ਲੋਰੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਰੀ : ਪੰਜਾਬ ਲੋਕ-ਸਾਹਿਤ ਵਿੱਚ ਲੋਰੀ, ਕਾਵਿ-ਗੀਤ ਦਾ ਬਹੁਤ ਛੋਟਾ ਤੇ ਮੁਢਲਾ ਰੂਪ ਹੈ, ਜੋ ਮੌਖਿਕ ਰੂਪ ਦੇ ਪੱਖੋਂ ਅਤਿ ਪੁਰਾਣਾ ਹੈ। ਲੋਰੀ, ਸੰਗਿਆ ਸ਼ਬਦ ਲੋੜੀ, ਚਾਹੀ ਦੇ ਅਰਥ ਵਾਲਾ ਹੈ। ਲੋਰੀ ਬਾਲਕ ਦੇ ਲਾਲਨ (ਲਡਾਉਣ) ਅਤੇ ਸੁਲਾਉਣ ਲਈ ਸ੍ਵਰ ਦੇ ਅਲਾਪ ਲਈ ਵਰਤਿਆ ਜਾਂਦਾ ਹੈ। ਲੋਰ ਸ਼ਬਦ ਦੇ ਅਰਥ ਹਨ ਨੀਂਦ ਦਾ ਝੋਂਕਾ ਜਾਂ ਪੀਨਕ ਜਾਂ ਲੋਰ ਆ ਜਾਣੀ। ਉਸ ਸ਼ਬਦ ਤੋਂ ਹੀ ਲੋਰੀ ਬਣਿਆ ਜਾਪਦਾ ਹੈ। ਅਜਿਹਾ ਕਾਵਿ-ਗੀਤ ਜਿਸ ਨਾਲ ਬੱਚੇ ਨੂੰ ਸੁੱਖ-ਅਰਾਮ ਅਤੇ ਨੀਂਦ ਦਾ ਅਨੰਦ ਆ ਸਕੇ। ਬੱਚੇ ਨੂੰ ਪਾਲਣ ਵਾਲੇ ਪਾਤਰ ਮਾਂ, ਭੈਣ, ਭਰਾ ਅਤੇ ਘਰ ਦੇ ਹੋਰ ਜੀਅ ਛੋਟੇ ਬਾਲ ਦੀ ਖ਼ੈਰ ਸੁੱਖ ਮੰਗਦੇ ਹਨ। ਉਸ ਦੇ ਚੰਗੇ ਭਵਿੱਖ ਲਈ ਸ਼ੁਭ-ਇੱਛਾਵਾਂ ਦਿੰਦੇ ਹਨ। ਬਾਲਕ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਮਾਂ-ਪਿਉ, ਭੈਣ, ਭਰਾ-ਭਰਜਾਈ, ਮਾਮਾ- ਮਾਮੀ, ਚਾਚਾ-ਚਾਚੀ, ਤਾਇਆ-ਤਾਈ, ਦਾਦਾ-ਦਾਦੀ, ਨਾਨਾ-ਨਾਨੀ, ਭੂਆ-ਫੁਫੜ, ਮਾਸੀ-ਮਾਸੜ ਤੇ ਹੋਰ ਉਸ ਨੂੰ ਪਾਲਣ ਵਾਲੇ ਗੋਦੀ ਵਿੱਚ ਲੈ ਕੇ ਜਾਂ ਪੰਘੂੜੇ ਵਿੱਚ ਪਾ ਕੇ ਲੋਰੀ ਦੇ ਗੀਤਾਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟਾਉਂਦੇ ਹਨ। ਜੇ ਬੱਚੇ ਨੂੰ ਕੁਛੜ ਚੁੱਕਿਆ ਹੋਵੇ ਤਾਂ ਪੋਲੇ-ਪੋਲੇ ਥਪਕੀਆਂ ਦਿੱਤੀਆਂ ਜਾਂਦੀਆਂ ਹਨ। ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਕਈ ਵੇਰ ਲੋਰੀ ਦੇ ਨਾਲ- ਨਾਲ ਕਿਸੇ ਛਣਕਣੇ ਖਿਡੌਣੇ ਦੇ ਸੰਗੀਤ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੋਰੀਆਂ ਮੁਢਲੇ ਰੂਪ ਵਿੱਚ ਨਰਸਰੀ-ਗੀਤ ਹੀ ਹਨ, ਜਿਨ੍ਹਾਂ ਰਾਹੀਂ ਬੱਚੇ ਨੂੰ ਪਰਚਾਉਣ ਤੇ ਲੁਭਾਉਣ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿੱਚ ਮਮਤਾ ਦੇ ਵੇਗ ਵਿੱਚ ਮਾਂ ਵੱਲੋਂ ਬੱਚੇ ਪ੍ਰਤਿ ਸੱਧਰਾਂ, ਉਮੰਗਾਂ ਤੇ ਰੀਝਾਂ ਦਾ ਮਿਸ਼ਰਨ ਹੁੰਦਾ ਹੈ। ਲੋਰੀਆਂ ਵਿੱਚ ਇੱਕ ਖ਼ਾਸ ਧੀਮੀਂ ਅਤੇ ਲਮਕਵੀਂ ਸੁਰ ਅਲਾਪੀ ਜਾਂਦੀ ਹੈ ਤਾਂ ਜੋ ਅਨੰਦਮਈ ਮਾਹੌਲ ਵਿੱਚ ਬੱਚਾ ਸੌਂ ਜਾਵੇ। ਹਿੰਡ ਪਏ ਬੱਚੇ ਨੂੰ ਪਰਚਾਉਣ ਲਈ ਤੇ ਦੁੱਧ ਪਲਾਉਣ ਲਈ ਇਹ ਲੋਰੀ ਦਿੱਤੀ ਜਾਂਦੀ ਹੈ।
ਚੀਚੀ-ਚੀਚੀ ਕੋਕੋ ਖਾਵੇ,
ਦੁੱਧ ਮਲਾਈਆਂ ਕਾਕਾ ਖਾਵੇ।
ਕਾਕੇ ਦੀ ਘੋੜੀ ਖਾਵੇ
ਘੋੜੀ ਦਾ ਵਛੇਰਾ ਖਾਵੇ।
ਮਿੱਠੀ-ਮਿੱਠੀ ਨੀਂਦ ਸੁਲਾਉਣ ਲਈ, ਲੋਰੀ ਦੀਆਂ ਨਿੱਕੀਆਂ-ਨਿੱਕੀਆਂ ਤੁਕਾਂ ਅਲਾਪੀਆਂ ਜਾਂਦੀਆਂ ਹਨ:
ਸੌਂ ਜਾ ਕਾਕਾ ਤੂੰ
ਤੇਰੇ ਬੋਦੇ ਲੜ ਗਈ ਜੂੰ
ਕੱਢਣ ਵਾਲੀਆਂ ਮਾਸੀਆਂ
ਕਢਾਉਣ ਵਾਲਾ ਤੂੰ।
ਲੋਰੀ ਲੱਕੜੇ, ਊਂ, ਊਂ
ਤੇਰੀ ਮਾਂ ਸਦੱਕੜੇ, ਊਂ, ਊਂ।
ਲੋਰਮ ਲੋਰੀ, ਦੁੱਧ ਕਟੋਰੀ
ਪੀ ਲੈ ਨਿੱਕਿਆ, ਲੋਕਾਂ ਤੋਂ ਚੋਰੀ।
ਲੋਰੀ ਦੇਨੀਂ ਆਂ, ਚੜ੍ਹ ਕੇ ਚੁਬਾਰੇ
ਨਿੱਕੇ ਦੀ ਮਾਂ ਪਈ ਰਾਜ ਗੁਜ਼ਾਰੇ।
ਲੋਰੀ ਲੱਕੜੇ, ਊਂ, ਊਂ
ਤੇਰੀ ਮਾਂ ਸਦੱਕੜੇ, ਊਂ, ਊਂ।
ਮਾਂ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀ ਹੋਈ, ਬੱਚੇ ਨੂੰ ਚੁੰਮਦੀ ਹੈ, ਉਸ ਨਾਲ ਅਠਖੇਲੀਆਂ ਕਰਦੀ ਹੈ। ਉਸ ਦਾ ਮਨ ਉਦਗਾਰ ਸ਼ਬਦਾਂ ਵਿੱਚ ਵਹਿ ਜਾਂਦਾ ਹੈ :
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀਆਂ ਅੱਖਾਂ, ਊਂ, ਊਂ
ਤੈਨੂੰ ਸਾਈਂ ਦੀਆਂ ਰੱਖਾਂ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਬਾਂਹ, ਊਂ, ਊਂ
ਤੇਰੀ ਸਿਰ ਦੀ ਮੰਗਾਂ ਖੈਰ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਗਾਨੀ, ਊਂ, ਊਂ।
ਲੋਰੀਆਂ ਦਾ ਕੋਈ ਬੱਝਵਾਂ ਰੂਪ ਨਹੀਂ, ਮਾਂ ਆਪਣੀਆਂ ਸੱਧਰਾਂ ਲਈ ਮਾਹੌਲ ਅਨੁਸਾਰ ਕਈ ਕਾਵਿ-ਸਤਰਾਂ ਨੂੰ ਘਟਾ ਵਧਾ ਲੈਂਦੀ ਹੈ ਜਾਂ ਕੁਝ ਕੋਲੋਂ ਵੀ ਘੜ ਲੈਂਦੀ ਹੈ। ਤੋਤਲੀ ਅਵਾਜ਼ ਰਾਹੀਂ ਲੋਰੀ ਦੀ ਲੈਅ ਵਿੱਚ ਇੱਕ ਅਨੂਠੀ ਮਸਤੀ ਹੁੰਦੀ ਹੈ, ਜੋ ਬੱਚੇ ਨੂੰ ਸੁਖਾਵੇਂ ਸੁਪਨਿਆਂ ਦੇ ਸੰਸਾਰ ਵਿੱਚ ਪਹੁੰਚਾ ਦਿੰਦੀ ਹੈ :
ਸੌਂ ਜਾ ਰਾਜਾ, ਸੌਂ ਜਾ ਵੇ,
ਤੇਰਾ ਬਾਪੂ ਆਇਆ ਵੇ।
ਖੇਲ ਖਿਲੋਨੇ ਲਿਆਇਆ ਵੇ,
ਸੌਂ ਜਾ ਰਾਜਾ, ਸੌਂ ਜਾ ਵੇ।
ਤੇਰਾ ਮਾਮਾ ਆਇਆ ਵੇ।
ਬੰਦ ਪੰਜੀਰੀ ਲਿਆਇਆ ਵੇ।
ਤੇਰੀ ਭੂਆ ਆਈ ਵੇ,
ਕੁੜਤਾ-ਟੋਪੀ ਲਿਆਈ ਵੇ।
ਵੱਡੇ ਹੋਏ ਬੱਚੇ ਨੂੰ ਗੋਡਿਆਂ ਉੱਤੇ ਝੁਲਾਉਂਦਿਆਂ ਉਸ ਨੂੰ ਪਰਚਾਉਣ ਲਈ ਏਦਾਂ ਲੋਰੀ ਦਿੱਤੀ ਜਾਂਦੀ ਹੈ :
ਝੂਟੇ ਮਾਈਏ, ਝੂਟੇ ਮਾਈਏ
ਸਾਵਣ ਗਾਈਏ, ਸਾਵਣ ਗਾਈਏ।
ਜਾਂ
ਹੂਟੇ ਮਾਟੇ, ਖੰਡ-ਖੀਰ ਖਾਟੇ
ਸੋਨੇ ਦੀ ਗੱਡ ਘੜਾ ਦੇ
ਰੂਪੇ ਪਿੰਜ ਪਵਾ ਦੇ
ਕਾਕੇ ਨੂੰ ਉੱਤੇ ਬਿਠਾ ਦੇ।
ਕਈ ਵਾਰ ਕੁਦਰਤ ਦੀਆਂ ਤਸਬੀਹਾਂ ਨਾਲ ਬੱਚੇ ਦਾ ਮਨ ਪਰਚਾਇਆ ਜਾਂਦਾ ਹੈ। ਬਾਲ-ਮਨੋਵਿਗਿਆਨੀਆਂ ਅਨੁਸਾਰ ਬੱਚੇ ਉੱਤੇ ਆਲੇ-ਦੁਆਲੇ ਦਾ ਬੜਾ ਡੂੰਘਾ ਤੇ ਸਥਾਈ ਪ੍ਰਭਾਵ ਪੈਂਦਾ ਹੈ। ਅਜਿਹੀਆਂ ਲੋਰੀਆਂ ਵਿੱਚ ਪ੍ਰਕਿਰਤਕ-ਸੁੰਦਰਤਾ ਦਾ ਪ੍ਰਗਟਾਅ ਬਹੁਤ ਮਨਮੋਹਣਾ ਹੈ :
