ਵਿੰਡੋਜ਼-ਵਿਸਟਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows-Vista
ਵਿੰਡੋਜ਼-ਵਿਸਟਾ ਇਕ ਸ਼ਕਤੀਸ਼ਾਲੀ ਓਪਰੇਟਿੰਗ ਸਿਸਟਮ ਹੈ। ਭਾਵੇਂ ਵਿਸਟਾ ਦਾ ਡਿਜ਼ਾਈਨ 8 ਨਵੰਬਰ, 2006 ਨੂੰ ਪੂਰਾ ਕੀਤਾ ਗਿਆ ਪਰ ਇਸ ਨੂੰ 30 ਜਨਵਰੀ, 2007 ਨੂੰ ਜਾਰੀ ਕੀਤਾ ਗਿਆ। ਵਿੰਡੋਜ਼ ਵਿਸਟਾ ਵਿੱਚ ਬਹੁਤ ਸਾਰੀਆਂ ਨਵੀਆਂ ਸੁਵਿਧਾਵਾਂ ਸ਼ੁਮਾਰ ਹਨ ਜਿਨ੍ਹਾਂ ਸਦਕਾ ਇਹ ਕਾਫ਼ੀ ਲੋਕ-ਪ੍ਰਿਆ ਹੈ। ਇਸ ਵਿੱਚ ਸੋਧੀ ਹੋਈ ਗ੍ਰਾਫੀਕਲ ਯੂਜ਼ਰ ਇੰਟਰਫੇਸ , ਲਾਹੇਵੰਦ ਖੋਜ ਵਿਸ਼ੇਸ਼ਤਾ, DVD ਮੇਕਰ ਵਰਗੇ ਮਲਟੀਮੀਡੀਆ ਵਿਕਾਸ ਟੂਲ , ਉੱਚ ਦਰਜੇ ਦੀ ਨੈੱਟਵਰਕਿੰਗ ਦੀ ਸੁਵਿਧਾ ਆਦਿ ਗੁਣ ਮੌਜੂਦ ਹੈ। ਵਿਸਟਾ ਵਿੱਚ ਬਹੁਪੱਖੀ ਸੁਰੱਖਿਆ (Security) ਦੀ ਵਿਸ਼ੇਸ਼ਤਾ ਵੀ ਮੌਜੂਦ ਹੈ।
ਵਿਸ਼ੇਸ਼ਤਾਵਾਂ (Features)
ਵਿੰਡੋਜ਼-ਵਿਸਟਾ ਵਿੱਚ ਅਨੇਕਾਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਵਿੱਚੋਂ ਕੁਝ ਹੇਠਾਂ ਲਿਖੇ ਅਨੁਸਾਰ ਹਨ:
1. ਵਿੰਡੋਜ਼-ਵਿਸਟਾ ਵਿੱਚ ਫਾਈਲਾਂ, ਫੋਲਡਰਾਂ, ਪ੍ਰੋਗਰਾਮਾਂ ਆਦਿ ਨੂੰ ਲਾਈਵ (Live) ਥੰਬਨੇਲ, ਲਾਈਵ ਆਈਕਾਨ ਅਤੇ ਸਜੀਵ ਦ੍ਰਿਸ਼ਾਂ ਦੇ ਅੰਦਾਜ਼ ਵਿੱਚ ਵੇਖਿਆ ਜਾ ਸਕਦਾ ਹੈ।
2. ਵਿਸਟਾ ਵਿੱਚ ਇੰਟਰਨੈੱਟ ਐਕਸਪਲੋਰਰ ਦੇ ਸੰਸਕਰਨ-7 ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਉੱਚ ਮਿਆਰ ਵਾਲੀ ਛਪਾਈ, ਖੋਜ, ਜ਼ੂਮ, ਫਿਲਟਰ ਆਦਿ ਦੀ ਸੁਵਿਧਾ ਜੋੜੀ ਗਈ ਹੈ।
