ਲਾਵਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਾਵਾਂ (ਨਾਂ,ਇ) ਵਰ ਅਤੇ ਕੰਨਿਆਂ ਵੱਲੋਂ ਪੱਲਾ ਫੜ ਕੇ ਅਤੇ ਪਰਕਰਮਾ ਕਰਦੇ ਹੋਏ ਚਾਰ ਫੇਰੇ ਲੈ ਕੇ ਸੰਪੰਨ ਕੀਤੀ ਜਾਣ ਵਾਲੀ ਵਿਆਹ ਦੀ ਇੱਕ ਪਵਿੱਤਰ ਰਸਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲਾਵਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲਾਵਾਂ (ਵਿ,ਪੁ) ਅੰਗਹੀਣ; ਇੱਕ ਅੱਖ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲਾਵਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਾਵਾਂ (ਬਾਣੀ): ਗੁਰੂ ਰਾਮਦਾਸ ਜੀ ਦੁਆਰਾ ਸੂਹੀ ਰਾਗ ਵਿਚ ਰਚੇ ਦੂਜੇ ਛੰਤ ਨੂੰ ਭਾਵੇਂ ਕੋਈ ਉਪ-ਸਿਰਲੇਖ ਨਹੀਂ ਦਿੱਤਾ ਹੋਇਆ, ਪਰ ਆਮ ਤੌਰ ’ਤੇ ਇਸ ਨੂੰ ‘ਲਾਵਾਂ’ ਕਰਕੇ ਜਾਣਿਆ ਜਾਂਦਾ ਹੈ। ਇਸ ਵਿਚ ਆਤਮਾ ਦੇ ਪਰਮਾਤਮਾ ਨਾਲ ਪ੍ਰੇਮ-ਸੰਬੰਧ ਨੂੰ ਸੰਯੋਗ ਅਵਸਥਾ ਦੀ ਸਿਖਰ ਉਤੇ ਪਹੁੰਚਾਉਣ ਲਈ ਕੀਤੀ ਗਈ ਤਿਆਰੀ ਨੂੰ ‘ਲਾਵਾਂ’ ਦੇ ਲੋਕ-ਮਾਧਿਅਮ ਦੁਆਰਾ ਪ੍ਰਗਟਾਇਆ ਗਿਆ ਹੈ। ਪਰਵਿਰਤੀ (ਹਰਿ ਪਹਿਲੜੀ ਲਾਵ ਪਰਵਿਰਤੀ ਕਰਮੁ ਦ੍ਰਿੜਾਇਆ ਬਲਿਰਾਮ ਜੀਉ।...) ਤੋਂ ਸ਼ੁਰੂ ਕਰਕੇ ਪ੍ਰੀਤਮ ਦੀ ਪੂਰਣ ਤ੍ਰਿਪਤੀ ਤਕ ਇਸ ਛੰਤ ਦਾ ਵਿਸਤਾਰ ਹੋਇਆ ਹੈ—ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ। ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ। (ਗੁ.ਗ੍ਰੰ.774)।
ਇਹ ਇਕ ਰੂਪਕਾਤਮਕ ਸਿਰਜਨਾ ਹੈ। ਇਸ ਵਿਚ ਇਕ ਪਾਸੇ ਇਸਤਰੀ ਅਤੇ ਮਰਦ ਦੇ ਵਿਵਾਹਿਕ ਜੀਵਨ ਦਾ ਆਦਰਸ਼ ਦਰਸਾਇਆ ਗਿਆ ਹੈ ਅਤੇ ਦੂਜੇ ਪਾਸੇ ਆਤਮਾ ਅਤੇ ਪਰਮਾਤਮਾ ਦੇ ਅਧਿਆਤਮਿਕ ਸੰਬੰਧ ਉਤੇ ਝਾਤ ਪਾਈ ਗਈ ਹੈ। ਇਸ ਤਰ੍ਹਾਂ ਦੋਹਾਂ ਪੱਖਾਂ ਨੂੰ ਸਪੱਸ਼ਟ ਕਰਕੇ ਦੰਪਤਿਕ ਜੀਵਨ ਨੂੰ ਅਧਿਆਤਮਿਕ ਪ੍ਰੇਮ-ਸੰਬੰਧ ਦੇ ਪੈਟਰਨ ਉਪਰ ਢਾਲਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਪੱਸ਼ਟ ਹੈ ਕਿ ਇਥੇ ‘ਲਾਵਾਂ’ ਦਾ ਅਧਿਆਤਮਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਸ ਨਾਲ ਜੀਵਾਤਮਾ ਦੀਆਂ ਉਤਰੋਤਰ ਅਵਸਥਾਵਾਂ ਉਤੇ ਝਾਤ ਪੈ ਸਕੀ ਹੈ। ਅਜ-ਕਲ ਸਿੱਖ ਸਮਾਜ ਵਿਚ ਆਨੰਦਕਾਰਜ ਵੇਲੇ ਇਨ੍ਹਾਂ ਲਾਵਾਂ ਦਾ ਪਾਠ ਕਰਦੇ ਹੋਇਆਂ ਸੁਭਾਗ ਜੋੜੀ ਨੂੰ ਗੁਰੂ ਗ੍ਰੰਥ ਸਾਹਿਬ ਦੁਆਲੇ ਚਾਰ ਵਾਰ ਘੁੰਮਾਇਆ ਜਾਂਦਾ ਹੈ।
ਗੁਰਬਾਣੀ ਦੀ ਨਕਲ ਉਤੇ ‘ਸੁਖਮਨੀ ਸਹੰਸ੍ਰਨਾਮ ਪਰਮਾਰਥ ’ ਵਿਚ ਸੋਢੀ ਹਰਿਜੀ ਨੇ ਵੀ ਚਾਰ ਲਾਵਾਂ ਦੀ ਰਚਨਾ ਕੀਤੀ ਹੈ। (ਵੇਖੋ ‘ਕੱਚੀ ਬਾਣੀ ’)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਲਾਵਾਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਲਾਵਾਂ : ਸਿੱਖਾਂ ਦੇ ਗ੍ਰਹਿਸਥ ਧਰਮ ਵਿਚ ਪ੍ਰਵੇਸ਼ ਕਰਨ ਲਈ ਵਿਸ਼ੇਸ਼ ਨਿਸ਼ਚਿਤ ਬਾਣੀ ਜਿਹੜੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤੀ ਹੋਈ, ਸੂਹੀ ਰਾਗ ਵਿਚ ਦਰਜ ਹੈ। ਸਿੱਖ ਧਰਮ ਵਿਚ ਹਰ ਮਰਿਯਾਦਾ ਦੇ ਨਿਸ਼ਚਿਤ ਵਿਸ਼ੇਸ਼ ਅੰਗ, ਕੀਰਤਨ ਤੇ ਅਰਦਾਸ ਹਨ। ਮਰਿਯਾਦਾ ਦੀ ਪੂਰਤੀ ਲਈ ਉਸ ਮੌਕੇ ਦੀ ਵਿਸ਼ੇਸ਼ ਨਿਸ਼ਚਿਤ ਬਾਣੀ ਹੁੰਦੀ ਹੈ ਅਤੇ ਗ੍ਰਹਿਸਥ ਧਰਮ ਵਿਚ ਪ੍ਰਵੇਸ਼ ਲਈ ਵਿਸ਼ੇਸ਼ ਨਿਸ਼ਚਿਤ ਬਾਣੀ ‘ਲਾਵਾਂ’ ਹੈ।
ਇਹ ਬਾਣੀ ਸੂਹੀ ਰਾਗ ਵਿਚ ਗੁਰੂ ਰਾਮਦਾਸ ਜੀ ਦਾ ਇਕ ਛੰਤ ਹੈ। ਇਸ ਸਬੰਧ ਵਿਚ ਤਿੰਨ ਗੱਲਾਂ ਧਿਆਨ ਗੋਚਰੇ ਹੋਣੀਆਂ ਉਚਿਤ ਹਨ–
(1) ਗੁਰੂ ਰਾਮਦਾਸ ਜੀ ਪ੍ਰਮੁੱਖ ਰੂਪ ਵਿਚ ਬਿਰਹਾ ਤੇ ਵੈਰਾਗ ਦੇ ਕਵੀ ਹਨ। ਆਪ ਦਾ ਪ੍ਰਮੁੱਖ ਵਿਸ਼ਾ ਪ੍ਰਭੂ-ਪਿਆਰ ਹੈ।
(2) ਸੂਹੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਐਸਾ ਰਾਗ ਹੈ ਜਿਸ ਦਾ ਸਬੰਧ ਉਚੇਚੇ ਤੌਰ ਤੇ ਗ੍ਰਹਿਸਥ ਜੀਵਨ ਦੀ ਖੁਸ਼ੀ ਅਤੇ ਵਿਆਹ ਦੀ ਰਸਮ ਨਾਲ ਹੈ। ਸੂਹਾ ਰੰਗ ਪੰਜਾਬੀ ਸਭਿਆਚਾਰ ਵਿਚ ਵਿਆਹ ਨਾਲ ਸਬੰਧਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੂਹੀ ਰਾਗ ਵਿਚ ਦਰਜ ਬਾਣੀ ਵਿਚ ਵਰਤੇ ਅਲੰਕਾਰਾਂ, ਚਿੰਨ੍ਹਾਂ ਪ੍ਰਤੀਕਾਂ ਤੇ ਸ਼ਬਦਾਵਲੀ ਤੋਂ ਸੁੱਤੇ-ਸਿੱਧ ਪ੍ਰਗਟ ਹੰਦਾ ਹੈ ਕਿ ਇਸ ਰਾਗ ਦਾ ਵਿਆਹ ਸ਼ਾਦੀ ਨਾਲ ਸਬੰਧ ਹੈ।
