ਵਾਹਿਗੁਰੂ ਜੀ ਕੀ ਫਤਹਿ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਵਾਹਿਗੁਰੂ ਜੀ ਕੀ ਫਤਹਿ: ਅੰਮ੍ਰਿਤ ਦੀ ਦਾਤ ਪ੍ਰਦਾਨ ਕਰਨ ਵੇਲੇ ਦਸ਼ਮੇਸ਼ ਨੇ ਖ਼ਾਲਸੇ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫਤਹਿ’ ਵਾਕ ਉਚਾਰਣ ਲਈ ਆਦੇਸ਼ ਦਿੱਤਾ ਸੀ। ਇਹ ਵਾਕ ਅੰਮ੍ਰਿਤ ਸੰਸਕਾਰ ਵੇਲੇ ਅੰਮ੍ਰਿਤ ਛਕਾਉਣ ਵਾਲੇ ਸਿੰਘ ਬੋਲਦੇ ਸਨ ਅਤੇ ਅੰਮ੍ਰਿਤ ਛਕਣ ਵਾਲੇ ਇਸ ਨੂੰ ਦੋਹਰਾਉਂਦੇ ਸਨ। ਹੁਣ ਵੀ ਇਹੀ ਪ੍ਰਥਾ ਪ੍ਰਚਲਿਤ ਹੈ। ਉਦੋਂ ਤੋਂ ਹੀ ਇਹ ਵਾਕ ਪਰਸਪਰ ਮਿਲਣ ਵੇਲੇ ਅਭਿਵਾਦਨ ਜਾਂ ਪ੍ਰਣਾਮ ਲਈ ਵਰਤਣਾ ਸ਼ੁਰੂ ਹੋ ਗਿਆ। ਇਸ ਨਾਲ ਸਿੱਖ ਸਮਾਜ ਵਿਚ ਪਹਿਲਾਂ ਦੇ ਪ੍ਰਚਲਿਤ ਸ਼ਿਸ਼ਟਾਚਾਰ ਬੋਧਕ ਸ਼ਬਦਾਂ ਦੀ ਵਰਤੋਂ ਹੌਲੀ ਹੌਲੀ ਬੰਦ ਹੁੰਦੀ ਗਈ। ਇਸ ਵਾਕ ਦੀ ਲੰਬਾਈ ਨੂੰ ਵੇਖਦਿਆਂ ਕਈ ਵਾਰ ‘ਵਾਹਿਗੁਰੂ ਜੀ ਕੀ ਫਤਹਿ’ ਹੀ ਕਹਿ ਦਿੱਤਾ ਜਾਂਦਾ ਹੈ। ‘ਸਿੱਖਾਂ ਦੀ ਭਗਤਮਾਲਾ ’ ਵਿਚ ਪਰਸਪਰ ਮਿਲਣ ਵੇਲੇ ਇਸ ਵਾਕਾਂਸ਼ ਦੀ ਵਰਤੋਂ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਇਆ ਗਿਆ ਹੈ—ਜੋ ਕੋਈ ਸਿੱਖਾਂਨੂੰ ਅਗੋਂ ਦੇ ਵਾਹਿਗੁਰੂ ਜੀ ਕੀ ਫਤੇ ਬੁਲਾਂਵਦਾ ਹੈ, ਉਸ ਵਲ ਮੇਰਾ ਮੁਖ ਹੁੰਦਾ ਹੈ, ਅਰੁ ਜੋ ਪਿਛੋਂ ਬੁਲਾਂਵਦਾ ਹੈ, ਉਸ ਵਲ ਮੇਰਾ ਸੱਜਾ ਮੋਢਾ ਹੁੰਦਾ ਹੈ, ਅਰੁ ਜੋ ਪਿਛੋਂ ਹੌਲੀ ਬੁਲਾਂਵਦਾ ਹੈ, ਉਸ ਵਲ ਮੇਰਾ ਬਾਵਾਂ ਮੋਢਾ ਹੁੰਦਾ ਹੈ, ਜੋ ਨਹੀਂ ਬੁਲਾਂਵਦਾ, ਉਸ ਵਲ ਮੇਰੀ ਪਿਠ ਹੁੰਦੀ ਹੈ।’ ਕਈ ਸਿੱਖ ‘ਸਤ ਸ੍ਰੀ ਅਕਾਲ ’ ਉਕਤੀ ਨੂੰ ਵਰਤਦੇ ਹਨ, ਪਰ ਇਹ ਯੁੱਧ ਬੋਧਕ ਘੋਸ਼ਣਾ ਨਾਲ ਸੰਬੰਧਿਤ ਹੈ, ਆਮ ਮੇਲ ਮੁਲਾਕਾਤ ਵੇਲੇ ਉਚਾਰੀ ਨਹੀਂ ਜਾਂਦੀ।
ਇਸ ਵਾਕ ਦੇ ਉਚਾਰਣ ਨਾਲ ਵਾਹਿਗੁਰੂ ਨਾਲ ਖ਼ਾਲਸੇ ਨੂੰ ਅਭੇਦ ਦਸ ਕੇ ਫਿਰ ਵਾਹਿਗੁਰੂ ਦੀ ਫਤਹਿ ਦਸੀ ਗਈ ਹੈ। ਸਪੱਸ਼ਟ ਹੈ ਕਿ ਵਾਹਿਗੁਰੂ ਦੀ ਫਤਹਿ ਅਵਸ਼ਸੰਭਾਵੀ ਹੈ ਅਤੇ ਫਤਹਿ ਵਾਲੇ ਵਾਹਿਗੁਰੂ ਦੇ ਖ਼ਾਲਸੇ ਦੀ ਜਿਤ ਵੀ ਨਿਸਚਿਤ ਹੈ। ਇਸ ਵਾਕ ਨਾਲ ਸਿੱਖ ਮਾਨਸਿਕਤਾ ਵਿਚ ਬੜੀ ਜ਼ਬਰਦਸਤ ਤਬਦੀਲੀ ਆਈ ਅਤੇ ਉਹ ਜਿਤ ਦੇ ਮਾਰਗ ਉਤੇ ਨਿਸਚਿੰਤ ਅਗੇ ਵਧ ਸਕੇ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First