ਰਿਗਵੇਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰਿਗਵੇਦ : ਵੇਦ ਸ਼ਬਦ ਸੰਸਕ੍ਰਿਤ ਭਾਸ਼ਾ ਦੀ ਕਿਰਿਆ ‘ਵਿਦ` ਤੋਂ ਬਣਿਆ ਹੈ। ਵਿਦ ਕਿਰਿਆ ਦਾ ਪ੍ਰਯੋਗ ਇਹਨਾਂ ਚਾਰ ਅਰਥਾਂ ਵਿੱਚ ਹੁੰਦਾ ਹੈ-ਜਾਣਨਾ, ਹੋਣਾ, ਲਾਭ ਹੋਣਾ ਅਤੇ ਵਿਚਾਰ ਕਰਨਾ। ਇਸ ਤਰ੍ਹਾਂ ‘ਵੇਦ` ਦਾ ਅਰਥ ਹੋਇਆ ‘ਗਿਆਨ`।ਜਿਵੇਂ ਧਨੁਰਵੇਦ (ਧਨੁਸ਼ ਚਲਾਉਣ ਦੀ ਵਿੱਦਿਆ), ਆਯੁਰਵੇਦ (ਸਿਹਤ ਵਿਦਿਆ) ਆਦਿ ਹਰੇਕ ਵੇਦ ਦੇ ਚਾਰ ਹਿੱਸੇ ਹੁੰਦੇ ਹਨ-ਸੰਹਿਤਾ, ਬ੍ਰਾਹਮਣ, ਆਰਣਇਕ ਅਤੇ ਉਪਨਿਸ਼ਦ। ਵੇਦ ਸੰਸਾਰ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਹਨ। ਇਹ ਚਾਰ ਹਨ-ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵ ਵੇਦ। ਇਹਨਾਂ ਚੋਂ ਰਿਗਵੇਦ ਸਭ ਤੋਂ ਪੁਰਾਣਾ ਹੈ। ਭਾਰਤੀ ਵਿਦਵਾਨ ਮੰਨਦੇ ਹਨ ਕਿ ਇਸ ਦੀ ਰਚਨਾ ਲਗਪਗ ਈਸਾ ਦੇ ਜਨਮ ਤੋਂ ਪਹਿਲਾਂ ਹੋਈ ਸੀ। ਪੱਛਮੀ ਵਿਦਵਾਨ ਇਸ ਦੀ ਰਚਨਾ ਦਾ ਕਾਲ ਲਗਪਗ ਈਸਾ ਦੇ ਜਨਮ ਤੋਂ 1500 ਸਾਲ ਪਹਿਲਾਂ ਮੰਨਦੇ ਹਨ। ਇਹਨਾਂ ਦਾ ਰੂਪ ਲਿਖਤੀ ਨਹੀਂ ਸੀ। ਇਹ ਜ਼ੁਬਾਨੀ ਯਾਦ ਰਹਿੰਦੇ ਸਨ। ਇਹਨਾਂ ਨੂੰ ਸੁਣ ਕੇ ਯਾਦ ਕੀਤਾ ਜਾਂਦਾ ਸੀ ਇਸ ਲਈ ਇਹਨਾਂ ਨੂੰ ‘ਸ਼ਕਤੀ` ਵੀ ਕਿਹਾ ਜਾਂਦਾ ਸੀ।
ਇਸ ਵਿੱਚ ਦਸ ਮੰਡਲ (ਖੰਡ) ਹਨ। ਹਰੇਕ ਮੰਡਲ ਵਿੱਚ ਕਈ ਅਧਿਆਇ ਹਨ। ਇਹਨਾਂ ਅਧਿਆਇਆਂ ਨੂੰ ‘ਸੂਕਤਾ` ਕਿਹਾ ਗਿਆ ਹੈ। ਕੁੱਲ ਸੂਕਤ 1217 ਹਨ। ਇਹਨਾਂ ਸੂਕਤਾਂ ਦੀ ਰਚਨਾ ਕਿਸੇ ਇੱਕ ਵਿਅਕਤੀ ਨੇ ਨਹੀਂ ਕੀਤੀ ਸੀ। ਇਸ ਵਿੱਚ ਅਨੇਕ ਵਿਅਕਤੀ ਸ਼ਾਮਲ ਸਨ। ਇਹਨਾਂ ਨੂੰ ‘ਰਿਸ਼ੀ` ਕਿਹਾ ਗਿਆ ਹੈ। ਇਹਨਾਂ ਰਿਸ਼ੀਆਂ ਵਿੱਚ ਪੁਰਸ਼ ਵੀ ਸਨ ਤੇ ਨਾਰੀਆਂ ਵੀ।
‘ਰਿਕ` ਦਾ ਅਰਥ ਹੁੰਦਾ ਹੈ ‘ਰਿਚਾ` ਭਾਵ ਪ੍ਰਾਰਥਨਾ ਜਾਂ ਅਰਦਾਸ। ਰਿਗਵੇਦ ਵਿੱਚ ਅਨੇਕ ਰਿਚਾਵਾਂ ਜਾਂ ਪ੍ਰਾਰਥਨਾਵਾਂ ਹਨ ਜਿਨ੍ਹਾਂ ਦੀਆਂ ਅਰਦਾਸਾਂ ਕੀਤੀਆਂ ਗਈਆਂ ਹਨ ਉਹਨਾਂ ਨੂੰ ਦੇਵਤਾ ਵੀ ਕਿਹਾ ਗਿਆ ਹੈ। ਇਹ ਦੇਵਤਾ ਕੁਦਰਤੀ ਸ਼ਕਤੀਆਂ ਹਨ। ਇਹ ਦੇਵਤੇ ਤਿੰਨ ਪ੍ਰਕਾਰ ਦੇ ਹਨ 1. ਪਾਰਥਿਵ (ਪ੍ਰਿਥਵੀ ਨਾਲ ਸੰਬੰਧਿਤ) ਜਿਵੇਂ ਪ੍ਰਿਥਵੀ, ਸੋਮ, ਅਗਨੀ ਆਦਿ 2. ਅੰਤਰਿਕਸ਼ (ਅਕਾਸ਼ ਨਾਲ ਸੰਬੰਧਿਤ ਦੇਵਤਾ) ਜਿਵੇਂ ਵਾਯੂ, ਇੰਦਰ, ਚਾਰਜਨਯ, ਸਰੂਤ ਆਦਿ ਅਤੇ 3. ਧੂਲੋਕ (ਨਸ਼ੱਤਰਾਂ ਦੇ ਸਥਾਨ ਨਾਲ ਸੰਬੰਧਿਤ ਦੇਵਤਾ) ਜਿਵੇਂ ਸੂਰਜ, ਮਿਤਰ, ਵਰੁਣ, ਵਿਸ਼ਣੂ ਆਦਿ। ਇਹ ਤਿੰਨਾਂ ਪ੍ਰਕਾਰ ਦੇ ਪੁਰਖ ਪ੍ਰਧਾਨ ਹਨ। ਇਸਤਰੀ ਪ੍ਰਧਾਨ ਦੇਵਤਾਵਾਂ ਵਿੱਚ ਇੰਦਗਈ ਤੇ ਊਸ਼ਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ।
ਰਿਗਵੇਦ ਵਿੱਚ ਇੱਕ ਮੰਤਰ ਵਿੱਚ ਮੰਨਿਆ ਗਿਆ ਹੈ ਕਿ ਸਮਾਜ ਦੇ ਚਾਰ ਵਰਨਾਂ-ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਦਾ ਮੂਲ ਇੱਕ ਮਾਤਰ ਪੁਰਖ (ਬ੍ਰਹਮ) ਹੀ ਹੈ। ਇਸ ਦੇ ਨਾਲ ਭੇਦ-ਭਾਵ ਦੀ ਗੁੰਜਾਇਸ਼ ਹੀ ਨਹੀਂ ਹੈ। ਜਿਵੇਂ ਸਰੀਰ ਵਿੱਚ ਅਲੱਗ-ਅਲੱਗ ਅੰਗਾਂ ਦਾ ਆਪਣਾ ਮਹੱਤਵ ਹੁੰਦਾ ਹੈ ਓਵੇਂ ਹੀ ਕੰਮ ਤੇ ਆਧਾਰਿਤ ਇਹਨਾਂ ਸਾਰੇ ਵਰਨਾਂ ਦਾ ਆਪਣਾ-ਆਪਣਾ ਮਹੱਤਵ ਹੈ।ਸਮਾਜਿਕ ਏਕਤਾ ਦੀ ਨਜ਼ਰ ਤੋਂ ‘ਪੁਰਖ` ਸੂਕਤ ਵਿੱਚ ਕਹੀ ਗਈ ਇਹ ਗੱਲ ਬਹੁਤ ਮਹੱਤਵ ਦੀ ਹੈ। ਸਮਾਜਿਕ ਸੰਗਠਨ ਦੀ ਨਜ਼ਰ ਤੋਂ ਇੱਕ ਹੋਰ ਮੰਤਰ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਇੱਕ ਹੋ ਕੇ ਚੱਲੀਏ, ਇਕੱਠੇ ਬੋਲੀਏ, ਅਸੀਂ ਸਾਰੇ ਇੱਕ ਹੀ ਢੰਗ ਨਾਲ ਸੋਚੀਏ, ਸਾਡਾ ਸਾਰਿਆਂ ਦਾ ਚਿੰਤਨ ਇੱਕੋ ਜਿਹਾ ਹੋਵੇ, ਸਾਡੇ ਦਿਲ ਇੱਕੋ ਜਿਹੇ ਹੋਣ।
