ਰੋਹਤਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰੋਹਤਕ (ਨਗਰ): ਹਰਿਆਣਾ ਪ੍ਰਾਂਤ ਦਾ ਇਕ ਜ਼ਿਲ੍ਹਾ ਨਗਰ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ। ਸਥਾਨਕ ਰਵਾਇਤ ਅਨੁਸਾਰ ਨਗਰ ਦੇ ਸੀਤਲਾ ਦੁਆਰ ਤੋਂ ਬਾਹਰ ਇਕ ਟੋਭੇ ਕੰਢੇ ਦਿੱਲੀ ਨੂੰ ਜਾਂਦਿਆਂ ਗੁਰੂਜੀ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਇਕ ਛੋਟਾ ਜਿਹਾ ਗੁਰੂ-ਧਾਮ ਬਣਾਇਆ ਗਿਆ, ਜਿਸ ਦੀ ਸੇਵਾ-ਸੰਭਾਲ ਉਦਾਸੀ ਸੰਤ ਕਰਦੇ ਸਨ। ਸੰਨ 1924 ਈ. ਵਿਚ ਇਸ ਸਥਾਨ ਨੂੰ ਸਥਾਨਕ ਸਿੱਖਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਸੰਨ 1947 ਈ. ਵਿਚ ਪੱਛਮੀ ਪੰਜਾਬ ਤੋਂ ਬੇਘਰ ਹੋਏ ਬਹੁਤ ਸਾਰੇ ਸਿੱਖ ਪਰਿਵਾਰ ਇਸ ਨਗਰ ਵਿਚ ਆ ਵਸੇ ਅਤੇ ਗੁਰਦੁਆਰੇ ਦੀ ਇਮਾਰਤ ਨੂੰ ਨਵੇਂ ਸਿਰਿਓਂ ਬਣਾਇਆ ਗਿਆ ਅਤੇ ਇਸ ਦਾ ਨਾਂ ‘ਗੁਰਦੁਆਰਾ ਬੰਗਲਾ ਸਾਹਿਬ ’ ਪ੍ਰਚਲਿਤ ਹੋਇਆ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।

ਇਸ ਨਗਰ ਵਿਚ ਇਕ ‘ਗੁਰਦੁਆਰਾ ਮਾਈ ਸਾਹਿਬ’ ਵੀ ਹੈ। ਕਹਿੰਦੇ ਹਨ ਕਿ ਇਕ ਮਾਈ ਦੀ ਬੇਨਤੀ’ਤੇ ਗੁਰੂ ਜੀ ਉਸ ਦੇ ਘਰ ਭੋਜਨ ਕਰਨ ਲਈ ਗਏ। ਗੁਰੂ ਜੀ ਦੇ ਪਧਾਰਨ ਕਾਰਣ ਮਾਈ ਦੇ ਘਰ ਪ੍ਰਤਿ ਲੋਕਾਂ ਦੀ ਸ਼ਰਧਾ ਵਧ ਗਈ। ਬਾਦ ਵਿਚ ਉਥੇ ਇਕ ਛੋਟਾ ਜਿਹਾ ਗੁਰੂ -ਧਾਮ ਉਸਾਰਿਆ ਗਿਆ। ਇਸ ਦੀ ਵਿਵਸਥਾ ਸਥਾਨਕ ਗੁਰਦੁਆਰਾ ਕਮੇਟੀ ਹੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰੋਹਤਕ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰੋਹਤਕ : ਜ਼ਿਲ੍ਹਾ– ਇਹ ਹਰਿਆਣਾ ਰਾਜ ਦਾ ਇਕ ਜ਼ਿਲ੍ਹਾ ਹੈ ਜਿਸ ਦੀਆਂ ਹੱਦਾਂ ਉੱਤਰ ਵੱਲ ਜੀਂਦ ਅਤੇ ਪਾਣੀਪਤ ਦੱਖਣ ਵੱਲ ਰਿਵਾੜੀ; ਪੂਰਬ ਵੱਲ ਦਿੱਲੀ ਅਤੇ ਗੁੜਗਾਓਂ, ਪੱਛਮ ਵੱਲ ਜ਼ਿਲ੍ਹੇ ਦਾ ਮੱਧ ਸਮੁੰਦਰ ਤਲ ਤੋਂ 279 ਮੀ. ਉੱਚਾ ਹੈ। ਇਥੇ ਇਕ ਫੁੱਟ ਪ੍ਰਤੀ ਮੀਲ, ਉੱਤਰ ਤੋਂ ਦੱਖਣ ਵੱਲ ਝੱਜਰ ਤਕ ਢਲਾਨ ਹੈ। ਜ਼ਿਲ੍ਹੇ ਦੇ ਉੱਤਰ ਵੱਲ ਪੱਛਮ ਤੋਂ ਪੂਰਬ ਵੱਲ ਵੀ ਕਾਫ਼ੀ ਢਲਾਨ ਹੈ, ਰੇਤਲੀਆਂ ਪਹਾੜੀਆਂ ਹਨ ਅਤੇ ਕੁਝ ਨੀਵੀਆਂ ਪੱਥਰੀ ਪਹਾੜੀਆਂ ਝੱਜਰ ਦੇ ਉੱਤਰ-ਪੱਛਮ ਵੱਲ ਹਨ ਜੋ ਕਈ ਤਰ੍ਹਾਂ ਦੇ ਦ੍ਰਿਸ਼ ਪੇਸ਼ ਕਰਦੀਆਂ ਹਨ। ਜਮਨਾ ਤੋਂ ਇਲਾਵਾ ਇਸ ਜ਼ਿਲ੍ਹੇ ਵਿੱਚੋ ਕੋਈ ਨਦੀ ਨਹੀਂ ਲੰਘਦੀ। ਜੈਪੁਰ ਤੋਂ ਨਿਕਲਣ ਵਾਲੀ ਨਦੀ ਗੁੜਗਾਵਾਂ ਵਿੱਚੋਂ ਲੰਘਦੀ ਹੋਈ ਰੋਹਤਕ ਵਿਚ ਦੀ ਵਗਦੀ ਹੈ। ਕਸਾਵਟੀ ਨਦੀ ਜੋ ਇਕ ਪਹਾੜੀ ਨਾਲਾ ਹੈ, ਜੈਪੁਰ ਤੋਂ ਨਿਕਲ ਕੇ ਰਿਵਾੜੀ ਜ਼ਿਲ੍ਹੇ ਵਿੱਚੋਂ ਲੰਘਦੀ ਹੋਈ ਇਸ ਜ਼ਿਲ੍ਹੇ ਦੀ ਝੱਜਰ ਤਹਿਸੀਲ ਤਕ ਜਹਾਜ਼ਗੜ੍ਹ ਝੀਲ ਵਿਖੇ ਖ਼ਤਮ ਹੁੰਦੀ ਹੈ। ਇਸ ਦਾ ਤਲ ਠੀਕ ਨਾ ਹੋਣ ਕਾਰਨ ਮੌਨਸੂਨ ਦੇ ਦੌਰਾਨ ਪਾਣੀ ਨਿਕਲਣ ਦਾ ਕੋਈ ਠੀਕ ਪ੍ਰਬੰਧ ਨਹੀਂ ਹੈ। ਇਸੇ ਹੀ ਨਾਂ ਦਾ ਸ਼ਹਿਰ ਇਥੋਂ ਦਾ ਸਦਰ-ਮੁਕਾਮ ਹੈ।

ਇੱਥੋਂ ਦਾ ਕੁੱਲ ਖੇਤਰਫਲ 4,411 ਵ. ਕਿ. ਮੀ. ਅਤੇ ਆਬਾਦੀ 18,08,606 (1991) ਹੈ।

ਰਵਾਇਤ ਅਨੁਸਾਰ ਰਾਜਾ ਰੋਹਤਾਸ ਪਵਾਰ ਨੇ ਰੋਹਤਕ ਨੂੰ ਵਸਾਇਆ ਸੀ ਤੇ ਇਸ ਦਾ ਪਹਿਲਾਂ ਨਾਂ ਰੋਹਤਾਸਗੜ੍ਹ ਸੀ। 1160 ਵਿਚ ਪ੍ਰਿਥਵੀ ਰਾਜ ਚੌਹਾਨ ਨੇ ਇਸ ਨੂੰ ਦੋਬਾਰਾ ਵਸਾਇਆ ਸੀ। ਇਸ ਉੱਤੇ ਹਮਲਾ ਕੀਤਾ ਗਿਆ ਅਤੇ ਇਸ ਨੂੰ ਘੋਰੀ ਬੰਸ ਦੇ ਮੋਢੀ ਮੁਹੰਮਦ ਬਿਨ ਸੈਮ ਨੇ ਤਬਾਹ ਕਰ ਦਿੱਤਾ। 