰੀ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਅਤੇ ਕਾਨੜਾ। (ਇਨ੍ਹਾਂ ਬਾਰੇ ਵਖਰੇ ਇੰਦਰਾਜ ਵੇਖੋ)

            ਚਿੰਤਨ: ਗੁਰੂ ਰਾਮਦਾਸ ਜੀ ਨੇ ਜੋ ਅਧਿਆਤਮਿਕ ਵਿਚਾਰ ਆਪਣੀ ਬਾਣੀ ਰਾਹੀਂ ਪੇਸ਼ ਕੀਤੇ, ਉਨ੍ਹਾਂ ਦਾ ਮੂਲ ਆਧਾਰ ਗੁਰੂ-ਪਰੰਪਰਾ ਤੋਂ ਪ੍ਰਾਪਤ ਜੀਵਨ- ਦਰਸ਼ਨ ਹੈ। ਪਰ ਉਨ੍ਹਾਂ ਦੀ ਆਪਣੀ ਰਹੱਸ-ਅਨੁਭੂਤੀ ਦੇ ਸੰਯੋਗ ਨਾਲ ਕਥਨ ਵਿਚ ਸਹਿਜ ਸੁਭਾਵਿਕ ਮੌਲਿਕਤਾ ਦਾ ਸੰਚਾਰ ਹੋਇਆ ਹੈ। ਇਹੀ ਉਨ੍ਹਾਂ ਦੀ ਵਿਚਾਰਧਾਰਾ ਦਾ ਮੂਲਾਧਾਰ ਹੈ। ਅਧਿਆਤਮਿਕ ਸਾਧਨਾ ਵਿਚ ਬ੍ਰਹਮ ਦੇ ਮੁੱਖ ਤੌਰ’ਤੇ ਦੋ ਰੂਪਾਂ ਦੀ ਕਲਪਨਾ ਹੋਈ ਹੈ—ਨਿਰਗੁਣ ਅਤੇ ਸਗੁਣ। ਗੁਰੂ ਰਾਮਦਾਸ ਜੀ ਨੇ ਗੁਰੂ-ਪਰੰਪਰਾ ਅਨੁਸਾਰ ਨਿਰਗੁਣ ਨਿਰਾਕਾਰ ਬ੍ਰਹਮ ਪ੍ਰਤਿ ਆਪਣੀ ਆਸਥਾ ਪ੍ਰਗਟ ਕੀਤੀ ਹੈ। ਉਨ੍ਹਾਂ ਅਨੁਸਾਰ ਪਰਮਾਤਮਾ ਆਦਿ ਪੁਰਖ, ਅਪਰ- ਅਪਾਰ, ਸ੍ਰਿਸ਼ਟੀ-ਕਰਤਾ, ਅਦੁੱਤੀ, ਯੁਗਾਂ-ਯੁਗਾਂਤਰਾਂ ਤਕ ਇਕੋ ਇਕ, ਸਦੀਵੀ ਅਤੇ ਸਥਿਰ ਹੈ—ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਕੋਈ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ (ਗੁ.ਗ੍ਰੰ.348)।

            ਉਹ ਓਅੰਕਾਰ ਸਰੂਪ, ਸਰਬ ਵਿਆਪਕ ਅਤੇ ਅਗੰਮ ਹੈ। ਉਸ ਤੋਂ ਬਿਨਾ ਹੋਰ ਕਿਸੇ ਦੀ ਸੱਤਾ ਨਹੀਂ। ਉਸ ਨਿਰਭਉ ਦੀ ਆਰਾਧਨਾ ਨਾਲ ਹੋਰ ਹਰ ਪ੍ਰਕਾਰ ਦੇ ਭੈ (ਭਉ) ਨਸ਼ਟ ਹੋ ਜਾਂਦੇ ਹਨ। ਉਹ ਆਪ ਹੀ ਇਸ ਸੰਸਾਰ ਦਾ ਸੰਚਾਲਨ ਕਰ ਰਿਹਾ ਹੈ, ਸਭ ਵਿਚ ਵਿਆਪਤ ਹੈ, ਸਰਬ- ਸੁਖਦਾਤਾ ਹੈ ਅਤੇ ਸਾਰਿਆਂ ਦੀਆਂ ਇੱਛਾਵਾਂ ਨੂੰ ਪੂਰਣ ਕਰਨ ਵਾਲਾ ਹੈ। ਉਹ ਧਰਮ-ਗ੍ਰੰਥਾਂ ਦੀਆਂ ਸੀਮਾਵਾਂ ਤੋਂ ਉੱਚਾ ਹੈ। ਉਸ ਦਾ ਨ ਕੋਈ ਰੂਪ ਹੈ, ਨ ਕੋਈ ਚਿੰਨ੍ਹ , ਨ ਕੋਈ ਜਾਤੀ ਅਤੇ ਨ ਹੀ ਕੋਈ ਵਰਣ ਹੈ। ਉਹ ਆਪਣੇ ਕਰਤਬਾਂ ਨੂੰ ਕੇਵਲ ਆਪ ਹੀ ਸਮਝਦਾ ਹੈ। ਗੁਪਤ ਅਤੇ ਪ੍ਰਗਟ ਦੋਹਾਂ ਰੂਪਾਂ ਵਿਚ ਵਿਚਰਨ ਵਾਲਾ ਉਹ ਆਪ ਹੀ ਹੈ। ਉਸ ਦੀ ਛਿਣ-ਮਾਤ੍ਰ ਲਈ ਕ੍ਰਿਪਾ-ਦ੍ਰਿਸ਼ਟੀ ਜਿਗਿਆਸੂ ਲਈ ਉਪਕਾਰਕ ਸਾਬਤ ਹੁੰਦੀ ਹੈ।