ਜੰਗਲ ਸੁੱਤੇ, ਪਰਬਤ ਸੁੱਤੇ
ਸੁੱਤੇ ਸਭ ਦਰਿਆ,
ਅਜੇ ਜਾਗਦਾ ਸਾਡਾ ਕਾਕਾ,
ਨੀਂਦੇ ਛੇਤੀ ਆ। ਊਂ, ਊਂ!!
ਜਾਂ
ਚੁੱਲ੍ਹੇ ਵਿਚਲੀ ਅੱਗ ਸੌਂ ਗਈ
ਸੁੱਤੇ ਚੰਨ-ਸਿਤਾਰੇ
ਸੁੱਤੀ ਰੋਟੀ ਤਵੇ ਦੇ ਉੱਤੇ
ਨੀਂਦ ਸੈਨਤਾਂ ਮਾਰੇ। ਊਂ, ਊਂ!!
ਜਦੋਂ ਬੱਚਾ ਤੁਰਨਾ ਫਿਰਨਾ ਸਿੱਖ ਜਾਂਦਾ ਹੈ। ਖੇਡਣ ਲੱਗ ਜਾਂਦਾ ਹੈ। ਕਈ ਚੀਜ਼ਾਂ ਮੰਗਣ ਲੱਗ ਜਾਂਦਾ ਹੈ ਤਾਂ ਉਸ ਦਾ ਮਨ ਪਰਚਾਉਣ ਲਈ ਇਸ ਤਰ੍ਹਾਂ ਲੋਰੀਆਂ ਦਿੱਤੀਆਂ ਜਾਂਦੀਆਂ ਹਨ :
ਲੋਰੀ ਲਾਲ ਨੂੰ ਦਿਆਂ
ਨੀਂ ਨਿੱਕੇ ਬਾਲ ਨੂੰ ਦਿਆਂ
ਸੋਹਣੇ ਲਾਲ ਨੂੰ ਦਿਆਂ
ਨੀ ਪਿਆਰੇ ਬਾਲ ਨੂੰ ਦਿਆਂ
ਗੋਦੀ ਖਿਲਾਉਂਦੇ ਨੂੰ ਦਿਆਂ
ਨੀਂ ਪੰਘੂੜੇ ਸਲਾਉਂਦੇ ਨੂੰ ਦਿਆਂ
ਉਠਦੇ ਬਹਿੰਦੇ ਨੂੰ ਦਿਆਂ
ਨੀਂ ਰੋਂਦੇ ਹਸਾਉਂਦੇ ਨੂੰ ਦਿਆਂ
ਬਾਹਰ ਜਾਂਦੇ ਨੂੰ ਦਿਆਂ।
ਲੋਰੀਆਂ ਰਾਹੀਂ ਵੀ ਮੁੰਡੇ-ਕੁੜੀ ਦੇ ਅੰਤਰ ਨੂੰ ਮੇਟਣ ਦੀ ਲੋੜ ਹੈ। ਬੱਚਾ ਕੋਈ ਵੀ ਹੋਵੇ, ਉਸ ਨੂੰ ਬਰਾਬਰ ਪਿਆਰ ਦੀ ਲੋੜ ਹੁੰਦੀ ਹੈ। ਲੜਕੀਆਂ ਲਈ ਕਈ ਵੇਰ ਇਸ ਤਰ੍ਹਾਂ ਲੋਰੀ ਦਿੱਤੀ ਜਾਂਦੀ ਹੈ :
ਗੁੱਡੀ ਮੇਰੀ ਬੀਬੀ ਰਾਣੀ
ਸੌਂ ਜਾ ਮੇਰੀ ਧੀ ਧਿਆਣੀ।
ਅਲੜ ਬਲੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ
ਮਾਂ ਪੂਣੀਆਂ ਕੱਤੇਗੀ
ਬਾਵੀ ਮੰਡੇ ਪਕਾਵੇਗੀ
‘ਗੁੱਡੀ’ ਬਹਿ ਕੇ ਖਾਵੇਗੀ।
ਦੂਰ ਵੇ ਕੁੱਤਿਆ
ਢੰਨਾਂ ਤਲੇ ਸੁੱਤਿਆ
ਢੰਨ ਬੜੀ ਪੁਰਾਣੀ
‘ਬੱਲੀ’ ਬੜੀ ਸਿਆਣੀ।