3. ਵਿੰਡੋਜ਼-ਵਿਸਟਾ ਕੰਪਿਊਟਰ ਵਿਚਲੇ ਅੰਕੜਿਆਂ ਨੂੰ ਵਿਵਸਥਿਤ ਕਰਨ ਅਤੇ ਲੱਭਣ ਦੀ ਮਹੱਤਵਪੂਰਨ ਵਿਸ਼ੇਸ਼ਤਾ ਮੁਹੱਈਆ ਕਰਵਾਉਂਦੀ ਹੈ। ਵਿੰਡੋਜ਼ ਐਕਸਪਲੋਰਰ ਦੇ ਟਾਸਕ ਪੈਨਲ ਨੂੰ ਹਟਾ ਕੇ ਕਈ ਮਹੱਤਵਪੂਰਨ ਸੁਵਿਧਾਵਾਂ ਨੂੰ ਟੂਲ ਬਾਰ ਵਿੱਚ ਸ਼ਾਮਿਲ ਕੀਤਾ ਗਿਆ ਹੈ।
4. ਸਾਂਝੀਆਂ ਡਾਇਰੈਕਟਰੀਆਂ ਤੱਕ ਪਹੁੰਚਣ ਲਈ ਵਿਸ਼ੇਸ਼ ਪੈਨਲ (Favorite Links) ਸ਼ਾਮਿਲ ਕੀਤਾ ਗਿਆ ਹੈ। ਇਕ ਅਨੋਖੀ ਪ੍ਰਣਾਲੀ ਨੂੰ ਐਡਰੈੱਸ ਬਾਰ ਦੇ ਬਦਲ ਵਜੋਂ ਸ਼ਾਮਿਲ ਕੀਤਾ ਗਿਆ ਹੈ।
5. ਵਿਸਟਾ ਦਾ ਪ੍ਰੀਵੀਊ ਪੈਨਲ ਵਿਭਿੰਨ ਫਾਈਲਾਂ ਨੂੰ ਥੰਬਨੇਲ ਵਰਗੇ ਅਨੇਕਾਂ ਦ੍ਰਿਸ਼ਾਂ ਵਿੱਚ ਦਿਖਾਉਣ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ।
6. ਵਿਸਟਾ ਦਾ ਸਟਾਰਟ ਮੀਨੂ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਸ਼ਬਦ ''ਸਟਾਰਟ'' ਨੂੰ ਬਦਲ ਕੇ ਇਕ ਨੀਲੇ ਗੋਲੇ (Orb) ਦਾ ਰੂਪ ਦਿੱਤਾ ਗਿਆ ਹੈ।
7. ਵਿੰਡੋਜ਼-ਵਿਸਟਾ ਵਿੱਚ ਪੁਰਾਣੇ ਸੰਸਕਰਨਾਂ ਦੇ ਮੁਕਾਬਲੇ ਸਭ ਤੋਂ ਸ਼ਕਤੀਸ਼ਾਲੀ ਸਰਚ (ਖੋਜ) ਦੀ ਸੁਵਿਧਾ ਹੈ।
8. ਸੰਗੀਤ ਅਤੇ ਵੀਡੀਓ ਫਾਈਲਾਂ ਨੂੰ ਵਿਵਸਥਿਤ ਕਰਨ, ਪਲੇਅ ਕਰਨ ਆਦਿ ਦੀ ਬੇਮਿਸਾਲ ਸੁਵਿਧਾ ਜੋੜੀ ਗਈ ਹੈ। ਵਿਸਟਾ ਵਿੱਚ ਤੁਸੀਂ ਆਪਣੀ ਮੀਡੀਆ ਲਾਇਬਰੇਰੀ ਨੂੰ ਨੈੱਟਵਰਕ ਉੱਤੇ ਸ਼ੇਅਰ (ਵੰਡ) ਕਰ ਸਕਦੇ ਹੋ।
9. ਵਿਸਟਾ ਵਿੱਚ ਤੁਸੀਂ ਫਾਈਲਾਂ ਦਾ ਬੈਕਅਪ ਲੈ ਸਕਦੇ ਹੋ ਅਤੇ ਐਪਲੀਕੇਸ਼ਨਜ ਨੂੰ ਰੀਸਟੋਰ ਕਰ ਸਕਦੇ ਹੋ। ਇਸ ਵਿੱਚ ਨਸ਼ਟ ਹੋਈਆਂ ਫਾਈਲਾਂ/ਐਪਲੀਕੇਸ਼ਨਜ ਦੀ ਪੁਨਰ ਪ੍ਰਾਪਤੀ , ਵਰਤੋਂ ਅਤੇ ਤਬਦੀਲੀ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ।
10. ਵਿਸਟਾ ਵਿੱਚ ਮੇਲ ਭੇਜਣ ਲਈ ਆਊਟ-ਲੁੱਕ ਐਕਸਪ੍ਰੈੱਸ ਦੀ ਹੋਂਦ ਨੂੰ ਖ਼ਤਮ ਕਰਕੇ ਇਸ ਦੀ ਥਾਂ 'ਤੇ ਨਵੀਆਂ ਸੁਵਿਧਾਵਾਂ ਵਾਲੇ ਪ੍ਰੋਗਰਾਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪ੍ਰੋਗਰਾਮ ਫਿਸ਼ਿੰਗ ਫਿਲਟਰ (Phishing Filter) ਅਤੇ ਜੰਕਮੇਲ ਫਿਲਟਰ (Junk Mail Filter) ਦੀ ਮਦਦ ਨਾਲ ਵਿੰਡੋਜ਼ ਅੱਪਡੇਟ ਰਾਹੀਂ ਲਗਾਤਾਰ ਆਪਣੇ-ਆਪ ਨੂੰ ਨਵਿਆਉਣ ਦੀ ਯੋਗਤਾ ਰੱਖਦੇ ਹਨ।
11. ਸੰਗੀਤ ਸੁਣਨ ਲਈ ਇਸ ਵਿੱਚ ਉੱਚ ਮਿਆਰ ਵਾਲੀ ਪ੍ਰਣਾਲੀ ਹੈ। ਵੱਖ-ਵੱਖ ਆਵਾਜ਼ ਤਰਕੀਬਾਂ ਜਿਵੇਂ- ਸਪੀਕਰ , ਹੈੱਡ ਫੋਨ ਆਦਿ ਦੀਆਂ ਵਿਸ਼ੇਸ਼ਤਾਵਾਂ ਨੂੰ ਵੱਖਰੇ ਤੌਰ 'ਤੇ ਬੜੀ ਅਸਾਨੀ ਨਾਲ ਬਦਲਿਆ ਜਾ ਸਕਦਾ ਹੈ।
12. ਵਿੰਡੋਜ਼ ਡਿਫੈਂਡਰ (Defender), ਐਂਟੀ ਸਪੈਮ (Spam) ਅਤੇ ਫਿਲਟਰ (Filter) ਆਦਿ ਦੇ ਸਹਾਰੇ ਆਪਣੇ ਪਰਸਨਲ ਕੰਪਿਊਟਰ , ਲੈਪਟਾਪ ਆਦਿ ਨੂੰ ਸੁਰੱਖਿਅਤ ਰੱਖਣਾ ਬਹੁਤ ਅਸਾਨ ਹੈ।
13. ਵਿਸਟਾ ਵਿੱਚ ਸੀਪੀਯੂ , ਮੈਮਰੀ , ਡਿਸਕਾਂ ਅਤੇ ਹੋਰ ਸਰੋਤਾਂ ਦੀ ਕਾਰਗੁਜਾਰੀ ਦਾ ਪਤਾ ਲਗਾਉਣਾ ਅਤੇ ਬਿਹਤਰ ਬਣਾਉਣਾ ਬਹੁਤ ਅਸਾਨ ਹੈ।
14. ਵਿਸਟਾ ਵਿੱਚ ਫੋਟੋਆਂ ਅਤੇ ਮੂਵੀਜ਼ ਆਦਿ ਦਾ ਪ੍ਰਬੰਧ ਕਰਨ ਦੀ ਵਿਸ਼ੇਸ਼ ਯੋਗਤਾ ਹੈ। ਤੁਸੀਂ ਕੋਈ ਫੋਟੋ ਜਾਂ ਮੂਵੀ ਨੂੰ ਡਿਜ਼ੀਟਲ ਕੈਮਰੇ ਰਾਹੀਂ ਬੜੀ ਅਸਾਨੀ ਨਾਲ ਕੰਪਿਊਟਰ ਵਿੱਚ ਭੇਜ ਸਕਦੇ ਹੋ, ਉਹਨਾਂ ਦੇ ਰੰਗ ਬਦਲ ਸਕਦੇ ਹੋ, ਸਲਾਈਡ ਸ਼ੋਅ ਵੇਖ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
15. ਵਿੰਡੋਜ਼-ਵਿਸਟਾ ਦਾ ਕੰਟਰੋਲ ਪੈਨਲ ਵਰਤੋਂਕਾਰ ਨੂੰ ਪੈਦਾ ਹੋਈ ਸਮੱਸਿਆ ਅਤੇ ਉਸ ਦੇ ਢੁਕਵੇਂ ਹੱਲ ਬਾਰੇ ਜਾਣਕਾਰੀ ਦਿੰਦਾ ਹੈ।
16. ਇਸ ਵਿੱਚ ਜਾਪਾਨੀ, ਚੀਨੀ ਅਤੇ ਕੋਰੀਅਨ ਆਦਿ ਵਿਦੇਸ਼ੀ ਭਾਸ਼ਾਵਾਂ ਦੇ ਸੋਧੇ ਹੋਏ ਫੌਂਟ ਭਰੇ ਗਏ ਹਨ।
17. ਵਿਸਟਾ ਵਿੱਚ ਡੀਵੀਡੀ ਮੇਕਰ ਦੀ ਮਹੱਤਵਪੂਰਨ ਸੁਵਿਧਾ ਹੈ। ਤੁਸੀਂ ਬੜੀ ਅਸਾਨੀ ਨਾਲ ਡੀਵੀਡੀ ਰਿਕਾਰਡ ਕਰ ਸਕਦੇ ਹੋ ਤੇ ਉਸ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਵਿੱਚ ਵਾਜਬ ਤਬਦੀਲੀਆਂ ਵੀ ਕਰ ਸਕਦੇ ਹੋ।
18. ਇਸ ਨਵੇਂ ਸੰਸਕਰਨ ਵਿੱਚ ਸਵੈਚਾਲਿਤ ਵਿੰਡੋਜ਼ ਅੱਪਡੇਟ ਦੀ ਸੁਵਿਧਾ ਸ਼ੁਮਾਰ ਹੈ।
19. ਵਿਸਟਾ ਵਿੱਚ Chess, Titans, InkBall, Mahjong, Titans ਅਤੇ Purble Place ਆਦਿ ਨਵੀਂਆਂ ਉੱਚ ਮਿਆਰ ਦੀਆਂ ਵੀਡੀਓ ਗੇਮਾਂ ਸ਼ਾਮਿਲ ਕੀਤੀਆਂ ਗਈਆਂ ਹਨ।
20. ਵਿਸਟਾ ਆਪਣੇ-ਆਪ ਬੈਕਅਪ ਫਾਈਲਾਂ ਬਣਾਉਣ ਦੀ ਯੋਗਤਾ ਰੱਖਦੀ ਹੈ।
21. ਇਸ ਵਿੱਚ ਨੈੱਟ ਮੀਟਿੰਗ (Net Meeting) ਦੀ ਥਾਂ 'ਤੇ ਐਪਲੀਕੇਸ਼ਨਜ ਆਦਿ ਦੀ ਵੰਡ ਦੀ ਬਿਹਤਰ ਤਕਨਾਲੋਜੀ ਵਰਤੀ ਗਈ ਹੈ। ਵਰਤੋਂਕਾਰ ਆਪਣੀਆਂ ਐਪਲੀਕੇਸ਼ਨਜ ਨੂੰ ਇੰਟਰਨੈੱਟ ਦੀ ਪੀਅਰ-ਟੂ-ਪੀਅਰ ਤਕਨਾਲੋਜੀ, ਲੋਕਲ ਏਰੀਆ ਨੈੱਟਵਰਕ ਆਦਿ ਦੇ ਮਾਧਿਅਮ ਰਾਹੀਂ ਵਿਭਿੰਨ ਵਰਤੋਂਕਾਰਾਂ ਤੱਕ ਪੁੱਜਦਾ ਕਰਵਾ ਸਕਦਾ ਹੈ।
