ਸ਼ਬਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਬਦ : ਭਾਸ਼ਾ ਦੀਆਂ ਹੋਰ ਵਿਆਕਰਨਿਕ ਇਕਾਈਆਂ (ਵਾਕ, ਉਪਵਾਕ, ਵਾਕਾਂਸ਼ ਆਦਿ) ਦੀ ਤਰ੍ਹਾਂ ‘ਸ਼ਬਦ` ਦੀ ਪਰਿਭਾਸ਼ਾ ਵੀ ਵਾਦ-ਵਿਵਾਦ ਦਾ ਵਿਸ਼ਾ ਰਹੀ ਹੈ। ਕਾਰਨ ਇਹ ਹੈ ਕਿ ‘ਸ਼ਬਦ` ਦੀ ਸਥਿਤੀ ਬੜੀ ਲਚਕੀਲੀ ਹੈ। ਇਸ ਦੇ ਅਨੇਕ ਪੱਖ ਹਨ ਜੋ ਇਸ ਨੂੰ ਇੱਕੋ ਸਮੇਂ ਇੱਕ ਪਰਿਭਾਸ਼ਾ ਦੇ ਘੇਰੇ ਵਿੱਚ ਰੱਖਣ ਲਈ ਰੁਕਾਵਟ ਬਣਦੇ ਹਨ। ਵਿਆਕਰਨਿਕ ਇਕਾਈਆਂ ਵਿੱਚੋਂ ‘ਸ਼ਬਦ` ਇੱਕ ਪ੍ਰਮੁੱਖ ਵਿਆਕਰਨਿਕ ਇਕਾਈ ਹੈ। ਇਹ ਇਕਾਈ ਰਚਿਤ ਵੀ ਹੈ ਅਤੇ ਰਚਨਾਤਮਿਕ ਵੀ ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਆਪਣੇ ਤੋਂ ਛੋਟੀਆਂ ਇਕਾਈਆਂ ਦੇ ਮੇਲ ਤੋਂ ਬਣਿਆ ਹੁੰਦਾ ਹੈ ਜਿਸ ਨੂੰ ‘ਭਾਵਾਂਸ਼` ਕਿਹਾ ਜਾਂਦਾ ਹੈ। ਜਿਵੇਂ ‘ਕੁੜੀਆਂ` ਸ਼ਬਦ ਵਿੱਚ ਦੋ ਭਾਵਾਂਸ਼ਾਂ- (ਕੁੜੀ+ਆ) ਹਨ। ਇਹਨਾਂ ਭਾਵਾਂਸ਼ਾਂ ਵਿੱਚੋਂ ‘ਕੁੜੀ` ਨੂੰ ਧਾਤੂ/ਮੂਲ/ਸੁਤੰਤਰ ਭਾਵਾਂਸ਼ ਕਿਹਾ ਜਾਂਦਾ ਹੈ ਅਤੇ ਜਦੋਂ ਉਹ ਵਾਕ ਵਿੱਚ ਵਰਤਿਆ ਜਾਂਦਾ ਹੈ ਤਾਂ ਪੂਰੇ ਸ਼ਬਦ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਹੈ ਕਿ ਸ਼ਬਦ ਇੱਕ ਰਚਿਤ ਇਕਾਈ ਹੈ, ਜੋ ਆਪਣੇ ਤੋਂ ਛੋਟੀਆਂ ਇਕਾਈਆਂ ਦੇ ਮੇਲ ਤੋਂ ਬਣਦੀ ਹੈ। ਇਸ ਨੂੰ ਰਚਨਾਤਮਿਕ ਇਕਾਈ ਇਸ ਲਈ ਕਿਹਾ ਜਾਂਦਾ ਹੈ ਕਿਉਂ ਜੋ ਇਹ ਵਾਕਾਂਸ਼ਾਂ ਦੀ ਸਿਰਜਣਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਵਾਕ ਵਿੱਚ ਇੱਕ ਸ਼ਬਦ ਜਾਂ ਸ਼ਬਦਾਂ ਦੇ ਇੱਕ ਸਮੂਹ ਨੂੰ ਵਾਕਾਂਸ਼ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ‘ਸ਼ਬਦ` ਇੱਕ ਸਾਰਥਕ ਇਕਾਈ ਨੂੰ ਕਿਹਾ ਜਾਂਦਾ ਹੈ ਜਿਹੜੀ ਕਿ ਸੁਤੰਤਰ ਤੌਰ ਤੇ ਵਿਚਰ ਸਕਦੀ ਹੋਵੇ। ਸ਼ਬਦਾਂ ਦੀ ਸਾਰਥਕਤਾ ਦੋਹਰੀ ਹੁੰਦੀ ਹੈ ਦੋਹਰੀ ਦਾ ਭਾਵ ਹੈ ਕਿ ‘ਸ਼ਬਦ` ਕਿਸੇ ਨਾ ਕਿਸੇ ਵਸਤੂਗਤ ਅਰਥ ਦਾ ਬੋਧਕ ਹੁੰਦਾ ਹੈ ਅਤੇ ਨਾਲ ਹੀ ਨਾਲ ਕਿਸੇ ਵਿਆਕਰਨਿਕ ਅਰਥ ਨੂੰ ਵੀ ਪ੍ਰਗਟ ਕਰਦੇ ਹਨ ਜਿਵੇਂ ਹਰ ਸ਼ਬਦ ਇੱਕਵਚਨ/ਬਹੁਵਚਨ ਵੀ ਹੁੰਦਾ ਹੈ ਅਤੇ ਪੁਲਿੰਗ/ਇਸਤਰੀ ਲਿੰਗ ਵੀ ਹੁੰਦਾ ਹੈ। ਹੋਰ ਵੀ ਅਨੇਕਾਂ ਵਿਆਕਰਨਿਕ ਅਰਥ ਹਨ ਜਿਨ੍ਹਾਂ ਵਿੱਚੋਂ ਇਹ ਕਿਸੇ ਨਾ ਕਿਸੇ ਦਾ ਧਾਰਨੀ ਜ਼ਰੂਰ ਹੁੰਦਾ ਹੈ। ਕਈ ਸ਼ਬਦ ਅਜਿਹੇ ਹੁੰਦੇ ਹਨ ਜੋ ਕਿਸੀ ਵਸਤੂਗਤ ਅਰਥਾਂ ਦੇ ਧਾਰਨੀ ਨਹੀਂ ਹੁੰਦੇ ਬਲਕਿ ਉਹਨਾਂ ਦੇ ਵਿਸ਼ੇਸ਼ ਵਾਕਾਤਮਕ ਕਾਰਜ ਹੁੰਦੇ ਹਨ। ਵਾਕਾਤਮਕ ਕਾਰਜ ਵਿੱਚ ਉਹ ਸੰਬੰਧਾਂ ਦੇ ਬੋਧਕ ਹੁੰਦੇ ਹਨ। ਸੋ ਸਪਸ਼ਟ ਹੈ ਕਿ ਸ਼ਬਦ, ਵਾਕਾਂ ਵਿੱਚ ਅਰਥਾਂ ਜਾਂ ਸੰਬੰਧਾਂ ਦੇ ਆਧਾਰ `ਤੇ ਹੀ ਪਛਾਣੇ ਜਾਂਦੇ ਹਨ। ਹੋਰ ਵੀ ਕਈ ਪੱਖ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ‘ਸ਼ਬਦਾਂ` ਦੀ ਪਰਿਭਾਸ਼ਾ ਨਿਰਧਾਰਿਤ ਕੀਤੀ ਜਾਂਦੀ ਹੈ।

     ਸ਼ਬਦਾਂ ਨੂੰ ਉਹਨਾਂ ਦੀ ਅੰਦਰੂਨੀ ਬਣਤਰ ਦੇ ਆਧਾਰ ਤੇ ਪਰਿਭਾਸ਼ਿਤ ਕਰਨ ਦੇ ਯਤਨ ਵੀ ਹੋਏ ਹਨ ਜਿਸ ਅਨੁਸਾਰ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਸਾਰਥਕ ਇਕਾਈ ਕਿਹਾ ਗਿਆ ਹੈ। ਛੋਟੀ ਤੋਂ ਛੋਟੀ ਸਾਰਥਕ ਇਕਾਈ ਤਾਂ ਭਾਵਾਂਸ਼ ਨੂੰ ਵੀ ਆਖਦੇ ਹਨ। ਪਰੰਤੂ ‘ਸੁਤੰਤਰ` ਵਿਸ਼ੇਸ਼ਣ ਨੇ ਭਾਵਾਂਸ਼ਾਂ ਤੋਂ ਰਤਾ ਅਗਲੀ ਗੱਲ ਆਖੀ ਹੈ ਕੇਵਲ ਉਹ ਭਾਵਾਂਸ਼ਾਂ ਜੋ ਸੁਤੰਤਰ ਤੌਰ ਤੇ ਵਾਕ ਵਿੱਚ ਵਰਤਿਆ ਜਾ ਸਕਦਾ ਹੋਵੇ, ਹੀ ਸ਼ਬਦ ਕਹਿਲਾਵੇਗਾ। ਇਸ ਪ੍ਰਕਾਰ ਇੱਕ ਵਿਆਕਰਨਿਕ ਤੇ ਸਾਰਥਕ ਭਾਸ਼ਕ ਇਕਾਈ ਅਤੇ ਸੰਬੰਧ, ਦੋਹਾਂ ਦੇ ਰੂਪ ਵਿੱਚ ਸ਼ਬਦ ਦੀ ਸਥਾਪਤੀ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਅੰਦਰੂਨੀ ਬਣਤਰ ਦੇ ਪੱਖ ਨੂੰ ਵੀ ਵਿਚਾਰਿਆ ਜਾਂਦਾ ਹੈ।

     ਜਦੋਂ ਸ਼ਬਦਾਂ ਨੂੰ ‘ਸ਼ਬਦ-ਵਿਗਿਆਨ` ਦੇ ਅੰਤਰਗਤ ਇੱਕ ਮੁਢਲੀ ਇਕਾਈ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ ਤਾਂ ਸ਼ਬਦਾਂ ਦੀ ਵੱਖ-ਵੱਖ ਆਧਾਰਾਂ ਤੇ ਵਰਗ ਵੰਡ ਕਰਨ ਦੀ ਲੋੜ ਵੀ ਮਹਿਸੂਸ ਕੀਤੀ ਜਾਂਦੀ ਹੈ। ਸ਼ਬਦਾਂ ਦੀ ਵਰਗ ਵੰਡ/ਪ੍ਰਕਾਰ ਵੰਡ ਦੇ ਵੱਖ-ਵੱਖ ਆਧਾਰ ਹਨ ਜਿਵੇਂ ਕਿ ਰੂਪ ਦੇ ਪੱਖ ਤੋਂ ਸ਼ਬਦਾਂ ਨੂੰ ਵਿਕਾਰੀ ਤੇ ਅਵਿਕਾਰੀ ਵਿੱਚ ਵੰਡਿਆ ਜਾਂਦਾ ਹੈ। ਵਿਕਾਰੀ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਦੌਰਾਨ ਰੂਪ ਵਿੱਚ ਅੰਤਰ ਆ ਜਾਂਦਾ ਹੈ ਅਤੇ ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਵਰਤੋਂ ਦੌਰਾਨ ਰੂਪ ਨਹੀਂ ਬਦਲਦਾ। ਮਿਸਾਲ ਵਜੋਂ ਘੋੜਾ, ਚੰਗਾ, ਜਾਂ ਕਰ ਆਦਿ ਵਿਕਾਰੀ ਹਨ ਪਰੰਤੂ ਸੁੰਦਰ, ਲਾਲ, ਤੇਜ ਆਦਿ ਸ਼ਬਦ ਅਵਿਕਾਰੀ ਹਨ। ਇਸੇ ਤਰ੍ਹਾਂ ਵਿਉਤਪਤੀ ਦੇ ਆਧਾਰ ਤੇ ਸ਼ਬਦਾਂ ਨੂੰ ਮੂਲ ਤੇ ਵਿਉਤਪਤ ਸ਼ਬਦਾਂ ਵਿੱਚ ਵੰਡਿਆ ਜਾਂਦਾ ਹੈ। ‘ਮੂਲ` ਤੋਂ ਭਾਵ ਉਹ ਸਾਰੇ ਸ਼ਬਦ ਜਿਨ੍ਹਾਂ ਨਾਲ ਕੋਈ ਕਿਸੇ ਕਿਸਮ ਦਾ ਵਧੇਤਰ ਨਾ ਲੱਗਿਆ ਹੋਵੇ ਤੇ ਵਿਉਤਪਤ ਉਹ ਸ਼ਬਦ ਹੁੰਦੇ ਹਨ ਜੋ ਮੂਲ ਦੇ ਨਾਲ ਵਧੇਤਰ ਜੋੜ ਕੇ ਨਵੇਂ ਸਿਰਜੇ ਜਾਂਦੇ ਹਨ। ਇਸ ਤਰ੍ਹਾਂ ਅਰਥ ਦੇ ਆਧਾਰ ਤੇ ਸ਼ਬਦਾਂ ਨੂੰ ਵਾਚਕ, ਲਕਸ਼ਕ ਤੇ ਵਿਅੰਜਕ ਵਿੱਚ ਵੰਡਿਆ ਜਾਂਦਾ ਹੈ। ਵਾਚਕ ਸ਼ਬਦ ਆਮ ਪ੍ਰਚਲਿਤ ਅਰਥਾਂ ਦਾ ਬੋਧ ਕਰਵਾਉ਼ਂਦਾ ਹੈ ਤੇ ਲਕਸ਼ਕ ਵਰਤੋਂ ਵਿੱਚ ਉਹੋ ਸ਼ਬਦ ਲੱਛਣ ਜਾਂ ਗੁਣਾਂ ਦਾ, ਜਿਵੇਂ ‘ਉਹ ਪਸ਼ੂ ਹੈ` ਵਿੱਚ ਪਸ਼ੂ ਸ਼ਬਦ ਢੀਠਤਾ ਜਾਂ ਮੂਰਖਤਾ ਦਾ ਲਕਸ਼ਕ ਹੈ। ਵਿਅੰਗ ਵਿੱਚ ਵੱਖਰਾ ਅਰਥ ਨਿਕਲਦਾ ਹੈ। ਪ੍ਰਕਾਰਜ ਦੇ ਪੱਖ ਤੋਂ ਸ਼ਬਦਾਂ ਨੂੰ ਅਰਥ ਪ੍ਰਕਾਰਜੀ ਜਾਂ ਵਾਕ ਪ੍ਰਕਾਰਜੀ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਅਰਥ ਪ੍ਰਕਾਰਜੀ ਵਿੱਚ-ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ ਆਦਿ ਆ ਜਾਂਦੇ ਹਨ ਅਤੇ ਵਾਕ ਪ੍ਰਕਾਰਜੀ ਵਿੱਚ ਸੰਬੰਧਕ ਤੇ ਯੋਜਕ, ਸ਼ਬਦ ਰੱਖੇ ਜਾਂਦੇ ਹਨ।