ਚਾਰ-ਪੰਜ ਸਾਲ ਦੇ ਬੱਚੇ ਲਈ ਲੋਰੀਆਂ ਦੀ ਆਪਣੀ ਇੱਕ ਵੱਖਰੀ ਮਹੱਤਤਾ ਹੈ। ਮਧੁਰ ਲੋਰੀਆਂ ਦੀ ਰਸ ਭਿੰਨੀ ਲੈਅ ਸੁਣ ਕੇ ਬੱਚਾ ਅਲਸਾਇਆ ਜਾਂਦਾ ਹੈ ਤੇ ਉਸ ਦੀਆਂ ਅੱਖਾਂ ਦੀਆਂ ਝਿਮਣੀਆਂ ਬਦੋ-ਬਦੀ ਨੀਂਦ ਗੜੁਤੀਆਂ ਹੋ ਜਾਂਦੀਆਂ ਹਨ। ਇਹਨਾਂ ਦਾ ਅਸਰ ਜਾਦੂਮਈ ਹੁੰਦਾ ਹੈ।
ਲੇਖਕ : ਮਨਮੋਹਨ ਸਿੰਘ ਦਾਉਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਲੋਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਰੀ (ਨਾਂ,ਇ) ਬੱਚੇ ਨੂੰ ਸੁਆਉਣ ਲਈ ਗਾਇਆ ਜਾਣ ਵਾਲਾ ਗੀਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੋਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਰੀ [ਨਾਂਇ] ਬੱਚੇ ਨੂੰ ਸੁਆਉਣ ਲਈ ਗਾਇਆ ਜਾਣ ਵਾਲ਼ਾ ਗੀਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਰੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਰੀ: ਬੱਚਿਆਂ ਨੂੰ ਸੁਆਉਣ ਵਾਲੇ ਗੀਤ ਨੂੰ ਲੋਰੀ ਆਖਦੇ ਹਨ :
ਅੱਲ੍ਹੜ ਬਲ੍ਹੱੜ ਬਾਵੇ ਦਾ , ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ, ਛੱਟ ਭੜੋਲੇ ਪਾਵੇਗੀ।
ਬੱਚਿਆਂ ਨੂੰ ਖੁਆਵੇਗੀ.............
[ਸਹਾ. ਗ੍ਰੰਥ––ਬੋ. ਤੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
bahut hi vadiya eh saanu apne culture baare jaanun nu milda hai
yashika,
( 2015/01/01 12:00AM)
Please Login First