22. ਵਿਸਟਾ ਵਿੱਚ ਚਲੰਤ ਸੂਚਨਾਵਾਂ ਨੂੰ ਹਰ ਵੇਲੇ ਉਪਲਬਧ ਕਰਵਾਉਣ ਦੀ ਵਿਸ਼ੇਸ਼ਤਾ ਹੈ, ਜਿਸ ਨੂੰ ਮੋਬਾਈਲ ਕੰਪਿਊਟਿੰਗ ਕਿਹਾ ਜਾਂਦਾ ਹੈ। ਵਰਤੋਂਕਾਰ ਸਾਊਂਡ, ਬੈਟਰੀ ਚਾਰਜ ਦੀ ਸਥਿਤੀ , ਵਾਇਰਲੈੱਸ ਨੈੱਟਵਰਕ ਆਦਿ ਬਾਰੇ ਸਹਿਜੇ ਹੀ ਜਾਣਕਾਰੀ ਹਾਸਲ ਕਰ ਲੈਂਦਾ ਹੈ।
ਖ਼ਾਮੀਆ (Limitations)
ਬੇਸ਼ੁਮਾਰ ਵਿਸ਼ੇਸ਼ਤਾਵਾਂ ਦੇ ਬਾਵਜੂਦ ਵਿੰਡੋਜ਼-ਵਿਸਟਾ ਵਿੱਚ ਕੁਝ ਖ਼ਾਮੀਆਂ ਵੀ ਹਨ। ਜਿਵੇਂ ਕਿ :
ਵਿਸਟਾ ਸੰਸਕਰਨ ਇੰਸਟਾਲ ਕਰਨ ਲਈ ਕੰਪਿਊਟਰ ਵਿੱਚ ਸ਼ਕਤੀਸ਼ਾਲੀ ਹਾਰਡਵੇਅਰ ਭਾਗਾਂ ਦੀ ਲੋੜ ਪੈਂਦੀ ਹੈ। ਵਿੰਡੋਜ਼-ਵਿਸਟਾ ਲਈ 800 MHz ਪ੍ਰੋਸੈਸਰ , 512 MB RAM, Direct X9 ਯੋਗਤਾ ਵਾਲਾ ਗ੍ਰਾਫਿਕਸ ਕਾਰਡ, ਘੱਟੋ-ਘੱਟ 200 GB ਹਾਰਡ ਡਿਸਕ ਸਮਰੱਥਾ , 15 GB ਹਾਰਡ ਡਿਸਕ ਦੀ ਖਾਲੀ ਥਾਂ ਅਤੇ DVD ROM ਆਦਿ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰਕਾਰ ਦਾ ਸਿਸਟਮ ਤਿਆਰ ਕਰਨ ਲਈ ਵਧੇਰੇ ਖਰਚ ਆਉਂਦਾ ਹੈ। ਇਸੇ ਤਰ੍ਹਾਂ ਵਿਸਟਾ ਵਿੱਚ ਫਾਈਲਾਂ ਉੱਪਰ ਕਰਵਾਏ ਜਾਣ ਵਾਲੇ ਕਾਰਜਾਂ ਜਿਵੇਂ- ਕਾਪੀ ਕਰਨਾ , ਡਿਲੀਟ ਕਰਨਾ ਆਦਿ ਉੱਤੇ ਪੁਰਾਣੇ ਸੰਸਕਰਨਾਂ ਦੇ ਮੁਕਾਬਲੇ ਵੱਧ ਸਮਾਂ ਲਗਦਾ ਹੈ। ਵਿੰਡੋਜ਼ ਵਿਸਟਾ ਵਿੱਚ ਹੋਰ ਵੀ ਅਨੇਕਾਂ ਖ਼ਾਮੀਆਂ ਹਨ ਜਿਨ੍ਹਾਂ ਕਾਰਨ ਇਹ ਵਧੇਰੇ ਲੋਕ-ਪ੍ਰਿਆ ਨਹੀਂ ਹੋ ਸਕੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First