ਲੈਅ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੈਅ : ਲੈਅ ਭਾਸ਼ਾ ਉਚਾਰਨ ਵਿੱਚ ਰਵਾਨਗੀ ਨਾਲ ਸੰਬੰਧਿਤ ਸੰਕਲਪ ਹੈ। ਇਸ ਨੂੰ ਸਮੁੰਦਰ ਦੀਆਂ ਲਹਿਰਾਂ ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਜਿਵੇਂ ਸਮੁੰਦਰ ਵਿੱਚ ਉੱਠਦੀਆਂ ਲਹਿਰਾਂ ਸ਼ੁਰੂ ਹੋ ਕੇ ਅਖੀਰ ਟੁੱਟਣ ਤੱਕ ਇੱਕ ਰਵਾਨਗੀ ਰੱਖਦੀਆਂ ਹਨ, ਪਰ ਜ਼ਰੂਰੀ ਨਹੀਂ ਹਰ ਲਹਿਰ ਦੀ ਰਵਾਨਗੀ ਇੱਕੋ ਜਿਹੀ ਹੋਵੇ। ਲੈਅ ਇੱਕ ਉਚਾਰਨ-ਖੰਡ ਵਿੱਚ ਰਵਾਨਗੀ ਹੁੰਦੀ ਹੈ ਪਰ ਆਮ ਬੋਲ-ਚਾਲ ਵਿੱਚ ਹਰ ਉਚਾਰਨ-ਖੰਡ ਇੱਕੋ ਲਹਿਜੇ ਜਾਂ ਰਵਾਨਗੀ ਨਾਲ ਨਹੀਂ ਬੋਲਿਆ ਜਾਂਦਾ। ਸਗੋਂ ਇਸ ਵਿੱਚ ਅਨੇਕਤਾ ਅਤੇ ਭਿੰਨਤਾ ਹੁੰਦੀ ਹੈ। ਇਹ ਤੱਥ ਵਾਰਤਕ ਅਤੇ ਕਾਵਿ-ਲੈਅ ਵਿੱਚ ਵਖਰੇਵੇਂ ਨੂੰ ਦਰਸਾਉਂਦਾ ਹੈ। ਕਵਿਤਾ ਇੱਕ ਖ਼ਾਸ ਲੈਅ ਦੇ ਦੁਹਰਾਉ ਵੱਲ ਵਧਦੀ ਹੈ ਜਦ ਕਿ ਵਾਰਤਕ ਵਿੱਚ ਇਸ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਪਰ ਇਹ ਇੱਕ ਤੱਥ ਹੈ ਕਿ ਲੈਅ ਭਾਸ਼ਾ ਉਚਾਰਨ ਦਾ ਜ਼ਰੂਰੀ ਅੰਸ਼ ਹੈ-ਭਾਵੇਂ ਭਾਸ਼ਾ ਵਾਰਤਕ ਰੂਪ ਵਿੱਚ ਹੋਵੇ ਅਤੇ ਭਾਵੇਂ ਕਾਵਿ-ਰੂਪ ਵਿੱਚ।

     ਭਾਸ਼ਾ ਦੇ ਉਚਾਰਨ ਪੱਖ ਨਾਲ ਸੰਬੰਧਿਤ ਧੁਨੀ-ਸ਼ਾਸਤਰ ਅਤੇ ਪਿੰਗਲ (Prosody) ਵਿੱਚ ਆਮ ਤੌਰ ਤੇ ਲੈਅ ਦੇ ਸੰਕਲਪ ਦੀ ਵਰਤੋਂ ਸ੍ਵਰਾਂ ਨੂੰ ਬਲ ਦੇ ਕੇ ਉਚਾਰਨ ਜਾਂ ਬਲ ਨਾ ਦੇ ਕੇ ਉਚਾਰਨ ਦੀ ਤਰਤੀਬ ਵਾਸਤੇ ਕੀਤੀ ਜਾਂਦੀ ਹੈ। ਲੈਅ ਦਾ ਸੰਬੰਧ ਬਲ ਦਿੱਤੇ ਅਤੇ ਬਿਨਾਂ ਬਲ ਤੋਂ ਉਚਾਰ-ਖੰਡਾਂ ਦੀ ਵਿਸ਼ੇਸ਼ ਤਰਤੀਬ ਅਤੇ ਰਵਾਨਗੀ ਦੇ ਭਾਅ ਨਾਲ ਹੈ।

