ਵੀਰ ਸਿੰਘ ਬਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਵੀਰ ਸਿੰਘ ਬਲ: ਕਵੀ ਵੀਰ ਸਿੰਘ ਨੇ ਬ੍ਰਜ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਅਧਿਕਾਰ ਨਾਲ ਲਿਖਿਆ। ਇਸ ਦਾ ਜਨਮ ਸਭਾ ਸਿੰਘ ਦੇ ਪੁੱਤਰ ਬਖਤਾ ਸਿੰਘ ਦੇ ਘਰ ਸਠਿਆਲੇ ਵਿਚ ਹੋਇਆ :
ਸੋਮਵੰਸ ਵਿਖੇ ਨ੍ਰਿਪ ਸਾਂਤੁ ਲਤਾਂ,
ਕੁਲ ਮੈ ਜਗ ਦੇਵ ਪਸਾਰਾ।
ਤਾ ਕੁਲ ਮੈ ਬਲੁ ਗੋਤ ਭਇਯੋ,
ਸਭਾ ਸਿੰਘ ਲਇਯੋ ਜਿਸ ਮੈ ਅਵਤਾਰਾ।
ਤਾਸ ਸਪੂਤ ਭਇਯੋ ਬਖਤਾ ਸਿੰਘ ਜੂ,
ਜਸ ਕੋ ਧਾਮਪੁਰੀ ਸਠੀਯਾਰਾ।
ਤਾ ਸੁਤੁ ਵੀਰ ਸਿੰਘ ਮ੍ਰਿਗਿੰਦ ਭਇਯੋ,
ਸਿੰਘ ਸਾਗਰ ਗ੍ਰਿੰਥ ਜਿਸੇ ਬਿਸਤਾਰਾ।
ਇਸ ਦੀਆਂ ਕੁਲ ਛੇ ਰਚਨਾਵਾਂ ਉਪਲਬਧ ਹਨ, ਜਿਨ੍ਹਾਂ ਵਿਚੋਂ ਦੋ ਪੰਜਾਬੀ ਵਿਚ—‘ਹੀਰ ਰਾਂਝਾ ’ (1812 ਈ.), ‘ਬਾਰਾਮਾਂਹ ’ (ਨਾਮਾਂਤਰ ‘ਜੰਗਨਾਮਾ ਗੁਰੂ ਗੋਬਿੰਦ ਸਿੰਘ ’)— ਵਿਚ ਹਨ ਅਤੇ ਚਾਰ—‘ਗੁਰਕੀਰਤ ਪ੍ਰਕਾਸ਼’ (1824 ਈ.) (ਵੇਖੋ), ‘ਸਿੰਘ ਸਾਗਰ ’ (1827 ਈ.) (ਵੇਖੋ), ‘ਗੋਪੀ ਚੰਦ ਵੈਰਾਗ ਸ਼ਤਕ’ (1842 ਈ.) ਅਤੇ ‘ਸੁਧਾ ਸਿੰਧੂ ਰਾਮਾਇਣ’ (1851 ਈ.)—ਬ੍ਰਜ ਭਾਸ਼ਾ ਵਿਚ ਹਨ। ਇਨ੍ਹਾਂ ਵਿਚੋਂ ‘ਗੁਰਕੀਰਤ ਪ੍ਰਕਾਸ਼’ ਅਤੇ ‘ਸਿੰਘ ਸਾਗਰ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਪਾਦਿਤ ਕਰਵਾ ਕੇ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਇਸ ਵਿਵਰਣ ਤੋਂ ਸਪੱਸ਼ਟ ਹੈ ਕਿ ਕਵੀ ਵੀਰ ਸਿੰਘ ਬਲ ਦਾ ਰਚਨਾ-ਕਾਲ ਸੰਨ 1812 ਤੋਂ 1851 ਈ. ਤਕ ਵਿਆਪਤ ਹੈ। ਇਸ ਆਧਾਰ’ਤੇ ਅਨੁਮਾਨ ਹੈ ਕਿ ਉਸ ਦਾ ਜਨਮ 18ਵੀਂ ਸਦੀ ਦੀ ਅੰਤਿਮ ਚੌਥਾਈ ਵਿਚ ਹੋਇਆ ਹੋਵੇਗਾ। ਇਸ ਨੇ ਆਪਣੇ ਜੀਵਨ ਦਾ ਬਹੁਤ ਸਮਾਂ ਅੰਮ੍ਰਿਤਸਰ ਵਿਚ ਅਤੇ ਫਿਰ ਪਟਿਆਲਾ ਰਾਜ ਦਰਬਾਰ ਵਿਚ ਬਤੀਤ ਕੀਤਾ।
