ਰੁਬਾਈ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰੁਬਾਈ : ਰੁਬਾਈ ਛੁਟੇਰੀ ਕਵਿਤਾ ਦੀ ਇੱਕ ਵੰਨਗੀ ਹੈ। ਇਸ ਕਾਵਿ-ਵੰਨਗੀ ਦੀ ਜਨਮ ਭੂਮੀ ਇਰਾਨ ਹੈ। ਨਾ ਕੇਵਲ ਰੁਬਾਈ ਸਭ ਤੋਂ ਪਹਿਲਾਂ ਫ਼ਾਰਸੀ ਵਿੱਚ ਲਿਖੀ ਗਈ, ਸਗੋਂ ਸਭ ਤੋਂ ਉੱਤਮ ਕਿਸਮ ਦੀਆਂ ਰੁਬਾਈਆਂ ਦੀ ਰਚਨਾ ਲਈ ਵੀ ਪ੍ਰਸਿੱਧਤਾ ਫ਼ਾਰਸੀ ਕਵੀਆਂ ਦੇ ਹਿੱਸੇ ਆਈ। ਅਰਬੀ ਤੋਂ ਫ਼ਾਰਸੀ ਵਿੱਚ ਦੋ ਤੁਕਾਂ ਵਾਲੇ ਛੰਦ ਨੂੰ ਬੈਂਤ ਕਿਹਾ ਗਿਆ ਹੈ। ਇਸ ਵੰਨਗੀ ਦੀ ਛੁਟੇਰੀ ਕਵਿਤਾ ਵਿੱਚ ਦੋ ਬੈਂਤ ਹੁੰਦੇ ਹਨ ਅਰਥਾਤ ਦੋ ਸ਼ਿਅਰ ਹੁੰਦੇ ਹਨ ਜਿਸ ਕਾਰਨ ਇਸ ਨੂੰ ਦੋ ਬੈਂਤੀ ਕਿਹਾ ਗਿਆ। ਚਾਰ ਤੁਕਾਂ ਹੋਣ ਕਾਰਨ ਇਸ ਨੂੰ ਚੋ-ਮਿਸਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਰੁਬਾਈ ਵਿੱਚ ਚਾਰ ਮਿਸਰੇ ਅਰਥਾਤ ਚਾਰ ਤੁਕਾਂ ਹੁੰਦੀਆਂ ਹਨ। ਉਂਞ ਰੁਬਾਈ ਸ਼ਬਦ ਅਰਬੀ ਦਾ ਹੈ। ਰੁਬਾਈ ‘ਰੁਬਾ’ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ-ਚਾਰ। ਰੁਬਾਈ ਦੀਆਂ ਚਾਰ ਤੁਕਾਂ ਹੋਣ ਕਾਰਨ ਇਹ ਨਾਂ ਪ੍ਰਚਲਿਤ ਹੋ ਗਿਆ। ਪੰਜਾਬੀ ਵਿੱਚ ਭਾਈ ਵੀਰ ਸਿੰਘ ਨੇ ਰੁਬਾਈ ਨੂੰ ‘ਤੁਰਿਆਈ’ ਵੀ ਕਿਹਾ ਹੈ। ਇਹ ਨਾਂ ਵੀ ਪੰਜਾਬੀ ਵਿੱਚ ਪ੍ਰਚਲਿਤ ਨਹੀਂ ਹੋ ਸਕਿਆ। ਮੋਹਨ ਸਿੰਘ ਦੀਵਾਨਾ ਨੇ ਬਿਲਕੁਲ ਇਸ ਤਰ੍ਹਾਂ ਦੀ ਕਾਵਿ-ਵੰਨਗੀ ਨੂੰ ਚੋਬਰਗੇ ਦਾ ਨਾਂ ਦਿੱਤਾ ਹੈ। ਇਸ ਕਾਵਿ-ਵੰਨਗੀ ਦੀ ਤਕਨੀਕ ਨਿਸ਼ਚਿਤ ਹੈ। ਇਸ ਦੇ ਰੂਪ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਜਾ ਸਕਦੀ। ਹਰ ਕਿਸਮ ਦਾ ਵਿਸ਼ਾ-ਵਸਤੂ ਇਸ ਅੰਦਰ ਸਮੋਇਆ ਜਾ ਸਕਦਾ ਹੈ, ਸ਼ਰਤ ਕੇਵਲ ਇਹ ਹੈ ਕਿ ਵਿਸ਼ਾ ਇੱਕ ਪਰਤੀ ਹੁੰਦਾ ਹੈ। ਰੁਬਾਈ ਵਿੱਚ ਕੇਵਲ ਇੱਕ ਨੁਕਤਾ ਲੈ ਕੇ ਹੀ ਉਸ ਨੂੰ ਬੜੇ ਸੰਖੇਪ ਤੇ ਸੰਜਮੀ ਢੰਗ ਨਾਲ ਨਿਭਾਇਆ ਜਾਂਦਾ ਹੈ।
