ਵਸਤੂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Commodity (ਕਅਮੋਡਅਟਿ) ਵਸਤੂ: (i) ਸਧਾਰਨ ਸ਼ਬਦਾਂ ਵਿੱਚ ਜੋ ਵੀ ਉਤਪਾਦਨ ਪ੍ਰਕਿਰਿਆ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਉਹ ਵਸਤੂ (good) ਹੈ। ਇਹ ਮਾਨਵ ਲੋੜਾਂ ਨੂੰ ਪੂਰਾ ਕਰਦੀ ਹੈ। ਇਸ ਦਾ ਇਕ ਤਬਾਦਲਣ ਮੁੱਲ (an exchange value) ਹੈ। ਇਸ ਨੂੰ ਕਦੇ ਆਰਥਿਕ ਵਸਤੂ (economic good) ਵੀ ਲੈਂਦੇ ਹਾਂ ਭਾਵ ਉਸ ਦੀ ਇਕ ਕੀਮਤ (price) ਹੈ। (ii) ਵਪਾਰਕ ਸਮਾਜ ਵਿੱਚ ਕੱਚੇ ਪਦਾਰਥ (raw materials) ਵੀ ਵਸਤੂਆਂ ਹੀ ਹੁੰਦੀਆਂ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਸਤੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਸਤੂ [ਨਾਂਇ] ਵਸਤ , ਚੀਜ਼, ਸ਼ੈ, ਸਮੱਗਰੀ, ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਸਤੂ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਸਤੂ : ਆਮ ਤੌਰ ਤੇ ਵਸਤੂ ਤੋਂ ਭਾਵ ਕਿਸੇ ਵੀ ਅਜਿਹੇ ਉਤਪਾਦਨ ਤੋਂ ਹੈ, ਜਿਸਨੂੰ ਵੇਚਿਆ ਜਾਂ ਖ਼ਰੀਦਿਆ ਜਾ ਸਕਦਾ ਹੈ। ਵਸਤੂ ਵਿਸ਼ੇਸ਼ ਰੂਪ ਵਿੱਚ ਭੌਤਿਕ ਹੁੰਦੀ ਹੈ, ਜਿਸਨੂੰ ਅਸੀਂ ਵੇਖ ਸਕਦੇ ਹਾਂ ਅਤੇ ਸਪਰਸ਼ ਕਰ ਸਕਦੇ ਹਾਂ ਜਿਵੇਂ ਕਲਮ, ਕਾਪੀ, ਕਿਤਾਬ, ਕੁਰਸੀ, ਮੇਜ਼, ਦਵਾਤ ਆਦਿ। ਇਸ ਪ੍ਰਕਾਰ ਉਹ ਸਾਰੇ ਪਦਾਰਥ ਜਿਨ੍ਹਾਂ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਪਰ ਵੇਖ ਜਾਂ ਸਪਰਸ਼ ਨਹੀਂ ਕਰ ਸਕਦੇ, ਉਹ ਵਸਤੂ ਨਹੀਂ ਹਨ, ਜਿਵੇਂ- ਹਵਾ, ਮੌਸਮ, ਗਰਮੀ, ਸਰਦੀ ਆਦਿ।

‘ਆਰਥਿਕ ਸਿਧਾਂਤ’ ਦੇ ਅਨੁਸਾਰ ਵਸਤੂ ਇੱਕ ਅਜਿਹਾ ਠੋਸ ਪਦਾਰਥ ਹੈ, ਜਿਹੜਾ ਕਿ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਅਦ ਹੋਂਦ ਵਿੱਚ ਆਉਂਦਾ ਹੈ। ਉਤਪਾਦਨ ਦੀ ਇਹ ਪ੍ਰਕਿਰਿਆ ਮਨੁੱਖੀ ਮਿਹਨਤ, ਮਸ਼ੀਨਰੀ ਜਾਂ ਫਿਰ ਦੋਹਾਂ ਦੇ ਸੁਮੇਲ ਨਾਲ ਪੂਰੀ ਹੁੰਦੀ ਹੈ।