ਉਹ ਨਿਰਗੁਣ ਬ੍ਰਹਮ ਜਦੋਂ ਸ਼ਰੀਰ-ਬੱਧ ਰੂਪ ਗ੍ਰਹਿਣ ਕਰਦਾ ਹੈ ਤਾਂ ਉਸ ਨੂੰ ਜੀਵਾਤਮਾ ਕਿਹਾ ਜਾਂਦਾ ਹੈ। ਸ਼ਰੀਰ ਦੇ ਅੰਦਰ ਵਸਦਾ ਹੋਇਆ ਉਹ ਨਿਰਭਉ, ਨਿਰਵੈਰ , ਨਿਰੰਕਾਰ ਤਦ ਹੀ ਪ੍ਰਤੀਤ ਹੁੰਦਾ ਹੈ ਜਦ ਗੁਰੂ ਦੇ ਉਪਦੇਸ਼ ਰਾਹੀਂ ਵਿਚਾਰਿਆ ਜਾਂਦਾ ਹੈ। ਸਚ ਤਾਂ ਇਹ ਹੈ ਕਿ ਗੁਰੂ ਦੀ ਅਗਵਾਈ ਤੋਂ ਬਿਨਾ ਅੰਦਰ ਵਸਦਾ ਪਰਮਾਤਮਾ ਵੀ ਦ੍ਰਿਸ਼ਟੀਗਤ ਨਹੀਂ ਹੁੰਦਾ—ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ਹਰਿ ਨਿਕਟਿ ਬਸਤ ਕਛੁ ਨਦਰਿ ਆਵੈ ਹਰਿ ਲਾਧਾ ਗੁਰ ਵੀਚਾਰਾ (ਗੁ.ਗ੍ਰੰ.720)।

ਮਾਨਵ ਦੇਹ ਪ੍ਰਾਪਤ ਕਰਨਾ ਕੋਈ ਸਰਲ ਕੰਮ ਨਹੀਂ ਹੈ। ਇਹ ਅਸਲ ਵਿਚ ਪਹਿਲਾਂ ਕੀਤੇ ਚੰਗੇ ਕਰਮਾਂ ਦਾ ਫਲ ਹੈ। ਇਥੇ ਕਰਮ-ਫਲ ਵਲ ਸੰਕੇਤ ਕਰਦਿਆਂ ਮਨੁੱਖ-ਦੇਹ ਦੁਆਰਾ ਹੀ ਸਾਰੀਆਂ ਜੂਨਾਂ ਦਾ ਉੱਧਾਰ ਹੋਣਾ ਮੰਨਿਆ ਗਿਆ ਹੈ। ਸਿੱਧਾਂਤਿਕ ਤੌਰ’ਤੇ ਬਾਕੀ ਜੂਨਾਂ ਤਾਂ ਕਰਮ-ਫਲ ਨੂੰ ਭੋਗਣ ਦੀ ਭੂਮਿਕਾ ਨਿਭਾਉਂਦੀਆਂ ਹਨ, ਉੱਤਮ ਤਾਂ ਕੇਵਲ ਇਹੀ ਦੇਹੀ ਹੈ। ਕੋਈ ਵਡਭਾਗੀ ਹੀ ਇਸ ਨੂੰ ਪ੍ਰਾਪਤ ਕਰਕੇ ਸਦੀਵੀ ਸੁਖ ਦੀ ਅਵਸਥਾ ਮਾਣ ਸਕਦਾ ਹੈ—ਏਹੁ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ (ਗੁ.ਗ੍ਰੰ.575)।

