ਵਿਨੈ ਮੋਹਨ ਸ਼ਰਮਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਨੈ ਮੋਹਨ ਸ਼ਰਮਾ (1905) : ਹਿੰਦੀ ਆਲੋਚਨਾ ਦੇ ਵਿਕਾਸ ਵਿੱਚ ਵਿਨੈ ਮੋਹਨ ਸ਼ਰਮਾ ਦਾ ਨਾਂ ਸਹਿਜਤਾ ਤੇ ਸਪਸ਼ਟਤਾਵਾਦੀ ਵਜੋਂ ਲਿਆ ਹੈ। ਉਸ ਦਾ ਜਨਮ 3 ਨਵੰਬਰ 1905 ਨੂੰ ਕੜਕਬੇਲ (ਮੱਧ ਪ੍ਰਦੇਸ਼) ਵਿੱਚ ਹੋਇਆ। ਅਸਲੀ ਨਾਂ ਸ਼ੁਕਦੇਵ ਪ੍ਰਸ਼ਾਦ ਤਿਵਾਰੀ ਸੀ। ਵਿਨੈ ਮੋਹਨ ਸ਼ਰਮਾ ਨੇ ਵੀਰ ਆਤਮਾ (ਵੀਰਾਮਾ) ਉਪਨਾਮ ਨਾਲ ਕੁਝ ਕਵਿਤਾਵਾਂ ਵੀ ਲਿਖੀਆਂ। ਉਸ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਤੋਂ ਐਮ.ਏ. ਅਤੇ ਨਾਗਪੁਰ ਯੂਨੀਵਰਸਿਟੀ ਤੋਂ ਡੀ.ਲਿੱਟ. ਦੀ ਉਪਾਧੀ ਪ੍ਰਾਪਤ ਕੀਤੀ। ਨਾਗਪੁਰ ਯੂਨੀਵਰਸਿਟੀ ਵਿੱਚ ਹਿੰਦੀ ਦੇ ਅਧਿਆਪਕ ਅਤੇ ਰਾਏਗੜ੍ਹ ਦੇ ਛਤੀਸਗੜ੍ਹ ਕਾਲਜ ਦੇ ਪ੍ਰਿੰਸੀਪਲ ਵਜੋਂ ਕਾਰਜ ਕੀਤਾ। 1962 ਨੂੰ ਕੇਂਦਰੀ ਹਿੰਦੀ ਸੰਸਥਾਨ, ਆਗਰਾ ਦੇ ਡਾਇਰੈਕਟਰ ਵਜੋਂ ਨਿਯੁਕਤੀ ਹੋਈ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ 1970 ਤੱਕ ਪ੍ਰੋਫ਼ੈਸਰ ਤੇ ਮੁੱਖੀ ਹਿੰਦੀ ਵਿਭਾਗ ਦੇ ਪਦ ਉੱਤੇ ਕਾਰਜਸ਼ੀਲ ਰਿਹਾ। ਉਸ ਵੇਲੇ ਇਹ ਯੂਨੀਵਰਸਿਟੀ ਪੰਜਾਬ ਪ੍ਰਦੇਸ਼ ਵਿੱਚ ਸੀ। ਉਸ ਨੇ ਪੂਰਾ ਜੀਵਨ ਸੰਜਮ ਨਾਲ ਬਤੀਤ ਕੀਤਾ ਅਤੇ ਜੀਵਨ ਵਿੱਚ ਨਵੇਕਲੀ ਪਛਾਣ ਬਣਾਈ।

     ਵਿਨੈ ਮੋਹਨ ਸ਼ਰਮਾ ਦੀਆਂ ਅਨੇਕਾਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮੁੱਖ ਇਹ ਹਨ-ਭੂਲੇ ਗੀਤ, ਕਵੀ ਪ੍ਰਸਾਦ : ਆਂਸੂ ਤਥਾ ਅਨਯ ਕ੍ਰਿਤੀਆਂ, ਹਿੰਦੀ ਗੀਤ ਗੋਬਿੰਦ, ਦ੍ਰਿਸ਼ਟੀਕੋਣ, ਸਾਹਿਤਾਵਲੋਕਨ, ਹਿੰਦੀ ਕੋ ਮਰਾਠੀ ਸੰਤੋਂ ਕੀ ਦੇਨ, ਸਾਹਿਤ ਸ਼ੋਧ ਸਮੀਕਸ਼ਾ, ਸਾਹਿਤਯਾਂਵੇਸ਼ਨ, ਵੇ ਦਿਨ ਵੇ ਲੋਗ, ਅਤੀਤ ਕੀ ਸਮਰੀਤਿਆਂ, ਸ਼ੋਧ ਪ੍ਰਵਿਧੀ, ਤੁਲਸੀਦਾਸ, ਰਾਮਚਰਿਤ ਮਾਨਸ ਔਰ, ਏਕਨਾਥੀ ਭਾਵਾਰਥ ਰਾਮਾਯਣ, ਸਾਹਿਤਯ ਨਯਾ ਪੁਰਾਨਾ।

     ਉਹ ਇੱਕ ਕਵੀ, ਸਮੀਖਿਅਕ, ਨਿਬੰਧਕਾਰ ਦੇ ਨਾਲ ਉੱਚ-ਕੋਟੀ ਦਾ ਸੰਸਮਰਨ ਲੇਖਕ ਵੀ ਸੀ। ਉਸ ਦੇ ਸੰਸਮਰਨਾਂ ਵਿੱਚ ਸਮਕਾਲੀਨ ਹਿੰਦੀ ਸਾਹਿਤਕਾਰਾਂ ਦੇ ਨਿੱਜੀ ਅਨੁਭਵਾਂ ਅਤੇ ਕੁਝ ਵਿਲੱਖਣ ਰੰਗਾਂ ਨੂੰ ਉਸ ਨੇ ਸਰਸ ਸ਼ੈਲੀ ਵਿੱਚ ਚਿਤਰਿਤ ਕੀਤਾ ਹੈ। ਵਿਨੈ ਮੋਹਨ ਸ਼ਰਮਾ ਮੂਲ ਰੂਪ ਵਿੱਚ ਇੱਕ ਖੋਜੀ ਤੇ ਅਧਿਆਪਕ ਸੀ। ਉਸ ਦੀ ਸ਼ਿਸ਼ ਮੰਡਲੀ ਪੂਰੇ ਭਾਰਤੀ ਸਾਹਿਤ ਵਿੱਚ ਆਪਣਾ ਸਥਾਨ ਬਣਾ ਚੁੱਕੀ ਹੈ।

     ਸ਼ਰਮਾ ਇੱਕ ਬਹੁਭਾਸ਼ੀ ਵਿਦਵਾਨ ਸੀ। ਉਹ ਪੰਜਾਬੀ ਭਾਸ਼ਾ ਤੇ ਜੀਵਨ ਤੋਂ ਵਿਸ਼ੇਸ਼ ਤੌਰ ਤੇ ਪ੍ਰਭਾਵਿਤ ਸੀ। ਹਿੰਦੀ ਦੇ ਸਥਾਪਿਤ ਕਵੀਆਂ, ਮੈਥਿਲੀਸ਼ਰਨ ਗੁਪਤ, ਜੈਸ਼ੰਕਰ ਪ੍ਰਸਾਦ, ਸੁਮਿਤਰਾ ਨੰਦਨ ਪੰਤ, ਮਹਾਂਦੇਵੀ ਵਰਮਾ, ਨਿਰਾਲਾ, ਮਾਖਨ ਲਾਲ ਚਤੁਰਵੇਦੀ, ਕਿਸ਼ੋਰੀ ਦਾਸ ਵਾਜਪੇਈ, ਹਜ਼ਾਰੀ ਪ੍ਰਸ਼ਾਦ ਦ੍ਵਿਵੇਦੀ, ਨਗੇਂਦ੍ਰ ਆਦਿ ਨਾਲ ਉਸ ਦੀ ਨਿੱਜੀ ਤੇ ਸਾਹਿਤਿਕ ਸਾਂਝ ਸੀ।