ਵਪਾਰ ਦੀ ਭਾਸ਼ਾ ਵਿੱਚ ਵਸਤੂ ਇੱਕ ਅਜਿਹਾ ਪਦਾਰਥ ਹੈ, ਜਿਸਨੂੰ ਕਿ ਉਸਦੇ ਮੁੱਲ ਦੇ ਹਿਸਾਬ ਨਾਲ ਵੇਚਿਆ ਜਾਂ ਖ਼ਰੀਦਿਆ ਜਾ ਸਕਦਾ ਹੈ। ਵਸਤੂ ਦੀ ਇਸ ਖ਼ਰੀਦੋ-ਫ਼ਰੋਖ਼ਤ ਵਿੱਚ ਬਜ਼ਾਰ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਕਾਰਲ ਮਾਰਕਸ ਦੀ ਰਾਜਨੀਤਿਕ ਵਿਵਸਥਾ ਅਨੁਸਾਰ ਵਸਤੂ ਇੱਕ ਅਜਿਹਾ ਪਦਾਰਥ ਜਾਂ ਸੇਵਾ ਹੈ ਜਿਸਨੂੰ ਮਨੁੱਖੀ ਮਜ਼ਦੂਰ ਦੇ ਨਾਲ ਨਿਰਮਿਤ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਬਜ਼ਾਰ ਦੇ ਵਿੱਚ ਵੇਚਣ ਲਈ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਮੁੱਲਵਾਨ ਪਦਾਰਥਾਂ ਨੂੰ ਵੀ ਵਸਤੂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਉਦਾਹਰਨ ਵੱਜੋਂ, ਕੁਦਰਤੀ ਕਲਾ ਦੇ ਨਮੂਨੇ, ਕੁਦਰਤੀ ਸਾਧਨ, ਮਨੁੱਖੀ ਮਜ਼ਦੂਰ ਸ਼ਕਤੀ, ਨਾ ਨਵਿਆਉਣਯੋਗ ਸੋਮੇ ਆਦਿ।

ਅਰਥ-ਸ਼ਾਸਤਰ ਅਨੁਸਾਰ ਮੁੱਖ ਰੂਪ ਵਿੱਚ ਵਸਤੂ ਦੀਆਂ ਦੋ ਕਿਸਮਾਂ ਹਨ-ਉਪਭੋਗਤਾ ਵਸਤੂਆਂ ਅਤੇ ਉਤਪਾਦਕ ਵਸਤੂਆ :

1. ਉਪਭੋਗਤਾ ਵਸਤੂਆਂ : ਉਪਭੋਗਤਾ ਵਸਤੂਆਂ ਤੋਂ ਭਾਵ ਉਹਨਾਂ ਵਸਤੂਆਂ ਤੋਂ ਹੈ, ਜਿਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਆਮ ਲੋਕਾਂ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ, ਜਿਨ੍ਹਾਂ ਦੀ ਅਸੀਂ ਆਪਣੀ ਲੋੜ ਦੇ ਅਨੁਸਾਰ ਵਰਤੋਂ ਕਰਦੇ ਹਾਂ, ਜਿਵੇਂ-ਟੈਲੀਵਿਜ਼ਨ, ਟੁੱਥਪੇਸਟ, ਸਾਬਣ, ਸ਼ੀਸ਼ਾ, ਕਾਫ਼ੀ, ਦਾਲ, ਆਟਾ, ਰਬੜ, ਚੌਲ ਆਦਿ।