ਗੁਰਬਾਣੀ ਵਿਚ ਸੰਸਾਰ ਦੀ ਹਰ ਵਸਤੂ ਨੂੰ ਨਾਸ਼ਮਾਨ ਮੰਨ ਕੇ ਸਦੀਵੀ ਤੱਤ੍ਵ ਪਰਮਾਤਮਾ ਨਾਲ ਸੰਬੰਧ ਕਾਇਮ ਕਰਨ ਲਈ ਪ੍ਰੇਰਣਾ ਦਿੱਤੀ ਗਈ ਹੈ। ਗੁਰੂ ਰਾਮਦਾਸ ਜੀ ਨੇ ਵੀ ਇਸੇ ਵਿਚਾਰਧਾਰਾ ਨੂੰ ਅਗੇ ਤੋਰਿਆ ਹੈ। ਸੰਸਾਰ ਦੀ ਨਸ਼ਵਰਤਾ ਬਾਰੇ ਸਪੱਸ਼ਟ ਸੰਕੇਤ ਆਪ ਦੀ ਬਾਣੀ ਵਿਚ ਗੁਰੂ ਨਾਨਕ ਬਾਣੀ ਦੇ ਮੁਕਾਬਲੇ ਉਤੇ ਬਹੁਤ ਘਟ ਹਨ, ਪਰ ਸੰਸਾਰ ਵਿਚ ਆਪਣੀ ਹੋਂਦ ਨੂੰ ਦਰਸਾਉਣ ਵਾਲਿਆਂ ਦੀ ਸਥਿਤੀ ਉਤੇ ਪ੍ਰਕਾਸ਼ ਪਾ ਕੇ ਜਾਗਤਿਕ ਚਲਾਇਮਾਨਤਾ ਵਲ ਸੰਕੇਤ ਕੀਤਾ ਹੈ ਤਾਂ ਜੋ ਜਿਗਿਆਸੂ ਕੁਸੁੰਭ ਦੇ ਰੰਗ ਵਰਗੇ ਕੱਚੇ ਸੰਬੰਧ ਕਾਇਮ ਕਰਨ ਦੀ ਥਾਂ ਪ੍ਰਭੂ-ਭਗਤੀ ਵਿਚ ਲੀਨ ਹੋ ਕੇ ਪ੍ਰਤਿਸ਼ਠਾ ਦੀ ਸਥਿਤੀ ਨੂੰ ਪ੍ਰਾਪਤ ਹੋਵੇ—ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ (ਗੁ.ਗ੍ਰੰ.861)।

ਮੁਕਤੀ ਸੰਬੰਧੀ ਗੁਰੂ ਜੀ ਨੇ ਗੁਰਮਤਿ ਸਿੱਧਾਂਤ ਦੀ ਆਪਣੇ ਢੰਗ ਨਾਲ ਵਿਆਖਿਆ ਕੀਤੀ। ਆਪ ਜੀ ਅਨੁਸਾਰ ਸੰਸਾਰਿਕ ਬੰਧਨਾਂ ਨੂੰ ਕਟ ਕੇ ਨਿਰਬੰਧ ਹੋਣਾ ਮੁਕਤੀ ਹੈ। ਇਹ ਮਨੁੱਖ ਜੀਵਨ ਦਾ ਪਰਮ-ਪੁਰਸ਼ਾਰਥ ਹੈ। ਨਿਰਬੰਧ ਅਵਸਥਾ ਤੋਂ ਭਾਵ ਹੈ ਆਤਮ-ਸਾਖਿਆਤਕਾਰ। ਪਰਮਾਤਮਾ ਅੰਤਰ-ਵਸਿਆ ਹੈ, ਫਿਰ ਉਸ ਨੂੰ ਅੰਦਰੋਂ ਹੀ ਲਭਣਾ ਹੈ। ਪਰ ਮਾਇਆ ਅਥਵਾ ਅਗਿਆਨਤਾ ਕਾਰਣ ਲਭਣਾ ਸਰਲ ਨਹੀਂ ਹੈ। ਇਸ ਲਈ ਆਪ ਜੀ ਨੇ ਲਭਣ ਦੀ ਪ੍ਰਕ੍ਰਿਆ ਵਿਚ ਮਾਇਆ ਨੂੰ ਵਿਘਨਕਾਰਨੀ ਸ਼ਕਤੀ ਮੰਨ ਕੇ ਗੁਰੂ ਨੂੰ ਮਦਦਗਾਰ ਸਿੱਧ ਕੀਤਾ ਹੈ—ਗੁਰ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰ

ਆਤਮ-ਸਾਖਿਆਤਕਾਰ ਦੇ ਸਾਧਨ ਨੂੰ ਗੁਰਬਾਣੀ ਵਿਚ ‘ਪ੍ਰੇਮ-ਭਗਤੀ’ ਦਾ ਨਾਂ ਦਿੱਤਾ ਗਿਆ ਹੈ। ਮੱਧ-ਯੁਗ ਦੇ ਧਰਮ-ਸਾਧਕਾਂ ਨੇ ਗਿਆਨ , ਕਰਮ , ਯੋਗ ਅਤੇ ਭਗਤੀ ਨੂੰ ਮੁਕਤੀ ਦੇ ਸਾਧਨ ਮੰਨ ਕੇ ਆਪਣੇ ਆਪਣੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਹੈ। ਗੁਰਬਾਣੀ ਭਗਤੀ ਮਾਰਗ ਨੂੰ ਅਪਣਾਉਂਦੇ ਹੋਇਆਂ ਇਸ ਦੇ ਸ਼ਾਸਤ੍ਰੀ ਰੂਪ ਦਾ ਤਿਆਗ ਕਰਦੀ ਹੈ। ਇਸ ਲਈ ਸ਼ਾਸਤ੍ਰ ਪ੍ਰਤਿਪਾਦਿਤ ਅਨੁਰਾਗਮਈ ਭਗਤੀ ਅਤੇ ਗੁਰਬਾਣੀ ਦੀ ਪ੍ਰੇਮ-ਭਗਤੀ ਵਿਚ ਭਾਵਨਾ- ਗਤ ਇਕ ਮੌਲਿਕ ਅੰਤਰ ਹੈ। ਮਾਨਵ ਦੇਹੀ ਪ੍ਰਾਪਤ ਕਰਨ ਉਪਰੰਤ ਜੇ ਪਰਮ-ਸੱਤਾ ਨਾਲ ਨਿਰਛਲ ਪ੍ਰੇਮ-ਸੰਬੰਧ ਸਥਾਪਿਤ ਨ ਕੀਤਾ ਜਾਏ ਤਾਂ ਭਗਤੀ ਦੀ ਵੇਲ ਹਰੀ ਨਹੀਂ ਰਹਿ ਸਕਦੀ। ਗੁਰੂ ਰਾਮਦਾਸ ਜੀ ਨੇ ਇਸ ਲਈ ਹੋਰ ਹਰ ਪ੍ਰਕਾਰ ਦੀਆਂ ਜੁਗਤਾਂ ਨੂੰ ਛਡ ਕੇ ਸਚੇ ਪ੍ਰੇਮ ਦੀ ਭਾਵਨਾ ਨੂੰ ਵਿਕਸਿਤ ਕਰਨ ਉਤੇ ਬਲ ਦਿੱਤਾ ਹੈ। ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ਕਹਿ ਕੇ ਗੁਰੂ ਜੀ ਨੇ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਅਵਿਦਿਆ ਦੀ ਮੈਲ ਨੂੰ ਕਟਣ ਲਈ ਅਰਜ਼ੋਈ ਕੀਤੀ ਹੈ—ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਹੋਇ ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਹੋਇ ਸਹ ਦੇਖੇ ਬਿਨੁ ਪ੍ਰੀਤਿ ਊਪਜੈ ਅੰਧਾ ਕਿਆ ਕਰੇਇ ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ (ਗੁ.ਗ੍ਰੰ.83)

