ਲੋਕ-ਧਰਮ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਕ-ਧਰਮ : ਲੋਕ-ਧਰਮ ਵਿਸ਼ਿਸ਼ਟ ਧਰਮ ਦਾ ਹੀ ਮੁਢਲਾ ਰੂਪ ਹੈ। ਫ਼ਰਕ ਕੇਵਲ ਏਨਾ ਹੈ ਕਿ ਵਿਸ਼ਿਸ਼ਟ ਧਰਮ ਦਾ ਮੂਲ ਕਿਸੇ ਮਹਾਂਪੁਰਸ਼ ਦੀ ਆਮਦ ਜਾਂ ਰਚਿਤ ਗ੍ਰੰਥ ਤੋਂ ਬੱਝਦਾ ਹੈ ਅਤੇ ਉਸ ਦੇ ਸਰੂਪ ਵਿੱਚ ਅਹਿਮ ਤਬਦੀਲੀਆਂ ਵਾਪਰਨ ਦੀ ਗੁੰਜਾਇਸ਼ ਨਹੀਂ ਹੁੰਦੀ, ਪਰ ਲੋਕ-ਧਰਮ (ਜੋ ਸਮੂਹਿਕ ਲੋਕ-ਮਨ ਦੀ ਬਿਰਤੀ ਅਤੇ ਪ੍ਰਵਾਨਗੀ ਵਿੱਚੋਂ ਉਪਜਿਆ ਹੁੰਦਾ ਹੈ) ਵਿੱਚ ਸਮੇਂ-ਸਮੇਂ ਨਵੀਆਂ ਰੂੜ੍ਹੀਆਂ ਪ੍ਰਵੇਸ਼ ਕਰਦੀਆਂ ਰਹਿੰਦੀਆਂ ਹਨ ਅਤੇ ਲੋਕ-ਧਰਮ ਵਿੱਚ ਇੱਕਸਾਰਤਾ ਨਾਲੋਂ ਵਧੇਰੇ ਭਿੰਨਤਾ ਹੁੰਦੀ ਹੈ। ਵਿਸ਼ਿਸ਼ਟ ਧਰਮ ਦਾ ਆਧਾਰ ਕੋਈ ਨਾ ਕੋਈ ਲਿਖਤੀ ਗ੍ਰੰਥ ਹੁੰਦਾ ਹੈ; ਪਰ ਲੋਕ-ਧਰਮ ਦਾ ਸਮੁੱਚਾ ਵਰਤਾਰਾ ਹੀ ਮੌਖਿਕ ਹੁੰਦਾ ਹੈ। ਵਿਸ਼ਿਸ਼ਟ ਧਰਮ ਅਧੀਨ ਕੀਤੀ ਪੂਜਾ ਅਰਚਨਾ, ਅਗਲੇਰੇ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਮੁਕਤੀ ਦੀ ਇੱਛਾ ਨਾਲ ਕੀਤੀ ਜਾਂਦੀ ਹੈ, ਜਦ ਕਿ ਲੋਕ-ਧਰਮ ਦੀਆਂ ਵਧੇਰੇ ਮਨੌਤਾਂ ਮੌਜੂਦਾ ਜੀਵਨ ਦੇ ਸੁੱਖ ਸਾਧਨਾਂ ਦੀ ਇੱਛਾ ਅਧੀਨ ਕੀਤੀਆਂ ਜਾਂਦੀਆਂ ਹਨ। ਪਹਿਲ ਸ੍ਵੈ-ਰੱਖਿਆ ਨੂੰ ਦਿੱਤੀ ਜਾਂਦੀ ਹੈ। ਵਿਸ਼ਿਸ਼ਟ ਧਰਮ ‘ਦਰਸ਼ਨ’ ਨੂੰ ਸਮਝਣ ’ਤੇ ਜ਼ੋਰ ਦਿੰਦਾ ਹੈ, ਜਦ ਕਿ ਲੋਕ-ਧਰਮ ਭੌਤਿਕ ਵਸਤੂਆਂ `ਤੇ ਕੇਂਦਰਿਤ ਰਹਿੰਦਾ ਹੈ।