(3) ਸੂਹੀ ਰਾਗ ਵਿਸ਼ੇਸ਼ ਕਰ ਕੇ ਛੰਤਾਂ ਦਾ ਰਾਗ ਹੈ ਅਤੇ ਲਾਵਾਂ ਦੀ ਬਾਣੀ ਇਕ ਛੰਤ ਹੈ ਜੋ ਕਿ ਪੰਨਾ 773-74 ਤੇ ਅੰਕਿਤ ਹੈ। ‘ਛੰਤ’ ਪੰਜਾਬ ਦੇ ਲੋਕ ਗੀਤਾਂ ਦਾ ਉਹ ਰੂਪ ਹੈ ਜੋ ਵਿਆਹ ਦੇ ਸਮੇਂ ਗਾਇਆ ਜਾਂ ਸੁਣਾਇਆ ਜਾਂਦਾ ਹੈ। ਇਸ ਰਾਗ ਦੇ ਛੰਤਾਂ ਦਾ ਵਿਸ਼ਾ ਵਿਆਹ ਦੀ ਸਫ਼ਲਤਾ ਤੇ ਖੁਸ਼ੀ ਦਾ ਹੈ ਜਿਵੇਂ –
(1) ‘‘ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ‖’’
(2) ‘‘ ਬਾਬਾ ਮੈ ਵਰੁ ਦੇਹਿ ਮੈਂ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ‖’’
(3) ਹਮ ਘਰਿ ਸਾਜਨ ਆਏ ‖ ਸਾਚੈ ਮੇਲਿ ਮਿਲਾਏ ‖
(4) ਜੇ ਲੋੜਹਿ ਵਰੁ ਬਾਲੜੀਏ ਤਾ ਗੁਰਚਰਣੀ ਚਿਤੁ ਲਾਏ ਰਾਮ ‖
(5) ‘‘ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ‖’’
(6) ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ‖
ਇਸ ਬਾਣੀ ਦਾ ‘ਛੰਤ’ ਹਰ ਤਰ੍ਹਾਂ ਪੰਜਾਬੀ ਸਭਿਆਚਾਰ ਰਵਾਇਤ ਅਤੇ ਲੋਕ-ਕਾਵਿ ਰੂਪ ਤੇ ਆਧਾਰਿਤ ਹੈ। ਇਸ ਬਾਣੀ ਵਿਚਲੇ ਛੰਤ ਦੇ ਚਾਰ ਬੰਦ ਹਨ। ਹਰ ਬੰਦ ਵਿਚ ਦੰਪਤੀ ਜੀਵਨ ਦੀ ਸਫ਼ਲਤਾ ਲਈ ਕੋਈ ਸ਼ਰਤ ਦੱਸੀ ਗਈ ਹੈ। ਇਹ ਸ਼ਰਤਾਂ ਪੂਰੀਆਂ ਹੋਣ ਤੇ ਹੀ ਗ੍ਰਹਿਸਥ ਜੀਵਨ ਸਫ਼ਲ ਹੋ ਸਕਦਾ ਹੈ। ਇਹ ਸ਼ਰਤਾਂ ਬੰਦ-ਕ੍ਰਮ ਅਨੁਸਾਰ ਇਸ ਤਰ੍ਹਾਂ ਹਨ–
(1) ਪਹਿਲੇ ਬੰਦ ਵਿਚ ਦੋ ਜ਼ਰੂਰੀ ਗੱਲਾਂ ਕਹੀਆਂ ਹਨ। ਪਹਿਲੀ ਇਹ ਕਿ ਭਾਵੇਂ ਹਾਲਾਤ ਕੁਝ ਵੀ ਹੋਣ ਗ੍ਰਹਿਸਥ ਜੀਵਨ ਦਾ ਤਿਆਗ ਨਹੀਂ ਕਰਨਾ ਪਰਵਿਰਤ ਅਤੇ ਸੰਘਰਸ਼ਸ਼ੀਲ ਰਹਿਣਾ ਹੈ। ਦੁੱਖਾਂ ਅਤੇ ਤਕਲੀਫ਼ਾਂ ਵਿਚ ਵੀ ਸਫ਼ਲਤਾ ਲਈ ਸੰਘਰਸ਼ ਕਰਨਾ ਹੈ। ਦੂਜੀ ਗੱਲ ਇਹ ਕਿ ਧਰਮ ਦ੍ਰਿੜ੍ਹ ਕਰਨਾ ਹੈ ਤੇ ਪਾਪਾਂ ਤੋਂ ਦੂਰ ਭੱਜਣਾ ਹੈ। ਪਤੀ-ਪਤਨੀ ਨੇ ਇਕ ਦੂਜੇ ਨਾਲ ਤੇ ਸਬੰਧੀਆਂ ਨਾਲ ਧਰਮ ਨਿਭਾਉਣਾ ਹੈ। ਇਕ ਦੂਜੇ ਪ੍ਰਤੀ ਵਫ਼ਾਦਾਰੀ ਅਤੇ ਮਾਤਾ-ਪਿਤਾ ਦੀ ਸੇਵਾ ਕਰਨੀ ਹੈ। ਇਹ ਧਰਮ ਤਾਂ ਨਿਭਦਾ ਹੈ ਜੇ ‘ਹਰਿ ਹਰਿ ਮੀਠਾ’ ਲਗੇ, ਭਾਵ ਇਹ ਆਦਰਸ਼ ਪਿਆਰਾ ਲੱਗੇ। ‘ਨਾਮ ਸਿਮਰਨ’ ਦੁਆਰਾ ‘ਹਰਿ ਹਰਿ ਮੀਠਾ’ ਲੱਗਣ ਲੱਗ ਪੈਂਦਾ ਹੈ। ‘ਨਾਮ ਸਿਮਰਨ’ ਦੀ ਲਗਨ ਅਤੇ ‘ਹਰਿ’ ਦੀ ਸੂਝ ਗੁਰੂ ਪਾਸੋਂ ਪ੍ਰਾਪਤ ਹੁੰਦੀ ਹੈ।
‘‘ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ‖
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ‖
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ‖
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ‖
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ‖
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ‖’’
(2) ਲਾਵਾਂ ਦੇ ਦੂਜੇ ਬੰਦ ਵਿਚ ਦੰਪਤੀ ਜੀਵਨ ਦੀ ਸਫ਼ਲਤਾ ਦਾ ਆਧਾਰ ‘ਨਿਰਭਉ ਭੈ’ ਅਤੇ ‘ਨਿਰਮਲ ਭਉ’ ਰੱਖੇ ਹਨ। ਪਤੀ-ਪਤਨੀ ਦੇ ਦਿਲ ਵਿਚ ਇਕ ਦੂਜੇ ਲਈ ‘‘ਨਿਰਮਲੁ ਭਉ’’ ਹੋਣਾ ਉਚਿਤ ਹੈ ਭਾਵ ਸਦਾ ਇਕ ਦੂਜੇ ਦੇ ਸਤਿਕਾਰ ਤੇ ਸ਼ਰਮ ਬਣੇ ਰਹਿਣੇ ਚਾਹੀਦੇ ਹਨ। ਇਹ ਉਦੋਂ ਹੀ ਹੁੰਦਾ ਹੈ ਜੇ ਵਿਸ਼ਵਾਸ਼ ਬਣ ਸਕੇ ਕਿ
‘‘ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ‖’’
‘‘ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ‖
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ‖
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ‖
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ‖
ਅੰਤਰਿ ਬਾਹਰਿ ਹਰਿ ਪ੍ਰਭੂ ਏਕੋ ਮਿਲਿ ਹਰਿ ਜਨ ਮੰਗਲ ਗਾਏ ‖
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ‖
