ਲੋਕ-ਕਹਾਣੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਕ-ਕਹਾਣੀ : ਪੰਜਾਬੀ ਲੋਕ-ਸਾਹਿਤ ਦਾ ਰੋਚਕ ਤੇ ਬਲਵਾਨ ਰੂਪ ਲੋਕ-ਕਹਾਣੀਆਂ ਹਨ। ਲੋਕ-ਕਹਾਣੀ ਲਈ ਸ਼ਬਦ ਲੋਕ-ਕਥਾ ਵੀ ਵਰਤਿਆ ਜਾਂਦਾ ਹੈ। ਪੰਜਾਬੀ ਲੋਕਾਂ ਨੂੰ ਕਹਾਣੀਆਂ ਸੁਣਨ ਦਾ ਸ਼ੌਕ ਮੁੱਢ ਤੋਂ ਹੀ ਰਿਹਾ ਹੈ। ਕਹਾਣੀਆਂ ਨੂੰ ਆਮ ਬੋਲੀ ਵਿੱਚ ਬਾਤਾਂ ਵੀ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਤੇ ਵਿਰਸੇ ਦਾ ਇਹ ਬਹੁ-ਰੰਗਾ ਤੇ ਬਹੁ-ਮੁੱਲਾ ਖ਼ਜ਼ਾਨਾ ਹਨ। ਜਦੋਂ ਤੋਂ ਮਨੁੱਖ ਨੇ ਬੋਲੀ ਨੂੰ ਆਪਣਾ ਸੰਚਾਰ ਸਾਧਨ ਬਣਾਇਆ, ਓਦੋਂ ਤੋਂ ਹੀ ਕਹਾਣੀ-ਸਿਰਜਣ ਦੀ ਪ੍ਰਕਿਰਿਆ ਅਰੰਭ ਹੋਈ। ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕਿਸੇ ਵੀ ਰੂਪ `ਚ ਹੋਣ, ਕਹਾਣੀ ਦਾ ਮੁੱਖ ਕਾਰਜ ਮਨੁੱਖੀ ਹਾਵ-ਭਾਵ ਨੂੰ ਪ੍ਰਗਟਾਉਣਾ ਹੁੰਦਾ ਹੈ। ਲੋਕ-ਕਹਾਣੀ ਦੇ ਪਾਤਰ ਮਨੁੱਖ, ਪੰਛੀ, ਜਾਨਵਰ ਤੇ ਜੀਵ ਆਦਿ ਹੋ ਸਕਦੇ ਹਨ। ਇਹ ਕਹਾਣੀਆਂ ਨਿਰਾ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਇਹ ਕੋਈ ਨਾ ਕੋਈ ਸਿੱਖਿਆ ਵੀ ਦੇਂਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਤੇ ਸੱਭਿਆਚਾਰ ਦੀ ਝਲਕ ਵਿਦਮਾਨ ਹੁੰਦੀ ਹੈ।
ਕੋਈ ਸਮਾਂ ਸੀ ਜਦੋਂ ਰਾਤ ਵੇਲੇ ਪਰਿਵਾਰ ਦੇ ਮੈਂਬਰ ਕਹਾਣੀਆਂ ਸੁਣਦੇ ਤੇ ਸੁਣਾਉਂਦੇ ਸਨ। ਮੌਖਿਕ-ਰੂਪ ਵਿੱਚ ਪੀੜ੍ਹੀ-ਦਰ-ਪੀੜ੍ਹੀ ਸਾਂਭੀਆਂ ਇਹ ਕਹਾਣੀਆਂ ਮਨੋਰੰਜਨ ਦਾ ਬਹੁਤ ਵੱਡਾ ਵਸੀਲਾ ਹੁੰਦੀਆਂ ਸਨ। ਲੋਕ-ਮਨ ਦੀ ਸਿਮਰਤੀ ਵਿੱਚ ਸਾਂਭੀਆਂ ਇਹ ਕਹਾਣੀਆਂ ਵਡਮੁੱਲੀ ਦਾਤ ਵਾਂਗ ਸਨ। ਕੀ ਬੱਚੇ ਤੇ ਕੀ ਬਜ਼ੁਰਗ ਸਭ ਕਹਾਣੀ ਸੁਣਨ ਲਈ ਉਤਾਵਲੇ ਹੁੰਦੇ ਸਨ। ਜੀਵਨ-ਸ਼ੈਲੀ ਬਦਲਣ ਨਾਲ ਇਹ ਪਰੰਪਰਾ ਹੁਣ ਮਿਟਦੀ ਜਾ ਰਹੀ ਹੈ ਪਰੰਤੂ ਲੋਕ-ਕਹਾਣੀਆਂ ਅੱਜ ਵੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ।
ਰੂਪ ਤੇ ਵਿਸ਼ੇ ਦੇ ਪੱਖ ਤੋਂ ਲੋਕ-ਕਹਾਣੀਆਂ ਵਿੱਚ ਵੰਨ-ਸਵੰਨਤਾ ਹੈ। ਇਹਨਾਂ ਦਾ ਕਥਾ ਸੰਸਾਰ ਅਤੇ ਬੁਨਿਆਦੀ ਸੁਭਾਅ ਇੱਕ ਦੂਜੇ ਤੋਂ ਵੱਖਰਾ ਹੈ। ਲੋਕ ਕਹਾਣੀ ਵਿੱਚ ਬਿਰਤਾਂਤ ਕਹਾਣੀ ਦਾ ਮੂਲ ਤੱਤ ਹੈ। ਇਸ ਬਿਨਾਂ ਕਹਾਣੀ ਦਾ ਕੋਈ ਵਜੂਦ ਨਹੀਂ। ਇਹਨਾਂ ਕਹਾਣੀਆਂ ਵਿੱਚ ਲੋਕ-ਜੀਵਨ ਦੇ ਲਗਪਗ ਸਾਰੇ ਪੱਖ, ਘਟਨਾਵਾਂ ਕਹਾਣੀ ਨੂੰ ਸਿਰਜਦੀਆਂ ਹਨ। ਇਹਨਾਂ `ਚ ਹਰ ਅਸੰਭਵ ਘਟਨਾ ਵਾਪਰ ਸਕਦੀ ਹੈ।
ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਦੇਣਾ ਇਹਨਾਂ ਦਾ ਮਨੋਰਥ ਹੁੰਦਾ ਹੈ। ਲੋਕ-ਕਹਾਣੀਆਂ ਅਨੇਕ ਰੂਪਾਂ ਤੇ ਸ਼ੈਲੀਆਂ ਵਿੱਚ ਮਿਲਦੀਆਂ ਹਨ। ਇਸ ਦੀਆਂ ਪ੍ਰਮੁਖ ਵੰਨਗੀਆਂ ਇਸ ਪ੍ਰਕਾਰ ਹਨ :
ਦੇਵ-ਕਥਾਵਾਂ : ਲੋਕ-ਕਹਾਣੀ ਦਾ ਸਭ ਤੋਂ ਪ੍ਰਾਚੀਨ ਰੂਪ ਦੇਵ-ਕਥਾਵਾਂ ਹਨ। ਇਹ ਲੋਕ-ਸੰਸਕ੍ਰਿਤੀ ਦਾ ਇੱਕ ਵਿਸ਼ੇਸ਼ ਅੰਗ ਹਨ। ਇਹਨਾਂ ਅੰਦਰ ਪ੍ਰਕਿਰਤਿਕ ਸ਼ਕਤੀਆਂ ਬਾਰੇ ਆਦਿਮ ਅਨੁਭਵ ਹਨ। ਅੱਗ, ਹਵਾ, ਸੂਰਜ, ਚੰਦ, ਪਾਣੀ ਆਦਿ ਸ਼ਕਤੀਆਂ ਬਾਰੇ ਕਥਾਵਾਂ ਹਨ। ਇਹਨਾਂ ਸ਼ਕਤੀਆਂ ਨੂੰ ਦੇਵਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਸੀ। ਅਜੇ ਵੀ ਇਹ ਕਥਾਵਾਂ ਲੋਕਾਂ ਦੇ ਦਿਲ-ਦਿਮਾਗ਼ `ਤੇ ਬੈਠੀਆਂ ਹੋਈਆਂ ਹਨ ਜਿਵੇਂ ਧਰਤੀ ਦਾ ਬਲਦ ਦੇ ਸਿੰਗਾਂ `ਤੇ ਚੁੱਕੇ ਹੋਣਾ, ਸੰਜੀਵਨੀ ਬੂਟੀ ਨਾਲ ਮਰੇ ਹੋਏ ਵਿਅਕਤੀ ਨੂੰ ਜਿਊਂਦਾ ਕਰਨਾ ਆਦਿ। ਇਹਨਾਂ ਨਾਲ ਧਰਮ ਦੀ ਤੀਬਰ ਭਾਵਨਾ ਜੁੜੀ ਹੋਈ ਸੀ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਦੀ ਰਚਨਾ ਓਦੋਂ ਹੋਈ ਜਦੋਂ ਮਨੁੱਖ ਜੰਗਲੀ ਜੀਵਨ ਦੇ ਯੁੱਗ ਵਿੱਚ ਜੀਅ ਰਿਹਾ ਸੀ।
ਦੰਤ-ਕਥਾਵਾਂ : ਲੋਕ-ਕਹਾਣੀਆਂ ਦਾ ਸਭ ਤੋਂ ਖ਼ੂਬਸੂਰਤ ਤੇ ਅਦਭੁੱਤ ਰੂਪ ਦੰਤ-ਕਥਾਵਾਂ ਹਨ। ਅੰਗਰੇਜ਼ੀ ਵਿੱਚ ਲੀਜਿੰਡ (legend) ਸ਼ਬਦ ਵਰਤਿਆ ਜਾਂਦਾ ਹੈ। ਸੁਣੀ ਸੁਣਾਈ ਗੱਲ ਨੂੰ ਦੰਤ-ਕਥਾ ਕਿਹਾ ਜਾਂਦਾ ਹੈ। ਇਹਨਾਂ `ਚ ਇਤਿਹਾਸ ਤੇ ਮਿਥਿਹਾਸ ਦਾ ਸੁਮੇਲ ਹੁੰਦਾ ਹੈ। ਇਹਨਾਂ ਦੀਆਂ ਕਈ ਕਿਸਮਾਂ ਹਨ :
(ੳ) ਜੋਗ ਮਤ ਨਾਲ ਸੰਬੰਧਿਤ ਗੋਰਖ, ਮਛੰਦਰ, ਪੂਰਨ ਭਗਤ, ਭਰਥਰੀ-ਹਰੀ, ਨਾਥਾਂ ਤੇ ਜੋਗੀਆਂ ਬਾਰੇ। ਇਹਨਾਂ ਕਥਾਵਾਂ `ਚ ਮੋਹ, ਮਾਇਆ ਤੇ ਇਸਤਰੀ ਦੇ ਤਿਆਗ ਦੀ ਭਾਵਨਾ ਵਧੇਰੇ ਪ੍ਰਬਲ ਹੁੰਦੀ ਹੈ।
(ਅ) ਪੀਰ-ਫ਼ਕੀਰਾਂ ਨਾਲ ਸੰਬੰਧਿਤ ਜਿਵੇਂ ਗੁੱਗਾ ਪੀਰ, ਨੌਂ-ਗਜੇ ਆਦਿ ਦੀਆਂ ਦੰਤ-ਕਥਾਵਾਂ। ਇਹਨਾਂ ਦਾ ਅਰੰਭ ਪੰਜਾਬ ਵਿੱਚ ਸੂਫ਼ੀ ਫ਼ਕੀਰਾਂ ਦੇ ਆਉਣ ਨਾਲ ਹੋਇਆ। ਫ਼ਕੀਰਾਂ ਦੇ ਮਜ਼ਾਰ ਤੇ ਕਬਰਾਂ ਸਥਾਪਿਤ ਹੋਈਆਂ ਤੇ ਸ਼ਰਧਾਲੂਆਂ ਦੀ ਅਥਾਹ ਸ਼ਰਧਾ ਕਾਰਨ ਇਹ ਕਥਾਵਾਂ ਪੀਰਾਂ-ਫ਼ਕੀਰਾਂ ਨੂੰ ਅਲੌਕਿਕ ਤੇ ਕਰਾਮਾਤੀ ਨਾਇਕ ਬਣਾਉਂਦੀਆਂ ਹਨ।
(ੲ) ਗੁਰੂਆਂ ਤੇ ਭਗਤਾਂ ਨਾਲ ਸੰਬੰਧਿਤ ਜਿਵੇਂ ਭਗਤ ਕਬੀਰ, ਰਵਿਦਾਸ, ਗੁਰੂ ਨਾਨਕ, ਸ਼ਹੀਦਾਂ ਆਦਿ ਬਾਰੇ। ਇਹਨਾਂ `ਚ ਜੀਵਨ ਰਹੱਸ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝਣ ਤੇ ਗ੍ਰਹਿਣ ਕਰਨ ਉੱਤੇ ਜ਼ੋਰ ਹੁੰਦਾ ਹੈ।