     ਇੱਕ ਸੁਚੇਤ ਲੇਖਕ ਜਾਂ ਬੁਲਾਰਾ ਆਪਣੀ ਲੈਅ ਇਸ ਤਰ੍ਹਾਂ ਵਿਉਂਤਦਾ ਹੈ ਕਿ ਜੋ ਉਹ ਕਹਿੰਦਾ ਹੈ ਉਸ ਦੀ ਅਭਿਵਿਅਕਤੀ ਵਿੱਚ ਵਾਧਾ ਕਰੇ। ਇਸ ਲਈ ਲੈਅ ਦੀ ਵਰਤੋਂ ਅਤੇ ਇਸ ਦੇ ਪ੍ਰਭਾਵ ਹਰ ਸਥਿਤੀ ਵਿੱਚ ਇੱਕੋ ਤਰ੍ਹਾਂ ਨਹੀਂ ਆ ਕੇ ਜਾ ਸਕਦੇ-ਕਿਤੇ ਲੈਅ ਦੀ ਇੱਕੋ ਤਰਤੀਬ ਨੂੰ ਦੁਹਰਾਉਣਾ ਅਸਰ ਭਰਪੂਰ ਹੁੰਦਾ ਹੈ, ਜਦ ਕਿ ਕਿਸੇ ਦੂਜੀ ਸਥਿਤੀ ਵਿੱਚ ਇਹ ਦੁਹਰਾਉ ਨਾਂਹ ਪੱਖੀ ਅਸਰ ਕਰਦਾ ਹੈ। ਇਸੇ ਲਈ ਕਵਿਤਾ ਦੇ ਪਰੰਪਰਾਗਤ (ਤੁਕਾਂਤ) ਰੂਪ ਵਿੱਚ ਲੈਅ ਦਾ ਕਿਸੇ ਖ਼ਾਸ ਤਰਤੀਬ ਵਿੱਚ ਦੁਹਰਾਉ ਚੰਗਾ ਗੁਣ ਹੈ। ਇਸ ਦਾ ਅਰਥ ਹੈ ਕਿ ਕਵਿਤਾ ਕਿਸੇ ਵਿਸ਼ੇਸ਼ ਛੰਦ ਅਨੁਸਾਰ ਹੋਵੇ, ਜਿਵੇਂ ਇੱਕ ਉਚਾਰ-ਖੰਡ ਬਲ ਨਾਲ ਦੂਜਾ ਬਲ ਤੋਂ ਬਿਨਾਂ ਦੀ ਤਰਤੀਬ ਨੂੰ ਦੁਹਰਾਇਆ ਜਾਵੇ ਜਾਂ ਇਸ ਦੇ ਉਲਟ ਕਰਮ ਨੂੰ ਦੁਹਰਾਇਆ ਜਾਵੇ ਜਾਂ ਲਗਾਤਾਰ ਦੋ ਬਲ ਨਾਲ ਅਤੇ ਇੱਕ ਬਲ ਤੋਂ ਬਿਨਾਂ ਉਚਾਰ-ਖੰਡਾਂ ਦੀ ਤਰਤੀਬ ਜਾਂ ਇਸ ਤੋਂ ਉਲਟ ਤਰਤੀਬ ਨੂੰ ਦੁਹਰਾਇਆ ਜਾਵੇ। ਪਰ ਇਹ ਤਰਤੀਬ ਅਤੇ ਸੰਭਾਵਨਾ ਹਰ ਭਾਸ਼ਾ ਵਿੱਚ ਜ਼ਰੂਰੀ ਨਹੀਂ ਇੱਕੋ ਤਰ੍ਹਾਂ ਵਾਪਰੇ। ਇਸ ਲਈ ਕਿਸੇ ਵੀ ਮੂਲ ਪਾਠ ਵਿੱਚ ਛੰਦ ਦੀ ਵਰਤੋਂ ਯਕੀਨਣ ਲੈਅ ਪੈਦਾ ਕਰਦੀ ਹੈ ਪਰ ਕਿਸੇ ਪਾਠ ਦੇ ਲੈਅਬੱਧ ਹੋਣ ਲਈ ਛੰਦ ਜ਼ਰੂਰੀ ਸ਼ਰਤ ਨਹੀਂ। ਖੁੱਲ੍ਹੀ ਕਵਿਤਾ ਅਤੇ ਸਾਰਤਕ ਅਜਿਹੇ ਮੂਲ ਪਾਠ ਸਿਰਜਦੇ ਹਨ, ਜੋ ਸਿਧਾਂਤਿਕ ਤੌਰ ਤੇ ਕਿਸੇ ਵੀ ਮੀਟਰ ਬੱਧ ਵਿਉਂਤਬੰਦੀ ਦੀ ਵਰਤੋਂ ਨਹੀਂ ਕਰਦੇ। ਫਿਰ ਵੀ ਲੈਅ ਇਹਨਾਂ ਦਾ ਅਨਿੱਖੜਵਾਂ ਅੰਗ ਹੁੰਦੀ ਹੈ ਅਤੇ ਇਹ ਆਮ ਤੌਰ ਤੇ ਸੁਮੇਲ ਇੱਕਸੁਰਤਾ ਅਤੇ ਧੁਨੀ ਦੀ ਵਿਧੀ ਨਾਲ ਆਪਸੀ ਸੰਬੰਧ ਦਾ ਮਾਧਿਅਮ ਹੁੰਦੀ ਹੈ।