ਜਿਵੇਂ ਅਸੀਂ ਪਹਿਲਾਂ ਕਿਹਾ ਹੈ ਕਿ ਰੁਬਾਈ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਰੁਬਾਈ ਦੇ ਦੋ ਸ਼ਿਅਰ ਹੁੰਦੇ ਹਨ। ਪਹਿਲੀਆਂ ਦੋ ਤੁਕਾਂ (ਪਹਿਲਾ ਸ਼ਿਅਰ) ਬਣਤਰ ਪੱਖੋਂ ਗ਼ਜ਼ਲ ਦੇ ਮਤਲੇ (ਮੁਖੜੇ) ਨਾਲ ਬਿਲਕੁਲ ਮਿਲਦਾ-ਜੁਲਦਾ ਹੁੰਦਾ ਹੈ ਪਰ ਮਤਲੇ ਵਾਂਗ ਰੁਬਾਈ ਦੇ ਇਸ ਪਹਿਲੇ ਸ਼ਿਅਰ ਦਾ ਸੁਤੰਤਰ ਤੇ ਸੰਪੂਰਨ ਕਾਵਿਕ ਇਕਾਈ ਹੋਣਾ ਜ਼ਰੂਰੀ ਨਹੀਂ ਹੈ। ਰੁਬਾਈ ਦਾ ਪਹਿਲਾ ਸ਼ਿਅਰ ਅਰਥਾਤ ਪਹਿਲੀਆਂ ਦੋ ਤੁਕਾਂ ਦਾ ਕਾਫ਼ੀਆ ਮਿਲਦਾ ਹੈ, ਤੀਜੀ ਤੁਕ ਦਾ ਕਾਫ਼ੀਆ ਮਿਲਣਾ ਜ਼ਰੂਰੀ ਨਹੀਂ। ਕੁਝ ਸ਼ਾਇਰ ਤੀਜੀ ਤੁਕ ਦਾ ਕਾਫ਼ੀਆ ਵੀ ਮਿਲਾ ਦਿੰਦੇ ਹਨ। ਤੀਜੀ ਤੁਕ ਦਾ ਕਾਫ਼ੀਆ ਮਿਲਾਉਣਾ ਉੱਤਮ ਰੁਬਾਈ ਦੀ ਨਿਸ਼ਾਨੀ ਹੈ। ਚੌਥੀ ਤੁਕ ਦਾ ਕਾਫ਼ੀਆ ਪਹਿਲੀਆਂ ਦੋਹਾਂ ਤੁਕਾਂ ਦੇ ਕਾਫ਼ੀਏ ਨਾਲ ਮਿਲਣਾ ਜ਼ਰੂਰੀ ਹੈ। ਦੂਜੇ ਸ਼ਬਦਾਂ ਵਿੱਚ ਰੁਬਾਈ ਦੀਆਂ ਪਿਛਲੀਆਂ ਦੋ ਤੁਕਾਂ ਜਾਂ ਦੂਜਾ ਸ਼ਿਅਰ ਵੀ ਸੁਤੰਤਰ ਕਾਵਿਕ ਇਕਾਈ ਨਹੀਂ ਹੁੰਦਾ। ਇਸ ਤਰ੍ਹਾਂ ਰੁਬਾਈ ਅਤੇ ਗ਼ਜ਼ਲ ਦੀ ਬਣਤਰ ਦੀ ਸਾਂਝ ਕੇਵਲ ਤਕਨੀਕੀ ਹੈ। ਇਹ ਤਕਨੀਕੀ ਸਾਂਝ ਵੀ ਕੇਵਲ ਤੁਕਾਂਤ ਮੇਲ ਤੱਕ ਹੀ ਸੀਮਿਤ ਹੈ।
ਰੁਬਾਈ ਦਾ ਅਰੰਭ ਇਰਾਨ ਵਿੱਚ ਹੋਣ ਕਰ ਕੇ ਗ਼ਜ਼ਲ ਵਾਂਗ ਰੁਬਾਈ ਦਾ ਮੋਢੀ ਕਵੀ ਰੂਦਕੀ ਹੈ। ਉਂਞ ਉਮਰ ਖ਼ਿਆਮ ਫ਼ਾਰਸੀ ਰੁਬਾਈ ਦਾ ਬਾਬਾ ਆਦਮ ਮੰਨਿਆ ਜਾਂਦਾ ਹੈ।ਉਮਰ ਖ਼ਿਆਮ ਤੋਂ ਇਲਾਵਾ ਫ਼ਾਰਸੀ ਵਿੱਚ ਸੁਲਤਾਨ ਅਬੂ ਸਈਦ ਅਬੁਲ ਖੈਰ, ਬਾਬਾ ਤਾਹਿਰ ਤੇ ਅਬਦੁੱਲਾ ਅਨਸਾਰੀ ਨੇ ਵੀ ਰੁਬਾਈਆਂ ਦੀ ਰਚਨਾ ਕੀਤੀ ਹੈ।
ਜੁਗਿੰਦਰ ਸਿੰਘ ਅਨੁਸਾਰ ਰੁਬਾਈਆਂ ਦੀ ਰਚਨਾ ਲਈ 24 ਵਜ਼ਨ (ਤੋਲ) ਨਿਸ਼ਚਿਤ ਹਨ, ਫ਼ਾਰਸੀ ਵਿੱਚ ਕੁਝ ਵਿਦਵਾਨਾਂ ਨੇ ਤਾਂ ਇਹਨਾਂ 24 ਵਜ਼ਨਾਂ ’ਤੇ ਆਧਾਰਿਤ ਚਾਰ ਤੁਕਾਂ ਵਾਲੀ ਰਚਨਾ ਨੂੰ ਹੀ ਰੁਬਾਈ ਮੰਨਿਆ ਹੈ। ਜੇ ਇਹਨਾਂ ਵਜ਼ਨਾਂ ਨੂੰ ਕੋਈ ਸ਼ਾਇਰ ਰੁਬਾਈ ਲਈ ਨਹੀਂ ਅਪਣਾਉਂਦਾ ਤਾਂ ਇਹ ਵਿਦਵਾਨ ਉਸ ਨੂੰ ਰੁਬਾਈ ਦੀ ਥਾਂ ਕਤਅ ਆਖਦੇ ਹਨ। (ਕਤਅ ਉਰਦੂ ਦੀ ਇੱਕ ਹਰਮਨਪਿਆਰੀ ਕਾਵਿ-ਵੰਨਗੀ ਹੈ।)