ਪ੍ਰਸਿੱਧ ਵਿਦਵਾਨ, ਆਰ. ਆਰ. ਮੈਰਟ ਅਨੁਸਾਰ ਹਰ ਵਸਤੂ ਦਾ ਅਰੰਭ ਤਲਾਸ਼ ਕੀਤਾ ਜਾ ਸਕਦਾ ਹੈ ਪਰੰਤੂ ਲੋਕ-ਧਰਮ ਕਿਉਂਕਿ ਮਨੁੱਖੀ ਹੋਂਦ ਜਿੰਨਾ ਹੀ ਪ੍ਰਾਚੀਨ ਹੈ, ਇਸ ਲਈ ਇਸ ਦੇ ਮੁੱਢ ਸੰਬੰਧੀ ਸਾਰੇ ਸਿਧਾਂਤ ਕੇਵਲ ਕਿਆਸ ਅਰਾਈਆਂ ਤੱਕ ਹੀ ਸੀਮਤ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੂਰਵ ਇਤਿਹਾਸਿਕ ਮਨੁੱਖ ਦੇ ਧਾਰਮਿਕ ਅਕੀਦੇ ਕਿਸ ਕਿਸਮ ਦੇ ਸਨ, ਇਹਨਾਂ ਬਾਰੇ ਕੇਵਲ ਅਨੁਮਾਨ ਹੀ ਲਾਏ ਜਾ ਸਕਦੇ ਹਨ, ਕਿਉਂਕਿ ਮਾਨਵ ਸਮਾਜ ਵਾਂਗ ਲੋਕ-ਧਰਮ ਵੀ ਕਈ ਪੜਾਵਾਂ ਵਿੱਚੋਂ ਲੰਘਿਆ ਹੈ।
ਲੋਕ-ਧਰਮ ਦਾ ਮੁਢਲਾ ਪੜਾਅ ਆਤਮਸ਼ੀਲ ਚਿੰਤਨ ਮੰਨਿਆ ਜਾਂਦਾ ਹੈ। ਜਿਸ ਵਿੱਚ ਇਹ ਧਾਰਨਾ ਪ੍ਰਚਲਿਤ ਹੋਈ ਕਿ ਵਸਤੂ ਭਾਵੇਂ ਜੜ ਹੋਵੇ ਜਾਂ ਚੇਤਨ ਉਸ ਵਿੱਚ ਆਤਮ ਤੱਤ ਦੀ ਹੋਂਦ ਹੁੰਦੀ ਹੈ। ਸਮਾਂ ਪਾ ਕੇ ਇਸੇ ਧਾਰਨਾ ਨੇ ਹੀ ਸਰਗੁਣ ਦਾ ਰੂਪ ਅਖ਼ਤਿਆਰ ਕੀਤਾ। ਇਸੇ ਲਈ ਮੋਏ ਪ੍ਰਾਣੀਆਂ ਦੀ ਪਿੱਤਰ ਪੂਜਾ ਕਰਦਾ ਲੋਕ-ਧਰਮ ਚਿੰਤਨ, ਬ੍ਰਹਿਮੰਡ ਵਿੱਚ ਕਿਸੇ ਰਹੱਸਮਈ ਸ਼ਕਤੀ ਨੂੰ ਪਛਾਣਦਾ ਹੋਇਆ, ਕਿਸੇ ਰੱਬੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਲੱਗਾ।
ਇੱਕ ਹੋਰ ਧਾਰਨਾ ਅਨੁਸਾਰ ਲੋਕ-ਧਰਮ ਆਪੇ ਦੀ ਪਛਾਣ ਵਿੱਚੋਂ ਪੈਦਾ ਹੋਇਆ, ਕਿਉਂਕਿ ਮਨੁੱਖ ਨੇ ਆਪਣੇ ਅੰਦਰ ਇੱਕ ਅਥਾਹ ਸ਼ਕਤੀ ਮਹਿਸੂਸ ਕੀਤੀ, ਜਿਹੋ ਜਿਹੀ ਸ਼ਕਤੀ ਉਹਨੂੰ ਸਮੁੱਚੀ ਪ੍ਰਕਿਰਤੀ ਵਿੱਚ ਵੀ ਦਿਖਾਈ ਦਿੱਤੀ; ਅੰਦਰੂਨੀ ਅਤੇ ਬਾਹਰੀ ਸ਼ਕਤੀ ਦੀ ਇੱਕਸੁਰਤਾ ਵਿਚਲੇ ਯਤਨਾਂ ਨੇ ਹੀ ਲੋਕ-ਧਰਮ ਨੂੰ ਜਨਮ ਦਿੱਤਾ।