18 ਵੀਂ ਸਦੀ ਦੇ ਦੂਜੇ ਅੱਧ ਵਿਚ ਜ਼ਿਲ੍ਹੇ ਉੱਤੇ ਬਹਾਦੁਰ ਖ਼ਾਂ ਅਤੇ ਨਾਜ਼ਫ ਖ਼ਾਂ ਬਲੋਚਾਂ ਦਾ ਕਬਜ਼ਾ ਸੀ। ਅੱਧੇ ਹਿੱਸੇ ਉੱਤੇ ਬੇਗ਼ਮ ਸਮਰੂ ਦੇ ਪਤੀ ਵਾਲਟਰ ਰੇਨਹਾਰਡਟ ਦਾ ਕਬਜ਼ਾ ਸੀ। ਸੰਨ 1785 ਤੋਂ 1803 ਤਕ ਇਸ ਉੱਤੇ ਜੀਂਦ ਦੇ ਰਾਜੇ ਦਾ ਕਬਜ਼ਾ ਰਿਹਾ ਜਦੋਂ ਕਿ ਦੱਖਣੀ ਅਤੇ ਪੱਛਮੀ ਹਿੱਸੇ ਉੱਤੇ ਮਰਾਠਿਆਂ ਦਾ ਕਬਜ਼ਾ ਸੀ। 30 ਦਸੰਬਰ, 1803 ਨੂੰ ਮਰਾਠਿਆਂ ਨੇ ਆਪਣਾ ਹਿੱਸਾ ਛੱਡ ਦਿੱਤਾ ਅਤੇ ਈਸਟ ਇੰਡੀਆ ਕੰਪਨੀ ਨੇ ਇਸ ਉੱਤੇ ਆਪਣਾ ਅਧਿਕਾਰ ਕਰ ਲਿਆ। ਜੀਂਦ  ਦੇ ਰਾਜੇ ਨੇ ਵੀ ਇਸ ਤੋਂ ਬਾਅਦ ਆਪਣਾ ਅਧਿਕਾਰ ਛੱਡ ਦਿੱਤਾ। ਸੰਨ 1809 ਤੋਂ ਬਾਅਦ ਹੀ ਇਸ ਜ਼ਿਲ੍ਹੇ ਦਾ ਨਿਰਮਾਣ ਕੀਤਾ ਗਿਆ। ਪਹਿਲਾਂ ਇਹ ਸ਼ਿਮਾਲੀ ਜ਼ਿਲ੍ਹਾ ਜੋ ਪਾਣੀਪਤ ਤੋਂ ਸਿਰਸਾ ਤਕ ਫੈਲਿਆ ਹੋਇਆ ਸੀ, ਦਾ ਹਿੱਸਾ ਸੀ। ਸੰਨ 1824 ਵਿਚ ਗੋਹਾਨਾ, ਖੜਖੰਡਾ, ਮੰਡੌਰੀ, ਰੋਹਤਕ ਬੇਰੀ ਅਤੇ ਮਹਿਮ ਭਿਵਾਨੀ ਤਹਿਸੀਲਾਂ ਨੂੰ ਮਿਲਾ ਕੇ ਇਹ ਜ਼ਿਲ੍ਹਾ ਬਣਿਆ। ਜ਼ਿਲ੍ਹੇ ਦਾ ਆਕਾਰ ਤਿਕੋਨਾ ਹੈ, ਗੋਹਾਨਾ ਉਚਾਈ ਹੈ ਅਤੇ ਭਿਵਾਨੀ ਤੋਂ ਮੰਡੌਠੀ ਤਕ ਆਧਾਰ ਹੈ। ਸੰਨ 1841 ਵਿਚ ਇਹ ਜ਼ਿਲ੍ਹਾ ਖ਼ਤਮ ਕਰ ਦਿੱਤਾ ਗਿਆ ਤੇ ਕੁਝ ਹਿੱਸਾ ਨਵਾਂ ਬਣਾ ਦਿੱਤਾ ਗਿਆ।

ਇਸ ਜ਼ਿਲ੍ਹੇ ਨੂੰ ਬਣਾਉਣ ਲਈ ਤਿੰਨ ਪਰਿਵਾਰਾਂ ਦਾ ਮੁੱਖ ਹੱਥ ਹੈ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ- ਡੁੱਜਨ, ਝੱਜਰ, ਨਵਾਬ ਦਾ ਘਰਾਣਾ ਅਤੇ ਬਹਾਦੁਰਗੜ੍ਹ ਹਾਊਸ। ਸੰਨ 1857 ਦੀਆਂ ਘਟਨਾਵਾਂ ਤੋਂ ਪਹਿਲਾਂ ਇੱਥੋਂ ਦੇ ਸਥਾਨਕ ਸ਼ਾਸਕ ਖ਼ਤਮ ਹੋ ਚੁੱਕੇ ਸਨ। ਜਿਥੋਂ ਤਕ 1857 ਈ. ਦੇ ਗ਼ਦਰ ਦੀਆਂ ਘਟਨਾਵਾਂ ਦਾ ਸਬੰਧ ਹੈ ਉਹ ਇਸ ਪ੍ਰਕਾਰ ਹਨ :- 10 ਮਈ, 1857 ਨੂੰ ਅਤੇ ਅਗਲੇ ਦਿਨ ਫ਼ੌਜਾਂ ਮੇਰਠ ਤੋਂ ਕ੍ਰਾਂਤੀ ਲਈ ਰਵਾਨਾ ਹੋਈਆਂ। 24 ਮਈ ਨੂੰ ਇਸ ਜ਼ਿਲ੍ਹੇ ਨੂੰ ਅਫ਼ਸਰਾਂ ਰਾਹੀਂ ਪੂਰੀ ਤਰ੍ਹਾਂ ਘੇਰ ਲਿਆ ਗਿਆ ਤੇ ਲਾਅ ਐਂਡ ਆਰਡਰ ਦੇ ਹੁਕਮ ਪਾਸ ਕਰ ਦਿੱਤੇ ਗਏ। ਇਸ ਦੇ ਫਲਸਰੂਪ ਝੱਜਰ ਦਾ ਨਵਾਬ ਫਾਂਸੀ ਤੇ ਲਟਕਾ ਦਿੱਤਾ ਗਿਆ ਅਤੇ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ। ਬਹਾਦੁਰਗੜ੍ਹ ਦੇ ਨਵਾਬ ਨੂੰ ਸਾਰੀ ਜਾਇਦਾਦ ਤੋਂ ਵਾਂਝਾ ਕਰ ਦਿੱਤਾ ਗਿਆ। ਇਸ ਨਾਲ ਸ਼ਾਸਨ ਵਿਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਝੱਜਰ, ਨਾਰਨੌਲ, ਕਨੌਂਧ, ਦਾਦਰੀ ਅਤੇ ਪੁਰਾਣੇ ਇਲਾਕੇ ਨੂੰ ਮਿਲਾ ਕੇ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ। ਸੰਨ 1858 ਵਿਚ ਦੋ ਜ਼ਿਲ੍ਹੇ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜਿਹੜਾ ਝੱਜਰ ਅਤੇ ਰੋਹਤਕ ਪੰਜਾਬ ਵਿਚ ਸ਼ਾਮਲ ਕਰ ਦਿੱਤੇ ਗਏ। ਜੀਂਦ ਦੇ ਰਾਜੇ ਨੂੰ ਦਾਦਰੀ, ਪਟਿਆਲੇ ਨੂੰ ਨਾਰਨੌਲ, ਕਾਂਤੀ ਅਤੇ ਬਾਵਲ ਨਾਭੇ ਨੂੰ ਦੇ ਦਿੱਤੇ ਗਏ। ਜੁਲਾਈ, 1860 ਵਿਚ ਝੱਜਰ ਜ਼ਿਲ੍ਹਾ ਖ਼ਤਮ ਕਰ ਦਿੱਤਾ ਗਿਆ ਅਤੇ ਝੱਜਰ ਤਹਿਸੀਲ ਰੋਹਤਕ ਵਿਚ ਸ਼ਾਮਲ ਕਰ ਦਿੱਤਾ ਗਈ। ਸੰਨ 1861 ਵਿਚ ਮੈਹਮ ਤਹਿਸੀਲ ਖ਼ਤਮ ਕਰ ਦਿੱਤੀ ਗਈ। ਸੰਨ 1862 ਵਿਚ ਝੱਜਰ ਅਤੇ ਬਹਾਦੁਰਗੜ੍ਹ ਬਾਰੇ ਪੂਰਾ ਫ਼ੈਸਲਾ ਕੀਤਾ ਗਿਆ ਅਤੇ 1879 ਈ. ਵਿਚ ਸੋਧ ਕੀਤਾ ਹੋਇਆ ਫ਼ੈਸਲਾ ਲਾਗੂ ਕੀਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-02-22-05, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ.; 21: ਡਿ. ਸੈਂ. ਹੈਂ. ਬੁ -ਰੋਹਤਕ; ਐਨ. ਡਿਸ. ਗ. ਇੰਡ. - ਐਸ. ਸੀ. ਭੱਟ