     ਇਸ ਤਰ੍ਹਾਂ ਤੁਕਾਂਤਿਕ ਕਵਿਤਾ ਵਿੱਚ ਲੈਅ ਨੂੰ ਮੀਟਰ ਦੇ ਨਮੂਨੇ ਨਾਲ ਨਿਰਧਾਰਿਤ ਕੀਤਾ ਜਾਂਦਾ ਹੈ ਜਦ ਕਿ ਵਾਰਤਕ ਅਤੇ ਖੁੱਲ੍ਹੀ ਕਵਿਤਾ ਵਿੱਚ ਇਹ ਕੁਦਰਤੀ ਬੋਲੀ ਨਾਲ ਲਗਪਗ ਮਿਲਦੇ-ਜੁਲਦੇ ਰੂਪ ਵਿੱਚ ਉਚਾਰ-ਖੰਡਾਂ ਦੀ ਤਰਤੀਬ ਦਾ ਪ੍ਰਭਾਵ ਹੁੰਦੀ ਹੈ। ਆਮ ਤੌਰ ਤੇ ਵਾਰਤਕ ਵਿੱਚ ਲੈਅ ਵਾਕ-ਵਿਉਂਤਬੰਦੀ ਅਨੁਸਾਰ ‘ਵਾਕ-ਅੰਸ਼ ਸਮੂਹਾਂ ਦੀ ਤਰਤੀਬ’ ਵਿੱਚੋਂ ਪੈਦਾ ਹੁੰਦੀ ਹੈ। ਇਸ ਨੂੰ ਬੋਲ-ਚਾਲ ਵਿੱਚ ਬੋਲਣ ਸਮੇਂ ਕੁਝ ਵਕਫ਼ਾ ਜਾਂ ਅੰਤਰਾਲ ਅਤੇ ਲਿਖਤ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਅਸਲ ਵਿੱਚ ਵਾਰਤਕ ਲੈਅ ਦੇ ਵਿਸ਼ਲੇਸ਼ਣ ਲਈ ਵਾਕਾਂਸ਼ ਨੂੰ ਮੁਢਲੀ ਇਕਾਈ ਮੰਨਿਆ ਜਾ ਸਕਦਾ ਹੈ।

     ਕਾਵਿ-ਕਲਾ ਨੂੰ ਘੜਨ ਵਾਲੇ ਜਾਂ ਆਕਾਰ ਦੇਣ ਵਾਲੇ ਤਿੰਨ ਸਿਧਾਂਤਾਂ ਵਿੱਚੋਂ ਲੈਅ ਇੱਕ ਹੈ। ਇਹ ਅੰਦਰੂਨੀ ਵਿਚਾਰ ਜਾਂ ਅਰਥ ਆਧਾਰਿਤ ਅਤੇ ਬਾਹਰੀ ਹੋ ਸਕਦੀ ਹੈ। ਮੀਟਰ ਅਤੇ ਧੁਨੀ ਆਧਾਰਿਤ ਅਲੰਕਾਰ ਕਿਸੇ ਕਾਵਿ-ਰੂਪ ਦੀ ਬਾਹਰੀ ਲੈਅ ਨਾਲ ਸੰਬੰਧਿਤ ਹੁੰਦੇ ਹਨ।