ਗੁਰੂ ਜੀ ਨੇ ਆਪਣੀ ਧਰਮ ਸਾਧਨਾ, ਸੰਪੰਨ ਕਰਨ ਲਈ ਗੁਰੂ, ਸਾਧ ਸੰਗਤ, ਨਾਮ ਸਿਮਰਨ , ਮਨ ਮਾਰਨ, ਸਦ-ਵ੍ਰਿੱਤੀਆਂ ਨੂੰ ਅਪਣਾਉਣ ਅਤੇ ਦੁਰ-ਵ੍ਰਿੱਤੀਆਂ ਨੂੰ ਤਿਆਗਣ ਲਈ ਥਾਂ ਥਾਂ’ਤੇ ਬਲ ਦਿੱਤਾ ਹੈ। ਇਸ ਪ੍ਰਕਾਰ ਦੀ ਧਰਮ-ਵਿਧੀ ਨੂੰ ਅਪਣਾਉਣ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਸਮਾਜਿਕ ਤੌਰ’ਤੇ ਵੀ ਮਨੁੱਖ ਨੂੰ ਸਚੇਤ ਕੀਤਾ ਹੈ। ਵਰਣਾਸ਼੍ਰਮ ਨੂੰ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨ ਦਿੰਦੇ ਹੋਇਆਂ ਆਪਣੇ ਆਪ ਨੂੰ ਜਾਤਿ-ਪਾਤਿ ਦੀਆਂ ਸੀਮਾਵਾਂ ਤੋਂ ਪਰੇ ‘ਵਿਜਾਤਿ ਸਰੂਪੀ’ ਮੰਨਿਆ ਹੈ—ਹਮਰੀ ਜਾਤਿ ਪਾਤਿ ਗੁਰ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ਅਸਲ ਵਿਚ, ਚੌਹਾਂ ਜਾਤਾਂ ਵਿਚੋਂ ਉਹੀ ਪ੍ਰਧਾਨ ਹੈ ਜੋ ਹਰਿ- ਭਗਤੀ ਵਿਚ ਰੁਚੀ ਰਖੇ। ਸਤਿਸੰਗਤ ਵਿਚ ਜਾਣ ਨਾਲ ਪਤਿਤ ਵੀ ਪ੍ਰਵਾਨ ਚੜ੍ਹ ਜਾਂਦੇ ਹਨ। ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਦਾ ਹੈ, ਉਹੀ ਉੱਚਾ ਅਤੇ ਸੁੱਚਾ ਹੈ। ਨੀਚ ਜਾਤਿ ਵਾਲਾ ਸੇਵਕ ਤਾਂ ਸਭ ਤੋਂ ਜ਼ਿਆਦਾ ਸ੍ਰੇਸ਼ਠ ਹੈ। ਇਸ ਤਰ੍ਹਾਂ ਹਰਿ-ਭਗਤੀ ਦੇ ਖੇਤਰ ਵਿਚ ਜਾਤਿ-ਭੇਦ- ਭਾਵ ਨੂੰ ਗੁਰੂ ਜੀ ਨੇ ਵਿਅਰਥ ਦਸ ਕੇ ਤਥਾ-ਕਥਿਤ ਨੀਚ ਜਾਤਾਂ ਵਾਲੇ ਸਾਧਕਾਂ ਨੂੰ ਜ਼ਿਆਦਾ ਗੌਰਵਸ਼ਾਲੀ ਦਸਿਆ ਹੈ—ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨੁ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ (ਗੁ.ਗ੍ਰੰ861)।