ਰੋਹਤਕ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰੋਹਤਕ : ਸ਼ਹਿਰ– ਇਹ ਦਿੱਲੀ ਤੋਂ 70 ਕਿ. ਮੀ. ਦੀ ਦੂਰੀ ਤੇ ਸਥਿਤ ਹੈ ਅਤੇ ਸੜਕ ਅਤੇ ਰੇਲ ਰਾਹੀਂ ਜੁੜਿਆ ਹੋਇਆ ਹੈ। ਰਵਾਇਤ ਅਨੁਸਾਰ ਇਹ ਸ਼ਹਿਰ ਪਨਵਾਰ ਰਾਜਪੂਤ ਰਾਜਾ ਰੋਹਤਾਸ ਨੇ ਵਸਾਇਆ ਸੀ ਜਿਸ ਦੇ ਨਾਂ ਤੇ ਹੀ ਇਸ ਦਾ ਨਾਂ ਰੋਹਤਾਸਗੜ੍ਹ ਰਖਿਆ ਗਿਆ ਜੋ ਬਾਅਦ ਵਿਚ ਬਦਲ ਕੇ ਰੋਹਤਕ ਬਣ ਗਿਆ। ਕਿਹਾ ਜਾਂਦਾ ਹੈ ਕਿ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਵਿਚ ਇਸ ਖੰਡਰ ਬਣੇ ਕਿਲੇ ਨੂੰ ਦੁਬਾਰਾ ਬਣਵਾਇਆ ਗਿਆ। ਸੰਨ 1828 ਵਿਚ ਜਨਰਲ ਮੰਡੇ ਨੇ ਇਸ ਸ਼ਹਿਰ ਬਾਰੇ ਕਿਹਾ ਕਿ ਪ੍ਰਾਚੀਨ ਅਤੇ ਪੂਰੀ ਤਰ੍ਹਾਂ ਨਸ਼ਟ ਹੋਏ ਰੋਹਤਕ ਸ਼ਹਿਰ ਦੇ ਟੁੱਟੇ ਭੱਜੇ ਖੰਡਰ, ਸ਼ਾਨਦਾਰ ਗੁੰਬਦ, ਸੁੱਕੇ ਹੋਏ ਤਲਾਬ, ਇਸ ਦੀ ਸੁੰਦਰਤਾ ਦੀ ਉਦਾਸੀ ਭਰੀ ਗਾਥਾ ਸੁਣਾਉਂਦੇ ਹਨ। ਬਟਵਾਰੇ ਤੋਂ ਪਹਿਲਾਂ ਇਸ ਸ਼ਹਿਰ ਦੇ ਜੀਵਨ ਵਿਚ ਮੁਸਲਮਾਨਾਂ ਦਾ ਮਹੱਤਵਪੂਰਨ ਰੋਲ ਸੀ। ਬਹੁਤ ਸਾਰੇ ਮੁਸਲਮਾਨ ਬਟਵਾਰੇ ਤੋਂ ਬਾਅਦ ਪਾਕਿਸਤਾਨ ਚਲੇ ਗਏ। ਇਹ ਹੀ ਕਾਰਨ ਹੈ ਕਿ ਇਥੇ ਬਹੁਤ ਸਾਰੀਆਂ ਮਸੀਤਾਂ ਹਨ ਜੋ ਮੁਗ਼ਲ ਸਮੇਂ ਦੀਆਂ ਸ਼ਾਨਦਾਰ ਇਮਾਰਤਾਂ ਹਨ। ਇਨ੍ਹਾਂ ਵਰ੍ਹਿਆਂ ਦੌਰਾਨ ਹੀ ਇਥੇ ਬਹੁਤ ਸਾਰੇ ਮੰਦਰ ਬਣਵਾਏ ਗਏ ਹਨ ਜਿਨ੍ਹਾਂ ਵਿਚ ਦੁਰਗਾ ਮੰਦਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਇਕ ਸਮੇਂ ਇਹ ਸ਼ਹਿਰ ਥੋੜ੍ਹੀ ਉਚਾਈ ਉੱਤੇ ਬਣਿਆ ਹੋਇਆ ਸੀ। ਇਸ ਦੇ ਚਾਰੇ ਪਾਸੇ ਦਰਵਾਜ਼ਿਆਂ ਵਾਲੀ ਦੀਵਾਰ ਬਣੀ ਹੋਈ ਸੀ ਜਿਸ ਦੀ ਬਹੁਤ ਜ਼ਿਆਦਾ ਉਪਯੋਗਤਾ ਸੀ। ਹੁਣ ਉਨ੍ਹਾਂ ਵਿੱਚੋਂ ਕੇਵਲ ਤਿੰਨ ਦਰਵਾਜ਼ਿਆਂ ਦੇ ਨਿਸ਼ਾਨ ਹੀ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਕੇਂਦਰ ਵਿਚ ਚੌਂਕ ਭਿਵਾਨੀ ਪੈਂਦਾ ਹੈ ਜਿਥੋਂ ਭਿਵਾਨੀ, ਹਿਸਾਰ, ਜੀਂਦ ਅਤੇ ਦਿੱਲੀ ਨੂੰ ਸੜਕਾਂ ਜਾਂਦੀਆਂ ਹਨ। ਇਨ੍ਹਾਂ ਸੜਕਾਂ ਉੱਤੇ ਬੱਸਾਂ ਅਤੇ ਟਰੱਕ ਦਿਨ ਰਾਤ ਚਲਦੇ ਹਨ। ਸ਼ਹਿਰ ਖੇਤੀ ਉਤਪਾਦਨ ਦੀ ਵੱਡੀ ਮੰਡੀ ਹੈ। ਇਥੇ ਇਮਾਰਤੀ ਲੱਕੜੀ ਦੀ ਵੀ ਮੰਡੀ ਹੈ। ਸੰਨ 1956 ਵਿਚ ਇਥੇ ਇਕ ਖੰਡ ਮਿੱਲ ਦੀ ਸਥਾਪਨਾ ਕੀਤੀ ਗਈ। ਸੰਨ 1963 ਵਿਚ ਇਥੇ ਕਤਾਈ ਮਿਲ ਵੀ ਲਗਾਈ ਗਈ। ਇਥੇ ਕੁਝ ਫੈਕਟਰੀਆਂ ਕਪਾਹ ਵੇਲਣ ਦੀਆਂ ਵੀ ਹਨ ਅਤੇ ਇਹ ਕਪਾਹ ਦੀ ਰੁੱਤ ਵੇਲੇ ਬਹੁਤ ਰੁਝੀਆਂ ਰਹਿੰਦੀਆਂ ਹਨ। ਜਨਤਾ ਦੀ ਭਲਾਈ ਲਈ ਸਰਕਾਰੀ ਹਸਪਤਾਲ, ਮਿਉਂਸਪਲ ਲਾਇਬ੍ਰੇਰੀ, ਵਾਟਰ ਵਰਕਸ, ਸਰ ਛੋਟੂ ਰਾਮ ਪਾਰਕ ਅਤੇ ਮਾਨ ਸਰੋਵਰ ਪਾਰਕ ਹਨ। ਸਿੱਖਿਆ ਸੰਸਥਾਵਾਂ ਵੱਜੋਂ ਇਥੇ ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਚਾਰ ਕਾਲਜ ਹਨ, ਇਕ ਕਾਲਜ ਆਫ਼ ਐਜੂਕੇਸ਼ਨ ਹੈ। ਆਯੁਰਵੈਦਿਕ ਕਾਲਜ ਅਤੇ ਮੈਡੀਕਲ ਕਾਲਜ ਵੀ ਹੈ। ਇਸ ਤੋਂ ਇਲਾਵਾ ਟੈਕਨੀਕਲ ਸੰਸਥਾਵਾਂ ਹਨ ਜਿਥੇ ਲੜਕੇ ਅਤੇ ਲੜਕੀਆਂ ਨੂੰ ਕਰਾਫਟਸ ਟਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ।

ਆਬਾਦੀ : 2,16,096 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-02-22-59, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ.: 21; ਡਿ. ਸੈ਼. ਹੈਂ. ਬੁ. -ਰੋਹਤਕ (1961)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.