ਰਾਮ ਰੌਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮ ਰੌਣੀ (ਗੜ੍ਹੀ): ਅੰਮ੍ਰਿਤਸਰ ਨੂੰ ਦਰਸ਼ਨ ਲਈ ਆਉਣ ਵਾਲੇ ਸਿੱਖ ਜੱਥਿਆਂ ਨੂੰ ਸੰਕਟ ਵੇਲੇ ਪਨਾਹ ਦੇ ਸਕਣ ਦੇ ਉਦੇਸ਼ ਤੋਂ ਅਪ੍ਰੈਲ 1748 ਈ. ਵਿਚ ਰਾਮਸਰ ਦੇ ਨੇੜੇ ਇਕ ਕੱਚੀ ਗੜ੍ਹੀ ਉਸਾਰੀ ਗਈ। ਇਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਉਤੇ ਰਖਿਆ ਗਿਆ। ਉਸੇ ਸਾਲ ਦੀਵਾਲੀ ਦੇ ਮੌਕੇ ਉਤੇ ਅੰਮ੍ਰਿਤਸਰ ਵਿਚ ਇਕੱਠੇ ਹੋਏ ਸਿੱਖਾਂ ਉਪਰ ਲਾਹੌਰ ਦੇ ਸੂਬੇ ਮੀਰ ਮੰਨੂ ਨੇ ਫ਼ੌਜ ਚੜ੍ਹਾ ਦਿੱਤੀ। ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਬੁਲਾ ਲਿਆ। ਅਚਾਨਕ ਹੋਏ ਇਸ ਹਮਲੇ ਕਾਰਣ ਕੁਝ ਸਿੱਖ ਤਾਂ ਅੰਮ੍ਰਿਤਸਰ ਦੇ ਨੇੜਲੇ ਜੰਗਲਾਂ ਵਿਚ ਲੁਕ- ਛਿਪ ਗਏ ਅਤੇ ਲਗਭਗ 500 ਸਿੱਖਾਂ ਨੇ ਰਾਮਰੌਣੀ ਗੜ੍ਹੀ ਵਿਚ ਪਨਾਹ ਲੈ ਲਈ। ਅਦੀਨਾ ਬੇਗ ਦੀ ਸੈਨਾ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਤਿੰਨ ਮਹੀਨੇ ਘਿਰੇ ਰਹਿਣ ਤੇ ਅੰਦਰਲੇ ਸਿੱਖਾਂ ਨੇ ਸ. ਜੱਸਾ ਸਿੰਘ ਰਾਮਗੜ੍ਹੀਆਂ ਨੂੰ ਮਦਦ ਲਈ ਬੇਨਤੀ ਕੀਤੀ। ਜੱਸਾ ਸਿੰਘ ਉਦੋਂ ਅਦੀਨਾ ਬੇਗ ਪਾਸ ਮੁਲਾਜ਼ਮ ਸੀ। ਉਸ ਨੇ ਬੇਨਤੀ ਸੁਣ ਕੇ ਨੌਕਰੀ ਛਡ ਦਿੱਤੀ ਅਤੇ ਮਦਦ ਲਈ ਪਹੁੰਚ ਗਿਆ। ਆਖ਼ਿਰ ਮੀਰ ਮੰਨੂ ਦੇ ਵਜ਼ੀਰ ਦੀਵਾਨ ਕੌੜਾ ਮੱਲ ਨੇ ਵਿਚ ਪੈ ਕੇ ਘੇਰਾ ਹਟਾਇਆ। ਸੰਨ 1753 ਈ. ਵਿਚ ਮੀਰ ਮੰਨੂ ਦੇ ਮਰਨ ਤੋਂ ਬਾਦ ਜੱਸਾ ਸਿੰਘ ਨੇ ਇਸ ਗੜ੍ਹੀ ਦੀ ਪੁਨਰ-ਉਸਾਰੀ ਕਰਵਾਈ ਅਤੇ ਇਸ ਦਾ ਨਾਂ ‘ਰਾਮਗੜ੍ਹ ’ ਰਖਿਆ।

ਸੰਨ 1758 ਈ. ਵਿਚ ਜਦੋਂ ਅਦੀਨਾ ਬੇਗ ਪੰਜਾਬ ਦਾ ਸੂਬਾ ਬਣਿਆ ਤਾਂ ਉਸ ਨੇ ਰਾਮਗੜ੍ਹ ਤੋਂ ਸਿੱਖਾਂ ਨੂੰ ਖਦੇੜ ਦਿੱਤਾ। ਪਰ ਬਾਦ ਵਿਚ ਸ. ਜੱਸਾ ਸਿੰਘ, ਸ. ਨੰਦ ਸਿੰਘ ਸੰਘਾਣੀਆ ਅਤੇ ਸ. ਜੈ ਸਿੰਘ ਕਨ੍ਹੀਆ ਨੇ ਮਿਲ ਕੇ ਰਾਮਗੜ੍ਹ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਅਤੇ ਇਸ ਨੂੰ ਜੰਗੀ ਦ੍ਰਿਸ਼ਟੀ ਤੋਂ ਹੋਰ ਮਜ਼ਬੂਤ ਬਣਾਇਆ। ਇਸ ਗੜ੍ਹੀ ਨੂੰ ਅੰਮ੍ਰਿਤਸਰ ਦੀ ਰਾਖੀ ਲਈ ਸੁਦ੍ਰਿੜ੍ਹ ਕਰਨ ਵਿਚ ਮੁੱਖ ਯੋਗਦਾਨ ਸ. ਜੱਸਾ ਸਿੰਘ ਦਾ ਰਿਹਾ ਅਤੇ ਅਧਿਕਤਰ ਉਸ ਦੇ ਜੱਥੇ ਦੇ ਸਿੰਘ ਇਸ ਵਿਚ ਨਿਵਾਸ ਕਰਦੇ ਰਹੇ , ਇਸ ਲਈ ਉਸ ਦੀ ਮਿਸਲ ਦਾ ਨਾਂ ਵੀ ‘ਰਾਮਗੜ੍ਹੀਆ’ ਪ੍ਰਚਲਿਤ ਹੋ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.