ਗੁਰੂ ਰਾਮਦਾਸ ਜੀ ਨੇ ਸਮਾਜਿਕ ਵਿਕਾਸ ਵਿਚ ਸੇਵਾ ਦੀ ਵਿਸ਼ੇਸ਼ ਦੇਣ ਮੰਨੀ ਹੈ। ਇਹ ਇਕ ਉੱਚੀ ਸਾਧਨਾ ਹੈ। ਇਸ ਨਾਲ ਮਨੁੱਖ ਦੇ ਮਨ ਵਿਚੋਂ ਹਉਮੈ ਖ਼ਾਰਜ ਹੋ ਜਾਂਦੀ ਹੈ। ਹਉਮੈ ਵਿਚ ਆਪਣੇ ਆਪ ਲਈ ਜੀਵਿਆ ਜਾਂਦਾ ਹੈ, ਪਰ ਸੇਵਾ ਦੀ ਬਿਰਤੀ ਦੇ ਵਿਕਾਸ ਨਾਲ ਦੂਜਿਆਂ ਲਈ ਜੀਵਿਆ ਜਾਂਦਾ ਹੈ। ਅਸਲ ਸੇਵਾ ਉਹ ਹੈ ਜਿਸ ਨੂੰ ਪਰਮਾਤਮਾ ਵਲੋਂ ਪੂਰੀ ਸਵੀਕ੍ਰਿਤੀ ਪ੍ਰਾਪਤ ਹੋਵੇ—ਵਿਚਿ ਹਉਮੈ ਸੇਵਾ ਥਾਇ ਪਾਏ ਜਨਮਿ ਮਰੈ ਫਿਰਿ ਆਵੈ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ (ਗੁ.ਗ੍ਰੰ.1070-71)।

ਸਪੱਸ਼ਟ ਹੈ ਕਿ ਗੁਰੂ ਰਾਮਦਾਸ ਦੀ ਅਧਿਆਤਮਿਕ ਵਿਚਾਰਧਾਰਾ ਪੂਰਵ-ਵਰਤੀ ਗੁਰੂਆਂ ਦੀਆਂ ਸਥਾਪਨਾਵਾਂ ਦਾ ਵਿਸਤਾਰ ਕਰਦੀ ਹੋਈ ਆਪਣੇ ਰਹੱਸਵਾਦੀ ਅਨੁਭਵ ਨੂੰ ਨਾਲ ਮਿਲਾ ਕੇ ਇਕ ਨਵੀਂ ਸਰੂਪਤਾ ਵਿਚ ਢਾਲ ਦਿੰਦੀ ਹੈ।

            ਸਾਹਿਤਿਕਤਾ: ਗੁਰੂ ਰਾਮਦਾਸ ਜੀ ਦੀ ਬਾਣੀ, ਵਿਚਾਰਧਾਰਿਕ ਦ੍ਰਿਸ਼ਟੀ ਤੋਂ ਗੁਰੂ ਨਾਨਕ ਬਾਣੀ ਦੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੀ ਹੈ। ਕਈ ਪ੍ਰਸੰਗਾਂ ਵਿਚ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਕਿਸੇ ਪੂਰਵ- ਵਰਤੀ ਗੁਰੂ ਦੇ ਸ਼ਬਦ ਅਥਵਾ ਸ਼ਲੋਕ ਦੀ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ। ਅਸਲ ਵਿਚ, ਗੁਰਬਾਣੀ ਵਿਚ ਅਨੇਕ ਅਧਿਆਤਮਿਕ ਤੱਥ ਬਾਰ ਬਾਰ ਦੋਹਰਾਏ ਗਏ ਹਨ ਤਾਂ ਜੋ ਜਿਗਿਆਸੂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕੇ। ਇਸ ਤਰ੍ਹਾਂ ਸਾਰੀ ਬਾਣੀ ਦੇ ਉਪਦੇਸ਼ਾਂ ਅਤੇ ਸੰਦੇਸ਼ਾਂ ਵਿਚ ਇਕ ਖ਼ਾਸ ਕਿਸਮ ਦੀ ਸਾਂਝ ਹੈ, ਪਰ ਹਰ ਗੁਰੂ ਅਥਵਾ ਭਗਤ ਦੇ ਕਹਿਣ ਦਾ ਆਪਣਾ ਅੰਦਾਜ਼ ਹੈ ਅਤੇ ਇਹ ਅੰਦਾਜ਼ ਸ਼ੈਲੀ , ਬਿੰਬ, ਪ੍ਰਤੀਕ, ਭਾਸ਼ਾ ਆਦਿ ਕਾਵਿ-ਸੋਹਜ ਦੇ ਸਾਧਨਾਂ ਉਤੇ ਨਿਰਭਰ ਕਰਦਾ ਹੈ। ਗੁਰੂ ਰਾਮਦਾਸ ਜੀ ਇਕ ਸਚੇ ਅਤੇ ਸੁੱਚੇ ਸਾਧਕ ਸਨ। ਇਸ ਲਈ ਉਨ੍ਹਾਂ ਦੇ ਮੁਖ ਤੋਂ ਜੋ ਨਿਕਲਿਆ, ਉਹ ਗੀਤ ਨਹੀਂ, ਬ੍ਰਹਮ-ਵਿਚਾਰ ਬਣ ਗਿਆ। ਗੁਰੂ ਜੀ ਨੇ ਸਪੱਸ਼ਟ ਸਵੀਕਾਰ ਕੀਤਾ ਹੈ ਕਿ ਉਹ ਜੋ ਕੁਝ ਬੋਲ ਅਥਵਾ ਲਿਖ ਰਹੇ ਹਨ, ਉਸ ਪਿਛੇ ਬ੍ਰਹਮੀ ਪ੍ਰੇਰਣਾ ਹੈ—ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ (ਗੁ.ਗ੍ਰੰ.606)।