(ਸ) ਪ੍ਰੀਤ-ਕਥਾਵਾਂ ਜਿਹੜੀਆਂ ਪੰਜਾਬ ਦੇ ਖ਼ੂਨ ਤੇ ਪਿਆਰ ਵਿੱਚ ਰੰਗੀਆਂ ਹੋਈਆਂ ਹਨ ਜਿਵੇਂ ਹੀਰ-ਰਾਂਝਾ, ਸੱਸੀ ਪੁੰਨੂੰ, ਮਿਰਜ਼ਾ-ਸਾਹਿਬਾਂ ਤੇ ਸੋਹਣੀ-ਮਹੀਂਵਾਲ ਆਦਿ। ਇਨ੍ਹਾਂ `ਚ ਪੌਰਾਣਿਕ ਵਿਰਸੇ ਦੀ ਪਛਾਣ ਤੇ ਇਤਿਹਾਸਿਕ ਯਥਾਰਥ ਰੂਪਮਾਨ ਹੁੰਦਾ ਹੈ।
(ਹ) ਸਾਹਸ ਦੰਤ-ਕਥਾਵਾਂ ਜਿਹੜੀਆਂ ਪ੍ਰਾਚੀਨ ਯੱਗ ਵਿੱਚ ਬਹਾਦਰੀ ਦੇ ਕਾਰਨਾਮਿਆਂ ਦੇ ਪਾਤਰਾਂ ਨਾਲ ਸੰਬੰਧਿਤ ਹਨ ਜਿਵੇਂ ਸਲਵਾਨ, ਰਾਜਾ ਰਸਾਲੂ ਤੇ ਦੁੱਲਾ ਭੱਟੀ ਆਦਿ। ਮੁਗ਼ਲ ਰਾਜ ਦੇ ਅੰਤ ਸਮੇਂ ਸਿੱਖ ਜੋਧਿਆਂ ਦੀਆਂ ਸ਼ਹੀਦੀਆਂ ਬਾਰੇ, ਜਿਨ੍ਹਾਂ ਜ਼ੁਲਮ ਦਾ ਮੁਕਾਬਲਾ ਕੀਤਾ ਜਿਵੇਂ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਆਦਿ। ਦੰਤ-ਕਥਾ ਅਨੁਸਾਰ ਬਾਬਾ ਦੀਪ ਸਿੰਘ ਤਲੀ `ਤੇ ਸੀਸ ਰੱਖ ਕੇ ਧੜ ਨਾਲ ਹੀ ਵੈਰੀਆਂ ਨੂੰ ਮਾਰ ਕੇ ਅੰਮ੍ਰਿਤਸਰ ਪੁੱਜਾ। ਇਹਨਾਂ ਕਹਾਣੀਆਂ ਦੀ ਗਿਣਤੀ ਬਹੁਤ ਹੈ। ਇਹਨਾਂ `ਚ ਉਪਦੇਸ਼, ਪ੍ਰਭਾਵ ਦੀ ਏਕਤਾ, ਘਟਨਾਵਾਂ ਦੀ ਲੜੀ ਤੇ ਵਿਸ਼ੇ ਆਦਰਮਈ ਹਨ। ਅੰਗਰੇਜ਼ ਵਿਦਵਾਨ ਰਿਚਰਡ ਟੈਂਪਲ ਨੇ ਇਹਨਾਂ ਦੰਤ-ਕਥਾਵਾਂ ਨੂੰ Legends of the Punjab ਤਿੰਨ ਜ਼ਿਲਦਾਂ ਵਿੱਚ ਸੰਗ੍ਰਹਿ ਕੀਤਾ ਹੈ।
ਪਰੀ ਕਹਾਣੀਆਂ : ਇਹ ਕਹਾਣੀਆਂ ਬੜੀਆਂ ਮਨੌਰੰਜਕ ਤੇ ਰੋਚਕ ਹਨ। ਇਹ ਪਾਠਕ ਨੂੰ ਪਾਰਲੌਕਿਕ- ਸੰਸਾਰ ਦੀ ਸੈਰ ਕਰਾਉਂਦੀਆਂ ਹਨ। ਇਹਨਾਂ `ਚ ਹਰ ਗੱਲ ਸੰਭਵ ਹੈ। ਪਰੀ ਸ਼ਬਦ ਫ਼ਾਰਸੀ ਦਾ ਹੈ ਜਿਸ ਦੇ ਅਰਥ ਉੱਡਣ ਦੇ ਹਨ ਭਾਵ ਅਲੌਕਿਕ-ਸੁੰਦਰਤਾ ਵਾਲੀ ਉਹ ਯੁਵਤੀ ਜੋ ਆਪਣੇ ਪਰਾਂ (ਖੰਭਾਂ) ਦੁਆਰਾ ਅਕਾਸ਼ ਵਿੱਚ ਉੱਡ ਸਕਦੀ ਹੈ। ਇਹਨਾਂ `ਚ ਜਾਦੂ-ਟੂਣਾ ਅਤੇ ਪਰਾ-ਸਰੀਰਕ ਅੰਸ਼ ਵਧੇਰੇ ਹੁੰਦੇ ਹਨ। ਕਲਪਨਾ ਭਾਰੂ ਹੁੰਦੀ ਹੈ। ਨਾਇਕ ਅਨੇਕ ਔਕੜਾਂ ਤੇ ਮੁਸੀਬਤਾਂ ਝੱਲਦੇ ਆਪਣੇ ਉਦੇਸ਼ ਵਿੱਚ ਸਫਲ ਹੁੰਦੇ ਹਨ। ਪੰਜਾਬ ਦੀਆਂ ਪਰੀ ਕਹਾਣੀਆਂ ਸਾਮੀ, ਭਾਰਤੀ ਅਤੇ ਲੌਕਿਕ ਪਰੰਪਰਾ ਵਿੱਚੋਂ ਆਈਆਂ ਜਿਵੇਂ ਲਾਲ ਪਰੀ, ਸਬਜ਼ ਪਰੀ, ਅਨਾਰਾਂ ਸ਼ਹਿਜ਼ਾਦੀ, ਬਿੱਲੀ ਪਰੀ, ਹੰਸ ਪਰੀ, ਮੋਰਨੀ ਪਰੀ ਆਦਿ। ਇਹ ਕਹਾਣੀਆਂ ਮਨੋਰੰਜਨ ਦੇ ਨਾਲ-ਨਾਲ ਸਾਹਸ, ਕਲਪਨਾ ਅਤੇ ਉਤਸ਼ਾਹ ਵਧਾਉਂਦੀਆਂ ਹਨ।
ਪ੍ਰੇਤ-ਕਥਾਵਾਂ : ਲੌਕਿਕ ਜਗਤ ਨਾਲੋਂ ਪਾਰਲੌਕਿਕ ਜਗਤ ਨਾਲ ਸੰਬੰਧਿਤ ਕਹਾਣੀਆਂ ਪ੍ਰੇਤ-ਕਥਾਵਾਂ ਅਖਵਾਉਂਦੀਆਂ ਹਨ ਜਿਨ੍ਹਾਂ `ਚ ਰਹੱਸਮਈ ਜਗਤ ਦੀਆਂ ਚਮਤਕਾਰੀ ਘਟਨਾਵਾਂ ਅਮਾਨਵੀ-ਪਾਤਰ ਭੂਤ, ਜਿੰਨ, ਪ੍ਰੇਤ, ਡੈਣ, ਚੁੜੇਲ ਤੇ ਛਲੇਡੇ ਪਾਤਰਾਂ ਦੁਆਰਾ ਵਾਪਰਦੀਆਂ ਹਨ। ਵਿਗਿਆਨਿਕ ਸੋਚ ਇਹਨਾਂ ਨੂੰ ਨਹੀਂ ਮੰਨਦੀ। ਦੈਵੀ ਰੂਪ ਬਦਲਦੀਆਂ ਸ਼ਕਤੀਆਂ ਜਿਵੇਂ ਛਲੇਡਾ ਅਨੇਕਾਂ ਰੂਪ ਧਾਰਨ ਕਰ ਕੇ ਮਨੁੱਖ ਨੂੰ ਮੂਰਖ ਬਣਾਉਂਦਾ ਹੈ। ਹਵਾ ਵਿੱਚ ਉੱਡਣਾ, ਪਾਣੀ ਉੱਪਰ ਤੁਰਨਾ, ਬਿਜਲੀ ਦੀ ਤਲਵਾਰ ਨਾਲ ਜਿੰਨਾਂ ਦਾ ਨਾਸ਼ ਕਰਨਾ, ਗੁੰਝਲਦਾਰ ਪ੍ਰਸ਼ਨਾਂ ਦੇ ਉੱਤਰ ਦੇਣੇ ਆਦਿ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ। ਲੋਕ-ਮਤ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਉਹ ਆਤਮਾਵਾਂ ਭੂਤ, ਪ੍ਰੇਤ, ਚੜੇਲਾਂ ਆਦਿ ਦਾ ਰੂਪ ਧਾਰਨ ਕਰ ਲੈਂਦੇ ਹਨ ਇਸੇ ਕਰ ਕੇ ਇਹਨਾਂ ਕਹਾਣੀਆਂ `ਚ ਡਰਾਉਣੇ, ਭੈ-ਭੀਤ ਕਰਨ ਵਾਲੇ ਤੇ ਅਚੰਭਿਤ ਕਰਨ ਵਾਲੇ ਦ੍ਰਿਸ਼ ਪ੍ਰਗਟਾਏ ਹੁੰਦੇ ਹਨ।
ਪਸ਼ੂ ਕਹਾਣੀਆਂ : ਲੋਕ-ਕਹਾਣੀਆਂ ਦਾ ਸਭ ਤੋਂ ਪ੍ਰਾਚੀਨ ਰੂਪ ਵੀ ਪਸ਼ੂ ਕਹਾਣੀਆਂ ਹਨ। ਇਹ ਸੰਸਾਰ ਦੇ ਸਾਰੇ ਦੇਸਾਂ ਵਿੱਚ ਉਪਲਬਧ ਹਨ। ਇਹਨਾਂ `ਚ ਮੁੱਖ ਪਾਤਰ ਪਸ਼ੂ ਹੁੰਦਾ ਹੈ ਜੋ ਬੰਦਿਆਂ ਵਾਂਗ ਬੋਲਦਾ, ਸੋਚਦਾ ਤੇ ਗੱਲਾਂ ਕਰਦਾ ਹੈ। ਇਹਨਾਂ `ਚ ਮੁੱਖ ਉਦੇਸ਼ ਮਨੋਰੰਜਨ ਤੇ ਉਪਦੇਸ਼ ਹੁੰਦਾ ਹੈ। ਇਹਨਾਂ ਦੀਆਂ ਕਈ ਕਿਸਮਾਂ ਹਨ :
(ੳ) ਉਪਦੇਸ਼ ਦੇਣ ਵਾਲੀਆਂ ਨੀਤੀ ਕਥਾਵਾਂ ਜਿਵੇਂ ਸ਼ਕਤੀ ਨਾਲੋਂ ਅਕਲ ਨਾਲ ਕੰਮ ਸਿਰੇ ਚੜ੍ਹ ਸਕਦਾ ਹੈ।
(ਅ) ਕਾਰਨ ਲੱਭਣ ਵਾਲੀਆਂ ਜਿਵੇਂ ਕੋਇਲ ਕਾਲੀ ਕਿਉਂ ਹੈ? ਮੋਰ ਆਪਣੇ ਪੈਰ ਵੇਖ ਕੇ ਕਿਉਂ ਝੂਰਦਾ ਹੈ।
(ੲ) ਪਸ਼ੂ-ਪੰਛੀ ਨਾਇਕ ਵਾਲੀਆਂ ਜਿਵੇਂ ਮਗਰਮੱਛ ਰਾਜਾ, ਕੁੱਤਾ ਰਾਜਾ, ਬਾਂਦਰ, ਤੋਤਾ ਆਦਿ।
(ਸ) ਗੌਣ ਪਾਤਰ ਵਾਲੀਆਂ ਜਿਵੇਂ ਕੋਈ ਪਸ਼ੂ ਜਾਂ ਪੰਛੀ ਸਾਰੀ ਵਿੱਥਿਆ ਦੱਸਦਾ ਹੈ ਜਿਵੇਂ ‘ਸੋਨੇ ਦੇ ਵਾਲਾਂ ਵਾਲੀ ਸੁੰਦਰੀ` ਕਥਾ ਵਿੱਚ ਚੂਹਾ ਤੇ ਬਿੱਲੀ ਨਾਇਕ ਦੀ ਗੁੰਮ ਹੋਈ ਸੁੰਦਰੀ ਨੂੰ ਲੱਭਦਾ ਹੈ।
ਨੀਤੀ-ਕਥਾਵਾਂ : ਨੀਤੀ ਸ਼ਬਦ ਤੋਂ ਭਾਵ ਕੁਝ ਵਿਸ਼ੇਸ਼ ਗੁਣਾਂ, ਚਾਲਾਂ ਅਤੇ ਜੁਗਤਾਂ ਤੋਂ ਹੈ। ਅੰਗਰੇਜ਼ੀ ਵਿੱਚ ਫੇਬਲ (Fable) ਸ਼ਬਦ ਇਸ ਦੇ ਸਮਾਨਾਰਥਕ ਹੈ। ਨੀਤੀ ਕਥਾ ਪਸ਼ੂ ਕਹਾਣੀ ਦਾ ਅਜਿਹਾ ਰੂਪ ਹੈ ਜਿਸ ਵਿੱਚ ਪਸ਼ੂਆਂ ਨੂੰ ਮਨੁੱਖਾਂ ਦੇ ਗੁਣ ਪ੍ਰਦਾਨ ਕਰ ਕੇ ਮਨੁੱਖ ਨੂੰ ਵਿਅੰਗਮਈ ਢੰਗ ਨਾਲ ਸਿੱਖਿਆ ਦਿੱਤੀ ਜਾਂਦੀ ਹੈ। ਨੀਤੀ-ਕਥਾਵਾਂ ਦੀ ਸਿਰਜਨਾ ਸੂਝਵਾਨ ਪੁਰਸ਼ਾਂ ਨੇ ਕੀਤੀ ਹੁੰਦੀ ਹੈ। ਨੀਤੀ-ਸ਼ਾਸਤਰਾਂ ਵਿੱਚ ਸਮਾਜ ਅਤੇ ਰਾਜ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਅਜਿਹੀਆਂ ਕਥਾਵਾਂ ਦਾ ਜ਼ਿਕਰ ਮਿਲਦਾ ਹੈ। ਕਿਸੇ ਸੰਕਟ ਜਾਂ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ। ਇਹਨਾਂ ਜੁਗਤਾਂ ਦਾ ਬਿਰਤਾਂਤਕ ਪਸਾਰਾ, ਨੀਤੀ-ਕਥਾਵਾਂ ਦਾ ਹੀ ਰੂਪ ਹੈ। ਕਹਾਣੀ ਦੇ ਪਹਿਲੇ ਭਾਗ ਵਿੱਚ ਉਦੇਸ਼ ਲਈ ਉਦਾਹਰਨਾਂ ਹੁੰਦੀਆਂ ਤੇ ਦੂਜੇ ਭਾਗ ਵਿੱਚ ਉਪਦੇਸ਼ ਅਖਾਣਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਸਿੱਖਿਆ ਪਸ਼ੂ-ਪੰਛੀ ਦੁਆਰਾ ਦਿੱਤੀ ਹੁੰਦੀ ਹੈ। ਭਾਰਤ ਵਿੱਚ ਨੀਤੀ-ਕਥਾਵਾਂ ਦੇ ਦੋ ਪ੍ਰਸਿੱਧ ਸੰਗ੍ਰਹਿ ਪੰਚਤੰਤਰ ਅਤੇ ਹਿੱਤੋਪਦੇਸ਼ ਹਨ। ਪੰਚਤੰਤਰ ਕਹਾਣੀਆਂ ਵਧੇਰੇ ਪ੍ਰਸਿੱਧ ਹੋਣ ਕਾਰਨ ਦੁਨੀਆ ਦੀਆਂ ਲਗਪਗ 50 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹ ਈਸਾ ਤੋਂ ਦੋ ਕੁ ਸਦੀਆਂ ਪਹਿਲਾਂ ਕਸ਼ਮੀਰ ਵਿੱਚ ਰਚੀਆਂ ਗਈਆਂ ਮੰਨੀਆਂ ਜਾਂਦੀਆਂ ਹਨ। ਨੀਤੀ-ਕਥਾਵਾਂ ਦਾ ਸੰਸਾਰ ਵਿੱਚ ਸਭ ਤੋਂ ਪੁਰਾਣਾ ਸੰਗ੍ਰਹਿ ‘ਈਨਮ ਫੇਬਲਜ਼` ਮੰਨਿਆ ਗਿਆ ਹੈ ਜੋ ਪੰਜ ਸਦੀਆਂ ਪਹਿਲਾਂ ਰਚਿਆ ਗਿਆ। ਪੰਜਾਬ ਵੀ ਨੀਤੀ-ਕਥਾਵਾਂ ਦਾ ਭੰਡਾਰ ਰਿਹਾ ਹੈ। ਅੱਜ ਵੀ ਅਨੇਕ ਕਥਾਵਾਂ ਮੂਲ-ਰੂਪ ਵਿੱਚ ਪ੍ਰਚਲਿਤ ਹਨ। ਇਹ ਕਥਾਵਾਂ ਉਹਨਾਂ ਸਮਿਆਂ ਦੇ ਲੋਕਾਂ ਦੀ ਸੰਸਕ੍ਰਿਤੀ ਅਤੇ ਜੀਵਨ-ਵਿਹਾਰ ਦੀ ਲੜੀ ਦਾ ਪ੍ਰਾਚੀਨ ਰੂਪ ਹਨ।