ਫ਼ਾਰਸੀ ਤੋਂ ਪਿੱਛੋਂ ਉਰਦੂ ਤੇ ਉਰਦੂ ਤੋਂ ਪਿੱਛੋਂ ਪੰਜਾਬੀ ਵਿੱਚ ਰੁਬਾਈ ਪ੍ਰਚਲਿਤ ਹੋਈ। ਪੰਜਾਬੀ ਵਿੱਚ ਤਕਨੀਕੀ ਪੱਖੋਂ ਇਸ ਦੇ ਦੋ ਰੂਪ ਪ੍ਰਚਲਿਤ ਹਨ। ਰੁਬਾਈ ਦਾ ਪਹਿਲਾ ਤਕਨੀਕੀ ਰੂਪ ਇਹ ਹੈ ਜਿਸ ਵਿੱਚ ਪਹਿਲੀਆਂ ਦੋ ਤੁਕਾਂ ਦਾ ਕਾਫ਼ੀਆ ਮਿਲਦਾ ਹੈ, ਤੀਸਰੀ ਤੁਕ ਦਾ ਕਾਫ਼ੀਆ ਨਹੀਂ ਮਿਲਦਾ। ਚੌਥੀ ਤੁਕ ਦਾ ਕਾਫ਼ੀਆ ਫੇਰ ਪਹਿਲੀਆਂ ਦੋ ਤੁਕਾਂ ਨਾਲ ਮਿਲਦਾ ਹੈ, ਜਿਵੇਂ :
ਜਦ ਕਦੇ ਵੀ ਰਲ ਤੁਰੇ ਹਨ ਕਾਫ਼ਲੇ
ਆਪ ਆ ਕੇ ਪੈਰ ਚੁੰਮਦੇ ਫ਼ਾਸਲੇ
ਲੱਖਾਂ ਤਾਰੇ ਜੁੜ ਕੇ ਜਦ ਕਰਦੇ ਯਤਨ
ਰਾਤ ਦੀ ਕਾਲਖ ’ਚੋਂ ਨਿੱਘੀ ਧੁੱਪ ਖਿਲੇ।
(ਰਾਮ ਲਾਲ ਪ੍ਰੇਮੀ)
ਪੰਜਾਬੀ ਵਿੱਚ ਰੁਬਾਈ ਦਾ ਦੂਜਾ ਤਕਨੀਕੀ ਰੂਪ ਇਹ ਹੈ ਕਿ ਇਸ ਦੀਆਂ ਚਾਰੇ ਤੁਕਾਂ ਦਾ ਤੁਕਾਂਤ ਮਿਲਦਾ ਹੈ। ਜਿਵੇਂ :
ਰੋਜ਼ਾ ਤੇਰਾ ਸੋਹਣੀਏ, ਲੋਕਾਂ ਲਈ ਮਸਾਨ
ਪਰ ਸ਼ਾਇਰ ਦੀ ਨਜ਼ਰ ਵਿੱਚ, ਇਹ ਇਕ ਪਾਕ ਕੁਰਾਨ
ਤੇੜਾਂ ਇਹਦੀਆਂ ਆਇਤਾਂ, ਜੇ ਪੜ੍ਹੀਏ ਨਾਲ ਧਿਆਨ
ਖ਼ੁਦੀ ਤਕੱਬਰ ਛੱਡ ਕੇ, ਬਣ ਜਾਈਏ ਇਨਸਾਨ।
(ਮੋਹਨ ਸਿੰਘ)
ਪੰਜਾਬੀ ਵਿੱਚ ਰੁਬਾਈ ਦਾ ਅਰੰਭ ਭਾਈ ਵੀਰ ਸਿੰਘ ਤੋਂ ਹੁੰਦਾ ਹੈ। ਉਸ ਨੇ ਅਰਬੀ, ਫ਼ਾਰਸੀ ਛੰਦ ਅਰਥਾਤ ਅਰੂਜ਼ ਦੀ ਥਾਂ ਤੋਲ ਲਈ ਭਾਰਤੀ ਛੰਦ ਨੂੰ ਅਪਣਾਇਆ। ਉਸ ਦੀਆਂ ਸਾਰੀਆਂ ਰੁਬਾਈਆਂ 16+12=28 ਦੇ ਮਾਤ੍ਰਿਕ ਛੰਦ ਵਿੱਚ ਹਨ। ਇਹ ਤੋਲ ਦਵੱਈਏ ਛੰਦ ਦਾ ਹੈ। ਪੰਜਾਬੀ ਵਿੱਚ ਕੁਝ ਵਿਦਵਾਨਾਂ ਨੇ ਰੁਬਾਈ ਨੂੰ ਇੱਕ ਛੰਦ ਮੰਨ ਕੇ ਭਾਈ ਵੀਰ ਸਿੰਘ ਦੀ ਤਕਨੀਕ ਨੂੰ ਹੀ ਰੁਬਾਈ ਲਈ ਸੰਪੂਰਨ ਤਕਨੀਕ ਮੰਨਿਆ ਹੈ ਪਰ ਪੰਜਾਬੀ ਦੇ ਕੁਝ ਹੋਰ ਸ਼ਾਇਰਾਂ ਨੇ ਹੋਰ ਤੋਲ ਲੈ ਕੇ ਵੀ ਰੁਬਾਈਆਂ ਦੀ ਰਚਨਾ ਕੀਤੀ ਹੈ।
ਰੁਬਾਈ ਦਾ ਵਿਸ਼ਾ-ਵਸਤੂ ਕੋਈ ਵੀ ਹੋ ਸਕਦਾ ਹੈ। ਕਵੀ ਪਹਿਲੀਆਂ ਦੋ ਤੁਕਾਂ ਵਿੱਚ ਆਪਣੇ ਵਿਸ਼ੇ ਦਾ ਮੁੱਢ ਬੰਨ੍ਹਦਾ ਹੈ। ਤੀਸਰੀ ਤੁਕ ਵਿੱਚ ਕਵੀ ਦਾ ਆਸ਼ਾ ਆਪਣੇ ਸਿਖਰ ਵੱਲ ਨੂੰ ਜਾਂਦਾ ਹੈ। ਚੌਥੀ ਤੁਕ ਵਿੱਚ ਤੋੜਾ ਝੜਦਾ ਹੈ ਤੇ ਕਵੀ ਦਾ ਮੰਤਵ ਬਿਲਕੁਲ ਸਪਸ਼ਟ ਹੋ ਜਾਂਦਾ ਹੈ।
ਰੁਬਾਈ ਦੇ ਵਿਸ਼ਾ-ਵਸਤੂ ਦੀ ਭਿੰਨਤਾ ਨੂੰ ਸਪਸ਼ਟ ਕਰਨ ਲਈ ਅਸੀਂ ਪੰਜਾਬੀ ਕਵਿਤਾ ਵਿੱਚੋਂ ਕੁਝ ਉਦਾਹਰਨਾਂ ਪੇਸ਼ ਕਰਾਂਗੇ, ਜਿਨ੍ਹਾਂ ਵਿੱਚ ਨੈਤਿਕ ਮੁੱਲਾਂ ਤੋਂ ਲੈ ਕੇ ਧਾਰਮਿਕ, ਸਮਾਜਿਕ ਅਤੇ ਅਗਾਂਹਵਧੂ ਹਰ ਕਿਸਮ ਦੇ ਵਿਸ਼ੇ ਆ ਜਾਂਦੇ ਹਨ :
ਨੈਤਿਕਵਾਦੀ (ਵਿਅੰਗਾਤਮਿਕ ਸ਼ੈਲੀ ਵਿੱਚ) :
ਵਿੱਚ ਕਲੱਬਾਂ ਮੰਮੀ ਪਾਪਾ ਜਾਂਦੇ ਨੇ ਮੁਸਕਾ ਕੇ
ਕੋਈ ਫ਼ਿਕਰ ਨਾ ਉਹਨਾਂ ਤਾਈਂ ਬਾਹਰੋਂ ਆਵਣ ਖਾ ਕੇ
ਨੌਕਰ ਚਾਕਰ ਮੁੰਡੂ ਘਰ ਵਿੱਚ ਬੱਚੇ ਫ਼ਿਰਨ ਅਵਾਰਾ
ਕਰਦੇ ਡਾਂਸ ਬੈਡਰੂਮ ਵਿੱਚ ਡਿਸਕੋ ਟੇਪਾਂ ਲਾ ਕੇ (ਕਰਤਾਰ ਸਿੰਘ ਪੰਛੀ)
ਧਾਰਮਿਕ (ਰਹੱਸਵਾਦੀ ਸ਼ੈਲੀ ਵਿੱਚ) :
ਜੀ ਮੇਰੇ ਕੁਛ ਹੁੰਦਾ ਸਈਓ ਉਡਦਾ ਹੱਥ ਨਾ ਆਵੇ
ਕੱਤਣ, ਤੁੰਮਣ, ਹੱਸਣ, ਖੇਡਣ, ਖਾਵਣ ਮੂਲ ਨਾ ਭਾਵੇ
ਨੈਣ ਭਰਨ, ਖਿੱਚ ਚੜ੍ਹੇ ਕਾਲਜੇ ਬਉਰਾਨੀ ਹੋ ਜਾਵਾਂ
ਤ੍ਰਿੰਞਣ ਦੇਸ਼ ਬਿਗਾਨਾ ਦਿੱਸੇ, ਘਰ ਖਾਵਣ ਨੂੰ ਆਵੇ (ਭਾਈ ਵੀਰ ਸਿੰਘ)
ਸਮਾਜਕ/ਸੁਧਾਰਵਾਦੀ :
ਉੱਠ ਮਨਾਂ! ਚੱਲ ਨੱਸ ਚੱਲ ਏਥੋਂ, ਕੱਛ ਵਿੱਚ ਮਾਰ ਮੁਸੱਲਾ
ਇਸ ਮਸਜਿਦ ਦਾ ਮਾਲਕ ਹੈ ਈ ਮੁੱਲਾਂ ਇੱਕ ਇਕੱਲਾ
ਅੱਲ੍ਹਾ ਮੁੱਲਾਂ ਇਕੋ ਥਾਵੇਂ ? ਇਹ ਗੱਲ ਹੈ ਅਣਹੋਣੀ
ਜਿੱਥੋਂ ਮੁਸ਼ਕ ਮੁੱਲਾਂ ਦੀ ਆਵੇ, ਉਥੋਂ ਨੱਸ ਜਾਏ ਅੱਲ੍ਹਾ (ਦਰਸ਼ਨ ਸਿੰਘ ਅਵਾਰਾ)
ਉਪਰੋਕਤ ਵਿਸ਼ਿਆਂ ਤੋਂ ਇਲਾਵਾ ਇਸ਼ਕ-ਮੁਹੱਬਤ, ਦੋਸਤੀ, ਜ਼ਿੰਦਗੀ, ਮੌਤ, ਗ਼ਮ, ਅਮਲ ਆਦਿ ਫ਼ਲਸਫ਼ੀ (ਦਾਰਸ਼ਨਿਕ) ਵਿਸ਼ਿਆਂ ਨੂੰ ਰੁਬਾਈ ਵਿੱਚ ਨਿਭਾਇਆ ਗਿਆ ਹੈ।