     ਇਸ ਤਰ੍ਹਾਂ ਸ਼ਬਦਾਂ ਦੇ ਵਰਗੀਕਰਨ ਦੇ ਇਹ ਮੁੱਖ ਆਧਾਰ ਹਨ। ਸ਼ਬਦਾਂ ਦੇ ਵਿਭਿੰਨ ਵਰਗ, ਭਾਸ਼ਾ ਦੀ ਅਰਥ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਭਿੰਨ ਪ੍ਰਕਾਰ ਦੇ ਸ਼ਬਦ ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ ਆਦਿ ਦੀ ਹੋਂਦ ਪਰਸਪਰ ਪੂਰਕਤਾ ਦੇ ਆਧਾਰ ਤੇ ਹੁੰਦੀ ਹੈ। ਜੇ ਭਾਸ਼ਾ ਦੀਆਂ ਸ਼ਬਦ-ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਰਗ ਦੇ ਸ਼ਬਦਾਂ ਦੀ ਹੋਂਦ ਨਾ ਹੋਵੇ ਤਾਂ ਭਾਸ਼ਾ ਦਾ ਸਾਰਾ ਸਮੁੱਚ ਟੁੱਟ ਜਾਂਦਾ ਹੈ। ਭਾਸ਼ਾ ਦੀਆਂ ਰੂਪਾਤਮਕ ਅਤੇ ਚਿੰਨ੍ਹਕਾਰੀ ਪਰਤਾਂ ਵਾਸਤੇ ਇਹਨਾਂ ਸਭ ਤਰ੍ਹਾਂ ਦੇ ਸ਼ਬਦਾਂ, ਇਹਨਾਂ ਦੇ ਵਰਗਾਂ, ਉਪਵਰਗਾਂ ਦੀ ਹੋਂਦ ਲਾਜ਼ਮੀ ਹੈ।


ਲੇਖਕ : ਕੰਵਲਜੀਤ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 64435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ਬਦ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸ਼ਬਦ: ਸ਼ਬਦ ਨੂੰ ਵਿਆਕਰਨ ਦੇ ਪੱਧਰ ਦੀ ਛੋਟੀ ਤੋਂ ਛੋਟੀ ਇਕਾਈ ਸਵੀਕਾਰਿਆ ਜਾਂਦਾ ਹੈ। ਇਹ ਇਕ ਅਜਿਹੀ ਇਕਾਈ ਹੈ ਜਿਸ ਦੀ ਪਰਿਭਾਸ਼ਾ ਸਬੰਧੀ ਅਜੇ ਵੀ ਵਿਵਾਦ ਹੈ ਪਰ ਦੂਜੀਆਂ ਸਾਰੀਆਂ ਇਕਾਈਆਂ ਦੀ ਪਰਿਭਾਸ਼ਾ ਇਸ ਦੇ ਅਧਾਰ ’ਤੇ ਕੀਤੀ ਜਾਂਦੀ ਹੈ (ਜਿਵੇਂ ਵਾਕੰਸ਼ ਦੀ ਪਰਿਭਾਸ਼ਾ ਵੇਲੇ : ਸ਼ਬਦ ਜਾਂ ਸ਼ਬਦ ਰੂਪ ਜਦੋਂ ਵਾਕ ਵਿਚ ਇਕ ਕਾਰਜ ਕਰੇ)। ਆਮ ਵਿਆਕਰਨਾਂ ਵਿਚ ਇਸ ਦੀ ਪਰਿਭਾਸ਼ਾ ਨੂੰ ਸਥਾਪਤ ਕੀਤੇ ਬਿਨਾਂ ਹੀ ਇਸ ਨੂੰ ਵਿਆਕਰਨਕ ਇਕਾਈ ਦਾ ਦਰਜਾ ਦਿੱਤਾ ਜਾਂਦਾ ਹੈ। ਸ਼ਬਦ ਦੀ ਪਰਿਭਾਸ਼ਾ ਨੂੰ ਸਥਾਪਤ ਕਰਨ ਲਈ ਜਾਂ ਇਸ ਦੀ ਨਿਸ਼ਾਨਦੇਹੀ ਕਰਨ ਲਈ ਕੁਝ ਅਧਾਰ ਇਸ ਪਰਕਾਰ ਹਨ : (i) ਦੋ ਠਹਿਰਾਓ ਵਿਚਕਾਰਲੀ ਇਕਾਈ (ii) ਦੋ ਖਾਲੀ ਥਾਵਾਂ ਵਿਚਕਾਰਲੀ ਇਕਾਈ (iii) ਘੱਟੋ ਘੱਟ ਛੋਟੀ ਇਕਾਈ (iv) ਇਕ ਅਰਥ ਪਰਗਟ ਕਰਨ ਵਾਲੀ ਇਕਾਈ। ਬੋਲਚਾਲ ਅਤੇ ਲਿਖਤ ਦੇ ਪੱਧਰ ’ਤੇ ਹਰ ਇਕ ਮਾਤ-ਭਾਸ਼ਾਈ ਬੁਲਾਰਾ ਸ਼ਬਦ ਦੀ ਪਛਾਣ ਕਰ ਲੈਂਦਾ ਹੈ। ਇਨ੍ਹਾਂ ਅਧਾਰਾਂ ਵਿਚੋਂ ਪਹਿਲਾ ਅਧਾਰ ਬੋਲਚਾਲ ਨਾਲ ਸਬੰਧਤ ਹੈ ਇਸ ਲਈ ਇਸ ਅਧਾਰ ਦਾ ਸਰੋਤ ਧੁਨੀ-ਵਿਉਂਤ (Phonology) ਨੂੰ ਬਣਾਇਆ ਜਾਂਦਾ ਹੈ। ਗੱਲਬਾਤ ਵੇਲੇ ਹਰ ਬੁਲਾਰਾ ਸ਼ਬਦਾਂ ਵਿਚਕਾਰ ਨਿਸ਼ਚਤ ਛੋਟੇ ਠਹਿਰਾਓ (Pause) ਦਿੰਦਾ ਹੈ ਜਿਵੇਂ : ਉਹ\ਪਿੰਡ\ਗਿਆ\ਹੋਇਆ\ਏ\ ਸ਼ਬਦ ਦੀ ਪਛਾਣ ਲਈ ਦੂਜਾ ਅਧਾਰ ਲਿਖਤ ਨੂੰ ਬਣਾਇਆ ਜਾਂਦਾ ਹੈ। ਲਿਖਤ ਵਿਚੋਂ ਸ਼ਬਦ ਦੀ ਪਛਾਣ ਹੋਰ ਵੀ ਸੌਖੀ ਹੈ ਕਿਉਂਕਿ ਇਸ ਅਧਾਰ ਦਾ ਸਰੋਤ ਲਿਖਣ ਢੰਗ (Orthography) ਹੈ। ਲਿਖਣ ਵੇਲੇ ਹਰ ਇਕ ਲਿਖਾਰੀ ਸ਼ਬਦ ਤੋਂ ਪਿਛੋਂ ਯੋਗ ਖਾਲੀ ਥਾਂ ਛੱਡਦਾ ਹੈ ਅਤੇ ਭਾਸ਼ਾ ਦੀ ਵਰਤੋਂ ਕਰਨ ਵਾਲਾ ਆਮ ਵਿਅਕਤੀ ਇਸ ਅਧਾਰ ’ਤੇ ਗਿਣਤੀ ਵੀ ਕਰ ਸਕਦਾ ਹੈ। ਪਰ ਸਥਾਪਤੀ ਦੇ ਇਨ੍ਹਾਂ ਦੋਹਾਂ ਅਧਾਰਾਂ ਦੀ ਆਲੋਚਨਾ ਵੀ ਹੋਈ ਹੈ ਕਿਉਂਕਿ ਇਸ ਭਾਂਤ ਦੇ ਪਰਿਭਾਸ਼ੀ ਲੱਛਣਾਂ ਨੂੰ ਸੰਯੋਗਾਤਮਕ ਭਾਸ਼ਾਵਾਂ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਤੀਜੇ ਅਧਾਰ ਨੂੰ ਬਲੂਮਫੀਲਡ ਨੇ ਸਥਾਪਤ ਕੀਤਾ ਹੈ। ਉਸ ਨੇ ਸ਼ਬਦ ਨੂੰ ਭਾਸ਼ਾ ਦੀ ਵਿਆਕਰਨ ਦੇ ਪੱਧਰ ’ਤੇ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਕਹਿ ਕੇ ਪਰਿਭਾਸ਼ਤ ਕੀਤਾ ਹੈ। ਸੁਤੰਤਰ ਇਕਾਈ ਤੋਂ ਭਾਵ ਹੈ ਕਿ ਸ਼ਬਦ ਵਾਕਾਤਮਕ ਤਰਤੀਬ ਵਿਚ ਸਥਾਨ ਬਦਲ ਸਕਣ ਦੀ ਸਮਰੱਥਾ ਰੱਖਦਾ ਹੋਵੇ, ਜਿਵੇਂ : ਉਹ ਸਕੂਲ ਗਿਆ ਹੈਸਕੂਲ ਗਿਆ ਹੈ ਉਹਗਿਆ ਹੈ ਉਹ ਸਕੂਲ। ਇਹ ਸ਼ਬਦ ਸੁਤੰਤਰ ਰੂਪ ਵਿਚ ਕਿਸੇ ਦੂਜੇ ਸ਼ਬਦ ਦੇ ਨਾਲ ਹੀ ਵਿਚਰ ਸਕਦੇ ਹਨ। ਪਰੰਪਰਾਵਾਦੀ ਵਿਆਕਰਨਕਾਰਾਂ ਨੇ ਸ਼ਬਦਾਂ ਦੀ ਪਰਿਭਾਸ਼ਾ ਅਰਥ ਦੇ ਅਧਾਰ ’ਤੇ ਕੀਤੀ ਹੈ ਅਤੇ ਕਈ ਵਾਰ ਤਾਂ ਇਸ ਤਰ੍ਹਾਂ ਵੀ ਕਿਹਾ ਹੈ ‘ਕੁਝ ਸ਼ਬਦ ਸਾਰਥਕ ਹੁੰਦੇ ਹਨ ਅਤੇ ਕੁਝ ਨਿਰਾਰਥਕ।’ ਹਰ ਸ਼ਬਦ ਦਾ ਇਕੋ ਅਰਥ ਨਹੀਂ ਹੁੰਦਾ ਜਿਵੇਂ : ‘ਵੱਟ’ ਸ਼ਬਦ ਨੂੰ ਲਿਆ ਜਾ ਸਕਦਾ ਹੈ : ਵੱਟ (ਵੱਟ ਲਗਣਾ), ਵੱਟ (ਵੱਟ ਪੈਣਾ), ਵੱਟ (ਰੱਸੀ ਦੀ ਵੱਟ), ਵੱਟ (ਜ਼ਮੀਨ ਤੇ ਵਾਹੀ ਗਈ), ਵੱਟ (ਪੈਸਾ ਵੱਟ ਲਿਆ) ਆਦਿ। ਇਸ ਸਮੱਸਿਆ ਦੇ ਸਮਾਧਾਨ ਲਈ ਸ਼ਬਦਾਂ ਨੂੰ ‘ਵਿਆਕਰਨਕ’ ਅਤੇ ‘ਕੋਸ਼ਗਤ ਸ਼ਬਦ’ ਵਿਚ ਵੰਡਿਆ ਜਾਂਦਾ ਹੈ। ਸ਼ਬਦਾਂ ਦੇ ਜਿਹੜੇ ਰੂਪਾਂ ਨੂੰ ਕੋਸ਼ ਵਿਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਵੇ ਉਸ ਸ਼ਬਦ ਰੂਪ ਨੂੰ ਕੋਸ਼ਗਤ ਸ਼ਬਦ ਜਾਂ ਮੁੱਖ ਸ਼ਬਦ ਆਖਿਆ ਜਾਂਦਾ ਹੈ। ਵਾਕ-ਬਣਤਰਾਂ ਵਿਚ ਵਿਚਰਨ ਵਾਲੇ ਸ਼ਬਦਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ। ਕੋਸ਼ ਵਿਚ ਅੰਦਰਾਜ ਦੇ ਤੌਰ ’ਤੇ ਵਰਤੀ ਜਾਣ ਵਾਲੀ ਸ਼ਾਬਦਕ ਇਕਾਈ ਦੇ ਮੂਲ ਰੂਪ ਨੂੰ ਹੀ ਦਰਜ ਕੀਤਾ ਜਾਂਦਾ ਹੈ, ਉਸ ਦੇ ਰੂਪਾਂਤਰੀ ਰੂਪ ਨਹੀਂ ਜਿਵੇਂ : ‘ਕਰ’ ਮੂਲ ਰੂਪ ਹੈ ਅਤੇ ‘ਕਰਦਾ, ਕਰਦੀ, ਕਰਦੀਆਂ’ ਆਦਿ ਇਸ ਦੇ ਰੂਪਾਂਤਰੀ ਰੂਪ ਹਨ ‘ਮੁੰਡਾ’ ਮੂਲ ਰੂਪ ਹੈ ਪਰ ‘ਮੁੰਡੇ, ਮੁੰਡਿਆਂ, ਮੁੰਡਿਓ’, ਆਦਿ ਰੂਪਾਂਤਰੀ ਰੂਪ ਹਨ। ਇਕ ਤੋਂ ਵਧੇਰੇ ਅਰਥਾਂ ਵਾਲੇ ਸ਼ਬਦਾਂ ਨੂੰ ਵਾਕ ਵਿਚ ਸੰਦਰਭਾਤਮਕ ਸ਼ਬਦ ਕਿਹਾ ਜਾਂਦਾ ਹੈ। ਇਨ੍ਹਾਂ ਦੇ ਅਰਥਾਂ ਦਾ ਪਤਾ ਵਾਕ ਵਿਚ ਵਰਤੋਂ ਦੇ ਅਧਾਰ ਤੋਂ ਹੀ ਲਗਦਾ ਹੈ ਜਿਵੇਂ : ‘ਰੱਸੀ ਸੜ ਗਈ ਪਰ ਵਟ ਨਾ ਗਿਆ, ਉਸ ਦੇ ਪੇਟ ਵਿਚ ਵਟ ਪੈ ਰਿਹਾ ਸੀ, ਉਹ ਪੱਗ ਵਟ ਭਰਾ ਹਨ, ਉਸ ਦੇ ਚਿਹਰੇ ਦਾ ਰੰਗ ਵਟ ਗਿਆ ਆਦਿ।