‘ਹੀਰ ਰਾਂਝੇ’ ਦਾ ਕਿੱਸਾ ਕਵੀ ਅਨੁਸਾਰ ਸੰਨ 1812 ਈ. (1869 ਬਿ.) ਵਿਚ ਕਥਨ ਕੀਤਾ ਗਿਆ ਅਤੇ ਲਗਭਗ 24 ਵਰ੍ਹਿਆਂ ਬਾਦ ਸੰਨ 1836 ਈ. ਵਿਚ ਪਟਿਆਲਾ ਨਗਰ ਵਿਚ ਲਿਖਿਆ ਗਿਆ। ਕਵੀ ਅਨੁਸਾਰ:
ਕਥੀ ਠਾਰਾ ਸੈ ਸਾਲ ਉਣਤਰੇ ਮੈ,
ਲਿਖੀ ਆਣ ਤਿਰਾਣਵੇ ਸਾਲ ਭਾਈ।
ਅਸੂ ਵਦੀ ਥਿਤ ਸੀ ਸ਼ੁਭ ਵਾਰ ਮੰਗਲ,
ਲਿਖੀ ਸ਼ਹਿਰ ਪਟਾਲੇ ਸੁਧਾਇ ਭਾਈ।295।
ਹੱਥ-ਲਿਖਿਤ ਰੂਪ ਵਿਚ ਸੈਂਟ੍ਰਲ ਪਬਲਿਕ ਲਾਇਬ੍ਰੇਰੀ (ਨੰ.552) ਵਿਚ ਉਪਲਬਧ ਇਹ ‘ਹੀਰ’ ਕਿਸੇ ਸਿੱਖ ਕਵੀ ਦਾ ਲਿਖਿਆ ਪਹਿਲਾ ਕਿੱਸਾ ਹੈ। ਕਵੀ ਨੇ ਸ਼ੁਰੂ ਵਿਚ ਗੁਰੂ ਗੋਬਿੰਦ ਸਿੰਘ ਜੀ ਪ੍ਰਤਿ ਬੰਦਨਾ ਕਰਦੇ ਹੋਇਆਂ ਜਲ ਅਤੇ ਮੀਨ ਦੇ ਪਰਸਪਰ ਆਸ਼ਰਿਤ ਸੰਬੰਧ ਦੀ ਸਥਾਪਨਾ ਕੀਤੀ ਹੈ :
ਮੇਰੀ ਬੰਦਨਾ ਗੁਰੂ ਗੋਬਿੰਦ ਸਿੰਘ ਨੂੰ,
ਜੇੜਾ ਮਾਲਕ ਸਰਬ ਸਰੀਰ ਦਾ ਜੀ।
ਜਾਨ ਨਾਲ ਕੁਰਬਾਨ ਗੁਰੂ ਗੋਬਿੰਦ ਸਿੰਘ ਤੇ,
ਸਾਨੂੰ ਜ਼ੋਰ ਗੋਬਿੰਦ ਸਿੰਘ ਪੀਰ ਦਾ ਜੀ।
ਸਦਾ ਆਸਰਾ ਗੁਰੂ ਗੋਬਿੰਦ ਸਿੰਘ ਦਾ,
ਜਿਕੂੰ ਮੀਨ ਨੂੰ ਆਸਰਾ ਨੀਰ ਦਾ ਜੀ।
ਇਸ ਨੇ ਭਾਵੇਂ ਵਾਰਿਸ ਦੀ ਹੀਰ ਦੇ ਕਥਾਨਕ ਨੂੰ ਆਧਾਰ ਬਣਾਇਆ ਹੈ, ਪਰ ਸਭਿਆਚਾਰਿਕ ਅਤੇ ਧਾਰਮਿਕ ਪਿਛੋਕੜਾਂ ਦੇ ਅੰਤਰ ਕਰਕੇ ਇਸ ਦੀ ਹੀਰ ਦਾ ਕਥਾਨਕ ਗੁਰਮਤਿ ਤੋਂ ਬਹੁਤ ਪ੍ਰਭਾਵਿਤ ਹੈ। ਇਸ ਨੇ ਹੀਰ ਦੀ ਕਥਾ ਲਈ ‘ਦਸਮਗ੍ਰੰਥ’ ਵਿਚ ਸੰਕਲਿਤ ‘ਚਰਿਤ੍ਰੋਪਾਖਿਆਨ ’ ਦੇ ਹੀਰ ਪ੍ਰਸੰਗ ਦੇ ਮਿਥਿਹਾਸਿਕ ਪਿਛੋਕੜ ਨੂੰ ਸਵੀਕਾਰਿਆ ਹੈ। ਜੰਮਣਜਤੀ ਨਾਂ ਦੀ ਸੱਤਾ ਦੀ ਕਲਪਨਾ ਕਰਕੇ ਪੰਜ ਪੀਰਾਂ ਦੀ ਗਤਿਵਿਧੀ ਨੂੰ ਉਸ ਦੇ ਅਧੀਨ ਸੰਚਾਲਿਤ ਕੀਤਾ ਹੈ। ਰੱਬ ਦਾ ਹੁਕਮ ਮੰਨਣਾ, ਕਰਤਾਰ ਦੀ ਦਰਗਾਹ ਵਿਚ ਪੇਸ਼ ਹੋਣ , ਹੀਰ-ਰਾਂਝੇ ਲਈ ‘ਗੁਰਮੁਖ ’ ਸ਼ਬਦ ਵਰਤਣਾ ਗੁਰਮਤਿ ਅਤੇ ਸਿੱਖੀ-ਆਚਾਰ ਦਾ ਸਪੱਸ਼ਟ ਪ੍ਰਭਾਵ ਹੀ ਮੰਨਣਾ ਪਵੇਗਾ, ਜਿਵੇਂ :
ਹੋਈ ਹੁਕਮ ਆਵਾਜ਼ ਕਰਤਾਰ ਦੀ ਜੀ,
ਖੜੇ ਸੇ ਪੀਰ ਫਕੀਰ ਸੱਤੇ।
ਅਸੀਂ ਰਾਂਝੇ ਨੂੰ ਆਪ ਹੀ ਭੇਜਿਆ ਹੈ,
ਨੱਢੀ ਹੀਰ ਸਿਆਲ ਦੀ ਨਾਲ ਅੱਤੇ।
ਵੀਰ ਸਿੰਘ ਪਰਵਾਹ ਕੀ ਗੁਰਮੁਖਾਂ ਨੂੰ,
ਜਿਹੜੇ ਸ਼ਬਦ ਗੁਰਦੇਵ ਦੇ ਨਾਲ ਰਤੇ।20।
ਕੇਂਦਰੀ ਪੰਜਾਬੀ ਵਿਚ ਲਿਖੀ ਇਸ ਰਚਨਾ ਦੀ ਭਾਸ਼ਾ ਉਤੇ ਅਰਬੀ-ਫ਼ਾਰਸੀ ਦੇ ਸ਼ਬਦਾਵਲੀ ਦੇ ਪ੍ਰਭਾਵ ਤੋਂ ਇਲਾਵਾ ਪਟਿਆਲਾ ਦੀ ਭਾਸ਼ਾ ਦਾ ਖੇਤਰੀ ਰੰਗ ਵੀ ਚੜ੍ਹਿਆ ਹੈ। ਇਸ ਕਿੱਸੇ ਵਿਚ ਕਵੀ ਨੇ ਸਿੱਖ ਮਰਯਾਦਾਵਾਦ ਦੇ ਕਲਾਵੇ ਵਿਚ ਰਹਿ ਕੇ ਅਸ਼ਲੀਲ ਅਤੇ ਭੜਕੀਲੇ ਪ੍ਰਸੰਗਾਂ ਦੇ ਵਰਣਨ ਤੋਂ ਸੰਕੋਚ ਕੀਤਾ ਹੈ।
‘ਬਾਰਹਮਾਂਹ’ ਨਾਂ ਦੀ ਰਚਨਾ ਵਿਚ ਕਵੀ ਨੇ ਪੰਜਾਬੀ ਭਾਸ਼ਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ਦਾ ਉਸਤਤਮਈ ਢੰਗ ਨਾਲ ਵਰਣਨ ਕੀਤਾ ਹੈ, ਪਰ ਕੋਈ ਤੱਥਕ ਸੂਚਨਾ ਜਾਂ ਬ੍ਰਿੱਤਾਂਤ ਨਹੀਂ ਦਿੱਤਾ। ਦੁਰਾਨੀਆਂ ਵਿਰੁੱਧ ਕੀਤੇ ਗਏ ਸਿੱਖ ਸੰਘਰਸ਼ ਨੂੰ ਵੀ ਬੜੀ ਭਾਵਨਾਮਈ ਸ਼ੈਲੀ ਵਿਚ ਚਿਤਰਿਆ ਹੈ। ਦੋਹਰਾ-ਅਦਭੁਤ ਛੰਦ-ਵਿਧਾਨ ਵਿਚ ਰਚੇ ਇਸ ਬਾਰਹਮਾਂਹ ਦਾ ਕੋਈ ਇਤਿਹਾਸਿਕ ਮਹੱਤਵ ਨਹੀਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First