ਪੰਜਾਬੀ ਵਿੱਚ ਰੁਬਾਈ ਦੇ ਰਚਨਹਾਰਿਆਂ ਵਿੱਚ ਭਾਈ ਵੀਰ ਸਿੰਘ, ਮੋਹਨ ਸਿੰਘ ਦੀਵਾਨਾ, ਧਨੀ ਰਾਮ ਚਾਤ੍ਰਿਕ, ਮੌਲਾ ਬਖ਼ਸ਼ ਕੁਸ਼ਤਾ, ਮੋਹਨ ਸਿੰਘ ਅਤੇ ਦਰਸ਼ਨ ਸਿੰਘ ਅਵਾਰਾ ਤੋਂ ਇਲਾਵਾ ਅਵਤਾਰ ਸਿੰਘ ਅਜ਼ਾਦ, ਪਿਆਰਾ ਸਿੰਘ ਸਹਿਰਾਈ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਬਰਕਤ ਰਾਮ ਯੁਮਨ ਆਦਿ ਨਾਂ ਵਰਣਨਯੋਗ ਹਨ। ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਤੋਂ ਗ਼ਜ਼ਲ ਦੇ ਨਾਲ-ਨਾਲ ਰੁਬਾਈ ਰਚਨ ਦਾ ਸ਼ੌਕ ਮੁੜ ਜਾਗਿਆ ਹੈ। ਗੁਰਚਰਨ ਸਿੰਘ, ਕਰਤਾਰ ਸਿੰਘ ਪੰਛੀ, ਰਾਮ ਲਾਲ ਪ੍ਰੇਮੀ ਅਤੇ ਬਹੁਤ ਸਾਰੇ ਹੋਰ ਕਵੀ ਗ਼ਜ਼ਲ ਦੇ ਨਾਲ-ਨਾਲ ਰੁਬਾਈਆਂ ਵੀ ਰਚ ਰਹੇ ਹਨ।
ਲੇਖਕ : ਸ. ਤਰਸੇਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਰੁਬਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੁਬਾਈ [ਨਾਂਇ] ਚਾਰ ਤੁਕਾਂ ਵਾਲ਼ਾ ਇੱਕ ਕਾਵਿ-ਰੂਪ ਜਿਸ ਦੀ ਪਹਿਲੀ ਦੂਜੀ ਅਤੇ ਚੌਥੀ ਤੁਕ ਦਾ ਕਾਫ਼ੀਆ ਮੇਲ ਖਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰੁਬਾਈ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰੁਬਾਈ : ‘ਰੁਬਾਈ’ ਅਰਬੀ ਸ਼ਬਦ ਹੈ ਅਤੇ ‘ਰੁਬਾਅ’ ਤੋ ਬਣਿਆ ਹੈ ਜਿਸ ਦੇ ਅਰਥ ਹਨ ਚਾਰ ਚਾਰ। ਇਸ ਤਰ੍ਹਾਂ ਰੁਬਾਈ ਤੋਂ ਭਾਵ ਹੈ ਅਜਿਹਾ ਕਾਵਿ ਜਿਸ ਵਿਚ ਚਾਰ ਹਮਵਜ਼ਨ ਤੁਕਾਂ ਸ਼ਾਮਲ ਹੋਣ। ਈਰਾਨ ਦੇ ਪ੍ਰਾਚੀਨ ਕਾਵਿ ਵਿਚ ਇਸ ਦਾ ਨਾਂ ਦੋ ਬੈਂਤੀ ਵੀ ਇਸੇ ਕਰਕੇ ਪਿਆ ਲੱਗਦਾ ਹੈ। ਸਮਾਂ ਪਾ ਕੇ ਇਸ ਦੀ ਬਣਤਰ ਵਿਚ ਕੁਝ ਵਿਕਾਸ/ਪਰਿਵਰਤਨ ਹੋਇਆ ਅਤੇ ਰੁਬਾਈ ਦਾ ਇਕ ਖ਼ਾਸ ਪੈਟਰਨ ਕਾਇਮ ਹੋ ਗਿਆ ਜਿਸ ਅਨੁਸਾਰ ਰੁਬਾਈ ਵਿਚ ਆਈਆਂ ਪਹਿਲੀ, ਦੂਜੀ ਤੇ ਚੌਥੀ ਤੁਕਾਂ ਹਮਕਾਫ਼ੀਆ ਮੰਨੀਆਂ ਗਈਆਂ ਹਨ, ਪਰ ਤੀਜੀ ਤੁਕ ਇਨ੍ਹਾਂ ਨਾਲ ਹਮਕਾਫ਼ੀਆ ਨਹੀਂ ਹੁੰਦੀ। ਫ਼ਾਰਸੀ ਆਲੋਚਕਾਂ ਅਨੁਸਾਰ ਜੇ ਰੁਬਾਈ ਦੀਆਂ ਚਾਰੇ ਤੁਕਾਂ ਹਮਕਾਫ਼ੀਆ ਹੋਣ ਤਾਂ ਚੰਗਾ ਸਮਝਿਆ ਜਾਂਦਾ ਹੈ।