         ਰੂਪ\ਬਣਤਰ ਦੇ ਅਧਾਰ ’ਤੇ ਸ਼ਬਦਾਂ ਨੂੰ ਇਸ ਪਰਕਾਰ ਵੰਡਿਆ ਜਾਂਦਾ ਹੈ : (i) ਇਕ ਭਾਵਾਂਸੀ (ii) ਬਹੁ-ਭਾਵਾਂਸੀ (iii) ਮਿਸ਼ਰਤ ਅਤੇ ਸੰਯੁਕਤ (iv) ਵਿਕਾਰੀ ਤੇ ਅਵਿਕਾਰੀ (v) ਦੁਹਰੁਕਤੀ ਆਦਿ। ਰੂਪਵਾਦੀ ਵਿਆਕਰਨਕਾਰਾਂ\ਭਾਸ਼ਾ ਵਿਗਿਆਨੀਆਂ ਅਨੁਸਾਰ ਭਾਵਾਂਸ਼ ਛੋਟੀ ਤੋਂ ਛੋਟੀ ਵਿਆਕਰਨਕ ਇਕਾਈ ਹੈ ਜਦੋਂ ਕਿ ਪਰੰਪਰਾਵਾਦੀ ਵਿਆਕਰਨਕਾਰ ਸ਼ਬਦ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ। ਸ਼ਬਦਾਂ ਦੀ ਬਣਤਰ ਇਕ ਭਾਵਾਂਸੀ (Monomorphemic) ਜਾਂ ਬਹੁ-ਭਾਵਾਂਸੀ (Polymorphemic) ਹੋ ਸਕਦੀ ਹੈ। ਇਕ ਭਾਵਾਂਸੀ ਸ਼ਬਦ ਕੇਵਲ ਧਾਤੂ ਰੂਪ ਹੀ ਵਿਚਰਦਾ ਹੈ, ਜਿਵੇਂ : ਜਾਂਦਾ, ਜਾਂਦੇ, ਜਾਂਦੀਆਂ ਆਦਿ ਵਿਚ ਜਾ ਧਾਤੂ ਹੈ। ਦੂਜੇ ਪਾਸੇ ਦੂਜੀ ਭਾਂਤ ਦੇ ਸ਼ਬਦਾਂ ਵਿਚ ਦੋ ਜਾਂ ਦੋ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ ਜਿਵੇਂ : ਅਨਪੜ੍ਹਤਾ (ਅਨ+ਪੜ੍ਹ+ਤਾ) ਵਿਚ ਤਿੰਨ ਭਾਵਾਂਸ਼ ਹਨ। ਵਿਕਾਰੀ ਸ਼ਬਦਾਂ ਦੀ ਰੂਪਾਵਲੀ ਬਣਦੀ ਹੈ ਜਿਵੇਂ : ਲਿਖਦਾ, ਲਿਖਦੀ, ਲਿਖਦੀਆਂ ਆਦਿ। ਦੂਜੇ ਪਾਸੇ ਅਵਿਕਾਰੀ ਸ਼ਬਦਾਂ ਦੀ ਰੂਪਾਵਲੀ ਨਹੀਂ ਬਣਦੀ ਜਿਵੇਂ : ਨੇ, ਨੂੰ ਲਈ, ਕਿ, ਪਰ ਆਦਿ। ਸੰਯੁਕਤ ਅਤੇ ਮਿਸ਼ਰਤ ਸ਼ਬਦਾਂ ਦੀ ਬਣਤਰ ਵਿਚ ਮੁਕਤ (ਭਾਵਾਂਸ਼)+ਮੁਕਤ, ਬੰਧੇਜੀ+ਮੁਕਤ ਅਤੇ ਬੰਧੇਜੀ+ਬੰਧੇਜੀ ਭਾਵਾਂਸ਼ ਵਿਚਰਦੇ ਹਨ ਜਿਵੇਂ : ਰਾਮਰਾਜਰਾਮ+ਰਾਜ, ਘੋੜਸਵਾਰਘੋੜ+ਸਵਾਰ। ਦੁਹਰੁਕਤੀ ਵਿਚ ਦੋ ਰੂਪ ਇਕੱਠੇ ਕਾਰਜ ਕਰਦੇ ਹਨ ਜਿਵੇਂ : ਮਾਰ-ਮੂਰ, ਰੋਣ-ਧੋਣ, ਧੋ-ਧੋ, ਰੋ-ਰੋ। ਮਿਸ਼ਰਤ ਅਤੇ ਸੰਯੁਕਤ ਸ਼ਬਦ ਬਣਤਰਾਂ ਵਿਚ ਵਿਚਰਨ ਵਾਲੇ ਤੱਤਾਂ ਨੂੰ ਵਧੇਤਰ ਅਤੇ ਧਾਤੂ ਵਿਚ ਵੰਡਿਆ ਜਾਂਦਾ ਹੈ ਅਤੇ ਵਧੇਤਰ ਨੂੰ ਅੱਗੋ ਅਗੇਤਰ, ਮਧੇਤਰ ਅਤੇ ਪਿਛੇਤਰ ਵਿਚ ਵੰਡਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 64358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਸ਼ਬਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਬਦ [ਨਾਂਪੁ] (ਭਾਵਿ) ਭਾਸ਼ਾ ਦੀ ਸਭ ਤੋਂ ਛੋਟੀ ਅਰਥਪੂਰਨ ਸੁਤੰਤਰ ਇਕਾਈ , ਲਫਜ਼, ਪਦ; ਗੱਲ , ਕਥਨ; ਭਜਨ; ਗੁਰਬਾਣੀ ਦੀ ਇੱਕ ਇਕਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 64331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਬਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਬਦ : ‘ਸ਼ਬਦ’ ਦੇ ਕੋਸ਼ਗਤ ਅਰਥ ਹਨ ਧੁਨੀ, ਆਵਾਜ਼। ਸ਼ਬਦ ਦੇ ਦੋ ਪ੍ਰਕਾਰ ਹਨ–ਵਰਣਾਤਮਕ ਅਤੇ ਧੁਨੀ–ਆਤਮਕ। ਵਾਗ–ਸੰਤ੍ਰ (ਬੋਲਣ–ਇੰਦਰੀ) ਦੁਆਰਾ ਪੈਦਾ ਹੋਣ ਵਾਲੇ ਸ਼ਬਦ ਵਰਣਾਤਮਕ ਹਨ ਅਤੇ ਢੋਲ, ਤਾੜੀ, ਛੈਣੇ ਤੋਂ ਪੈਦਾ ਹੋਣ ਵਾਲੇ ਸ਼ਬਦ ਧੁਨੀ–ਆਤਮਕ ਕਹੇ ਜਾਂਦੇ ਹਨ। ਵਰਣਾਤਮਕ ਸ਼ਬਦਾਂ ਦੀਆਂ ਵੀ ਅੱਗੋਂ ਦੋ ਕਿਸਮਾਂ ਹਨ–ਵਿਅਕਤ (ਸਾਰਥਕ) ਅਤੇ ਅਵਿਅਕਤ (ਨਿਰਰਥਕ) ਵਿਆਕਰਣ ਅਨੁਸਾਰ ਉਹ ਵਰਣ ਸਮੂਹ, ਜੋ ਸਾਰਥਕ ਹੋਵੇ, ਸ਼ਬਦ ਅਖਵਾਂਦਾ ਹੈ।