ਇਸ ਤਰ੍ਹਾਂ ਬ੍ਰਹਿਮੰਡ ਦੇ ਰਹੱਸਾਂ ਅਤੇ ਮਨੁੱਖ ਨਾਲ ਪ੍ਰਕਿਰਤੀ ਦੇ ਸਥਾਪਿਤ ਹੋਏ ਸੰਬੰਧਾਂ ਨੂੰ ਨਿਸ਼ਚਿਤ ਕਰਨ ਲਈ ਮਿੱਥ-ਕਥਾਵਾਂ ਨੇ ਜਨਮ ਲਿਆ। ਮਿੱਥ-ਕਥਾ ਦਾ ਆਧਾਰ ਭਾਵੇਂ ਕਲਪਨਾ ਹੈ, ਪਰ ਇਸ ਦੀ ਸਿਰਜਣਾ ਵਿੱਚ ਚੇਤਨਤਾ ਨਾਲੋਂ ਅਵਚੇਤਨ, ਵਿਅਕਤੀਗਤ ਨਾਲੋਂ ਸਮੂਹਿਕਤਾ ਦਾ ਜਲੌਅ ਵਧੇਰੇ ਹੁੰਦਾ ਹੈ। ਅਸਲ ਵਿੱਚ ਇਹ ਸਮੂਹਿਕ ਪ੍ਰਵਾਨਗੀ ਹੀ ਲੋਕ-ਧਰਮ ਦਾ ਮੂਲ ਹੈ।
ਬਹੁਤ ਸਾਰੇ ਵਿਦਵਾਨ ਇਸ ਕਥਨ ਨਾਲ ਸਹਿਮਤ ਹਨ ਕਿ ਮਿੱਥ-ਕਥਾ ਦਾ ਮੁੱਢ ਓਦੋਂ ਬੱਝਿਆ ਜਦੋਂ ਮਨੁੱਖ ਆਪਣੇ-ਆਪ ਨੂੰ ਪ੍ਰਕਿਰਤੀ ਦਾ ਅਨਿੱਖੜਵਾਂ ਅੰਗ ਸਮਝਦਾ ਸੀ ਅਤੇ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਪ੍ਰਕਿਰਤੀ ਦੇ ਮਾਧਿਅਮ ਦੁਆਰਾ ਸਮਝਣ ਦਾ ਯਤਨ ਕਰ ਰਿਹਾ ਸੀ। ਅਜਿਹੇ ਯਤਨਾਂ ਵਿੱਚੋਂ ਹੀ ਮਨੁੱਖ ਦੀ ਇਹ ਧਾਰਨਾ ਬਣੀ ਕਿ ਜੇਕਰ ਪ੍ਰਕਿਰਤੀ ਨਹੀਂ ਮਰਦੀ ਤਾਂ ਮਨੁੱਖ ਦੀ ਆਤਮਾ ਵੀ ਅਮਰ ਹੈ। ਇਸੇ ਧਾਰਨਾ ਦੇ ਸਿੱਟੇ ਵਜੋਂ ਹੀ ਮਨੁੱਖ ਨੇ ਪ੍ਰਕਿਰਤੀ ਦਾ ਮਾਨਵੀਕਰਨ ਕਰ ਕੇ ਦੇਵਤਿਆਂ ਦੀ ਹੋਂਦ ਨੂੰ ਸਿਰਜਿਆ ਅਤੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ। ਇੱਥੇ ਲੋਕ-ਧਰਮ ਅਤੇ ਵਿਸ਼ਿਸ਼ਟ ਧਰਮ ਦੀਆਂ ਮਨੌਤਾਂ ਵਿੱਚ ਇਹ ਅੰਤਰ ਪਿਆ ਕਿ ਲੋਕ-ਧਰਮ ਨੇ ਅਜਿਹੇ ਦੇਵੀ- ਦੇਵਤਿਆਂ ਦੀ ਪੂਜਾ ਅਰਚਨਾ ਨੂੰ ਪਹਿਲ ਦੇਣੀ ਅਰੰਭ ਕੀਤੀ, ਜਿਹੜੇ ਦੇਵੀ-ਦੇਵਤੇ, ਦੁਨਿਆਵੀ ਸੁੱਖ-ਸਾਧਨਾਂ ਦੀ ਪ੍ਰਾਪਤੀ ਲਈ ਕਰਾਮਾਤੀ ਸ਼ਕਤੀਆਂ ਦੇ ਸੁਆਮੀ ਸਨ।
ਇਸ ਦੇ ਬਾਵਜੂਦ ਮਨੁੱਖ ਨੇ ਪ੍ਰਕਿਰਤੀ ਦੇ ਰਹੱਸਮਈ ਵਿਸ਼ਾਲ ਪਸਾਰੇ ਵਿੱਚ ਆਪਣੇ-ਆਪ ਨੂੰ ਤੁੱਛ ਅਤੇ ਸ਼ਕਤੀਹੀਣ ਸਮਝਿਆ, ਜਿਸ ਕਰ ਕੇ ਉਹ ਹਮੇਸ਼ਾਂ ਭੈਅ ਵਿੱਚ ਘਿਰਿਆ ਰਿਹਾ। ਕੁਝ ਪ੍ਰਾਪਤ ਕਰਨ ਅਤੇ ਪ੍ਰਾਪਤ ਕੀਤਾ ਹੋਇਆ ਗੁਆਚ ਜਾਣ ਦੇ ਡਰ ਵਜੋਂ ਹੀ ਮਨੁੱਖ ਨੇ ਰੱਬੀ ਸ਼ਕਤੀਆਂ ਦੀ ਪੂਜਾ ਸ਼ੁਰੂ ਕੀਤੀ, ਜੋ ਸਮਾਂ ਪਾ ਕੇ ਲੋਕ-ਧਰਮ ਦਾ ਅੰਗ ਬਣ ਗਈ।
ਏਸੇ ਪੜਾਅ ਤੇ ਹੀ ਲੋਕ-ਧਰਮ ਵਿੱਚ ਪੂਜਾ ਅਤੇ ਅਨੁਸ਼ਠਾਨਿਕ ਕਰਮ ਕਾਂਡਾਂ ਦੀ ਸ਼ੁਰੂਆਤ ਹੋਈ। ਲੋਕ-ਧਰਮ ਵਿੱਚ ਜਾਦੂ-ਟੂਣੇ ਦਾ ਪ੍ਰਵੇਸ਼ ਹੋਇਆ। ਜਿਸ ਦੇ ਸਿੱਟੇ ਵਜੋਂ ਟੂਣਾ ਚਿੰਤਨ ਦੀ ਇਹ ਧਾਰਨਾ ਬਣੀ ਕਿ ਪ੍ਰਕਿਰਤੀ ਦੀ ਤਹਿ ਵਿੱਚ ਕੰਮ ਕਰਦੀ ਸ਼ਕਤੀ ਅਚੇਤ ਅਤੇ ਦੇਹ ਰਹਿਤ ਹੈ। ਇਸ ਪ੍ਰਕਿਰਤਿਕ ਸ਼ਕਤੀ ਉੱਤੇ ਗੁਪਤ ਸਾਧਨਾਂ ਅਤੇ ਮੰਤਰ (ਟੂਣਾ) ਵਿਧੀ ਨਾਲ ਪ੍ਰਭਾਵ ਪਾ ਕੇ ਆਪਣੇ ਮੰਤਵ ਦੀ ਸਿੱਧੀ ਕੀਤੀ ਜਾ ਸਕਦੀ ਹੈ।
ਵਿਸ਼ਿਸ਼ਟ ਧਰਮ ਦੀਆਂ ਪੂਜਾ ਵਿਧੀਆਂ ਅਤੇ ਪ੍ਰਾਰਥਨਾਵਾਂ ਵਿੱਚ ਆਪਣੇ ਇਸ਼ਟ ਨੂੰ ਸਿਮਰ ਕੇ ਰਿਝਾਇਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਇੱਛਤ ਕਾਮਨਾ ਦੀ ਪੂਰਤੀ ਇਸ਼ਟ ਦੀ ਮਿਹਰ ਬਖਸ਼ਿਸ਼ `ਤੇ ਨਿਰਭਰ ਕਰਦੀ ਹੈ, ਪਰ ਜਾਦੂ-ਟੂਣੇ ਵਿੱਚ ਮੰਤਰ-ਸਿੱਧੀ ਲਈ ਕਿਸੇ ਦੇਵੀ ਦੇਵਤੇ ਅੱਗੇ ਝੁਕਿਆ ਨਹੀਂ ਜਾਂਦਾ। ਸਗੋਂ ਮੰਤਰ-ਵਿਧੀ ਦੀ ਸ਼ਕਤੀ ਦੁਆਰਾ ਹੁਕਮ ਦਿੱਤਾ ਜਾਂਦਾ ਹੈ।
ਧਰਮ ਅਤੇ ਜਾਦੂ-ਟੂਣੇ ਅਨੁਸਾਰ, ਇੱਕ ਸਰਬ ਧਾਰਨਾ ਪ੍ਰਚਲਿਤ ਹੈ ਕਿ ਕੁਦਰਤ ਦੇ ਨੇਮ ਬਦਲੇ ਜਾ ਸਕਦੇ ਹਨ। ਵਿਸ਼ਿਸ਼ਟ ਧਰਮ, ਅਰਾਧਨਾ ਨਾਲ ਬਦਲਣਾ ਚਾਹੁੰਦਾ ਹੈ, ਜਦ ਕਿ ਜਾਦੂ-ਟੂਣਾ, ਬਲ ਅਤੇ ਰਹੱਸਮਈ ਸਾਧਨਾਂ ਨਾਲ ਬਦਲਣ ਵਿੱਚ ਯਕੀਨ ਰੱਖਦਾ ਹੈ।
ਲੋਕ-ਧਰਮ ਅਤੇ ਵਿਸ਼ਿਸ਼ਟ ਧਰਮ ਵਿੱਚ ਮੂਲ ਰੂਪ ਵਿੱਚ ਅੰਤਰ ਹੀ ਇਹ ਹੈ ਕਿ ਲੋਕ-ਧਰਮ ਸਭ ਵਸਤੂਆਂ ਨੂੰ ਲੌਕਿਕ ਅਤੇ ਅਲੌਕਿਕ ਕੋਟੀਆਂ ਵਿੱਚ ਵੰਡ ਲੈਂਦਾ ਹੈ। ਲੋਕ-ਧਰਮ ਅਨੁਸਾਰ ਲੌਕਿਕ ਵਸਤੂਆਂ ਜੀਵਨ ਵਰਤਾਰੇ ਲਈ ਹਨ ਅਤੇ ਅਲੌਕਿਕ ਰਹੱਸਮਈ ਹਨ। ਕਈ ਹਾਲਾਤਾਂ ਵਿੱਚ ਲੌਕਿਕ ਨੂੰ ਅਲੌਕਿਕ ਰੂਪ ਦੇ ਲਿਆ ਜਾਂਦਾ ਹੈ ਅਤੇ ਜੜ੍ਹ ਵਸਤੂਆਂ ਵਿੱਚ ਵੀ ਪ੍ਰਾਣਧਾਰੀ ਸ਼ਕਤੀ ਮੰਨ ਲਈ ਜਾਂਦੀ ਹੈ, ਕਿਉਂਕਿ ਲੋਕ-ਉਪਾਸਨਾ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਲੋਕ-ਧਾਰਾਈ ਹੁੰਦੀ ਹੈ। ਉਹ ਹਰ ਦੁੱਖ, ਕਸ਼ਟ, ਤਕਲੀਫ਼ ਅਤੇ ਸੰਤਾਪ ਦਾ ਕਾਰਨ ਰਹੱਸਮਈ ਸ਼ਕਤੀਆਂ ਦੀ ਕਰੋਪੀ ਨੂੰ ਮੰਨਦੇ ਹਨ। ਉਹਨਾਂ ਦੀ ਇਹ ਵੀ ਧਾਰਨਾ ਹੈ ਕਿ ਦੁੱਖ ਦੇਣ ਵਾਲੀਆਂ ਸ਼ਕਤੀਆਂ ਨੂੰ ਜਾਦੂ-ਟੂਣੇ ਪ੍ਰਾਰਥਨਾ ਜਾਂ ਚੜ੍ਹਾਵੇ ਦੇ ਬਲ ਨਾਲ ਵੱਸ ਕਰ ਕੇ ਮਨ-ਇੱਛਤ ਵਸਤੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਲੋਕ-ਧਰਮ ਦੀ ਇੱਕ ਸਰਬ ਪ੍ਰਵਾਨਿਤ ਪੂਜਾ ਵਿਧੀ ਪ੍ਰਾਰਥਨਾ ਨੂੰ ਮੰਨਿਆ ਗਿਆ ਹੈ, ਪਰ ਲੋਕ-ਧਰਮ ਵਿੱਚ ਪ੍ਰਾਰਥਨਾ ਦਾ ਕੋਈ ਇੱਕ ਬੱਝਵਾਂ ਰੂਪ ਪ੍ਰਚਲਿਤ ਨਹੀਂ ਹੈ, ਕਿਉਂਕਿ ਲੋਕ-ਧਰਮ ਦਾ ਅਨੁਯਾਈ ਵਿਅਕਤੀ ਕਿਸੇ ਇੱਕ ਨਿਸ਼ਚਿਤ ਦੇਵੀ-ਦੇਵਤੇ ਦਾ ਪੁਜਾਰੀ ਨਹੀਂ ਹੁੰਦਾ, ਸਗੋਂ ਉਹ ਹਰ ਓਸ ਲੌਕਿਕ-ਅਲੌਕਿਕ ਵਸਤੂ ਪ੍ਰਤਿ ਸ਼ਰਧਾਵਾਨ ਹੁੰਦਾ ਹੈ, ਜਿਸ ਤੋਂ ਉਸ ਨੂੰ ਦੁਨਿਆਵੀ ਲਾਭ ਪ੍ਰਾਪਤ ਹੋਣ ਦੀ ਆਸ ਹੋਵੇ। ਇਸੇ ਲਈ ਪਿੰਡ ਦੇ ਸਾਰੇ ਦਿਉਤੇ, ਕਬਰਾਂ, ਸਤੀਆਂ, ਖ਼ਾਨਗਾਹਾਂ, ਸਮਾਧਾਂ, ਰੁੱਖ ਆਦਿ ਉਸ ਦੇ ਇਸ਼ਟ ਹੁੰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਲੋਕ-ਧਰਮ ਦੀਆਂ ਮਨੌਤਾਂ ਕਈ ਪ੍ਰਕਾਰ ਦੀਆਂ ਹਨ, ਜਿਵੇਂ ਚੜ੍ਹਾਵਾ ਦੇਣਾ, ਸੰਭਵ ਹੈ ਆਦਿ ਮਾਨਵ ਜਾਤੀਆਂ ਵਿੱਚ ਪਹਿਲੇ-ਪਹਿਲ ਕਬੀਲੇ ਦੇ ਕਿਸੇ ਸਰਦਾਰ ਨਮਿਤ, ਕਿਸੇ ਇੱਛਾ ਪ੍ਰਾਪਤੀ ਲਈ ਚੜ੍ਹਾਵਾ ਚੜ੍ਹਾਇਆ ਜਾਂਦਾ ਹੋਵੇ, ਜੋ ਬਾਅਦ ਵਿੱਚ ਅਦਿੱਖ ਸ਼ਕਤੀਆਂ ਤੋਂ ਇੱਛਾ ਪ੍ਰਾਪਤੀ ਲਈ ਇਹ ਮਨੌਤ ਦੇ ਰੂਪ ਵਿੱਚ ਪ੍ਰਚਲਿਤ ਹੋ ਗਿਆ ਹੋਵੇ। ਅਜੋਕੇ ਸਮੇਂ ਵੀ ਸਤੀਆਂ, ਜਠੇਰੇ, (ਪਿੱਤਰ) ਸਮਾਧਾਂ, ਗੁੱਗਾ, ਸੀਤਲਾ, ਖੁਆਜਾ, ਭੈਰੋਂ, ਸ਼ਨੀ ਆਦਿ ਦੀ ਪੂਜਾ ਚੜ੍ਹਾਵੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਚੜ੍ਹਾਵਾ ਪਹਿਲਾਂ ਸੁੱਖਣਾ ਦੇ ਰੂਪ ਵਿੱਚ ਸੁੱਖਿਆ ਜਾਂਦਾ ਹੈ, ਇੱਛਾ ਪੂਰਤੀ ਉਪਰੰਤ ਇਸ਼ਟ ਦੇਵ ਨਮਿੱਤ ਮਨ ਵਿੱਚ ਧਾਰੀ ਵਸਤੂ ਜਾਂ ਰੁਪਏ ਪੈਸੇ ਨੂੰ ਦਾਨ ਦੇ ਰੂਪ ਵਿੱਚ ਭੇਟਾ ਕੀਤਾ ਜਾਂਦਾ ਹੈ।
ਪ੍ਰਕਿਰਤੀ ਪੂਜਾ ਲੋਕ-ਧਰਮ ਦੀ ਇੱਕ ਹੋਰ ਬਹੁ- ਪ੍ਰਵਾਨਿਤ ਪੂਜਾ ਵਿਧੀ ਹੈ। ਇੱਕ ਧਾਰਨਾ ਅਨੁਸਾਰ, ਆਦਿ ਮਾਨਵ ਨੇ ਮਹਿਸੂਸ ਕੀਤਾ ਕਿ ਪ੍ਰਕਿਰਤੀ ਵੀ ਮਨੁੱਖ ਵਾਂਗ ਪ੍ਰਾਣਧਾਰੀ ਹੋਣ ਦੇ ਨਾਲ-ਨਾਲ ਗਤੀਸ਼ੀਲ ਅਤੇ ਪਰਿਵਰਤਨਸ਼ੀਲ ਹੈ। ਮਨੁੱਖ ਨੇ ਪ੍ਰਕਿਰਤੀ ਨੂੰ ਆਪਣਾ ਹੀ ਪ੍ਰਤਿਰੂਪ ਸਮਝਿਆ, ਪਰ ਛੇਤੀ ਹੀ ਮਨੁੱਖ ਪ੍ਰਕਿਰਤੀ ਨੂੰ ਆਪੇ ਤੋਂ ਬਲਵਾਨ ਸਮਝਣ ਲੱਗਿਆ, ਜਿਸ ਦੇ ਸਿੱਟੇ ਵਜੋਂ ਪ੍ਰਕਿਰਤੀ ਦਾ ਮਾਨਵੀਕਰਨ ਤੋਂ ਦੇਵੀਕਰਨ ਹੋ ਗਿਆ ਅਤੇ ਚੰਨ, ਸੂਰਜ, ਰੁੱਖ, ਜਲ, ਧਰਤੀ, ਰੁੱਤਾਂ ਆਦਿ ਪੂਜ-ਵਸਤੂਆਂ ਬਣ ਗਏ।
ਲੋਕ-ਧਰਮ ਵਿੱਚ ਮਨੁੱਖ ਆਦਿਮ ਅਵਸਥਾ ਵਿੱਚ ਹੀ ਪਿੱਤਰਾਂ ਦੀ ਪੂਜਾ ਕਰਨ ਵੱਲ ਰੁਚਿਤ ਸੀ। ਹਰਬਰਟ ਸਪੈਂਸਰ ਪਿਤਰ-ਪੂਜਾ ਨੂੰ ਲੋਕ-ਧਰਮ ਦਾ ਮੂਲ ਆਧਾਰ ਮੰਨਦਾ ਹੈ। ਪਿਤਰ-ਪੂਜਾ ਦਾ ਅੰਤਰੀਵ ਮੰਤਵ ਮਰ ਗਏ ਪਿਤਰਾਂ ਦੀ ਰੂਹ ਤੋਂ ਭੈਅ ਹੈ। ਇਸ ਭੈਅ ਨੂੰ ਦੂਰ ਕਰਨ ਲਈ ਪਿਤਰ-ਪੂਜਾ ਅਧੀਨ ਸ਼ਰਾਧ, ਜਠੇਰਿਆਂ ਦੀ ਪੂਜਾ ਅਤੇ ਪੁੰਨਦਾਨ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।