(3) ਲਾਵਾਂ ਦੇ ਤੀਜੇ ਬੰਦ ਵਿਚ ਸੁਖੀ ਦੰਪਤੀ ਜੀਵਨ ਦੀ ਸ਼ਰਤ ‘ਮਨਿ ਚਾਉ ਭਇਆ ਬੈਰਾਗੀਆ’ ਰੱਖੀ ਹੈ ਭਾਵ ਖੁਸ਼ੀ ਦੂਜੇ ਲਈ ਕੁਰਬਾਨੀ ਕਾਰਨ ਅਤੇ ਇਕ ਦੂਜੇ ਦੇ ਜਜ਼ਬਿਆਂ ਦੀ ਕਦਰ ਕਰਨ ਵਿਚ ਹੈ। ਇਹ ਸੂਝ ਭਲੇ ਲੋਕਾਂ ਦੀ (‘‘ਸੰਤ ਜਨਾ ਹਰਿ ਮੇਲੁ’’) ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਸੰਤ ਦਾ ਜੀਵਨ ਕੁਰਬਾਨੀ ਦੀ ਭਾਵਨਾ ਪੈਦਾ ਕਰਦਾ ਹੈ ਕਿਉਂਕਿ ਸੰਤ ਕੁਰਬਾਨੀ ਦੇ ਪੁਤਲੇ ਹਨ-
‘‘ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ‖
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ‖
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ‖
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ‖
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ‖
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ‖
(4) ‘ਲਾਵਾਂ’ ਦੇ ਚੌਥੇ ਬੰਦ ਵਿਚ ਸਫ਼ਲ ਦੰਪਤੀ ਜੀਵਨ ਦੀ ਸ਼ਰਤ ‘ਸਹਜ (ਸਹਿਜ) ਹੈ, ਅਰਥਾਤ ਜੀਵਨ ਵਿਚ ਕਿਸੇ ਪਾਸੇ ਉਲਾਰ ਨਾ ਹੋਇਆ ਜਾਏ। ਜਜ਼ਬਾਤੀ, ਮਾਨਸਿਕ, ਧਾਰਮਿਕ ਤੇ ਸਦਾਚਾਰਕ ਤੌਰ ਤੇ ਸਦਾ ਸਾਂਝਾ ਪਧਰਾ ਰਹਿਣ ਵਿਚ ਹੀ ਖੁਸ਼ੀ ਹੈ। ‘ਸਹਜ’ ਦੀ ਅਵਸਥਾ ਮਨੁੱਖੀ ਹਿਰਦੇ ਵਿਚ ਉਦੋਂ ਪੈਦਾ ਹੁੁੰਦੀ ਹੈ ਜੇ ਹਿਰਦੇ ਵਿਚ ਨਾਮ ਦਾ ਵਿਗਾਸ ਹੋਵੇ, ‘ਧਨ ਹਿਰਦੇ ਨਾਮਿ ਵਿਗਾਸੀ’ ‘ਪ੍ਰਭੁ ਅਵਿਨਾਸੀ’ ਦੀ ਪਛਾਣ ਹੋਵੇ ਅਤੇ ‘ਅਨਦਿਨ ਹਰਿ ਲਿਵਲਾਈ’ ਹੋਵੇ। ਫਿਰ ਪ੍ਰਭੂ ਮਿੱਠਾ ਲਗੇ (ਹਰਿ ਮੀਠਾ ਲਾਇਆ) ਭਾਵ ਜਿਨ੍ਹਾਂ ਕੀਮਤਾਂ ਨੂੰ ‘ਹਰਿ’ ਕਿਹਾ ਜਾਂਦਾ ਹੈ, ਉਹ ਆਦਰਸ਼ ਮਿੱਠੇ ਲੱਗਣ ਤਾਂ ਹੀ ਜੀਵਨ ਵਿਚ ਸਹਿਜ ਪੈਦਾ ਹੁੰਦਾ ਹੈ ਅਤੇ ਜੀਵਨ ਰਸ ਦੀ ਪ੍ਰਾਪਤੀ ਹੁੰਦੀ ਹੈ।
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ‖
ਗੁਰਮੁਖਿ ਮਿਲਿਆ ਸੁਭਾਇ, ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ‖