          ਮਹਾਪੁਰਸ਼ ਸੰਤਾਂ, ਫ਼ਕੀਰਾਂ ਦੇ ਬੋਲਾਂ ਜਾਂ ਬਾਣੀ ਦੇ ਪਦਿਆਂ ਨੂੰ ਵੀ ਸਬਦ/ਸ਼ਬਦ ਕਿਹਾ ਜਾਂਦਾ ਹੈ। ਇਹ ਪਰਮਾਤਮਾ ਦਾ ਇਕ ਵਾਚਕ ਵੀ ਹੈ। ਸ਼ਬਦ ਬ੍ਰਹਮ ਦੀ ਧਾਰਣਾ ਬਹੁਤ ਪੁਰਾਣੀ ਹੈ। ਰਿਗਵੇਦ (1/64/65) ਵਿਚ ਇਸ ਦਾ ਵਰਣਨ ਪ੍ਰਸ਼ਯੰਤੀ ਰੂਪ ਵਿਚ ਹੋਇਆ ਹੈ। ਕਠ ਉਪਨਿਸ਼ਦ (1/2/16) ਅਨੁਸਾਰ ਸ਼ਬਦ–ਬ੍ਰਹਮ ਦੇ ਗਿਆਨ ਨਾਲ ਮਨੁੱਖ ਮਨ–ਇਛਿਤ ਕਾਮਨਾਵਾਂ ਪੂਰੀਆਂ ਕਰ ਲੈਂਦਾ ਹੈ। ਮਾਂਡੂਕੑਯ ਉਪਨਿਸ਼ਦ (ਮੰਤਰ 1) ਵਿਚ ਵੀ ਸ਼ਬਦ ਦੀ ਮਹਿਮਾ ਓਅੰਕਾਰ ਰੂਪ ਵਿਚ ਗਾਈ ਗਈ ਹੈ। ਬ੍ਰਹਮਸੂਤ੍ਰ ਸ਼ਾਂਕਰ ਭਾਸ਼ੑਯ (1/3/28) ਵਿਚ ਸ਼ਬਦ ਤੋਂ ਸੰਸਾਰ ਦੀ ਉਤਪੱਤੀ ਮੰਨੀ ਗਈ ਹੈ। ਪੁਰਾਣਾਂ ਵਿਚ ਵੀ ਸ਼ਬਦ–ਬ੍ਰਹਮ ਦਾ ਜ਼ਿਕਰ ਹੋਇਆ ਹੈ। ਨਾਥ ਪੰਥੀਆਂ ਨੇ ਵੀ ਸ਼ਬਦ ਦੇ ਮਹੱਤਵ ਦੀ ਸਥਾਪਨਾ ਕੀਤੀ ਹੈ। ਗੋਰਖਨਾਥ ਨੇ ਸ਼ਬਦ ਨੂੰ ਹੀ ਤਾਲਾ ਅਤੇ ਕੁੰਜੀ ਕਿਹਾ ਹੈ। ਸ਼ਬਦ ਰਾਹੀਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਤੋਂ ਹੀ ਸ਼ਬਦ ਦਾ ਪਰਿਚਯ ਮਿਲਦਾ ਹੈ ਅਤੇ ਸ਼ਬਦ ਦਾ ਅੰਤ ਵੀ ਸ਼ਬਦ ਵਿਚ ਹੁੰਦਾ ਹੈ :

                   ਸ਼ਬਦਹਿੰ ਤਾਲਾ ਸਬਦਹਿੰ ਕੁੰਚੀ, ਸਬਦਹਿੰ ਸ਼ਬਦ ਜਗਾਯਾ।

                   ਸ਼ਬਦਹਿੰ ਸ਼ਬਦ ਸੂੰ ਪਰਚਾ ਹੂਆ, ਸ਼ਬਦਹਿੰ ਸਬਦ ਸਮਾਯਾ।

          ਅਨਹਦਨਾਦ : ਦੀ ਸਥਾਪਨਾ ਵੀ ਸ਼ਬਦ ਬ੍ਰਹਮ ਦਾ ਹੀ ਪਰਵਰਤੀ ਰੂਪਾਂਤਰ ਹੈ। ਸ਼ਬਦ–ਬ੍ਰਹਮ ਦਾ ਨਾਮਾਂਤਰ ਪ੍ਰਣਣ–ਵਾਦ ਹੈ। ਤੰਤ੍ਰ ਗ੍ਰੰਥਾਂ ਵਿਚ ਪ੍ਰਣਵ–ਵਾਦ ਦੀ ਵਿਆਖਿਆ ਨਾਦ ਅਤੇ ਬਿੰਦੂ ਦੇ ਨਾਂ ਨਾਲ ਹੋਈ ਹੈ। ਕਬੀਰ ਆਦਿ ਸੰਤਾਂ ਨੇ ਵੀ ਨਾਦ–ਬਿੰਦੂ ਪਰੰਪਰਾ ਦਾ ਪ੍ਰਭਾਵ ਗ੍ਰਹਿਣ ਕੀਤਾ ਹੈ। ਗੁਰੂ ਨਾਨਕ ਦੇਵ ਦੀ ਬਾਣੀ ਵਿਚ ਬ੍ਰਹਮ ਦਾ ਸ਼ਬਦ ਰੂਪ ਵਿਚ ਅਨੇਕ ਥਾਂਵਾਂ ਤੇ ਚਿਤ੍ਰਣ ਹੋਇਆ ਹੈ। ਇਸ ਦੇ ਸਿਧਾਂਤਕ ਪੱਖ ਸੰਬੰਧੀ ਸਿੱਧਾਂ ਨਾਲ ਹੋਈ ਗੋਸ਼ਿਟ ਵੇਲੇ ਉਨ੍ਹਾਂ ਦੇ ਇਸ ਪ੍ਰਸ਼ਨ “ਉਸ ਸ਼ਬਦ ਦਾ ਨਿਵਾਸ ਕਿੱਥੇ ਹੈ ਜਿਸ ਰਾਹੀਂ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ?”