ਇਹ ‘ਧੁਰ ਕੀ ਬਾਣੀ ’ ਹੈ। ਇਸ ਨੂੰ ਪ੍ਰਗਟਾਉਣ ਲਈ ਬਨਾਵਟੀ ਕਲਾ-ਸਾਧਨਾਂ ਦੀ ਲੋੜ ਨਹੀਂ। ਪੱਕੇ ਹੋਏ ਫਲ ਦਾ ਰਸ/ਸੁਆਦ ਵਖਰਾ ਹੀ ਹੁੰਦਾ ਹੈ, ਉਸ ਨੂੰ ਮਿਠਾਸ ਪਾ ਕੇ ਸੁਆਦੀ ਨਹੀਂ ਬਣਾਇਆ ਜਾ ਸਕਦਾ। ਗੁਰੂ ਜੀ ਦੀ ਰਸੀ ਹੋਈ, ਪ੍ਰਭੂ ਪ੍ਰੇਮ ਵਿਚ ਗੜੂੰਦ ਆਤਮਾ ਤੋਂ ਜੋ ਕੁਝ ਨਿਕਲ ਜਾਂਦਾ, ਉਹ ਕਲਾਤਮਕ ਸ਼ੋਭਾ ਆਪਣੇ ਆਪ ਅਰਜਿਤ ਕਰ ਲੈਂਦਾ। ਆਪ ਨੇ ਕਿਹਾ ਹੈ—ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ (ਗੁ.ਗ੍ਰੰ. 301)। ਸਪੱਸ਼ਟ ਹੈ ਕਿ ਕਵਿਤ੍ਵ ਦੀ ਮੁਹਤਾਜ ਨ ਹੁੰਦੇ ਹੋਇਆਂ ਵੀ ਆਪ ਦੀ ਬਾਣੀ ਕਾਵਿ-ਗੁਣ ਸੰਪੰਨ ਹੈ।

ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਦੀ ਰਚਨਾ ਕਰਕੇ ਸੰਗੀਤ ਉਪਰ ਆਪਣੇ ਕਲਾਤਮਕ ਅਬੂਰ ਦਾ ਪਰਿਚਯ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਕੇਵਲ ਇਕ ਰਾਗ (ਜੈਜਾਵੰਤੀ) ਨੂੰ ਛਡ ਕੇ ਬਾਕੀ ਸਾਰੇ ਰਾਗਾਂ ਵਿਚ ਆਪ ਦੀ ਬਾਣੀ ਮਿਲ ਜਾਂਦੀ ਹੈ।