ਈਰਾਨ ਵਿਚ ਪਹਿਲਾ ਰੁਬਾਈ ਲੇਖਕ ਰੂਦਕੀ ਮੰਨਿਆ ਜਾਂਦਾ ਹੈ। ਪਰ ਇਸ ਕਾਵਿ–ਰੂਪ ਵਿਚ ਨਿਗਰ ਤੇ ਵਿਸ਼ੇਸ਼ ਵਾਧਾ ਕਰਨ ਵਾਲੇ ਸੂਫ਼ੀ ਕਵੀ ਹਨ ਜਿਨ੍ਹਾਂ ਵਿਚ ਅਬੂਸਈਦ ਅਬੂਅਲਖ਼ਰ ਅਤੇ ਉਮਰ ਖ਼ਿਆਮ ਦੇ ਨਾਂ ਖ਼ਾਸ ਵਰਣਨ–ਯੋਗ ਹਨ। ਉਮਰ–ਖ਼ਿਆਮ ਦੀਆਂ ਕੁਝ ਅਜਿਹੀਆਂ ਰੁਬਾਈਆਂ ਵੀ ਪ੍ਰਾਪਤ ਹਨ ਜਿਨ੍ਹਾਂ ਦੀਆਂ ਚਾਰੇ ਤੁਕਾਂ ਹਮਕਾਫ਼ੀਆ ਹਨ।
ਰੁਬਾਈ ਲਈ ਕੋਈ ਖ਼ਾਸ ਵਜ਼ਨ/ਤੋਲ ਨਿਯਤ ਨਹੀਂ। ਅਨੇਕ ਵਜ਼ਨਾਂ ਵਿਚ ਰੁਬਾਈ ਦੀ ਰਚਨਾ ਹੋਈ ਮਿਲਦੀ ਹੈ। ਪੰਜਾਬੀ ਵਿਚ ਪਹਿਲੀ ਵਾਰ ਸਫ਼ਲ ਰੁਬਾਈਆਂ ਭਾਈ ਵੀਰ ਸਿੰਘ ਨੇ ਲਿਖੀਆਂ ਹਨ :
ਸੀਨੇ ਖਿਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ,
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ;
ਇਕੋ ਲਗਨ ਲਗੀ ਲਈ ਜਾਂਦੀ, ਹੈ ਟੋਰ ਅਨੰਤ ਉਨ੍ਹਾਂ ਦੀ,
ਵਸਲੋਂ ਉਰੇ ਮਕਾਮ ਨਹੀਂ ਕੋਈ, ਸੋ ਚਾਲ ਪਏ ਨਿਤ ਰਹਿੰਦੇ।
ਰੁਬਾਈ ਦੀ ਤੀਜੀ ਤੁਕ ਜੋ ਬਾਕੀ ਤੁਕਾਂ ਨਾਲ ਹਮਕਾਫ਼ੀਆ ਨਹੀਂ ਹੁੰਦੀ, ਰੁਬਾਈ ਦੀ ਦਿਲਕਸ਼ੀ ਵਿਚ ਵਾਧਾ ਕਰਦੀ ਹੈ।
ਹਰ ਰੁਬਾਈ ਵਿਚ ਇਕ ਖ਼ਿਆਲ ਦੀ ਉਸਾਰੀ ਬੜੇ ਕਲਾਮਈ ਢੰਗ ਨਾਲ ਕੀਤੀ ਜਾਂਦੀ ਹੈ। ਆਰੰਭ ਦੀਆਂ ਦੋ ਤੁਕਾਂ ਵਿਚ ਇਕ ਖ਼ਿਆਲ ਪੇਸ਼ ਹੁੰਦਾ ਹੈ। ਤੀਜੀ ਤੁਕ ਵਿਚ ਕਟਾਖ਼ਸ਼ ਹੁੰਦਾ ਹੈ ਤੇ ਚੌਥੀ ਤੁਕ ਅੰਤਿਮ ਸਿੱਟਾ ਪੇਸ਼ ਕਰਦੀ ਹੈ। ਸਾਡੇ ਜੀਵਨ ਦੀ ਡੋਰ ਪਿਆਰੇ ਦੇ ਹੱਥ ਵਿਚ ਹੈ, ਉਹ ਜਿਵੇਂ ਚਾਹੇ ਨਚਾ ਸਕਦਾ ਹੈ :
ਮੈਂ ਬਿਜਲੀ ਦੀ ਬਤੀ ਵਾਂਗੂੰ, ਹਥ ਬਟਨ ਤੇ ਤੇਰਾ
ਜਦੋਂ ਚਾਹੇ ਕਰ ਦਿਖਲਾਏਂ, ਰੋਸ਼ਨ ਮੁਖੜਾ ਮੇਰਾ
ਤੇਰੀ ਇਛਿਆ ਪੂਰਣ ਹੋਵੇ, ਇਹੋ ਇੱਛਿਆ ਮੇਰੀ,
ਮੈਂ ਆਜਿਜ਼ ਜੀਵਨ ਸੰਦਾ, ਹੈ ਤੇਰੇ ਸਿਰ ਸਿਹਰਾ। ––(ਸ਼ਾਮਦਾਸ ਆਜਿਜ਼)