     ਉਸ ਦੀ ਪੁਸਤਕ ਸ਼ੋਧ ਪ੍ਰਵਿਧੀ ਖੋਜ ਦੀ ਸਿਧਾਂਤਿਕ ਤੇ ਵਿਹਾਰਿਕ ਦ੍ਰਿਸ਼ਟੀ ਤੋਂ ਇੱਕ ਮਹੱਤਵਪੂਰਨ ਰਚਨਾ ਹੈ। ਉਸ ਨੇ ਆਪਣੀ ਖੋਜ ਰਚਨਾ ਵਿੱਚ ਮਰਾਠੀ ਸੰਤਾਂ ਦੀ ਪਛਾਣ ਬਿਲਕੁਲ ਨਵੇਂ ਧਰਾਤਲ ਤੇ ਕੀਤੀ ਹੈ। ਭਾਸ਼ਾ ਤੇ ਭਾਸ਼ਾ-ਵਿਗਿਆਨ ਪ੍ਰਤਿ ਉਸ ਦੀ ਵਿਸ਼ੇਸ਼ ਰੁਚੀ ਸੀ। ਉਸ ਦੇ ਵਿਅਕਤਿਤਵ ਤੇ ਕਿਰਤਿਤਵ ਦੇ ਅਨੇਕਾਂ ਰੰਗ ਸਨ। ਉਹ ਉੱਚ-ਕੋਟੀ ਦਾ ਨਿਬੰਧਕਾਰ ਸੀ। ਜੈ ਨਾਥ ਨਲਿਨ ਨੇ ਆਪਣੀ ਪੁਸਤਕ ਹਿੰਦੀ ਨਿਬੰਧਕਾਰ ਵਿੱਚ ਉਸ ਨੂੰ ਨਵੀਨ ਸ਼ੈਲੀ ਦਾ ਨਿਬੰਧਕਾਰ ਮੰਨਿਆ ਹੈ। ਉਹ ਭਾਵੇਂ ਕਵਿਤਾ ਨੂੰ ਛੰਦਬਧ ਕਰਨ ਦਾ ਹਾਮੀ ਸੀ, ਪਰ ਉਸ ਨੇ ਪ੍ਰਯੋਗਵਾਦੀ, ਕਵਿਤਾ ਤੇ ਸਮਕਾਲੀ ਕਵਿਤਾ ਦੇ ਮਹੱਤਵਪੂਰਨ ਪੱਖਾਂ ਨੂੰ ਵੀ ਸਵੀਕਾਰ ਕੀਤਾ ਹੈ। ਉਹ ਨੈਤਿਕਤਾ, ਸੰਜਮ ਤੇ ਸਦਾਚਾਰ ਕਦਰਾਂ-ਕੀਮਤਾਂ ਦਾ ਹਾਮੀ ਸੀ ਅਤੇ ਅਸ਼ਲੀਲਤਾ, ਨੰਗੇਜ਼ ਦਾ ਵਿਰੋਧੀ ਸੀ। ਪਰੰਪਰਾ, ਆਧੁਨਿਕਤਾ (ਨਵੀਨਤਾ) ਦੇ ਉਸਾਰੂ ਪੱਖਾਂ ਨੂੰ ਵਧੇਰੇ ਸਵੀਕਾਰ ਕਰ ਕੇ ਉਹ ਸਾਹਿਤ ਵਿੱਚ ਗਤੀ, ਨਵੀਨਤਾ ਤੇ ਮੁੱਲਾਂ ਦਾ ਪੱਖਪਾਤੀ ਸੀ। ਵਿਦਿਆਰਥੀਆਂ ਨੂੰ ਚੜ੍ਹਦੀਕਲਾ ਵਿੱਚ ਰੱਖਦਾ ਸੀ, ਨਵੇਂ ਲੇਖਕਾਂ ਨੂੰ ਪ੍ਰੋਤਸਾਹਿਤ ਕਰਦਾ ਰਹਿੰਦਾ ਸੀ। ਉਸ ਦੀ ਸੋਚ ਉਸਾਰੂ, ਹਿਰਦਾ ਵਿਸ਼ਾਲ, ਦ੍ਰਿਸ਼ਟੀ ਪਾਰਖੀ ਅਤੇ ਸਮਝ ਤੇ ਪਕੜ ਗਹਿਰੀ ਸੀ।

     ਵਿਨੈ ਮੋਹਨ ਸ਼ਰਮਾ ਹਿੰਦੀ ਦੇ ਉੱਚ-ਕੋਟੀ ਦੇ ਸਮੀਖਿਆਕਾਰ, ਨਿਬੰਧਕਾਰ, ਇਤਿਹਾਸਕਾਰ ਤੇ ਚਿੰਤਕ ਵਿਦਵਾਨ ਅਚਾਰੀਆ ਰਾਮਚੰਦ ਸ਼ੁਕਲ ਦਾ ਵਿਦਿਆਰਥੀ ਸੀ। ਉਸ ਦੇ ਲੇਖਨ ਉਪਰ ਅਚਾਰੀਆ ਸ਼ੁਕਲ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਇਸੇ ਲਈ ਸ਼ਰਮਾ ਨੂੰ ਅਚਾਰੀਆ ਸ਼ੁਕਲ ਦੀ ਪਰੰਪਰਾ ਤੋਂ ਬਾਅਦ ਦਾ ਇੱਕ ਸਹਿਜ ਪ੍ਰਤਿਭਾ ਸੰਪੰਨ ਪਾਰਖੀ, ਖੋਜੀ ਤੇ ਵਿਦਵਾਨ ਸਮੀਖਿਅਕ ਸਵੀਕਾਰ ਕੀਤਾ ਜਾਂਦਾ ਹੈ।


ਲੇਖਕ : ਹੁਕਮ ਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.