ਲੁੱਡੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੁੱਡੀ : ਲੁੱਡੀ ਸ਼ੋਖ ਅਦਾਵਾਂ ਵਾਲਾ ਨਸ਼ੀਲਾ ਲੋਕ-ਨਾਚ ਹੈ, ਜੋ ਕਿਸੇ ਸਮੇਂ ਪੰਜਾਬ ਦੇ ਖਿੱਤੇ, ਜਿਹਲਮ, ਗੁਜਰਾਂਵਾਲਾ, ਸਿਆਲਕੋਟ, ਸਾਹੀਵਾਲ, ਚਕਵਾਲ, ਸਰਗੋਧਾ ਆਦਿ ਵਿੱਚ ਕਾਫ਼ੀ ਪ੍ਰਸਿੱਧ ਰਿਹਾ। ਇੱਕ ਧਾਰਨਾ ਅਨੁਸਾਰ ਲੁੱਡੀ ਮਰਦਾਂ ਦੁਆਰਾ, ਤਾਰਿਆਂ ਅਤੇ ਚੰਦਰਮਾ ਦੇ ਚਾਨਣ ਵਿੱਚ ਜੇਤੂ ਖ਼ੁਸ਼ੀ ਦੀ ਭਾਵਨਾ ਨਾਲ ਨੱਚਿਆ ਜਾਣ ਵਾਲਾ ਨਾਚ ਹੈ।
ਲੁੱਡੀ ਲੋਕ-ਨਾਚ `ਤੇ ਵਜਾਈ ਜਾਣ ਵਾਲੀ ਢੋਲ ਦੀ ਧੀਮੀ ਗਰਜ ਨੂੰ ਕਹਿਰਵਾ ਤਾਲ ਕਿਹਾ ਜਾਂਦਾ ਹੈ ਜੋ ਚਾਰ ਮਾਤਰਾਵਾਂ ਦੀ ਹੁੰਦੀ ਹੈ, ਜਦ ਕਿ ਅਜੋਕੇ ਭੰਗੜਾ ਲੋਕ-ਨਾਚ ਵਿੱਚ ਵਜਾਈ ਜਾਣ ਵਾਲੀ ਕਹਿਰਵਾ ਤਾਲ ਅੱਠ ਮਾਤਰੀ ਅਤੇ ਤੇਜ਼ ਗਤੀ ਵਾਲੀ ਹੁੰਦੀ ਹੈ।
ਲੁੱਡੀ ਲੋਕ-ਨਾਚ ਤੇ ਵਜਾਈ ਜਾਣ ਵਾਲੀ ਤਾਲ ਇੱਕੋ ਪ੍ਰਕਾਰ ਦੀ ਹੈ, ਜੋ ਤੋੜੇ ਦੇ ਅੰਤ `ਤੇ ਕਦੇ ਤੇਜ਼ ਕਦੇ ਹੌਲੀ ਹੁੰਦੀ ਹੈ। ਢੋਲ, ਮੱਧਮ ਸ੍ਵਰ ਪਰ ਤੇਜ਼ਗਤੀ ਵਿੱਚ ਵੱਜਦਾ ਹੈ। ਭੰਗੜੇ ਅਤੇ ਲੁੱਡੀ ਲੋਕ-ਨਾਚ ਵਿੱਚ ਬੁਨਿਆਦੀ ਵਖਰੇਵਾਂ ਇਹ ਹੈ ਕਿ ਭੰਗੜਾ ਲੋਕ-ਨਾਚ ਨੱਚੇ ਜਾਣ ਸਮੇਂ ਢੋਲੀ ਭਾਂਗੜੀਆਂ ਤੋਂ ਕੁਝ ਦੂਰੀ `ਤੇ ਖਲੋ ਕੇ ਢੋਲ ਵਜਾਉਂਦਾ ਹੈ, ਕਿਉਂਕਿ ਭੰਗੜਾ ਨੱਚਣ ਵਾਲੇ ਭਾਂਗੜੀਆਂ ਨੇ ਤੇਜ਼ ਗਤੀ ਵਿੱਚ ਨੱਚਣਾ, ਕੁੱਦਣਾ, ਟੱਪਣਾ ਅਤੇ ਘੁੰਮਣਾ ਹੁੰਦਾ ਹੈ; ਪਰ ਲੁੱਡੀ ਲੋਕ-ਨਾਚ ਨੱਚਣ ਸਮੇਂ ਢੋਲੀ ਨੇ ਨਾਚਿਆਂ ਦੇ ਬਣਾਏ ਗੋਲਾਕਾਰ ਘੇਰੇ ਦੇ ਅੰਦਰਵਾਰ ਖਲੋ ਕੇ ਢੋਲ ਵਜਾਉਣਾ ਹੁੰਦਾ ਹੈ। ਇਉਂ ਲੁੱਡੀ ਨਾਚ ਢੋਲੀ ਦੇ ਚੁਫ਼ੇਰੇ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ।
ਲੁੱਡੀ ਨਾਚ ਨੱਚਣ ਸਮੇਂ ਨਾਚੇ ਦੋਵੇਂ ਬਾਹਾਂ ਅਤੇ ਮੋਢਿਆਂ ਦਾ ਅੱਗੇ ਵੱਲ ਨੂੰ ਹਿਲੋਰਾ ਮਾਰਦੇ ਹੋਏ ਥੋੜ੍ਹਾ ਜਿਹਾ ਝੁਕ ਕੇ ਪੱਬਾਂ ਭਾਰ ਉਤਾਂਹ ਨੂੰ ਉੱਠਦੇ ਹੋਏ ਨੱਚਦੇ ਹਨ। ਜਿਉਂ ਹੀ ਮੋਢੇ ਅਤੇ ਬਾਹਾਂ ਹਿਲੋਰੇ ਵਿੱਚ ਉੱਠਦੀਆਂ ਹਨ, ਹੱਥ ਤਾੜੀ ਮਾਰਦੇ ਹਨ। ਇਉਂ ਤਾੜੀ, ਮੋਢੇ, ਬਾਹਾਂ ਅਤੇ ਪੱਬ ਢੋਲ ਦੀ ਤਾਲ ਨਾਲ ਮਿਲਾ ਕੇ ਸਮਤਾ ਵਿੱਚ ਹਰਕਤ ਕਰਦੇ ਹਨ। ਢੋਲੀ ਦੇ ਹਰ ਤੋੜੇ ਉੱਤੇ ਖੱਬਾ ਅਤੇ ਸੱਜਾ ਪੈਰ ਬਦਲਿਆ ਜਾਂਦਾ ਹੈ, ਜਿਸ ਨਾਲ ਨੱਚਣ ਵਾਲਿਆਂ ਦੇ ਚਿਹਰੇ ਕਦੇ ਸੱਜੇ ਅਤੇ ਕਦੇ ਖੱਬੇ ਵੱਲ ਨੂੰ ਮੁੜਦੇ ਹਨ। ਤਾੜੀ ਵਾਲੇ ਹੱਥ ਵੀ ਸੱਜੇ-ਖੱਬੇ, ਨੀਵੇਂ-ਉੱਚੇ ਅਤੇ ਛਾਤੀ ਸਾਮ੍ਹਣੇ ਹੁੰਦੇ ਹੋਏ ਇੱਕ ਲਹਿਰੀਆ ਗਤੀ ਦਾ ਪਿੜ ਬੰਨ੍ਹਦੇ ਹਨ।
ਇਸੇ ਲਈ ਲੁੱਡੀ ਨੂੰ ਮੋਢਿਆਂ ਦੀ ਲਚਕ ਅਤੇ ਤਾੜੀ ਦਾ ਨਾਚ ਕਿਹਾ ਗਿਆ ਹੈ। ਇੱਕੋ ਸਮੇਂ ਪੱਬ ਨੂੰ ਚੁੱਕਣਾ, ਮੋਢਿਆਂ ਨੂੰ ਹਿਲੋਰਾ ਦਿੰਦੇ ਹੋਏ ਹੱਥ ਦੀ ਤਾੜੀ ਨੂੰ ਢੋਲ ਦੀ ਲੈ ਵਿੱਚ ਮਿਲਾਉਣਾ ਲੁੱਡੀ ਲੋਕ-ਨਾਚ ਦੇ ਵਿਸ਼ੇਸ਼ ਗੁਣ ਮੰਨੇ ਗਏ ਹਨ। ਲੁੱਡੀ ਲੋਕ-ਨਾਚ ਵਿੱਚ ਭਾਵੇਂ ਅੰਗ- ਮੁਦਰਾਵਾਂ ਦੀ ਕੋਈ ਬੰਦਸ਼ ਨਹੀਂ ਹੈ, ਪਰ ਢੋਲ ਦੀ ਤਾਲ ਤੋਂ ਖੁੰਝਣਾ ਵਾਜਬ ਨਹੀਂ ਹੁੰਦਾ। ਲੁੱਡੀ ਵਿੱਚ ਨੱਚਣ ਵਾਲੇ ਨਾਚੇ ਬਾਹਾਂ ਅਤੇ ਹੱਥਾਂ ਦੀਆਂ ਹਰਕਤਾਂ ਤੋਂ ਬਿਨਾਂ ਨੱਚਣ- ਟੱਪਣ ਦੀ ਵਧੇਰੇ ਖੁੱਲ੍ਹ ਨਹੀਂ ਲੈ ਸਕਦੇ, ਇਸ ਲਈ ਲੁੱਡੀ ਲੋਕ-ਨਾਚ ਨੂੰ ਭੰਗੜਾ ਲੋਕ-ਨਾਚ ਦੇ ਟਾਕਰੇ ਧੀਮੀ ਗਤੀ ਵਾਲਾ ਅਤੇ ਨਜ਼ਾਕਤ ਦਾ ਲੋਕ-ਨਾਚ ਕਿਹਾ ਗਿਆ ਹੈ।
ਲੁੱਡੀ ਲੋਕ-ਨਾਚ ਨੂੰ ਨੱਚਣ ਵਾਲੇ ਜੇਕਰ ਪ੍ਰਵੀਣ ਗੱਭਰੂ ਹੋਣ ਤਾਂ ਲੁੱਡੀ ਜੋਟੀਆਂ ਬਣਾ ਕੇ ਵੀ ਨੱਚੀ ਜਾਂਦੀ ਹੈ। ਨਾਚ ਦੀ ਗਤੀ ਜਿਉਂ ਹੀ ਤੇਜ਼ ਹੁੰਦੀ ਹੈ ਢੋਲੀ ਵੱਲੋਂ ਅਚਾਨਕ ਤੋੜਾ ਬਦਲਣ `ਤੇ ਨਾਚੇ ਦੋ-ਦੋ ਟੋਲੀਆਂ ਵਿੱਚ ਵੰਡੇ ਜਾਂਦੇ ਹਨ। ਨਾਚ ਦੇ ਇਸ ਰੂਪ ਵਿੱਚ ਹਰ ਜੋਟੀ ਆਪਣੇ ਛੋਟੇ ਘੇਰੇ ਵਿੱਚ ਵੀ ਨੱਚਦੀ ਹੈ ਅਤੇ ਸਾਰੀਆਂ ਜੋਟੀਆਂ ਵੱਡੇ ਘੇਰੇ ਵਿੱਚ ਵੀ ਘੁੰਮਣ ਦੀ ਗਤੀ ਬਣਾਈ ਰੱਖਦੀਆਂ ਹਨ। ਜੋਟੀਆਂ ਵਿੱਚ ਨੱਚਣ ਸਮੇਂ ਜੋੜੇ ਆਪਸ ਵਿੱਚ ਅਤੇ ਘੁਮਾਉ ਦੀ ਫੇਰੀ ਵੇਲੇ ਕਿਸੇ ਦੂਜੀ ਜੋਟੀ ਦੇ ਸਨਮੁਖ ਆਉਣ `ਤੇ ਅੱਖਾਂ ਅਤੇ ਹਾਸੇ ਦੇ ਭਾਵ ਨਾਲ ਰੁਮਾਂਟਿਕ ਅਤੇ ਖ਼ੁਸ਼ੀ ਭਰਪੂਰ ਇਸ਼ਾਰੇ ਕਰਦੇ ਹਨ। ਲੁੱਡੀ ਨਾਚ ਦਾ ਇਹ ਦ੍ਰਿਸ਼ ਸਭ ਤੋਂ ਮਨਮੋਹਕ ਹੁੰਦਾ ਹੈ, ਕਿਉਂਕਿ ਜਦੋਂ ਨਾਚੇ ਚੱਕਰੀਆਂ ਵਿੱਚ ਘੁੰਮਦੇ ਹੋਏ ਇੱਕ ਦੂਜੇ ਵੱਲ ਰਮਜ਼ਾਂ ਸੁੱਟਦੇ ਹਨ ਤਾਂ ਢੋਲ ਧੀਮੇ ਸ੍ਵਰ ਵਿੱਚ ਵੱਜਦਾ ਹੈ। ਇਉਂ ਨਾਚ ਮੂਕ ਸ਼ਬਦਾਂ ਵਿੱਚ ਆਪਸੀ ਮੁਹੱਬਤ, ਭਾਈਚਾਰਾ ਅਤੇ ਅਪਣੱਤ ਦਾ ਅਜਿਹਾ ਸੰਵਾਦ ਸਿਰਜਦਾ ਹੈ, ਜਿਸ ਵਿੱਚ ਬੋਲਾਂ ਦੀ ਕੋਈ ਲੋੜ ਹੀ ਨਹੀਂ ਰਹਿੰਦੀ।
ਲੁੱਡੀ ਲੋਕ-ਨਾਚ ਵਿੱਚ ਭਾਵੇਂ ਢੋਲ ਧੀਮੀ ਅਵਾਜ਼ ਵਿੱਚ ਵੱਜਦਾ ਹੈ, ਪਰ ਉਸ ਦੀ ਤਾਲ, ਤੇਜ਼ ਗਤੀ ਵਾਲੀ ਹੀ ਰਹਿੰਦੀ ਹੈ। ਇਸ ਲਈ ਨਾਚਿਆਂ ਲਈ ਤਾਲ ਦੀ ਗਤੀ ਅਨੁਸਾਰ ਨੱਚਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਢੋਲ ਦੇ ਡੱਗੇ ਨੂੰ ਮੁੱਖ ਤਾਂ ਰੱਖਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੈਰ ਹਰ ਥਾਪ ਨਾਲ ਹੀ ਉੱਠਣ, ਪੱਬ ਦਾ ਉਠਾਅ ਇੱਕ ਮਾਤਰਾ ਛੱਡ ਕੇ ਵੀ ਚੁੱਕਿਆ ਜਾ ਸਕਦਾ ਹੈ ਪਰ ਤਾਲ ਤੋਂ ਖੁੰਝਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਅੰਗ ਪ੍ਰਦਰਸ਼ਨ ਦੀ ਖੁੱਲ੍ਹ ਮਰਜ਼ੀ ਅਨੁਸਾਰ ਲਈ ਜਾ ਸਕਦੀ ਹੈ।
ਲੁੱਡੀ ਨਾਚ ਸਿਖਰ `ਤੇ ਪਹੁੰਚਣ ਸਮੇਂ ਨਾਚੇ ਜਦੋਂ ਜੋਸ਼ ਵਿੱਚ ਆਉਂਦੇ ਹਨ ਤਾਂ ਢੋਲ ਦੀ ਤਾਲ, ਪੱਬ ਦੇ ਉਠਾਅ ਅਤੇ ਮੋਢਿਆਂ ਦੇ ਹੁਲਾਰੇ ਨਾਲ ਇੱਕ ਸੁਰ ਹੁੰਦੇ ਹੋਏ ਮੂੰਹ ਦੁਆਰਾ ਸ਼ੀ ਸ਼ੀ ਦੀਆਂ ਰਲਵੀਆਂ ਅਵਾਜ਼ਾਂ ਵੀ ਕੱਢਦੇ ਹਨ। ਨਾਚ ਦੀ ਇਸ ਅਦਾ ਨੂੰ ਫੁੰਮਣੀਆਂ ਪਾਉਣਾ ਕਹਿੰਦੇ ਹਨ। ਲੁੱਡੀ ਨਾਚ ਵਿੱਚ ਬੋਲੀਆਂ ਪਾਉਣ ਦੀ ਥਾਂ ਹੋਕਰੇ ਮਾਰਨ ਦਾ ਵੀ ਚਲਨ ਹੈ। ਇਹ ਹੋਕਰੇ ਸਮੂਹਿਕ, ਤਾਲਬੱਧ ਅਤੇ ਰਲਵੇਂ ਹੁੰਦੇ ਹਨ। ਜਿਵੇਂ :
‘ਹੋ ਹੋ, ਹੋ ਹੋ... ਐਲੀ ਐਲੀ, ਐਲੀ ਐਲੀ ਓ ਹੱਟ ਕੇ।’
ਹੋਕਰਿਆਂ ਤੋਂ ਬਾਦ ਨਾਚ ਨੂੰ ਹੁਲਾਰਾ ਦੇਣ ਲਈ,
ਓ ਘੁੱਗੀ ਦੰਦ ਓ ਸ਼ੇਰਾ ਯਾਰ!
ਓ ਘੁੱਗੀ ਦੰਦ ਓ ਸ਼ੇਰਾ ਯਾਰ! ਉਚਾਰਿਆ ਜਾਂਦਾ ਹੈ।
ਮੁੱਖ ਰੂਪ ਵਿੱਚ ਲੁੱਡੀ ਨਾਚ ਕੇਵਲ ਮਰਦਾਂ ਵੱਲੋਂ ਨੱਚੇ ਜਾਣ ਦਾ ਹੀ ਚਲਨ ਹੈ; ਪਰ ਨਾਚ ਜਦੋਂ ਵੇਗ ਤੇ ਪੁੱਜਦਾ ਹੈ ਤਾਂ ਨਾਚਿਆਂ ਵਿੱਚੋਂ ਕੋਈ ਮਰਦ, ਜੋ ਪਹਿਲਾਂ ਹੀ ਇਸਤਰੀ ਪਹਿਰਾਵੇ ਵਿੱਚ ਹੁੰਦਾ ਹੈ, ਪਿੜ ਦੇ ਵਿਚਕਾਰ ਆਉਂਦਾ ਹੈ ਅਤੇ ਜ਼ਨਾਨਾ ਸਾਂਗ ਧਾਰਦਾ ਹੋਇਆ ਵੱਖ- ਵੱਖ ਜੋਟੀਆਂ ਵਿੱਚ ਨੱਚ ਰਹੇ ਨਾਚਿਆਂ ਨਾਲ ਅੱਖਾਂ ਮਟਕਾਉਂਦਿਆਂ ਧੋਣ ਨੂੰ ਟੇਢਾ ਕਰ ਕੇ ਸ਼ੋਖ਼ ਅਤੇ ਲੁਭਾਉਣੀਆਂ ਅਦਾਵਾਂ ਕਰਦਿਆਂ, ਕਦੇ ਖੂਹ ਤੋਂ ਪਾਣੀ ਭਰਦੀ ਮੁਟਿਆਰ, ਕਦੇ ਸੱਜ ਵਿਆਹੀ ਸ਼ਰਮਾਕਲ ਵਹੁਟੀ ਦੇ ਰੂਪ ਵਿੱਚ ਪਾਣੀ ਪਿਆਉਂਦੀ ਨਾਰੀ, ਕਿਸੇ ਨਾਚੇ ਨੂੰ ਬਣਾਇਆ ਪਾਣੀ ਪੀਣ ਵਾਲਾ ਆਸ਼ਕ, ਜਾਂ ਘੋੜੀ ਉੱਤੇ ਸਾਹਿਬਾਂ ਨੂੰ ਕੱਢ ਕੇ ਲੈ ਜਾ ਰਿਹਾ ਮਿਰਜਾ ਆਦਿ ਦੇ ਰੁਮਾਂਟਿਕ ਸਾਂਗ ਭਰੇ ਜਾਂਦੇ ਹਨ। ਸਾਂਗ ਭਰੇ ਜਾਣ ਸਮੇਂ ਭਾਵੇਂ ਕੋਈ ਸੰਵਾਦ ਤਾਂ ਨਹੀਂ ਬੋਲਿਆ ਜਾਂਦਾ, ਪਰ ਅੰਗ-ਭੰਗਿਮਾਂ ਵਜੋਂ ਹਰ ਸਵਾਂਗ ਭਾਵ-ਪੂਰਤ ਅਤੇ ਸਮਝ ਵਿੱਚ ਆਉਣ ਵਾਲਾ ਹੁੰਦਾ ਹੈ। ਤਾੜੀ ਮਾਰ ਕੇ ਨੱਚਣ ਅਤੇ ਜ਼ਨਾਨਾ ਸਾਂਗ ਭਰਨ ਕਰ ਕੇ ਹੀ ਸ਼ਾਇਦ ਲੁੱਡੀ ਨੂੰ ਇਸਤਰੀਆਂ ਦਾ ਨਾਚ ਸਮਝੇ ਜਾਣ ਦਾ ਭੁਲੇਖਾ ਪੈਂਦਾ ਹੈ।
ਲੁੱਡੀ ਨਾਚ ਵਿੱਚ ਸਰੀਰਕ ਲਚਕ ਅਤੇ ਤਾਲ ਵਿੱਚ ਮਿਠਾਸ ਹੋਣ ਕਾਰਨ ਹੀ ਇਸ ਦੀ ਰੂਪਕ ਬਣਤਰ ਨੂੰ ਭੰਗੜਾ ਲੋਕ-ਨਾਚ ਵਿੱਚ ਕਿਸੇ ਓਸ ਥਾਂ ਸੁਭਾਵਿਕ ਹੀ ਸ਼ਾਮਲ ਕਰ ਲਿਆ ਜਾਂਦਾ ਹੈ, ਜਦੋਂ ਅਜੋਕੇ ਭੰਗੜਾ ਨਾਚ ਦੇ ਤੀਬਰ ਨੱਚਦੇ ਭਾਂਗੜੀਆਂ ਨੂੰ ਸਾਹ ਦਿਵਾਉਣਾ ਹੋਵੇ। ਲੁੱਡੀ ਭਾਵੇਂ ਸਮਤਾ ਵਿੱਚ ਨੱਚਿਆ ਜਾਣ ਵਾਲਾ ਨਾਚ ਹੈ, ਪਰ ਢੋਲ ਦੀ ਨਿਸ਼ਚਿਤ ਤਾਲ ਉੱਤੇ, ਵਿਸ਼ੇਸ਼ ਚਾਲ ਵਿੱਚ ਚੱਲਦਿਆਂ ਹਰ ਕੋਈ ਮਨਭਾਉਂਦਾ ਅੰਗ ਪ੍ਰਦਰਸ਼ਨ ਕਰ ਸਕਦਾ ਹੈ। ਨਾਚਿਆਂ ਦੀ ਇੱਕਸਾਰ ਵੱਜਦੀ ਤਾੜੀ ਸਾਰੇ ਨਾਚ ਨੂੰ ਸਮਤਾ ਵਿੱਚ ਬੰਨ੍ਹੀ ਰੱਖਦੀ ਹੈ। ਅਜੋਕੇ ਸਮੇਂ ਲੁੱਡੀ ਲੋਕ-ਨਾਚ ਬਹੁਤ ਘੱਟ ਨੱਚਿਆ ਜਾਂਦਾ ਹੈ, ਕਿਉਂਕਿ ਭੰਗੜਾ ਨਾਚ ਵਿੱਚ ਝੂਮਰ ਅਤੇ ਲੁੱਡੀ ਦੀਆਂ ਕਈ ਅਦਾਵਾਂ ਨੂੰ ਸੰਮਿਲਤ ਕਰ ਲਿਆ ਗਿਆ ਹੈ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਲੁੱਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੁੱਡੀ (ਨਾਂ,ਇ) ਮੋਢਿਆਂ ਦੀ ਲਚਕ ਅਤੇ ਤਾੜੀ ਵਜਾ ਕੇ ਚਾਨਣੀਆਂ ਰਾਤਾਂ ਸਮੇਂ ਪਿੰਡੋਂ ਬਾਹਰ ਖੁੱਲ੍ਹੇ ਪਿੜ ਵਿੱਚ ਨੱਚਿਆ ਜਾਣ ਵਾਲਾ ਪੋਠੋਹਾਰ, ਜਿਹਲਮ, ਗੁਜਰਾਂਵਾਲਾ, ਸਿਆਲਕੋਟ ਆਦਿ ਇਲਾਕੇ ਦਾ ਮਰਦਾਵਾਂ ਲੋਕ-ਨਾਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੁੱਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੁੱਡੀ [ਨਾਂਇ] ਪੰਜਾਬ ਦਾ ਇੱਕ ਲੋਕ-ਨਾਚ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੁੱਡੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੁੱਡੀ : ਵੇਖੋ ‘ਲੋਕਨਾਚ’
ਲੋਕ–ਨਾਚ : ਲੋਕ–ਨਾਚ ਜਾਂ ਲੋਕ–ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ। ਲੋਕ–ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ–ਗੀਤਾਂ ਤੇ ਲੋਕ–ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ। ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ। ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ, ਲੋਕ–ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ।