ਡਾ. ਮੋਹਨ ਸਿੰਘ ਦੀਵਾਨਾਂ ਨੇ ਪੰਜਾਬੀ ਵਿਚ ਬਹੁਤ ਸਾਰੀਆਂ ਰੁਬਾਈਆਂ ਲਿਖੀਆਂ ਹਨ ਜੋ ਉਨ੍ਹਾਂ ਦੀ ਕਾਵਿ–ਰਚਨਾ ‘ਮਸਤੀ’ ਵਿਚ ਦਰਜ ਹਨ। ‘ਮਸਤੀ’ ਦੀਆਂ ਕਈ ਰੁਬਾਈਆਂ ਵਿਚ ਚਾਰੇ ਤੁਕਾਂ ਹਮਕਾਫ਼ੀਆ ਵੀ ਹਨ।
ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਪੰਜਾਬੀ ਵਿਚ ਰੁਬਾਈ ਲਈ ਜੋ ਛੰਦ ਪ੍ਰਚੱਲਿਤ ਹੈ ਉਸ ਦੀ ਹਰ ਤੁਕ ਵਿਚ 28 ਮਾਤ੍ਰਾਂ ਹੁੰਦੀਆਂ ਹਨ ਅਤੇ ਵਿਸ਼੍ਰਾਮ 16, 12 ਪੁਰ ਹੈ। ਇਹ ਗੱਲ ਕਿਸੇ ਹਦ ਤਕ ਠੀਕ ਹੈ ਪਰ ਹਰਥਾਂ ਲਾਜ਼ਮੀ ਤੌਰ ਪੁਰ ਲਾਗੂ ਨਹੀਂ ਹੁੰਦੀ। ਬਹੁਤ ਸਾਰੀਆਂ ਰੁਬਾਈਆਂ ਵਿਚ ਮਾਤ੍ਰਾਂ ਵੱਧ ਘੱਟ ਵੀ ਆਈਆਂ ਹਨ।
[ਸਹਾ. ਗ੍ਰੰਥ––ਤੇਜਾ ਸਿੰਘ, ਕਰਮ ਸਿੰਘ : ‘ਪੰਜਾਬੀ ਪਿੰਗਲ’; ਰੂਹੀ : ‘ਦਬੀਰ;–ਅਜਮ’, ‘ਬਹਾਰੇ–ਅਜਮ’, ‘ਲਿਸਾਨੁਲ–ਬਿਆਨ’ (ਫ਼ਾ.)]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no
ਰੁਬਾਈ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰੁਬਾਈ : ਰੁਬਾਈ ਫ਼ਾਰਸੀ ਦਾ ਪ੍ਰਸਿੱਧ ਕਾਵਿ-ਰੂਪ ਹੈ ਪਰ ਕੁਝ ਵਿਦਵਾਨਾਂ ਨੇ ਇਸ ਨੂੰ ਛੰਦ ਮੰਨਿਆ ਹੈ। ਰੁਬਾਈ ਸ਼ਬਦ ‘ਰੁਬਾਅ’ ਧਾਤ ਤੋਂ ਬਣਿਆ ਹੈ ਜਿਸ ਦਾ ਅਰਥ ਚਾਰ ਹੈ। ਇਹ ਇਕ ਅਜਿਹਾ ਕਾਵਿ-ਰੂਪ ਹੈ ਜਿਸ ਦੀਆਂ ਚਾਰ ਪੰਗਤੀਆਂ ਹੁੰਦੀਆਂ ਹਨ। ਇਹ ਚਾਰੇ ਹਮਕਾਫ਼ੀਆ ਹੁੰਦੀਆਂ ਹਨ ਪਰ ਜੇਕਰ ਤੀਸਰੀ ਤੁਕ ਦਾ ਤੁਕਾਂਤ ਬਾਕੀਆਂ ਨਾਲ ਨਾ ਮਿਲੇ ਤਾਂ ਹਰਜ ਨਹੀਂ ਸਮਝਿਆ ਜਾਂਦਾ। ਰੁਬਾਈ ਦੀ ਚੌਥੀ ਤੁਕ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਇਸ ਦੀ ਸੰਪੂਰਨਤਾ ਤੇ ਕਮਾਲ ਉੱਪਰ ਸਾਰੀ ਰੁਬਾਈ ਨਿਰਭਰ ਕਰਦੀ ਹੈ। ਆਲੋਚਕ ਇਹ ਕਹਿੰਦੇ ਹਨ ਕਿ ਪਹਿਲੀਆਂ ਦੋ ਤੁਕਾਂ ਸਮਾਂ ਬੰਨ੍ਹਣ ਲਈ ਹੁੰਦੀਆਂ ਹਨ।