ਸੰਗੀਤ ਦੇ ਨਾਲ ਹੀ ਲੋਕ-ਗਾਇਨ ਸ਼ੈਲੀਆਂ, ਜਿਵੇਂ ਪਹਰੇ , ਵਣਜਾਰਾ, ਕਰਹਲੇ, ਘੋੜੀਆਂ, ਲਾਵਾਂ ਆਦਿ ਦੀ ਵਰਤੋਂ ਕਰਕੇ ਲੋਕ ਦਾ ਪਰਲੋਕ ਨਾਲ ਸੰਬੰਧ ਸਥਾਪਿਤ ਕੀਤਾ ਹੈ। ਗੁਰੂ ਜੀ ਲੋਕ-ਨਾਇਕ ਸਨ, ਇਸ ਲਈ ਬਾਣੀ- ਰਚਨਾ ਵੇਲੇ ਉਹ ਲੋਕ-ਗੀਤ ਪਰੰਪਰਾ ਤੋਂ ਹਟੇ ਨਹੀਂ, ਜੁੜੇ ਰਹੇ ਹਨ। ਲੋਕ-ਗੀਤਾਂ ਵਿਚ ਹਰ ਪ੍ਰਕਾਰ ਦੀ ਸੁਖ- ਦੁਖਾਤਮਕ ਅਨੁਭੂਤੀ ਭਰੀ ਰਹਿੰਦੀ ਹੈ। ਪਰ ਗੁਰੂ ਜੀ ਨੇ ਲੋਕ-ਗੀਤਾਂ ਵਿਚੋਂ ਵਿਸ਼ਾਦ-ਪਰਕ ਸ਼ੈਲੀਆਂ ਨੂੰ ਨਹੀਂ ਅਪਣਾਇਆ। ਪਹਰੇ, ਕਰਹਲੇ, ਵਣਜਾਰਾ ਦੁਆਰਾ ਆਪ ਨੇ ਸੰਸਾਰਿਕ ਪ੍ਰਪੰਚ ਦੀਆਂ ਦੁਸ਼ਵਾਰੀਆਂ ਤੋਂ ਜਾਣਕਾਰ ਕਰਕੇ ਮਨੁੱਖ ਨੂੰ ਹਰਿ-ਭਗਤੀ ਵਿਚ ਲੀਨ ਰਹਿਣ ਲਈ ਸਚੇਤ ਕੀਤਾ ਹੈ। ਇਨ੍ਹਾਂ ਵਿਚ ਵਿਸ਼ਾਦ ਨਹੀਂ, ਸਚੇਤ ਰਹਿਣ ਦਾ ਉਪਦੇਸ਼ ਹੈ। ਆਪ ਦੀ ਬਾਣੀ ਵਿਚ ਦੰਪਤੀ ਦੇ ਮੰਗਲ- ਮਈ ਕਾਰਜਾਂ ਅਤੇ ਸੰਯੋਗ-ਸੁਖ ਦੀਆਂ ਘੜੀਆਂ ਦਾ ਅਧਿਕ ਚਿਤ੍ਰਣ ਹੈ। ਇਸ ਲਈ ਉਹ ਵਿਆਹ ਨਾਲ ਸੰਬੰਧਿਤ ਘੋੜੀਆਂ ਅਤੇ ਲਾਵਾਂ ਵਰਗੀਆਂ ਲੋਕ-ਪਰੰਪਰਾਵਾਂ ਨੂੰ ਆਧਾਰ ਬਣਾ ਕੇ ਆਪਣੇ ਮਨ ਦੀਆਂ ਪ੍ਰੇਮ-ਮਈ ਲਹਿਰਾਂ ਦੇ ਉਤਾਰ-ਚੜ੍ਹਾ ਨੂੰ ਲਿਪੀ-ਬੱਧ ਕਰਦੇ ਹਨ। ਅਜਿਹਾ ਕਰਨ ਵੇਲੇ ਉਹ ਛੰਦ ਦੀ ਕੈਦ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਦੀ ਬਾਣੀ ਛੰਤ-ਸ਼ਾਸਤ੍ਰ ਅਧੀਨਚਲ ਕੇ ਗੁਰਬਾਣੀ ਦੀ ਪ੍ਰਕ੍ਰਿਤੀ ਅਨੁਸਾਰ ਨਵੀਂ ਮਰਯਾਦਾ ਨੂੰ ਅਪਣਾਉਂਦੀ ਹੈ ਜਿਸ ਵਿਚ ਛੰਦ ਨਾਲੋਂ ਰਾਗ ਨੂੰ ਪ੍ਰਮੁਖਤਾ ਦਿੱਤੀ ਗਈ ਹੈ।

ਇਸ ਵਿਚ ਸੰਦੇਹ ਨਹੀਂ ਕਿ ਗੁਰੂ ਜੀ ਤੋਂ ਪਹਿਲਾਂ ਵੀ ਗੁਰਬਾਣੀ ਵਿਚ ਤੁਕਾਂ ਦੀ ਲੰਬਾਈ ਇਕ-ਸਮਾਨ ਘਟ ਹੀ ਮਿਲਦੀ ਹੈ, ਪਰ ਗੁਰੂ ਰਾਮਦਾਸ ਜੀ ਦੀ ਰਚਨਾ ਵਿਚ ਤੁਕਾਂ ਅਤਿ-ਦੀਰਘ ਹੋ ਗਈਆਂ ਹਨ ਅਤੇ ਇੰਜ ਪ੍ਰਤੀਤ ਹੋਣ ਲਗਦਾ ਹੈ ਕਿ ਉਹ ਆਪਣਾ ਭਾਵ ਵਾਰਤਿਕ ਵਿਚ ਪ੍ਰਗਟ ਕਰ ਰਹੇ ਹੋਣ। ਪਰ ਵਾਰਤਿਕ-ਨੁਮਾ ਹੁੰਦੇ ਹੋਇਆਂ ਵੀ ਤੁਕਾਂ ਵਿਚ ਲਯਾਤਮਕਤਾ ਬਣੀ ਹੋਈ ਹੈ।