‘ਲੋਕ–ਨਾਚ’ ਲੋਕ–ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ। ਸਾਧਾਰਣ ਤੌਰ ਤੇ ਲੋਕ–ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ।
ਪੰਜਾਬ ਦੇ ਲੋਕੀ ਵਿਆਹਾਂ, ਸ਼ਾਦੀਆਂ, ਮੇਲਿਆਂ, ਮੁਸਾਹਬਿਆਂ ’ਤੇ ਜੋ ਨਾਚ ਨੱਚਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ। ਕਿੱਕਲੀ, ਗਿੱਧਾ, ਲੁੱਡੀ, ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ–ਨਾਚ ਹਨ।
ਲੋਕ–ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ। ਲੋਕ–ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ।
ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ–ਨਾਚਾਂ ਬਾਰੇ ਵਿਚਾਰ ਕਰਦੇ ਹਾਂ :
(1) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ, ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ, ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ। ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ। ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ–ਗੀਤ ਦਾ ਬੋਲ ਛੁੰਹਦਾ ਹੈ। ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ। ਇਹ ਨਾਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ, ਸਭ ਦਾ ਸਾਂਝਾ ਨਾਚ ਹੈ। ਹੁਣ ਇਹ ਲੋਕ–ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ, ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ।
(2) ਗਿੱਧਾ : ਪੰਜਾਬ ਦੀਆਂ ਮੁਟਿਆਰਾਂ (ਕਈ ਵਾਰ ਗੱਭਰੂ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ। ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ। ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ, ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ। ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ। ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ। ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ। ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ।
ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ–ਗੀਤ ਗਾਏ ਜਾਂਦੇ ਹਨ। ਵਿਆਹਾਂ, ਸ਼ਾਦੀਆਂ, ਮੰਗਣੇ–ਮੰਗਣੀਆਂ, ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ। ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ। ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ। ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਗਿੱਧੇ ਦੇ ਪਿੜ ਵਿਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਦਾ ਭਿੰਨ–ਭੇਦ ਮਿਟ ਜਾਂਦਾ ਹੈ। ਇੰਜ ਇਹ ਲੋਕ–ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ।
(3) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ–ਨਾਚ ਹੈ। ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ। ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ, ਇੱਥੇ ਕੋਈ ਢੋਲਚੀ ਨਹੀਂ ਹੁੰਦਾ।
ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ–ਨਾਚ ਹਨ। ਝੁੰਮਰ ਨੱਚਣ ਵਾਲੇ ਗੱਭਰੂ ਭਰਾਈ (ਢੋਲਚੀ) ਨੂੰ ਸਦਵਾ ਲੈਂਦੇ ਹਨ। ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ। ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ। ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ, ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ। ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ। ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ। ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ। ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ। ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ। ‘ਧਮਾਲ’ ਦੇ ‘ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ। ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ,
ਛਣਕਾਰ ਪੌਂਦਾ ਵਿਚ ਗੱਲੀਆਂ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ
ਕੰਗਣਾਂ ਦੇ ਨਾਲ ਮੇਰੇ ਬੀੜੇ,
ਜੱਟੀ ਧੋ ਧੋ ਵਾਲ ਨਪੀੜੇ,
ਵੇ ਯਾਰ ਕੰਗਣਾਂ ਦੇ ਨਾਲ,
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰਾ ਢੋਲਣਾ,
ਕੂੜੇ ਸੱਜਣਾਂ ਨਾਲ ਕੀ ਬੋਲਣਾ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
(4) ਲੁੱਡੀ : ਲੁੱਡੀ ਪੱਛਮੀ (ਪਾਕਿਸਤਾਨ) ਦਾ ਇਕ ਲੋਕ–ਨਾਚ ਹੈ। ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ, ਬਸ ਨੱਚਦੇ ਹੀ ਰਹਿੰਦੇ ਹਨ। ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ।
ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ। ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ। ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ। ਲੁੱਡੀ ਰਸਦੀ ਹੈ ਤਾਂ ‘ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ। ਲੁੱਡੀ ਮਰਦਾਂ ਦਾ ਨਾਚ ਹੈ। ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ। ਮਿੰਟਗੁਮਰੀ, ਸਰਗੋਧਾ, ਲਾਇਲਪੁਰ, ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ–ਨਾਚ ਬੜਾ ਸਰਬ–ਪ੍ਰਿਯ ਤੇ ਪ੍ਰਸਿੱਧ ਹੈ।
(5) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ। ਬਚਪਨ, ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ। ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ, ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ–ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ। ਕੁੜੀਆਂ ਗਾਉਂਦੀਆਂ ਹਨ :
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਦੋ–ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ। ਇਹੋ ਕਿੱਕਲੀ ਦਾ ਨਾਚ ਹੈ।
ਪੰਜਾਬੀ ਲੋਕ–ਨਾਚਾਂ ਨੂੰ ਜੀਉਂਦਾ ਜੀਵਨ ਹੈ, ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ, ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ, ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First