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ‖
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ‖
ਹਰਿ ਪ੍ਰਭਿ ਠਾਕੁਰਿ ਕਾਜ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ‖
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ‖
ਅਨੰਦ ਕਾਰਜ ਸਮੇਂ ਲਾਵਾਂ ਦੇ ਬੰਦਾਂ ਦਾ ਪਹਿਲਾਂ ਪਾਠ ਹੁੰਦਾ ਹੈ ਜਿਸ ਨੂੰ ਰਾਗੀ ਸਿੰਘ ਫਿਰ ਗਾਇਨ ਕਰਦੇ ਹਨ ਅਤੇ ਇਸ ਗਾਇਨ ਦੌਰਾਨ ਲਾੜਾ ਤੇ ਲਾੜੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਹਨ। ਬੰਦ ਦੇ ਭੋਗ ਪੈਣ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਉਸ ਬੰਦ ਅਨੁਸਾਰ ਦੱਸੀ ਗਈ ਸ਼ਰਤ ਦਾ ਅਨੁਸਰਣ ਕਰਨ ਦੀ ਪ੍ਰਤਿਗਿਆ ਕਰਦੇ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪਰਿਕਰਮਾ ਕੀਤੀਆਂ ਜਾਂਦੀਆਂ ਹਨ ਅਤੇ ਫਿਰ ‘ਅਨੰਦੁ ਸਾਹਿਬ’’ ਦਾ ਸੰਕੀਰਤਨ ਹੁੰਦਾ ਹੈ। ਇਸ ਤੋਂ ਬਾਅਦ ‘‘ ਵਿਆਹ ਹੋਆ ਮੇਰਾ ਬਾਬੁਲਾ’ ਅਤੇ ‘‘ਪੂਰੀ ਆਸਾ ਜੀ ਮੇਰੀ ਮਨਸਾ.......’’ ਸ਼ਬਦਾਂ ਦਾ ਗਾਇਨ ਹੁੰਦਾ ਹੈ। ਉਪਰੰਤ ਦੂਜੀ ਵਾਰ ਆਨੰਦੁ ਸਾਹਿਬ ਦਾ ਗਾਇਨ ਹੁੰਦਾ ਹੈ । ਪਹਿਲਾ ‘ਅਨੰਦੁ ਸਾਹਿਬ’ ਲਾਵਾਂ ਦੀ ਸੰਪੂਰਨਤਾ ਦਾ ਪ੍ਰਤੀਕ ਹੈ ਜਦ ਕਿ ਦੂਜਾ ‘ਅਨੰਦੁ ਸਾਹਿਬ’ ਸਮਾਗਮ–ਦੀਵਾਨ ਦੀ ਸਮਾਪਤੀ ਦਾ ਪ੍ਰਤੀਕ ਹੈ।
ਗ੍ਰਹਿਸਥ ਧਰਮ ਪਾਲਣਾ, ਇਕ ਦੂਜੇ ਦਾ ਸਤਿਕਾਰ ਕਰਨਾ ਕੁਰਬਾਨੀ ਕਰਨਾ ਅਤੇ ਸਹਿਜ ਵਿਚ ਵਿਚਰਨਾ, ਸੁੱਖਮਈ ਜੀਵਨ ਦੀਆਂ ਸ਼ਰਤਾਂ ਹਨ। ਲਾਵਾਂ ਵਿਚ ਇਹ ਚਾਰ ਪ੍ਰਣ ਨਿਭਾਉਣੇ ਦੱਸੇ ਗਏ ਹਨ। ਜੋ ਕੋਈ ਵੀ ਇਹ ਪ੍ਰਣ ਨਿਭਾਏਗਾ, ਸੁੱਖਮਈ ਜੀਵਨ ਜਿਉਂ ਸਕੇਗਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-03-01-00, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਨੇਮ ਤੇ ਪ੍ਰੇਮ-ਡਾ. ਤਾਰਨ ਸਿੰਘ; ਪੰ. -ਰੰਧਾਵਾ
ਵਿਚਾਰ / ਸੁਝਾਅ
Please Login First