ਗੁਰਮਤਿ ਵਿਚ ਪਰਮਾਤਮਾ ਨਾਲ ਨਿਰਛਲ ਅਤੇ ਆਸਥਾ-ਯੁਕਤ ਪ੍ਰੇਮ-ਭਾਵ ਦੇ ਪ੍ਰਗਟਾਵੇ ਲਈ ਪਤੀ- ਪਤਨੀ ਦਾ ਰੂਪਕ ਪਹਿਲਾਂ ਹੀ ਵਰਤਿਆ ਚਲਾ ਆ ਰਿਹਾ ਸੀ, ਪਰ ਗੁਰੂ ਜੀ ਨੇ ਇਸ ਸੰਬੰਧ ਨੂੰ ਵਿਆਹ ਦੁਆਰਾ ਪ੍ਰਦਰਸ਼ਿਤ ਕਰਨ ਦਾ ਸਫਲ ਯਤਨ ਕੀਤਾ ਹੈ। ਫਲਸਰੂਪ ਆਪ ਨੇ ਵਿਆਹ ਦਾ ਇਕ ਵਿਰਾਟ ਰੂਪਕ ਰਚ ਕੇ ਇਕ ਪਾਸੇ ਸਾਰੀਆਂ ਦੁਨੀਆਵੀ ਰਸਮਾਂ (ਜਿਵੇਂ ਲਗਨ ਕਢਾਉਣਾ, ਸਾਕੇਦਾਰੀ ਅਤੇ ਕੁੜਮਾਂ ਦਾ ਆਉਣਾ, ਲੜਕੀ ਦੇ ਮਨ ਵਿਚ ਉਮੰਗਾਂ ਦਾ ਫੁਟਣਾ, ਲਾੜੇ ਦਾ ਘੋੜੀ ਚੜ੍ਹਨਾ, ਬਰਾਤੀਆਂ ਦਾ ਸ਼ਾਮਲ ਹੋਣ, ਲਾਵਾਂ ਦੇਣਾ) ਦੀ ਪੂਰਤੀ ਵਿਖਾਈ ਹੈ ਅਤੇ ਦੂਜੇ ਪਾਸੇ ਇਸ ਦਾ ਅਧਿਆਤਮੀਕਰਣ ਕਰਕੇ ਪਰਮਾਤਮਾ ਅਤੇ ਜੀਵਾਤਮਾ ਨੂੰ ਵਿਆਹ ਸੰਬੰਧ ਵਿਚ ਬੰਨ੍ਹ ਦਿੱਤਾ ਹੈ। ਸੰਯੋਗ-ਸੁਖ ਦੀਆਂ ਘੜੀਆਂ ਨੂੰ ਵੀ ਗੁਰੂ ਜੀ ਨੇ ਬੜੇ ਮਾਰਮਿਕ ਅਤੇ ਕਾਵਿ-ਉਚਿਤ ਬਿੰਬਾਂ ਰਾਹੀਂ ਪੇਸ਼ ਕਰਕੇ ਆਪਣੇ ਕਵੀ-ਹਿਰਦੇ ਦਾ ਪਰਿਚਯ ਦਿੱਤਾ ਹੈ। ਰੂਪਕਾਂ ਤੋਂ ਇਲਾਵਾ ਗੁਰੂ ਜੀ ਨੇ ਜਨ-ਜੀਵਨ ਤੋਂ ਬਿੰਬ ਅਤੇ ਪ੍ਰਤੀਕ ਲੈ ਕੇ ਆਪਣੀ ਕਥਨ-ਸ਼ਕਤੀ ਨੂੰ ਵਧਾਇਆ ਹੈ। ਕਿਤੇ ਕਿਤੇ ਯੁਗ-ਚਿਤ੍ਰਣ ਅਤੇ ਇਤਿਹਾਸਿਕ ਅਤੇ ਪੌਰਾਣਿਕ ਹਵਾਲੇ ਵੀ ਮਿਲ ਜਾਂਦੇ ਹਨ।

ਗੁਰੂ ਜੀ ਦੀ ਭਾਸ਼ਾ ਦਾ ਸਰੂਪ ਗੁਰਬਾਣੀ ਦੀ ਭਾਸ਼ਾਈ ਵਿਸ਼ੇਸ਼ਤਾ ਦਾ ਅਨੁਕਰਣ ਕਰਦਾ ਹੈ। ਇਸ ‘ਹਰਿ ਮੁਖਿ ਬੋਲੀ ’ ਬਾਣੀ ਵਿਚ ਅਨੁਭਵ ਦੀ ਸ਼ਿਦਤ ਅਤੇ ਅਭਿ- ਵਿਅਕਤੀ ਦੀ ਨਿਪੁਣਤਾ ਕਾਰਣ ਆਪ ਦੀਆਂ ਅਧਿਕਾਂਸ਼ ਤੁਕਾਂ ਸੁਭਾਸ਼ਿਤਾਂ ਬਣ ਗਈਆਂ ਹਨ। ਇਹ ਇਕ ਪਾਸੇ ਸਿੱਖ ਸਭਿਆਚਾਰ ਦੇ ਨੁਕਤੇ ਦਸਦਿਆਂ ਜਿਗਿਆਸੂਆਂ ਦੀ ਅਗਵਾਈ ਕਰਦੀਆਂ ਹਨ ਅਤੇ ਦੂਜੇ ਪਾਸੇ ਸਮਾਜਿਕ ਸਚ ਬਣ ਕੇ ਉਭਰਦੀਆਂ ਹਨ।

ਸਾਰਾਂਸ਼ ਇਹ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰ-ਪਰੰਪਰਾ ਨੂੰ ਸਫਲਤਾ ਪੂਰਵਕ ਅਗੇ ਵਧਾਇਆ ਹੈ। ਪਰ ਆਪ ਦੀ ਵਿਸ਼ਿਸ਼ਟਤਾ ਸਾਹਿਤਿਕ ਗੁਣਾਂ ਕਰਕੇ ਹੈ। ਸ਼ੈਲੀ, ਭਾਸ਼ਾ, ਅਲੰਕਾਰਾਂ ਅਤੇ ਬਿੰਬਾਂ ਦੀ ਦ੍ਰਿਸ਼ਟੀ ਤੋਂ ਆਪ ਜੀ ਦੀ ਕਵਿਤਾ ਸ੍ਰੇਸ਼ਠ ਕਵਿਤਾ ਦੇ ਵਰਗ ਵਿਚ ਰਖੀ ਜਾ ਸਕਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.