ਵਿਆਕਰਨਕ ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਆਕਰਨਕ ਸ਼ਬਦ: ਵਿਆਕਰਨ ਵਿਚ ਸ਼ਬਦ-ਸ਼ਰੇਣੀਆਂ ਦੀ ਸਥਾਪਤੀ, ਕੋਸ਼-ਵਿਗਿਆਨ ਵਿਚ ਕੋਸ਼ ਦੇ ਇੰਦਰਾਜ ਵਜੋਂ ਵਰਤਨ ਦੇ ਅਧਾਰ ਅਤੇ ਅਰਥ-ਵਿਗਿਆਨ ਦੇ ਪੱਖ ਤੋਂ ਇਕਾਈਆਂ ਵਿਚਲੇ ਸਬੰਧਾਂ ਦੇ ਅਧਾਰ ’ਤੇ ਦੋ ਭਾਗਾਂ ਵਿਚ ਕੀਤੀ ਜਾਂਦੀ ਹੈ : (i) ਕੋਸ਼ੀ ਸ਼ਬਦ ਅਤੇ (ii) ਵਿਆਕਰਨਕ ਸ਼ਬਦ। ਕੋਸ਼ੀ ਸ਼ਬਦ, ਸ਼ਬਦ ਕੋਸ਼ ਵਿਚ ਇੰਦਰਾਜ ਦੇ ਤੌਰ ’ਤੇ ਲਿਆ ਜਾਂਦਾ ਹੈ ਜਦੋਂ ਕਿ ਵਿਆਕਰਨਕ ਸ਼ਬਦਾਂ ਦੁਆਰਾ ਉਨ੍ਹਾਂ ਦੇ ਸਬੰਧਾਂ ਨੂੰ ਵਾਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਸ਼ਬਦਾਵਲੀ ਨੂੰ ‘ਮੁਖ ਸ਼ਬਦ ਅਤੇ ਗੌਣ ਸ਼ਬਦ’ ਦੋ ਭਾਗਾਂ ਵਿਚ ਰੱਖਿਆ ਜਾਂਦਾ ਹੈ। ਮੁੱਖ ਸ਼ਬਦ-ਸ਼ਰੇਣੀਆਂ ਵਿਚ ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ (ਨਾਂਵ, ਕਿਰਿਆ, ਕਿਰਿਆ ਵਿਸ਼ੇਸ਼ਣ ਆਦਿ) ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਮੈਂਬਰਾਂ ਦੀ ਤਾਦਾਦ ਅਸੀਮਤ ਹੁੰਦੀ ਹੈ ਜਦੋਂ ਕਿ ਗੌਣ ਸ਼ਬਦ-ਸ਼ਰੇਣੀਆਂ ਵਿਚ ਬੰਦ ਸ਼ਬਦ-ਸ਼ਰੇਣੀਆਂ (ਸਬੰਧਕ, ਯੋਜਕ ਵਿਸਮਕ, ਪੜਨਾਂਵ ਆਦਿ) ਦੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਤਾਦਾਦ ਸੀਮਤ ਹੁੰਦੀ ਹੈ। ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ਦੇ ਮੈਂਬਰ ਸ਼ਬਦ ਕੋਸ਼ੀ ਸ਼ਬਦਾਂ ਵਜੋਂ ਵਿਚਰਦੇ ਹਨ ਅਤੇ ਇਨ੍ਹਾਂ ਨੂੰ ਕੋਸ਼ ਵਿਚ ਮੁੱਖ ਅਤੇ ਅਧੀਨ ਇੰਦਰਾਜ ਵਜੋਂ ਵਰਤਿਆ ਜਾਂਦਾ ਹੈ ਜਦੋਂ ਕਿ ਸੀਮਤ ਸ਼ਬਦ-ਸ਼ਰੇਣੀਆਂ ਦੇ ਸ਼ਬਦਾਂ ਦਾ ਮੁੱਖ ਕਾਰਜ ਵਾਕਾਤਮਕ ਸਬੰਧਾਂ ਨੂੰ ਪਰਗਟਾਉਣਾ ਹੁੰਦਾ ਹੈ ਜਿਵੇਂ : ਸਬੰਧਕ ਸ਼ਬਦਾਂ ਰਾਹੀਂ ਵਾਕ ਜਾਂ ਵਾਕੰਸ਼ ਵਿਚ ਵਿਚਰਦੇ ਸ਼ਬਦਾਂ ਦੇ ਕਾਰਕੀ ਸਬੰਧਾਂ ਦੀ ਸੂਚਨਾ ਮਿਲਦੀ ਹੈ। ਯੋਜਕ ਸ਼ਬਦਾਂ ਰਾਹੀਂ ਦੋ ਇਕਾਈਆਂ ਨੂੰ ਜੋੜਿਆ ਜਾਂਦਾ ਹੈ। ਇਸ ਪਰਕਾਰ ਇਨ੍ਹਾਂ ਸ਼ਬਦਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ। ਇਨ੍ਹਾਂ ਦਾ ਅਧਾਰ ਖੇਤਰ ਵਿਆਕਰਨ ਹੈ ਜਦੋਂ ਕਿ ਇਨ੍ਹਾਂ ਸ਼ਬਦਾਂ ਨੂੰ ਕੋਸ਼ ਵਿਚ ਮਾਤਰ ਇਕ ਇੰਦਰਾਜ ਵਜੋਂ ਵਰਤਿਆ ਜਾਂਦਾ ਹੈ। ਕੋਸ਼ਕ ਸ਼ਬਦਾਂ ਦੀ ਵੀ ਵਿਆਕਰਨ ਦੇ ਪੱਖ ਤੋਂ ਰੂਪਾਵਲੀ ਬਣਦੀ ਹੈ ਪਰ ਕੋਸ਼ ਵਿਚ ਮੂਲ ਸ਼ਬਦਾਂ ਨੂੰ ਹੀ ਦਰਜ ਕੀਤਾ ਜਾਂਦਾ ਹੈ ਉਨ੍ਹਾਂ ਦੇ ਰੂਪਾਂਤਰੀ ਰੂਪਾਂ ਨੂੰ ਨਹੀਂ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.