ਲੇਖਕ : ਸੁਖਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲੈਅ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੈਅ : ਕਾਵਿ ਜਾਂ ਸੰਗੀਤ ਵਿਚ ਆਵਾਜ਼ ਦੇ ਉਤਰਾ–ਚੜਾ ਨੂੰ ਲੈਅ ਆਖਦੇ ਹਨ। ਲੈਅ ਦੀ ਨਿਸ਼ਚਿਤ ਗਤੀ, ਪ੍ਰਵਾਹ ਅਤੇ ਵਿਰਾਮ ਦੇ ਪਾਰਸਪਰਿਕ ਇਕ–ਕ੍ਰਮ–ਸਿਧਾਂਤ ਨਾਲ ਹੁੰਦੀ ਹੈ। ਸੰਗੀਤ ਅਤੇ ਕਵਿਤਾ ਦੋਹਾਂ ਵਿਚ ਲੈਅ ਦੀ ਹੋਂਦ ਹੁੰਦੀ ਹੈ। ਇਸ ਦੇ ਨਾਲ ਹੀ ਚਿਤ੍ਰਕਲਾ, ਮੂਰਤੀ ਕਲਾ ਅਤੇ ਵਸਤੂ ਕਲਾ ਵਿਚ ਵੀ ਲੈਅ ਦੀ ਹੋਂਦ ਮਿਲਦੀ ਹੈ। ਗਾਇਨ, ਵਾਦਨ ਅਤੇ ਨ੍ਰਿਤ, ਸੰਗੀਤ ਦੇ ਇਨ੍ਹਾਂ ਤਿ਼ਨਾਂ ਅੰਗਾਂ ਨੂੰ ਪਰਸਪਰ ਸੂਤਰਬੱਧ ਕਰਬਨ ਵਾਲੀ ਵਸਤੂ ਲੈਅ ਹੀ ਹੈ। ਕਾਵਿ ਵਿਚ ਇਹ ਸ਼ਬਦ ਸੰਗੀਤ ਦੇ ਖੇਤਰ ਵਿਚੋਂ ਹੀ ਆਇਆ ਪ੍ਰਤੀਤ ਹੁੰਦਾ ਹੈ।

ਲੈਅ ਦੀ ਇਕ ਮਹੱਤਵਪੂਰਣ ਵਿਸ਼ੇਸ਼ਤਾ ਉਸ ਦੀ ਸੰਗਠਨ–ਸ਼ਕਤੀ  (power of integration) ਹੈ ਜਿਸ ਦੁਆਰਾ ਉਹ ਵੱਖ ਵੱਖ ਤੱਤਾਂ ਨੂੰ ਸੰਗਠਿਤ ਕਰਦੀ ਹੈ। ਕਲਾ, ਕਾਵਿ ਅਤੇ ਸੰਗੀਤ ਹੀ ਨਹੀਂ, ਸਗੋਂ ਸਾਧਾਰਣ ਤੇ ਸੁਚੱਜੇ ਜੀਵਨ ਵਿਚ ਵੀ ਲੈ ਦੀ ਵਿਆਪਕ ਤੌਰ ’ਤੇ ਲੋੜ ਹੈ। ਲੈਅ ਕਾਵਿ ਅਤੇ ਸੰਗੀਤ ਨੂੰ ਵਧੇਰੇ ਰੌਚਕ ਤੇ ਖਿੱਚ ਭਰਿਆ ਬਣਾਉਂਦੀ ਹੈ, ਬਿਨਾ ਲੈਅ ਤੋਂ ਸੰਗੀਤ ਬੇਸੁਰਾ ਹੋ ਜਾਂਦਾ ਹੈ ਤੇ ਕਾਵਿ ਕੰਨਾਂ ਨੂੰ ਸੁਖਾਵਾਂ  ਨਹੀਂ ਲੱਗਦਾ।

                                                [ਸਹਾ.ਗ੍ਰੰਥ––ਮ.ਕੋ.] 


ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.