ਖਾਸ ਨੁਕਤੇ ਵਾਲੀਆਂ ਕਹਾਣੀਆਂ : ਇਹ ਲੋਕ-ਪ੍ਰਿਆ ਵੰਨਗੀ ਵਾਲੀਆਂ ਹਨ ਜਿਵੇਂ ਪੰਜਾਬ ਵਿੱਚ ਸ਼ੇਖ-ਚਿੱਲੀ ਅਤੇ ਅਕਬਰ-ਬੀਰਬਲ ਦੇ ਵਾਰਤਾਲਾਪ ਨਾਲ ਜੁੜੀਆਂ ਅਨੇਕ ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ `ਚ ਕਿਸੇ ਨੁਕਤੇ ਨੂੰ ਅਦਭੁੱਤ, ਰੋਚਕ ਤੇ ਸਿੱਖਿਆਦਾਇਕ ਢੰਗ ਨਾਲ ਸੁਲਝਾਇਆ ਜਾਂਦਾ ਹੈ। ਇਹ ਮਨੋਰੰਜਨ ਦੇ ਨਾਲ-ਨਾਲ ਜੀਵਨ ਦੇ ਯਥਾਰਥਿਕ ਪੱਖ ਦਾ ਉਲੇਖ ਵੀ ਕਰਦੀਆਂ ਹਨ। ਜੀਵਨ ਦੀਆਂ ਅਸਲੀਅਤਾਂ ਨੂੰ ਗਲਪ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।
ਬੁਝਾਰਤਾਂ ਵਾਲੀਆਂ ਕਹਾਣੀਆਂ : ਇਹਨਾਂ ਕਹਾਣੀਆਂ ਵਿੱਚ ਬੁਝਾਰਤਾਂ, ਅੜਾਉਣੀਆਂ ਜਾਂ ਪ੍ਰਸ਼ਨਾਂ ਦੁਆਰਾ ਸਮੱਸਿਆ ਦੱਸੀ ਹੁੰਦੀ ਹੈ। ਗੁੰਝਲ ਸੁਲਝਾਈ ਜਾਂਦੀ ਹੈ। ਸਮੱਸਿਆ ਦਾ ਹੱਲ ਬੜਾ ਰੋਚਕ ਹੁੰਦਾ ਹੈ। ਇਹਨਾਂ ਦੀ ਪਰੰਪਰਾ ਵੀ ਪੁਰਾਣੀ ਹੈ। ਇਹਨਾਂ ਦਾ ਉਦੇਸ਼ ਬੁੱਧੀ ਦੀ ਪਰੀਖਿਆ ਲੈਣੀ ਤੇ ਦਿਮਾਗ਼ੀ ਕਸਰਤ ਕਰਨਾ ਹੈ। ਅਲਫ਼ ਲੈਲਾ, ਸਿੰਘਾਸਨ ਬਤੀਸੀ ਅਤੇ ਇੱਕ ਹਜ਼ਾਰ ਰਾਤਾਂ ਇਸੇ ਪ੍ਰਕਾਰ ਦੀਆਂ ਕਥਾਵਾਂ ਦੇ ਸੰਗ੍ਰਹਿ ਹਨ।
ਉਕਤ ਪ੍ਰਮੁਖ-ਵੰਨਗੀਆਂ ਤੋਂ ਬਿਨਾਂ ਸਾਖੀ, ਬਚਨ, ਪ੍ਰਮਾਣ, ਚੁਟਕਲਾ, ਕਹਾਵਤ, ਹਸਾਵਣੀ, ਚਲਿੱਤਰ ਆਦਿ ਵੀ ਲੋਕ-ਕਹਾਣੀਆਂ ਦੇ ਰੂਪ ਪੜ੍ਹਨ ਨੂੰ ਮਿਲਦੇ ਹਨ। ਬਾਲ-ਸਾਹਿਤ ਵਿੱਚ ਲੋਕ-ਕਹਾਣੀਆਂ ਦੀ ਵਿਸ਼ੇਸ਼ ਭੂਮਿਕਾ ਹੈ। ਇਹਨਾਂ ਨੂੰ ਪੜ੍ਹਨ ਨਾਲ ਸੱਭਿਆਚਾਰਿਕ ਵਿਰਸੇ ਦੇ ਪਿਛੋਕੜ ਦੀ ਜਾਣਕਾਰੀ ਮਿਲਦੀ ਹੈ। ਮਨੋਰੰਜਨ ਦੇ ਨਾਲ-ਨਾਲ ਕਲਪਨਾ ਤੇ ਸੁਪਨੇ ਸਕਾਰ ਕਰਨ ਲਈ ਉਤਸ਼ਾਹ ਮਿਲਦਾ ਹੈ।
ਲੇਖਕ : ਮਨਮੋਹਨ ਸਿੰਘ ਦਾਊਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First