                   ਸੁ ਸਬਦ ਕਾ ਕਹਾ ਵਾਸੁ ਕਥੀਅਲੇ

                   ਜਿਤੁ ਤਰੀਐ ਭਵਜਲੁ ਸੰਸਾਰੋ।                                           ––(ਸਿਧ ਗੋਸਟਿ, 50)

ਦਾ ਉੱਤਰ ਦਿੰਦਿਆਂ ਕਿਹਾ ਸੀ ਕਿ ਉਹ ਸ਼ਬਦ ਸਾਰੀਆਂ ਥਾਂਵਾਂ ਤੇ ਨਿਰੰਤਰ ਵਸ ਰਿਹਾ ਹੈ, ਸਰਬਤ ਪਰਿਪੂਰਣ ਹੈ, ਉਹ ਅਲੱਖ ਅਤੇ ਸਰਬ–ਵਿਆਪਕ ਹੈ। ਪਵਨ ਦੇ ਵਾਸ ਵਾਂਗ ਸੁੰਨ ਰੂਪ ਬ੍ਰਹਮ ਵਿਚ ਉਸ ਦਾ ਨਿਵਾਸ ਹੈ। ਜੇ ਪਰਮਾਤਮਾ ਕ੍ਰਿਪਾ ਕਰੇ ਤਾਂ ਸ਼ਬਦ ਹਿਰਦੇ ਰੂਪੀ ਘਟ ਵਿਚ ਵਸ ਜਾਂਦਾ ਹੈ ਅਤੇ ਮਨੁੱਖ ਉਸ ਸ਼ਬਦ ਨੂੰ ਪਛਾਣ ਲੈਂਦਾ ਹੈ। ਸ਼ਬਦ ਤੋਂ ਬਿਨਾ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾ ਹੀ ਹੰਕਾਰ ਦੀ ਤ੍ਰਿਸ਼ਨਾ ਮੁਕਦੀ ਹੈ। ਜੋ ਵਿਅਕਤੀ ਸ਼ਬਦ ਵਿਚ ਮਗਨ ਹੋ ਜਾਂਦਾ ਹੈ, ਉਹ ਪਰਮਾਤਮਾ ਰੂਪੀ ਅੰਮ੍ਰਿਤ ਪ੍ਰਾਪਤ ਕਰਕੇ ਤ੍ਰਿਪਤ ਹੋ ਜਾਂਦਾ ਹੈ :

                   ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ।

                   ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ।

                   ਨਦਰਿ ਕਰੇ ਸਬਦੁ ਘਟ ਮੋਹਿ ਵਸੈ ਵਿਚਹੁ ਭਰਮੁ ਗਵਾਏ।

                   ਤਨ ਮਨੁ ਨਿਰਮਲੁ ਨਿਰਮਲ ਬਾਣੀ ਨਾਮੋ ਮਨਿ ਵਸਾਏ।

                   ਸਬਦਿ ਗੁਰੂ ਭਵਸਾਗਰੁ ਤਰੀਐ ਇਤਿਉਤ ਏਕੋ ਜਾਣੈ।

                   ਚਿਹਨੁ ਵਰਨੁ ਨਹੀਂ ਛਾਇਆ ਮਾਇਆ ਨਾਨਕ ਸਬਦ ਪਛਾਣੈ।

                                                –(ਸਿਧ ਗੋਸਟਿ, 59–61)

          ਗੁਰੂ ਨਾਨਕ ਦੇਵ ਨੇ ਨਾਮ ਦੇ ਪ੍ਰਯਾਯ ਰੂਪ ਵਿਚ ਵੀ ਸ਼ਬਦ ਦੀ ਵਰਤੋਂ ਕੀਤੀ ਹੈ (ਸਿਧ ਗੋਸਟਿ, 72)। ਇਹ ਸ਼ਬਦ ਕਿਵੇਂ ਘੜਿਆ ਜਾਏ, ਇਸ ਗੱਲ ਨੂੰ ਜਪੁਜੀ ਦੀ ਅੰਤਿਮ ਪਉੜੀ ਵਿਚ ਚਿਤਰਿਆ ਗਿਆ ਹੈ :

                   ਜਤੁ ਪਾਹਾਰਾ ਧੀਰਜੁ ਸੁਨਿਆਰੁ।

                   ਅਹਰਣਿ ਮਤਿ ਵੇਦ ਹਥੀਆਰੁ।

                   ਭਉ ਖਲਾ ਅਗਨਿ ਤਪਤਾਉ।

                   ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ।

                   ਘੜੀਐ ਸਬਦ ਸਚੀ ਟਕਸਾਲ।

                   ਜਿਨ ਕਉ ਨਦਰਿ ਕਰਮ ਤਿਨ ਕਾਰ।

                   ਨਾਨਕ ਨਦਰੀ ਨਦਰਿ ਨਿਹਾਲ।38।

          ਗੁਰਬਾਣੀ ਵਿਚ ਵੱਖ ਵੱਖ ਪਦਿਆਂ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ।

          [ਸਹਾ. ਗ੍ਰੰਥ––ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਵਿਅਕਤਿਤ੍ਵ, ਕ੍ਰਿਤਿਤ੍ਵ ਔਰ ਚਿੰਤਨ’ (ਹਿੰਦੀ)]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 57828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਸ਼ਬਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਬਦ : ਭਾਸ਼ਾਈ ਦ੍ਰਿਸ਼ਟੀ ਤੋਂ ‘ਸ਼ਬਦ’ ਦਾ ਅਰਥ ਹੈ ਧੁਨੀ ਜਾਂ ਆਵਾਜ਼। ਇਹ ਆਵਾਜ਼ ਵਸਤੂ ਸੂਚਕ ਵੀ ਹੋ ਸਕਦੀ ਹੈ ਅਤੇ ਨਾਦ ਸੂਚਕ ਵੀ ਪਰ ਇਹ ਸ਼ਬਦ ਦਾ ਦੁਨਿਆਵੀ ਰੂਪ ਹੈ। ਗੁਰਮਤਿ ਕਾਵਿ ਵਿਚ ਇਸ ਨੂੰ ਵਿਸ਼ੇਸ਼ ਪਰਿਭਾਸ਼ਿਕ ਰੂਪ ਵਿਚ ਵਰਤ ਕੇ ਇਸ ਦਾ ਸਬੰਧ ਅਧਿਆਤਮਕ ਜਗਤ ਨਾਲ ਜੋੜਿਆ ਗਿਆ ਹੈ ਜਿਹੜਾ ਕਿ ਸ਼ਬਦ ਦਾ ਅਧਿਆਤਮੀ ਰੂਪ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁ ਜੀ’ ਸਾਹਿਬ ਦੀ ਅੱਠਤੀਵੀਂ ਪਉੜੀ ਵਿਚ ਅਜਿਹੇ ਸ਼ਬਦ ਦੀ ਘਾੜਤ ਇਕ ਸੱਚੀ ਟਕਸਾਲ ਵਿਚ ਹੁੰਦੀ ਦਰਸਾਈ ਹੈ: ––