ਰਿਗਵੇਦ ਵਿੱਚ ਮਨੁੱਖ ਨੂੰ ਮਿਹਨਤੀ ਬਣਨ ਦੀ ਵੀ ਪ੍ਰੇਰਨਾ ਦਿੱਤੀ ਗਈ ਹੈ। ਇਸ ਦੇ ਇੱਕ ਮੰਤਰ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਮਨੁੱਖ ਮਿਹਨਤ ਨਾਲ ਆਪਣੇ ਸ਼ਰੀਰ ਨੂੰ ਤਪਾਉਂਦਾ ਨਹੀਂ, ਉਹ ਸਫਲ ਨਹੀਂ ਹੁੰਦਾ। ਜੋ ਮਿਹਨਤ ਨਾਲ ਪੱਕ ਜਾਂਦੇ ਹਨ ਉਹ ਹੀ ਉੱਤਮ ਫਲ ਜਾਂ ਅਨੰਦ ਨੂੰ ਪ੍ਰਾਪਤ ਕਰਦੇ ਹਨ। ਇਸ ਦੇ ਇੱਕ ਮੰਤਰ ਵਿੱਚ ਅਗਨੀ ਤੋਂ ਗਿਆਨ ਤੇਜ ਬਣਾ ਦੇਣ ਦੀ ਪ੍ਰਾਰਥਨਾ ਕੀਤੀ ਗਈ ਹੈ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਰਿਗਵੇਦ ਗਿਆਨ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ। ਸਿਹਤ ਦੀ ਚਿੰਤਾ ਵੀ ਇਸ ਵਿੱਚ ਬਹੁਤ ਜ਼ਿਆਦਾ ਪ੍ਰਗਟ ਹੋਈ ਹੈ।
ਰਿਗਵੇਦ ਵਿੱਚ (ਸਨਮਾਰਗ) ਚੰਗੇ ਰਾਹ ਤੇ ਚੱਲਣ ਲਈ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸ ਦੇ ਇੱਕ ਮੰਤਰ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਸਾਡੇ ਪਿਤਾ ਵਾਂਗ ਹੈ। ਪਰਮਾਤਮਾ ਰੂਪੀ ਪਿਤਾ ਸਾਡੇ ਲਈ ਸੋਹਣੇ ਉਪਹਾਰ ਵੀ ਲਿਆਉਂਦਾ ਹੈ ਅਤੇ ਚੰਗੇ ਰਾਹ ਤੇ ਚੱਲਣ ਲਈ ਸਾਨੂੰ ਦੰਡ ਵੀ ਦਿੰਦਾ ਹੈ।
ਰਿਗਵੇਦ ਦੇ ਇੱਕ ਮੰਤਰ ਵਿੱਚ ਇੱਕ ਨਾਰੀ ਪਾਤਰ ਕਹਿੰਦੀ ਹੈ ਕਿ ‘ਮੈਂ ਗਿਆਨਵਤੀ ਹਾਂ। ਮੈਂ ਤੇਜਸਵਨੀ ਹਾਂ। ਮੈਂ ਚੰਗਾ ਬੋਲਣ ਵਾਲੀ ਹਾਂ। ਮੈਂ ਸ਼ਤਰੂ ਦਾ ਵਿਨਾਸ਼ ਕਰਨ ਵਾਲੀ ਹਾਂ। ਮੇਰੀ ਪੁੱਤਰੀ ਤੇਜਸਵਨੀ ਹੈ। ਮੇਰੀ ਪ੍ਰਸੰਸਾ ਪਤੀ ਦੇ ਵਿਸ਼ੇ ਵਿੱਚ ਹੈ।’ ਇਸ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਸਮਾਜ ਵਿੱਚ ਨਾਰੀ ਨੂੰ ਬਹੁਤ ਹੀ ਗੌਰਵ ਪ੍ਰਾਪਤ ਸੀ।
ਰਿਗਵੇਦ ਵਿੱਚ ਪੰਜਾਬ ਦਾ ਵੀ ਉਲੇਖ ਮਿਲਦਾ ਹੈ। ਇਸ ਦੇ ਤੀਜੇ ਮੰਡਲ ਦੇ ਤੇਤੀਵੇਂ ਸੂਕਤ ਦੇ ਦੂਸਰੇ ਅਤੇ ਤੀਜੇ ਮੰਤਰ ਵਿੱਚ ਦੱਸਿਆ ਗਿਆ ਹੈ ਕਿ ਸ਼ੁਭੂਦਰੀ (ਸਤਲੁਜ) ਅਤੇ ਵਿਪਾਸ਼ (ਬਿਆਸ) ਨਾਮਕ ਨਦੀਆਂ ਸਮੁੰਦਰ ਵਿੱਚ ਗਿਰਦੀਆਂ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਿੱਥੇ ਅੱਜ-ਕੱਲ੍ਹ ਰਾਜਸਥਾਨ ਦਾ ਮਾਰੂਥਲ ਹੈ ਉੱਥੇ ਉਸ ਕਾਲ ਵਿੱਚ ਸਮੁੰਦਰ ਸੀ। ਰਿਗਵੇਦ ਵਿੱਚ ਗੰਗਾ, ਗੋਮਤੀ, ਜਾਨ੍ਹਵੀ, ਸਰਸਵਤੀ, ਦ੍ਰਿਸ਼ਦਵਤੀ, ਯਮੁਨਾ, ਵਿਤਸਤਾ, ਵਿਪਾਸ਼ਾ, ਸਰਯੂ, ਸਿੰਧੂ, ਸ਼ੁਭੂਦਰੀ, ਆਦਿ ਨਦੀਆਂ ਦੇ ਨਾਂ ਆਏ ਹਨ। ਗੰਧਾਰ, ਪੰਚਾਲ, ਉਤਰ, ਕੁਰੂ, ਮਗਧ, ਮਦਰ ਆਦਿ ਪ੍ਰਦੇਸ਼ਾਂ ਦਾ ਵੀ ਉਲੇਖ ਮਿਲਦਾ ਹੈ।
ਰਿਗਵੇਦ ਵਿੱਚ ਰਾਸ਼ਟਰ ਪ੍ਰੇਮ ਦਾ ਜ਼ਿਕਰ ਸਭ ਤੋਂ ਵੱਧ ਹੈ।ਰਾਸ਼ਟਰ ਦੀ ਰੱਖਿਆ ਲਈ ਉਸ ਸਮੇਂ ਦੇ ਭਾਰਤਵਾਸੀ, ਜੋ ‘ਆਰੀਆ` ਕਹਾਉਂਦੇ ਸੀ, ਜਾਨ ਵੀ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਸਨ।
ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਰਿਗਵੇਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਿਗਵੇਦ [ਨਾਂਪੁ] ਵੈਦਿਕ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਭਾਰਤ ਅਥਵਾ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ , ਪਹਿਲਾ ਵੇਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਿਗਵੇਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਿਗਵੇਦ : ਇਹ ਹਿੰਦੂ ਧਾਰਮਿਕ ਸ਼ਾਸਤਰਾਂ ਵਿੱਚੋਂ ਇਕ ਹੈ। ਵੇਦ ਚਾਰ ਹਨ ਪਰ ਇਹ ਬਾਕੀ ਦੇ ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਨਾਲੋਂ ਵੱਖਰਾ ਹੈ। ਇਸ ਵਿਚ ਕੇਵਲ ਧਾਰਮਿਕ ਕੰਮਾਂ ਲਈ ਹੀ ਸ਼ਬਦ ਅਤੇ ਭਜਨ ਹਨ। ਰਿਗਵੇਦ ਦੀ ਰਚਨਾ ਦਾ ਸਮਾਂ 1500 ਈ. ਪੂ. ਅਤੇ 900 ਈ. ਪੂ. ਦੇ ਦਰਮਿਆਨ ਦਾ ਸਮਝਿਆ ਜਾਂਦਾ ਹੈ। ਪ੍ਰਾਚੀਨ ਪੁਸਤਕ ਅਵੇਸਤਾ ਅਤੇ ਰਿਗਵੇਦ ਦੀਆਂ ਕਹਾਣੀਆਂ, ਭਜਨ ਅਤੇ ਸ਼ਬਦ ਆਪਸ ਵਿਚ ਮਿਲਦੇ ਹਨ। ਇੰਜ ਵੀ ਜਾਪਦਾ ਹੈ ਕਿ ਸ਼ਾਇਦ ਅਵੇਸਤਾ ਵਿਚ ਇਹ ਸਭ ਰਿਗਵੇਦ ਤੋਂ ਪਹਿਲਾਂ ਦਾ ਹੋਵੇ। ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਵੇਦਾਂ ਦੀ ਰਚਨਾ ਆਰੀਆਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਹੋਈ ਪਰ ਰਿਗਵੇਦ ਦੀ ਭਾਸ਼ਾ ਜ਼ਿਆਦਾਤਰ ਪ੍ਰਾਕ੍ਰਿਤ ਹੈ। ਰਿਗਵੇਦ ਪੁਰਾਣੀਆਂ ਲੋਕ ਕਥਾਵਾਂ, ਰਿਚਾਵਾਂ ਅਤੇ ਭਜਨਾਂ ਦਾ ਸਮਾਵੇਸ਼ ਹੈ। ਰਿਗਵੇਦ ਦੇ 21 ਸੰਸਕਰਣਾਂ ਵਿਚ ਰਹੁ-ਰੀਤਾਂ, ਕਰਮਕਾਂਡਾਂ ਅਤੇ ਸੰਸਕਾਰਾਂ ਬਾਰੇ ਵਰਣਨ ਹੈ। ਰਿਗਵੇਦ ਦੀ ਮੁੱਖ ਸ਼ਾਖਾ ਚਰਨ ਵਿਯੂਹ ਹੈ ਜਿਸ ਵਿਚ ਪੰਜ ਮੁੱਖ ਸੰਪ੍ਰਦਾਇ ਹਨ ਜੋ ਅਲਗ-ਅਲਗ ਸੰਸਕਰਣਾਂ ਉੱਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਪਹਿਲੀ ਸਾਕਾਲ ਹੈ ਅਤੇ ਸੁਰੱਖਿਅਤ ਰੂਪ ਵਿਚ ਉਪਲੱਬਧ ਹੈ। ਦੂਜੀ ਵਾਸਾਕਾਲ ਹੈ ਅਤੇ ਇਸ ਵਿਚ ਥੋੜ੍ਹੀਆਂ ਜਿਹੀਆਂ ਧਾਰਾਵਾਂ ਦਾ ਵਾਧਾ ਕੀਤਾ ਹੋਇਆ ਹੈ। ਇਸ ਦਾ ਨਾਂ ਇਕ ਅਨਾਰੀਆ ਵਿਦਵਾਨ ਦੇ ਨਾਂ ਤੇ ਹੈ। ਤੀਜਾ ਆਸਾਵਲਯਾਨਾ ਹੈ ਜਿਸ ਵਿਚ ਗਿਆਰਾਂ ਬਾਲਖਿੱਲ ਭਜਨਾਂ ਦਾ ਮੇਲ ਹੈ। ਚੌਥੀ ਸ਼ਾਖਾਯਨ ਹੈ ਜਿਸ ਵਿਚ ਬਾਲਖਿੱਲ ਬਾਰੇ ਹੀ ਵਰਣਨ ਹੈ ਪਰ ਸਾਰੀਆਂ ਰਿਚਾਵਾਂ ਨਹੀਂ ਹਨ। ਪੰਜਵਾਂ ਮਾਂਡੂਕਯ ਹੈ। ਕੁਝ ਸੰਸਕਰਣਾਂ ਦੇ ਹਿੱਸੇ ਵਰਤਮਾਨ ਮੰਡਲਾਂ ਵਿਚ ਵੀ ਹਨ ਪਰ ਬਾਕੀ ਦੇ ਉਪਲੱਬਧ ਨਹੀਂ ਹਨ ਜਾਂ ਫਿਰ ਛੱਡ ਦਿੱਤੇ ਗਏ ਹਨ। ਰਿਗਵੇਦ ਦੀਆਂ ਰਿਚਾਵਾਂ ਨੂੰ ਹੋਤਰੀ ਕਿਹਾ ਜਾਂਦਾ ਹੈ। ਰਿਗਵੇਦ ਨੂੰ ਦਸ ਪੁਸਤਕਾਂ ਵਿਚ ਵੰਡਿਆ ਹੋਇਆ ਹੈ ਜਿਨ੍ਹਾਂ ਨੂੰ ਮੰਡਲ ਕਿਹਾ ਜਾਂਦਾ ਹੈ ਜਾਂ ਅੱਠ ਹਿੱਸਿਆਂ ਵਿਚ ਵੰਡਿਆ ਹੋਇਆ ਹੈ ਜਿਨ੍ਹਾਂ ਨੂੰ ਅਸ਼ਟਕ ਕਿਹਾ ਜਾਂਦਾ ਹੈ। ਇਨ੍ਹਾਂ ਪੁਸਤਕਾਂ ਵਿਚ ਕਈ ਅਧਿਆਇ ਹਨ ਅਤੇ 85 ਅਨੁਵਾਕ ਹਨ ਜਿਨ੍ਹਾਂ ਨੂੰ ਸੈਕਸ਼ਨ ਕਿਹਾ ਜਾਂਦਾ ਹੈ। ਇਨ੍ਹਾਂ ਵਿਚ 1028 ਸੂਕਤ ਜਾਂ ਰਿਚਾਵਾਂ ਹਨ। ਇਸ ਤੋਂ ਇਲਾਵਾ 11 ਬਾਲਖਿੱਲ ਸਤੋਤਰ ਹਨ। 2006 ਵਰਗ ਜਾਂ ਸ਼੍ਰੇਣੀਆਂ ਹਨ, 10417 ਰਿਚਾਵਾਂ ਹਨ ਜਾਂ 153,826 ਪਦ ਜਾਂ ਸ਼ਬਦ ਹਨ। ਕਈ ਹਜ਼ਾਰ ਅੱਖਰ ਹਨ ਅਤੇ ਅਣਗਿਣਤ ਸ੍ਵਰ ਹਨ। ਰਿਗਵੇਦ ਦੀਆਂ ਜਿਹੜੀਆਂ ਦਸ ਪੁਸਤਕਾਂ ਜਾਂ ਮੰਡਲ ਹਨ, ਉਹ-ਅਗਨੀ, ਇੰਦਰ, ਸੂਰਜ, ਅਦਿਤੀ, ਵਰੁਨ, ਊਸ਼ਾ, ਅਸ਼ਵਨੀ, ਪ੍ਰਿਥਵੀ, ਮਰੁਤ, ਰੁੱਦਰ, ਯਮ ਅਤੇ ਸੋਮ ਦੇ ਸਤੋਤਰ ਨਾਲ ਭਰੀਆਂ ਹੋਈਆਂ ਹਨ। ਇਨ੍ਹਾਂ ਵਿਚ ਅਣਗਿਣਤ ਜਾਦੂਈ ਸਤੋਤਰ ਅਤੇ ਸਮਾਜਿਕ ਰੀਤੀ-ਰਿਵਾਜ, ਨੈਤਿਕ ਪ੍ਰਸ਼ਨ, ਬੁਝਾਰਤਾਂ, ਮੰਤਰ ਅਤੇ ਮਿਥਿਹਾਸਕ ਕਹਾਣੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਵਿਜੇ, ਸ਼ਕਤੀ, ਧਨ ਅਤੇ ਭੋਜਨ ਉਪਲਬਧ ਕਰਾਉਣ ਬਾਰੇ ਹਨ। ਪਹਿਲੇ ਮੰਡਲ ਵਿਚ ਪੁਜਾਰੀਆਂ ਦੀਆਂ ਪ੍ਰਾਰਥਨਾਵਾਂ ਹਨ। ਬਹੁਤ ਸਾਰੇ ਸਤੋਤਰ ਸਰਲ ਅਤੇ ਸਾਦੇ ਹਨ। ਕਾਫ਼ੀ ਸਤੋਤਰ ਜਲ, ਅਗਨੀ ਅਤੇ ਆਕਾਸ਼ ਬਾਰੇ ਹਨ। ਇਸ ਪਹਿਲੀ ਪੁਸਤਕ ਵਿਚ ਅਸਾਧਾਰਨ ਅਤੇ ਲੰਬਾ ਸਤੋਤਰ ਹੈ ਜਿਸ ਨੂੰ ਅਸਵੰਯਮ ਕਹਿੰਦੇ ਹਨ। ਦੂਜੇ ਤੋਂ ਸੱਤਵੇਂ ਮੰਡਲ ਵਿਚ ਪਰਿਵਾਰਾਂ ਬਾਰੇ ਵਰਣਨ ਹੈ। ਇਸ ਲਈ ਇਨ੍ਹਾਂ ਨੂੰ ਪਰਿਵਾਰਕ ਪੁਸਤਕਾਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਭ੍ਰਿਗੂ, ਵਿਸ਼ਵਾਮਿੱਤਰ, ਅੰਗੀਰਸ, ਵਸ਼ਿਸ਼ਠ, ਅਤਰੀ ਵਾਮਦੇਵ, ਭਾਰਦਵਾਜ ਆਦਿ ਰਿਸ਼ੀਆਂ ਦੇ ਕੁਲ ਅਤੇ ਪਰਿਵਾਰ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੋਇਆ ਹੈ। ਅੱਠਵੇਂ ਮੰਡਲ ਵਿਚ ਜ਼ਿਆਦਾਤਰ ਕਨਵ ਪਰਿਵਾਰ ਦੇ ਭਜਨ ਹਨ। ਰਿਸ਼ੀ ਕ੍ਰਿਤੂ ਦੇ ਬੱਚਿਆਂ ਬਾਰੇ ਜੋ ਲਿਖਿਆ ਗਿਆ ਹੈ ਉਸ ਨੂੰ ਹੀ ਬਾਲਖਿੱਲ ਕਿਹਾ ਜਾਂਦਾ ਹੈ। ਨੌਵੇਂ ਮੰਡਲ ਵਿਚ ਸੋਮ ਦੇਵਤਾ ਬਿਰਤਾਂਤ ਲਿਖਿਆ ਗਿਆ ਹੈ। ਦਸਵਾਂ ਮੰਡਲ ਭਾਸ਼ਾ ਅਤੇ ਵਿਸ਼ੇ ਪੱਖੋਂ ਵੱਖਰਾ ਜਿਹਾ ਹੈ। ਇਸ ਵਿਚ ਬਹੁਤ ਸਾਰੇ ਸ਼ਬਦ ਦੈਵੀ ਅਤੇ ਦਾਰਸ਼ਨਿਕ ਪੱਧਰ ਦੇ ਹਨ। ਇਸ ਵਿਚ ਨਦੀਆਂ ਅਤੇ ਵਰਖਾ ਬਾਰੇ ਪ੍ਰਾਰਥਨਾਵਾਂ ਵੀ ਹਨ। ਇਸ ਮੰਡਲ ਵਿਚ ਪੁਰਸ਼ ਸੂਕਤ ਵੀ ਹੈ। ਇਸ ਵਿਚ ਹੋਰ ਸ਼ਬਦ ਜਿਵੇਂ ਕਿ ਦਾਨਸਤੁਤੀ ਆਦਿ ਵੀ ਹਨ।
ਰਿਗਵੇਦ ਦਾ ਪੰਜਾਬ ਨਾਲ ਬੜਾ ਗਹਿਰਾ ਸਬੰਧ ਹੈ। ਇਸ ਵਿਚ ਜਿਸ ਇਲਾਕੇ ਦਾ ਵਰਣਨ ਹੈ ਉਹ ਸਪਤ ਸਿੰਧੂ ਹੈ ਜਿਸ ਦਾ ਅਰਥ ਹੈ ਸੱਤ ਦਰਿਆਵਾਂ ਦੀ ਧਰਤੀ। ਪੰਜਾਬ ਦਾ ਪੁਰਾਣਾ ਨਾਂ ਵੀ ਸਪਤ ਸਿੰਧੂ ਹੀ ਹੈ। ਇਸ ਦੀ ਰਚਨਾ ਪੰਜਾਬ ਦੀਆਂ ਨਦੀਆਂ ਦੇ ਕੰਢੇ ਤੇ ਹੀ ਕੀਤੀ ਗਈ ਕਿਉਂਕਿ ਇਸ ਵਿਚ ਵਰਣਿਤ ਨਦੀਆਂ ਸਤਦਰੂ (ਸਤਲੁਜ), ਵਿਪਾਸਾ (ਬਿਆਸ), ਪੁਰਸਣੀ (ਰਾਵੀ), ਅਸ਼ਿਕਨੀ (ਚਨਾਬ), ਵਿਤਸਤਾ (ਜਿਹਲਮ), ਦ੍ਰਿਸ਼ਦਵਤੀ (ਘੱਗਰ), ਗੰਗਾ ਅਤੇ ਜਮਨਾ ਹਨ। ਇਨ੍ਹਾਂ ਸਾਰਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਸਿੰਧੂ ਨਦੀ ਨਾਲ ਸਬੰਧ ਹੈ। ਇਸ ਵਿਚ ਗੰਗਾ ਨਦੀ ਦਾ ਵਰਣਨ ਕੁਝ ਘੱਟ ਆਇਆ ਹੈ ਕਿਉਂਕਿ ਇਹ ਪੰਜਾਬ ਦਾ ਪੂਰਬੀ ਕੰਢਾ ਸੀ ਤੇ ਇਥੇ ਪਹੁੰਚਣ ਤੱਕ ਰਿਗਵੇਦ ਦੀ ਰਚਨਾ ਲਗਭਗ ਪੂਰੀ ਹੋ ਚੁੱਕੀ ਸੀ। ਇਸ ਤੋਂ ਇਲਾਵਾ ਇਸ ਵਿਚ ਜਿਨ੍ਹਾਂ ਨਦੀਆਂ, ਕੁਦਰਤੀ ਦ੍ਰਿਸ਼ਾਂ, ਜੰਗਲ, ਬੇਲਿਆਂ, ਰਾਜ ਘਰਾਣਿਆਂ ਦੇ ਜਨ-ਜੀਵਨ ਅਤੇ ਰੀਤੀ ਰਿਵਾਜਾਂ ਦਾ ਵਰਣਨ ਕੀਤਾ ਗਿਆ ਹੈ ਉਹ ਲਗਭਗ ਸਾਰੇ ਪੰਜਾਬ ਦੇ ਹੀ ਹਨ।
