ਲਖਨੌਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਖਨੌਰ (ਕਸਬਾ): ਹਰਿਆਣਾ ਦੇ ਅੰਬਾਲਾ ਨਗਰ ਤੋਂ ਲਗਭਗ 10 ਕਿ.ਮੀ. ਦੱਖਣ ਵਾਲੇ ਪਾਸੇ ਸਥਿਤ ਇਕ ਪੁਰਾਤਨ ਕਸਬਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਖ਼ਾਨਦਾਨ ਨਾਲ ਸੰਬੰਧਿਤ ਹੈ। ਇਥੋਂ ਦੇ ਵਸਨੀਕ ਅਤੇ ਗੁਰੂ-ਘਰ ਨਾਲ ਸੰਬੰਧਿਤ ਭਾਈ ਲਾਲ ਚੰਦ ਸੁਭਿਖੀਆ ਜੋ ਬਾਦ ਵਿਚ ਕਰਤਾਰਪੁਰ (ਜਲੰਧਰ) ਜਾ ਵਸੇ ਸਨ , ਨੇ ਆਪਣੀ ਸੁਪੁੱਤਰੀ ਬੀਬੀ ਗੁਜਰੀ ਜੀ ਦਾ ਵਿਆਹ 15 ਅਸੂ , 1686 ਬਿ. (ਗੁਰੂ) ਤੇਗ ਬਹਾਦਰ ਜੀ ਨਾਲ ਕੀਤਾ। ਅਸਾਮ ਦੇ ਇਲਾਕੇ ਤੋਂ ਪਰਤਣ ਉਪਰੰਤ ਗੁਰੂ ਤੇਗ ਬਹਾਦਰ ਜੀ ਸਿੱਧੇ ਆਨੰਦਪੁਰ ਪਰਤ ਆਏ। ਬਾਦ ਵਿਚ ਸਾਰੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਆਉਣ ਲਈ ਸੰਦੇਸ਼ ਭਿਜਵਾ ਦਿੱਤਾ। ਬਾਲਕ ਗੋਬਿੰਦ ਰਾਏ ਆਪਣੀ ਮਾਤਾ ਜੀ, ਮਾਮਾ ਕ੍ਰਿਪਾਲ ਚੰਦ ਜੀ ਅਤੇ ਹੋਰ ਸਿੱਖਾਂ ਸਹਿਤ 13 ਸਤੰਬਰ 1670 ਈ. ਨੂੰ ਲਖਨੌਰ ਪਹੁੰਚੇ ਅਤੇ ਲਗਭਗ ਛੇ ਮਹੀਨੇ ਆਪਣੇ ਵੱਡੇ ਮਾਮੇ ਭਾਈ ਮਿਹਰਚੰਦ ਪਾਸ ਰੁਕੇ। ਇਥੇ ਭਾਈ ਜੇਠਾ ਨਾਂ ਦੇ ਮਸੰਦ ਨੇ ਬਾਲਕ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਥੇ ਹੀ ਸੱਯਦ ਸ਼ਾਹ ਭੀਖ ਠਸਕੇ ਵਾਲੇ ਘੁੜਾਮ ਤੋਂ ਚਲ ਕੇ ਬਾਲਕ ਗੋਬਿੰਦ ਰਾਏ ਦੇ ਦਰਸ਼ਨ ਕਰਨ ਆਏ। ਇਥੇ ਹੀ ਸੂਫ਼ੀ ਫ਼ਕੀਰ ਪੀਰ ਆਰਿਫ਼ ਦੀਨ ਆਪਣੇ ਮੁਰੀਦਾਂ ਸਮੇਤ ਬਾਲਕ (ਗੁਰੂ) ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਆਇਆ। ਇਥੋਂ ਦੀ ਠਹਿਰ ਦੌਰਾਨ ਬਾਲਕ ਗੋਬਿੰਦ ਰਾਏ ਇਰਦ-ਗਿਰਦ ਦੇ ਪਿੰਡਾਂ ਵਿਚ ਜਾ ਕੇ ਸੇਵਕਾਂ ਨੂੰ ਕ੍ਰਿਤਾਰਥ ਕਰਦੇ ਰਹੇ