ਮ੍ਰਿਤਕ ਪ੍ਰਾਣੀ ਦੀ ਪੂਜਾ ਅਰਚਨਾ ਦਾ ਇੱਕ ਹੋਰ ਸੰਕਲਪ ਬਦਰੂਹਾਂ ਦੀ ਪੂਜਾ ਹੈ। ਇੱਕ ਧਾਰਨਾ ਹੈ ਕਿ ਸਧਾਰਨ ਹਾਲਤ ਵਿੱਚ ਮੋਇਆ ਪ੍ਰਾਣੀ ਪਿੱਛੇ ਰਹਿ ਗਏ ਅੰਗਾਂ ਸਾਕਾਂ ਨੂੰ ਏਨਾ ਤੰਗ ਨਹੀਂ ਕਰਦਾ। ਪਰ ਅਨਿਆਈ ਮੌਤ ਮਰਿਆ ਪ੍ਰਾਣੀ ਪਿੱਛੇ ਰਹਿ ਗਏ ਜੀਵੰਤ ਨਜ਼ਦੀਕੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖ਼ਾਸ ਕਰ ਕੇ ਅਣਵਿਆਹੁਤਾ ਮਰਦ ਇਸਤਰੀ ਜਾਂ ਵਿਅੰਮ (ਸੂਤਕ) ਵਿੱਚ ਮਰੀ ਤੀਵੀਂ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਖਾਹਸ਼ਾਂ ਅਤੇ ਤ੍ਰਿਸ਼ਨਾਵਾਂ ਅਧੂਰੀਆਂ ਰਹਿ ਜਾਂਦੀਆਂ ਹਨ, ਉਹਨਾਂ ਦੀ ਰੂਹ ਮਾਤ ਲੋਕ ਵਿੱਚ ਹੀ ਭਟਕਦੀ ਰਹਿੰਦੀ ਹੈ ਅਤੇ ਉਹ ਕਿਸੇ ਵੀ ਮੋਹ ਪਿਆਰ ਵਾਲੇ ਵਿਅਕਤੀ `ਤੇ ਕਰੋਪ ਹੋ ਸਕਦੀਆਂ ਹਨ। ਇਸ ਲਈ ਲੋਕ-ਧਰਮ ਅਧੀਨ ਅਜਿਹੀਆਂ ਰੂਹਾਂ ਨੂੰ ਵੀ ਪਤਿਆਏ ਜਾਣ ਦਾ ਚਲਨ ਹੈ।
ਲੋਕ-ਧਰਮ ਦੀ ਪੂਜਾ ਅਰਚਨਾ ਅਧੀਨ ਕੁਝ ਗਰਾਮ ਦੇਵਤੇ ਵੀ ਆਉਂਦੇ ਹਨ : ਜਿਨ੍ਹਾਂ ਵਿੱਚ ਭੂਮੀਆ, ਖੇੜਾ ਅਤੇ ਖੇਤਰਪਾਲ ਆਦਿ ਹਨ। ਭੂਮੀਆ ਪਿੰਡ ਦੀ ਭੂਮੀ ਦਾ ਹੀ ਮਾਨਵੀ ਕਰਨ ਅਥਵਾ ਦੈਵੀਕਰਨ ਹੈ। ਭੂਮੀਏ ਦਾ ਸੰਕਲਪ ਧਰਤੀ ਮਾਤਾ ਦੀ ਪੂਜਾ ਤੋਂ ਹੀ ਉਪਜਿਆ ਹੈ। ਖੇਤਰਪਾਲ ਨੂੰ ਖੇਤਾਂ ਦੀ ਰਾਖੀ ਦਾ ਦੇਵਤਾ ਸਮਝਿਆ ਜਾਂਦਾ ਹੈ। ਜਦ ਕਿ ਖੇੜੇ ਨੂੰ ਪਿੰਡ ਦੀ ਰਖਵਾਲੀ ਕਰਨ ਵਾਲਾ ਦੇਵਤਾ ਸਮਝਿਆ ਜਾਂਦਾ ਹੈ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First