ਰਿਗਵੇਦ ਵਿਚ ਕੁਦਰਤ ਨੂੰ ਦੇਵ ਰੂਪ ਮੰਨ ਕੇ ਪੂਰਾ ਕਰਨ ਦਾ ਵਰਣਨ ਹੈ ਜਿਹੜਾ ਪੰਜਾਬ ਵਿਚ ਪ੍ਰਚੱਲਤ ਹੈ ਜਿਵੇਂ ਕਿ ਕੁਦਰਤੀ ਸ਼ਕਤੀਆਂ ਅਗਨੀ, ਵਾਯੂ, ਵਰੁਣ, ਸੂਰਜ ਨੂੰ ਹੀ ਦੇਵਤਾ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦਾ ਜਨਜੀਵਨ ਵੀ ਰਿਗਵੇਦ ਉੱਤੇ ਆਧਾਰਿਤ ਜਾਪਦਾ ਹੈ ਜਿਵੇਂ ਕਿ ਰਿਗਵੇਦ ਵਿਚ ਪਤਨੀ ਨੂੰ ਲੱਛਮੀ ਸਮਝਿਆ ਜਾਂਦਾ ਸੀ ਅਤੇ ਪੁੱਤਰ ਪ੍ਰਾਪਤੀ ਤੇ ਬੜੀ ਖੁਸ਼ੀ ਮਨਾਈ ਜਾਂਦੀ ਸੀ। ਇਹ ਸਭ ਆਮ ਵਿਅਕਤੀ ਵਿਚ ਵੀ ਦੇਖਣ ਵਿਚ ਆਉਂਦਾ ਹੈ। ਸਮਾਜ ਦਾ ਢਾਂਚਾ ਵੀ ਇਸੇ ਤਰ੍ਹਾਂ ਦਾ ਸੀ ਜਿਵੇਂ ਪਰਿਵਾਰ ਦਾ ਮੁਖੀ ਪਿਤਾ ਹੁੰਦਾ ਹੈ ਅਤੇ ਉਹ ਹੀ ਹਰ ਕੰਮ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ। ਪਰਿਵਾਰਾਂ ਤੋਂ ਬਾਅਦ ਪਿੰਡ ਅਤੇ ਉਸ ਤੋਂ ਬਾਅਦ ਰਾਜਿਆਂ ਦੀਆਂ ਰਿਆਸਤਾਂ, ਸਭ ਉਸ ਸਮੇਂ ਦੇ ਰਾਜਨੀਤਕ ਸਰੂਪ ਨਾਲ ਮੇਲ ਖਾਂਦਾ ਹੈ। ਇਸ ਤੋਂ ਇਲਾਵਾ ਲੋਕਾਂ ਦਾ ਖਾਣ-ਪੀਣ ਅਤੇ ਕੰਮ ਧੰਦੇ ਵੀ ਆਪਸ ਵਿਚ ਮੇਲ ਖਾਂਦੇ ਸਨ ਜਿਵੇਂ ਰਿਗਵੇਦ ਵਿਚ ਲੋਕਾਂ ਦੇ ਕਿੱਤੇ ਵੱਜੋਂ ਖੇਤੀਬਾੜੀ, ਭੇਡਾਂ ਬੱਕਰੀਆਂ ਅਤੇ ਦੂਜੇ ਪਾਸੇ ਪਸ਼ੂ ਪਾਲਣ ਦਾ ਵਰਣਨ ਹੈ ਜੋ ਪੁਰਾਣੇ ਪੰਜਾਬ ਵਿਚ ਤਾਂ ਸੀ ਹੀ ਪਰ ਅੱਜ ਵੀ ਵੇਖਣ ਵਿਚ ਆਉਂਦਾ ਹੈ ਖਾਣ ਵਾਸਤੇ ਦੁੱਧ, ਦਹੀ, ਜੌਂ, ਭੁੱਜੇ ਦਾਣੇ ਅਤੇ ਪੀਣ ਲਈ ਸੁਰਾ ਦੀ ਵਰਤੋਂ ਦਾ ਵਰਣਨ ਬਿਲਕੁਲ ਪੰਜਾਬ ਦੇ ਲੋਕਾਂ ਵਰਗਾ ਹੈ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਕਿ ਰਿਗਵੇਦ ਦਾ ਪੰਜਾਬ ਨਾਲ ਬੜਾ ਗੂੜ੍ਹਾ ਸਬੰਧ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-01-11-10, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵ.: 299; ਪੰਜਾਬੀ ਭਾਸ਼ਾ ਦਾ ਪਿਛੋਕੜ -ਡਾ. ਪ੍ਰੇਮ ਪ੍ਰਕਾਸ਼ ਸਿੰਘ:148
ਵਿਚਾਰ / ਸੁਝਾਅ
Please Login First