ਰੂਪ-ਗਠਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਰੂਪ-ਗਠਨ: ਇਸ ਸੰਕਲਪ ਦੀ ਵਰਤੋਂ ਸ਼ਬਦ ਦੀ ਇਕ ਇਕਾਈ ਵਜੋਂ ਸਥਾਪਤੀ ਲਈ ਉਸ ਦੀਆਂ ਵਿਸ਼ੇਸ਼ਤਾਈਆਂ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਹੈਲੀਡੇ ਨੇ ਇਸ ਦੀ ਵਰਤੋਂ ਦਾ ਘੇਰਾ ਵਿਸਤ੍ਰਿਤ ਕੀਤਾ ਹੈ। ਉਸ ਨੇ ਇਸ ਸੰਕਲਪ ਨੂੰ ਪਾਠ-ਭਾਸ਼ਾ ਵਿਗਿਆਨ ਦੇ ਘੇਰੇ ਵਿਚ ਲਿਆਂਦਾ ਹੈ ਅਤੇ ਉਸ ਅਨੁਸਾਰ ਇਸ ਦੀ ਸੀਮਾ ਕੇਵਲ ਵਾਕ ਨਹੀਂ ਸਗੋਂ ਡਿਸਕੋਰਸ ਹੈ। ਕਿਸੇ ਰਚਨਾ ਵਿਚ ਸਤਹੀ ਪੱਧਰ ’ਤੇ ਵਿਚਰਨ ਵਾਲੇ ਸ਼ਬਦ ਰੂਪ ਵਿਆਕਰਨ ਦੇ ਨਿਯਮਾਂ ਵਿਚ ਬੱਝੇ ਹੋਏ ਹੁੰਦੇ ਹਨ। ਇਨ੍ਹਾਂ ਨਿਯਮਾਂ ਜਾਂ ਸਬੰਧਾਂ ਕਰਕੇ ਪਾਠ ਦੇ ਵੱਖੋ ਵੱਖਰੇ ਅੰਗ ਪਾਠ ਦੀ ਸਿਰਜਨਾ ਕਰਦੇ ਹਨ। ਇਨ੍ਹਾਂ ਸਬੰਧਾਂ ਨੂੰ ਭਾਸ਼ਾ ਦੇ ‘ਕੜੀਦਾਰ ਸਬੰਧ’ ਸੰਕਲਪ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਵਾਕੰਸ਼, ਉਪਵਾਕ ਜਾਂ ਵਾਕ ਦੇ ਪੱਧਰ ਤੇ ਵਿਚਰਦੇ ਹਨ ਅਤੇ ਇਨ੍ਹਾਂ ਦੀ ਵਿਚਰਨ ਤਰਤੀਬ ਵਿਆਕਰਨਕ ਨਿਯਮਾਂ ਅਤੇ ਸਬੰਧਾਂ ’ਤੇ ਅਧਾਰਤ ਹੁੰਦੀ ਹੈ। ਇਕਾਈ ਦੀ ਅੰਦਰੂਨੀ ਤਰਤੀਬ ਨੂੰ ਨਹੀਂ ਤੋੜਿਆ ਜਾ ਸਕਦਾ ਪਰੰਤੂ ਇਕਾਈ ਦੇ ਵਿਚਰਨ ਦੀ ਬਾਹਰੀ ਤਰਤੀਬ ਨੂੰ ਭੰਗ ਕੀਤਾ ਜਾ ਸਕਦਾ ਹੈ ਜਿਸ ਨੂੰ ਪਾਠ-ਭਾਸ਼ਾ ਵਿਗਿਆਨ ਵਿਚ ਪਰਾਹਨ ਦੀ ਵਿਧੀ ਕਿਹਾ ਜਾਂਦਾ ਹੈ। ਰੂਪ-ਗਠਨ ਦੋ ਪਰਕਾਰ ਦਾ ਹੁੰਦਾ ਹੈ : (i) ਵਿਆਕਰਨਕ ਅਤੇ (ii) ਸ਼ਾਬਦਕ। ਵਿਆਕਰਨਕ ਰੂਪ-ਗਠਨ ਦੇ ਅੰਤਰਗਤ, ਵਾਕੰਸ਼, ਉਪਵਾਕ ਅਤੇ ਵਾਕ ਇਕਾਈਆਂ ਦੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਨੂੰ ਅਧਾਰ ਬਣਾਇਆ ਜਾਂਦਾ ਹੈ। ਇਨ੍ਹਾਂ ਇਕਾਈਆਂ ਵਿਚ ਦੋ ਪਰਕਾਰ ਦੇ ਸ਼ਬਦ ਰੂਪ ਵਿਚਰ ਸਕਦੇ ਹਨ ਜੋ ਭਾਵ-ਵਾਹਕ ਹੁੰਦੇ ਹਨ ਜਾਂ ਫਿਰ ਪਰਾਧੀਨ ਤੇ ਸਬੰਧ ਸਥਾਪਤ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਇਕਾਈਆਂ ਦੇ ਮੁੱਖ ਸ਼ਬਦ ਭਾਵ ਵਾਹਕ ਹੁੰਦੇ ਹਨ ਅਤੇ ਉਸ ਭਾਵ ਨੂੰ ਉਘਾੜਨ ਲਈ ਹੋਰ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : ‘ਇਕ ਛੋਟਾ ਜਿਹਾ ਮੁੰਡਾ’ ਵਿਚ ਮੁੰਡਾ ਮੁੱਖ ਸ਼ਬਦ ਹੈ ਬਾਕੀ ਇਸ ਦੇ ਵਿਸ਼ੇਸ਼ਕ ਹਨ। ਪੜਨਾਂਵ ਸ਼ਬਦ ਸਮ-ਸਥਾਨੀ ਹੁੰਦੇ ਹਨ ਜੋ ਕਿਸੇ ਨਾਂਵ ਦਾ ਸਥਾਨ ਲੈ ਸਕਦੇ ਹਨ। ਸਬੰਧਕ ਦੋ ਇਕਾਈਆਂ ਵਿਚ ਸਬੰਧ ਜੋੜਦੇ ਹਨ ਅਤੇ ਯੋਜਕ ਦੋ ਇਕਾਈਆਂ ਦਾ ਯੋਜਨ ਕਰਦੇ ਹਨ। ਇਹ ਸਾਰੇ ਤੱਤ ਵਿਆਕਰਨਕ ਨਿਯਮਾਂ ਅਨੁਸਾਰ ਵਿਚਰਦੇ ਹੋਏ ਪਾਠ ਵਿਚ ਵਿਆਕਰਨਕ ਰੂਪ-ਗਠਨ ਸਥਾਪਤ ਕਰਦੇ ਹਨ। ਸ਼ਾਬਦਕ ਰੂਪ-ਗਠਨ ਤਿੰਨ ਪਰਕਾਰ ਦਾ ਹੁੰਦਾ ਹੈ ਜਿਵੇਂ : (i) ਸ਼ਾਬਦਕ ਅੰਸ਼ਾਂ ਦਾ ਦੁਹਰਾਓ। ਇਹ ਦੁਹਰਾਓ ਦੋ ਪਰਕਾਰ ਦਾ ਹੁੰਦਾ ਹੈ (ੳ) ਸਮਾਨ ਰੂਪਕ ਸ਼ਬਦ ਅਤੇ ਵੱਖਰੇ ਰੂਪਾਂ ਵਾਲੇ ਸ਼ਬਦ ਜਿਵੇਂ : ‘ਜਿਉਂ ਜਿਉਂ ਕੋਈ ਸੂਰਜ ਬਲਦਾ ਹੈ, ਦਿਨ ਦੀਵੀਂ ਜਾਂ ਸੌਣਾ ਮੰਗੇ।’ (ii) ਵਿਰੋਧੀ ਸ਼ਬਦ ‘ਜੇ ਤੂੰ ਆਪਣੀ ਧੁੱਪ ਨਾ ਵੇਚੀ, ਮੈਂ ਆਪਣੀ ਛਾਂ ਵੇਚ ਦਿਆਂਗੀ’ ਅਤੇ (iii) ਸਹਿ-ਵਰਗੀ ਸ਼ਬਦ ਵਿਚਰਨ ‘ਨਾਰੀ ਨਾਂ ਹੀ ਅੰਧ ਵਿਸ਼ਵਾਸ਼ ਦਾ ਹੈ।’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.