ਇਥੋਂ ਦੀ ਰਿਹਾਇਸ਼ ਵੇਲੇ ਮਾਤਾ ਗੁਜਰੀ ਜੀ ਨੇ ਮਿਠੇ ਜਲ ਦੇ ਇਕ ਖੁਰ ਰਹੇ ਖੂਹ ਨੂੰ ਫਿਰ ਤੋਂ ਉਸਰਵਾਇਆ ਜੋ ਹੁਣ ‘ਮਾਤਾ ਜੀ ਦਾ ਖੂਹ’ ਕਰਕੇ ਪ੍ਰਸਿੱਧ ਹੈ। ਪਰਿਵਾਰ ਸਹਿਤ ਮਾਤਾ ਗੁਜਰੀ ਜੀ ਦੇ ਆਨੰਦਪੁਰ ਨੂੰ ਚਲੇ ਜਾਣ ਤੋਂ ਬਾਦ ਉਥੇ ਪਹਿਲਾਂ ਇਕ ਸਾਧਾਰਣ ਜਿਹਾ ਸਮਾਰਕ ਬਣਵਾਇਆ ਗਿਆ। ਮਾਤਾ ਜੀ ਦੇ ਪੇਕੇ ਪਰਿਵਾਰ ਵਿਚੋਂ ਬਾਬਾ ਹਰਬਖ਼ਸ਼ ਸਿੰਘ ਨੇ ਉਸ ਸਮਾਰਕ ਦੀ ਦੇਖ-ਭਾਲ ਕੀਤੀ। ਸਰਹਿੰਦ ਨੂੰ ਜਿਤਣ ਤੋਂ ਬਾਦ ਸੰਨ 1764 ਈ. ਵਿਚ ਸਿੰਘਾਂ ਨੇ ਕੋਟ ਕਛੁਆ ਦੇ ਨਵਾਬ ਨੂੰ ਖ਼ਤਮ ਕੀਤਾ ਅਤੇ ਉਸ ਦੇ ਕਿਲ੍ਹੇ ਦੀਆਂ ਇਟਾਂ ਨਾਲ ਲਖਨੌਰ ਵਿਚ ਇਕ ਵੱਡੀ ਹਵੇਲੀ ਦੀ ਸ਼ਕਲ ਵਿਚ ਗੁਰੂ-ਧਾਮ ਦੀ ਉਸਾਰੀ ਕਰਵਾਈ। ਸੰਨ 1849 ਈ. ਵਿਚ ਜਦੋਂ ਅੰਗ੍ਰੇਜ਼ਾਂ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ ਤਾਂ ਕੁਝ ਪਿੰਡਾਂ ਦੇ ਬਦਲੇ ਲਖਨੌਰ ਅਤੇ ਇਰਦ-ਗਿਰਦ ਦਾ ਇਲਾਕਾ ਮਹਾਰਾਜਾ ਪਟਿਆਲਾ ਨੇ ਹਾਸਲ ਕਰ ਲਿਆ।

ਸੰਨ 1947 ਈ. ਤੋਂ ਬਾਦ ਪੈਪਸੂ ਦੇ ਬਣਨ ਨਾਲ ਇਹ ਗੁਰੂ-ਧਾਮ ਧਰਮ ਅਰਥ ਬੋਰਡ ਅਧੀਨ ਕਰ ਦਿੱਤਾ ਗਿਆ। ਨਵੰਬਰ 1956 ਈ. ਵਿਚ ਪੈਪਸੂ ਦੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ ਉਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋ ਗਿਆ। ਇਥੇ ਹਰ ਸੰਗ੍ਰਾਂਦ ਨੂੰ ਵੱਡੇ ਦੀਵਾਨ ਸਜਦੇ ਹਨ ਅਤੇ ਦਸਹਿਰੇ ਉਤੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਇਥੇ ਗੁਰੂ-ਪਰਿਵਾਰ ਨਾਲ ਸੰਬੰਧਿਤ ਕੁਝ ਯਾਦਗਾਰੀ ਵਸਤੂਆਂ ਵੀ ਸੰਭਾਲੀਆਂ ਹੋਈਆਂ ਹਨ, ਜਿਵੇਂ ਤਿੰਨ ਪਲੰਘ , ਦੋ ਪਰਾਂਤਾਂ, ਦੋ ਤੀਰ , ਇਕ ਜਮਦਾੜ੍ਹ, ਇਕ ਬਰਛੀ ਆਦਿ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.