2. ਉਤਪਾਦਕ ਵਸਤੂਆਂ : ਉਤਪਾਦਕ ਵਸਤੂਆਂ ਤੋਂ ਭਾਵ ਉਹਨਾਂ ਵਸਤੂਆਂ ਤੋਂ ਹੈ ਜਿਨ੍ਹਾਂ ਦੀ ਵਰਤੋਂ ਉਤਪਾਦਕਾਂ ਰਾਹੀਂ ਹੋਰ ਵਸਤੂਆਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ, ਜਿਵੇਂ-ਮਸ਼ੀਨਰੀ, ਕੱਚਾ ਮਾਲ ਆਦਿ। ਇੱਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਵਸਤੂ ਦੇ ਗੁਣਾਂ ਤੋਂ ਨਹੀਂ ਬਲਕਿ ਵਸਤੂ ਦੇ ਉਪਯੋਗ ਤੋਂ ਉਸਦੇ ਉਪਭੋਗਤਾ ਜਾਂ ਉਤਪਾਦਕ ਵਸਤੂ ਹੋਣ ਦਾ ਗਿਆਤ ਹੁੰਦਾ ਹੈ।

ਵਸਤੂ ਦੇ ਲੱਛਣ :

1. ਵਸਤੂ ਵਿੱਚ ਅਜਿਹੇ ਵਾਸਤਵਿਕ ਲੱਛਣ ਹੁੰਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ਼ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਇਸ ਤਰ੍ਹਾਂ ਵਸਤੂ ਉਪਯੋਗ ਵਿੱਚ ਆਉਣ ਵਾਲਾ ਪਦਾਰਥ ਹੈ, ਜਿਸਦੀ ਕਿ ਆਪਣੀ ਇੱਕ ਵੱਖਰੀ ਪਹਿਚਾਨ ਹੁੰਦੀ ਹੈ। ਇਹ ਵੱਖਰੀ ਪਹਿਚਾਨ ਵਸਤੂ ਨੂੰ ਉਸਦੇ ਗੁਣਾਂ ਤੋਂ ਪ੍ਰਾਪਤ ਹੁੰਦੀ ਹੈ। ਨਾ ਕੇਵਲ ਇੱਕ ਇੱਕੱਲੇ ਮਨੁੱਖ ਲਈ ਬਲਕਿ ਸਮੂਹ ਸਮਾਜ ਲਈ ਵਸਤੂ ਦਾ ਉਪਯੋਗ ਮੁੱਲ ਹੁੰਦਾ ਹੈ। ਇਸ ਤੋਂ ਇਲਾਵਾ ਵਸਤੂ ਦਾ ਉਪਯੋਗ ਉਸਦੇ ਮੂਲ ਨਿਰਮਾਤਾ ਦੇ ਨਾਲ਼-ਨਾਲ਼ ਸਮੂਹ ਸਮਾਜ ਰਾਹੀਂ ਵੀ ਕੀਤਾ ਜਾਂਦਾ ਹੈ।

2.       ਹਰੇਕ ਵਸਤੂ ਵਿੱਚ ਵਟਾਂਦਰਾ ਕੀਮਤ ਹੁੰਦੀ ਹੈ ਜਿਸ ਤੋਂ ਭਾਵ ਹੈ ਕਿ ਇਸ ਵਸਤੂ ਨੂੰ ਦੂਸਰੀ ਕਿਸੇ ਹੋਰ ਵਸਤੂ ਦੇ ਬਦਲੇ ਵਟਾਇਆ ਜਾ ਸਕਦਾ ਹੈ। ਜਿਨ੍ਹਾਂ ਸਮਿਆਂ ਵਿੱਚ ਮੁਦਰਾ ਆਪਣੇ ਅਸਲ ਰੂਪ ਵਿੱਚ ਪ੍ਰਚਲਿਤ ਨਹੀਂ ਸੀ, ਉਸ ਵੇਲ਼ੇ ਲੋਕਾਂ ਰਾਹੀਂ ਇੱਕ ਵਸਤੂ ਦੇ ਬਦਲੇ ਦੂਸਰੀ ਵਸਤੂ ਨੂੰ ਲੈਣ ਦੀ ਪ੍ਰਥਾ ਸੀ। ਇਸੇ ਹੀ ਪ੍ਰਕਿਰਿਆ ਨੂੰ ‘ਵਟਾਂਦਰਾ ਵਿਵਸਥਾ’ ਕਿਹਾ ਜਾਂਦਾ ਹੈ।