ਈਰਾਨੀ ਲੇਖਕ ਰੁਦਕੀ ਨੇ ਸਭ ਤੋਂ ਪਹਿਲਾਂ ਰੁਬਾਈਆਂ ਲਿਖੀਆਂ ਪਰ ਰੁਬਾਈ ਦੇ ਖੇਤਰ ਵਿਚ ਉਮਰ ਖ਼ਿਆਮ ਨੇ ਬੜੀ ਪ੍ਰਸਿੱਧੀ ਹਾਸਲ ਕੀਤੀ। ਉਰਦੂ ਵਿਚ ਬਹੁਤ ਸਾਰੇ ਸ਼ਾਇਰਾਂ ਨੇ ਇਸ ਕਾਵਿ-ਰੂਪ ਤੇ ਹੱਥ ਅਜ਼ਮਾਈ ਕੀਤੀ। ਪੰਜਾਬੀ ਵਿਚ ਇਸ ਦਾ ਪ੍ਰਵੇਸ਼ ਭਾਈ ਵੀਰ ਸਿੰਘ ਦੀ ਕਵਿਤਾ ਨਾਲ ਹੁੰਦਾ ਹੈ ਜਿਸ ਨੂੰ ਉਨ੍ਹਾਂ ਨੇ ‘ਤੁਰਿਆਈ’ ਨਾਂ ਦਿੱਤਾ। ਡਾ. ਮੋਹਨ ਸਿੰਘ ਦੀਵਾਨਾ ਨੇ ‘ਮਸਤੀ’ ਵਿਚ ਰੁਬਾਈ ਦੇ ਅਨੇਕ ਰੂਪ ਦਿੱਤੇ ਹਨ। ਇਨ੍ਹਾਂ ਤੋਂ ਇਲਾਵਾ ਪ੍ਰੋ. ਮੋਹਨ ਸਿੰਘ, ਡਾ. ਦੀਵਾਨ ਸਿੰਘ, ਬਿਸਮਿਲ ਫ਼ਰੀਦਕੋਟੀ, ਡਾ. ਫ਼ਕੀਰ ਮੁਹੰਮਦ ਫ਼ਕੀਰ, ਡਾ. ਅਜੀਤ ਸਿੰਘ ਸਿੱਕਾ ਆਦਿ ਕਵੀਆਂ ਨੇ ਰੁਬਾਈਆਂ ਲਿਖੀਆਂ। ਪੰਜਾਬੀ ਵਿਚ ਉਮਰ ਖ਼ਿਆਮ ਤੇ ਸਮਰਮੈਟ ਦੀਆਂ ਰੁਬਾਈਆਂ ਦੇ ਕਾਵਿ ਅਨੁਵਾਦ ਵੀ ਹੋਏ ਹਨ।
ਇਸ ਨੂੰ ਛੰਦ ਦਾ ਰੂਪ ਮੰਨਣ ਵਾਲੇ ਵਿਦਵਾਨਾਂ ਅਨੁਸਾਰ ਇਸ ਦੀ ਹਰ ਪੰਗਤੀ ਵਿਚ 28 ਮਾਤਰਾਵਾਂ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 16 ਤੇ ਅਤੇ ਦੂਜਾ 12 ਮਾਤਰਾ ਤੇ ਹੁੰਦਾ ਹੈ। ਪਹਿਲੀ, ਦੂਜੀ ਤੇ ਚੌਥੀ ਪੰਗਤੀ ਹਮਕਾਫ਼ੀਆ ਹੁੰਦੀ ਹੈ ਤੀਸਰੀ ਦਾ ਤੁਕਾਂਤ ਮੇਲ ਨਹੀਂ ਖਾਂਦਾ
ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ।
ਦੁੱਖ ਚਾਕ ਦਾ ਸੈਦੇ ਦੀ ਜ਼ਬਾਨੀ ਨਾ ਸੁਣੋ।
ਛੇੜੀ ਹੈ ਜਮਾਨੇ ਨੇ ਅਵਾਮਾਂ ਦੀ ਕਥਾ,
ਰਾਜੇ ਜਾਂ ਨਵਾਬਾਂ ਦੀ ਕਹਾਣੀ ਨਾ ਸੁਣੋ।
ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਸਾਹਿਤ ਵਿਚ ਸਫ਼ਲ ਰੁਬਾਈ ਲੇਖਕ ਮੰਨਿਆ ਗਿਆ ਹੈ :-
ਸੀਨੇ ਖਿਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ, ਹੈ ਟੋਰ ਅਨੰਤ ਉਨ੍ਹਾਂ ਦੀ।
ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-01-48-45, ਹਵਾਲੇ/ਟਿੱਪਣੀਆਂ: ਹ. ਪੁ. –ਆਧੁਨਿਕ ਪੰਜਾਬੀ ਕਾਵਿ ਰੂਪ ਅਧਿਐਨ -ਡਾ. ਸਤਿੰਦਰ ਸਿੰਘ; ਮੁਕੱਦਸ ਸ਼ਿਅਰੋ ਸ਼ਾਇਰੀ - ਭਾ. ਵਿ. ਪੰ.; ਪੰ. ਸਾ. ਕੋ. - ਕੋਹਲੀ
ਵਿਚਾਰ / ਸੁਝਾਅ
Please Login First