3.  ਹਰੇਕ ਵਸਤੂ ਦਾ ਆਪਣੇ ਗੁਣਾਂ ਦੇ ਆਧਾਰ ਤੇ ਅਤੇ ਲੋੜਾਂ ਦੀ ਪੂਰਤੀ ਕਰਨ ਦੀ ਸਮਰੱਥਾ ਦੇ ਅਨੁਸਾਰ ਵੱਖਰਾ ਮੁੱਲ ਹੁੰਦਾ ਹੈ। ਕੁਝ ਵਸਤੂਆਂ ਬਹੁਤ ਸਸਤੀਆਂ ਹੁੰਦੀਆਂ ਹਨ, ਜਿਵੇਂ-ਲੂਣ, ਪਾਣੀ, ਮਾਚਸ ਦੀ ਡੱਬੀ ਆਦਿ। ਇਸ ਤੋਂ ਇਲਾਵਾ ਕੁਝ ਵਸਤੂਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ, ਜਿਵੇਂ-ਗਹਿਣੇ, ਮਕਾਨ, ਹੀਰਾ ਆਦਿ।

ਵਸਤੂ ਦੇ ਸਿਧਾਂਤ ਨੂੰ ਸਮਝਣ ਲਈ ਤੁਸੀਂ ਇੱਕ ਕੁਰਸੀ ਦੀ ਉਦਾਹਰਨ ਲਉ। ਕੁਰਸੀ ਨੂੰ ਵਸਤੂ ਦਾ ਦਰਜਾ ਓਦੋਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਮਨੁੱਖ ਰਾਹੀਂ ਬਣਾਏ ਇਸ ਨਿਰਮਾਣ ਦਾ ਵਟਾਂਦਰਾ ਕੀਤਾ ਜਾ ਸਕਦਾ ਹੋਵੇ ਅਤੇ ਸਮਾਜ ਲਈ ਇਸਦਾ ਉਪਯੋਗ ਮੁੱਲ ਹੋਵੇ। ਇਸ ਤੋਂ ਉਲਟ ਜੰਗਲ ਵਿੱਚ ਡਿੱਗਿਆ ਹੋਇਆ ਰੁੱਖ ਵਸਤੂ ਨਹੀਂ ਹੈ ਕਿਉਂਕਿ ਇਸਨੂੰ ਮਨੁੱਖੀ ਮਿਹਨਤ ਨਾਲ ਵਪਾਰ ਦੇ ਲਈ ਨਿਰਮਿਤ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਸ਼ੌਂਕੀਆ ਤੌਰ ਤੇ ਕੁਰਸੀ ਬਣਾ ਕੇ ਕਿਸੇ ਨੂੰ ਤੋਹਫ਼ੇ ਦੇ ਰੂਪ ਵਿੱਚ ਦੇਵੇ ਤਾਂ ਇਹ ਕੁਰਸੀ ਵਸਤੂ ਨਹੀਂ ਹੈ ਕਿਉਂਕਿ ਇਸਦਾ ਵਪਾਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਅਜਿਹੀ ਕੁਰਸੀ ਜਿਸਦੀ ਕਿਸੇ ਕਾਰਨ ਕਰਕੇ ਵਰਤੋਂ ਨਹੀਂ ਕੀਤੀ ਜਾਂਦੀ, ਉਹ ਵੀ ਵਸਤੂ ਨਹੀਂ ਕਿਉਂਕਿ ਇਸਦਾ ਉਪਯੋਗ ਮੁੱਲ ਨਹੀਂ ਹੈ।


ਲੇਖਕ : ਪੂਜਾ ਬਟਾਲਵੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 6175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-07-03-48-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.