        “ਘੜੀਐ ਸਬਦੁ ਸਚੀ ਟਕਸਾਲ॥”

        ਦੁਨਿਆਵੀ ਸ਼ਬਦ ਵਸਤੂ ਜਾਂ ਨਾਦ ਸੂਚਕ ਹੈ ਪਰ ਅਧਿਆਤਮੀ ਸ਼ਬਦ ਪ੍ਰਭੂ ਦਾ ਸੂਚਕ ਹੈ। ਕਿਸੇ ਵਸਤੂ ਅਤੇ ਉਸ ਦੇ ਨਾਂ ਵਿਚ ਜਿਵੇਂ ਕੋਈ ਫ਼ਰਕ ਨਹੀਂ, ਇਸੇ ਤਰ੍ਹਾਂ ਰੱਬ ਅਤੇ ਉਸ ਦੇ ਸ਼ਬਦ ਵਿਚ ਕੋਈ ਭਿੰਨ ਭੇਦ ਨਹੀਂ।

        “ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜਗ ਬਉਰਾਨੰ॥”

        ਇਹੀ ਕਾਰਣ ਹੈ ਕਿ ਬਹੁਤ ਸਾਰੇ ਧਰਮਾਂ ਵਿਚ ਸ਼ਬਦ ਤੋਂ ਹੀ ਸੰਸਾਰ ਦੀ ਉਤਪਤੀ ਮੰਨੀ ਗਈ ਹੈ। ਭਾਰਤੀ ਦਰਸ਼ਨ ਵੀ ਇਸਨੂੰ ਪਰਮਾਤਮਾ ਨਾਲ ਅਭੇਦ ਮੰਨਦਾ ਹੈ। ‘ਯੋਗ ਸੂਤ੍ਰ’ ਵਿਚ ਭਸ੍ਰਯ ਵਾਚਕ:ਪ੍ਰਣਵ:ਕਹਿ ਕੇ ਸ਼ਬਦ-ਬ੍ਰਹਮ ਦੀ ਮਾਨਤਾ ਸਥਾਪਤ ਕੀਤੀ ਗਈ ਹੈ।

        ਗੁਰਬਾਣੀ ਵਿਚ ਸ਼ਬਦ ਨੂੰ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਅਤੇ ਸਮੁੰਚਾ ਸੰਚਾਲਕ ਮੰਨਿਆ ਗਿਆ ਹੈ। ਰਾਮਕਲੀ ਰਾਗ ਵਿਚ ‘ਦੱਖਣੀ ਓਅੰਕਾਰ’ ਅਤੇ ‘ਸਿਧ ਗੋਸਟਿ’ ਨਾਂ ਦੀਆਂ ਬਾਣੀਆਂ ਵਿਚ ਪ੍ਰਭੂ ਅਤੇ ਸ਼ਬਦ ਦੀ ਅਭੇਦਤਾ ਦਰਸਾਈ ਗਈ ਹੈ। ਇਸ ਨੂੰ ‘ਨਾਮ’ ਅਤੇ ‘ਹੁਕਮ’ ਵੀ ਕਿਹਾ ਗਿਆ ਹੈ। ਸਿਧਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਉਸ ਸ਼ਬਦ ਦਾ ਨਿਵਾਸ ਕਿਥੇ ਹੈ ਜਿਸ ਰਾਹੀਂ ਸੰਸਾਰ ਨੂੰ ਤਾਰਿਆ ਜਾ ਸਕਦਾ ਹੈ:–

        “ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲ ਸੰਸਾਰੋ॥”

        ਉੱਤਰ ਵਿਚ ਗੁਰੂ ਜੀ ਨੇ ਦੱਸਿਆ ਕਿ ਉਹ ਸ਼ਬਦ ਸਰਵ ਵਿਆਪਕ ਅਤੇ ਅਲੱਖ ਹੈ। ਉਹ ਅਫੁਰ ਬ੍ਰਹਮ ਵਿਚ ਨਿਵਾਸ ਕਰਦਾ ਹੈ ਜਦੋਂ ਪ੍ਰਭੂ ਦੀ ਕ੍ਰਿਪਾ ਨਾਲ ਉਹ ਮਨੁੱਖ ਦੇ ਹਿਰਦੇ ਵਿਚ ਵਸ ਜਾਂਦਾ ਹੈ ਤਾਂ ਉਸ ਦੇ ਸਾਰੇ ਦੁੱਖ ਕਲੇਸ਼ ਅਤੇ ਭਰਮ ਨਾਸ਼ ਹੋ ਜਾਂਦੇ ਹਨ, ਤਨ ਮਨ ਨਿਰਮਲ ਹੋ ਜਾਂਦਾ ਹੈ, ਮਾਇਆ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਅਤੇ ਸਮਦਰਸ਼ੀ ਬਿਰਤੀ ਦਾ ਵਿਕਾਸ ਹੁੰਦਾ ਹੈ।

        ਨਾਦ ਰੂਪ ਹੋਣ ਕਰਕੇ ਸ਼ਬਦ ਨੂੰ ‘ਅਨਾਹਤ ਨਾਦ’ ਵੀ ਕਿਹਾ ਜਾਂਦਾ ਹੈ। ਦੁਨਿਆਵੀ ਨਾਦ ਕਿਸੇ ਰਗੜ ਜਾਂ ਸੱਟ ਤੋਂ ਪੈਦਾ ਹੁੰਦਾ ਹੈ ਪਰ ਅਧਿਆਤਮੀ ਨਾਦ ਬਿਨਾ ਕਿਸੇ ਚੋਟ ਦੇ ਆਪਣੇ ਆਪ ਪੈਦਾ ਹੁੰਦਾ ਹੈ ਅਤੇ ਇਹ ਅਫੁਰ ਬ੍ਰਹਮ ਦੀ ਇੱਛਾ ਹੀ ਹੈ ਜੋ ਸਾਰੇ ਸੰਸਾਰ ਵਿਚ ਪਸਰ ਜਾਂਦੀ ਹੈ।

        ਇਸ ਨਾਦ ਨੂੰ ਕੋਈ ਅਭਿਆਸੀ ਧਰਮ ਸਾਧਕ ਹੀ ਸੁਣ ਸਕਦਾ ਹੈ। ਜਗਨਨਾਥ ਪੁਰੀ ਵਿਚ ਆਰਤੀ ਪ੍ਰਤੀ ਉਚਾਰੇ ਸ਼ਬਦ ਵਿਚ ਗੁਰੂ ਨਾਨਕ ਦੇਵ ਜੀ ਨੇ ਸਾਰੇ ਬ੍ਰਹਿਮੰਡ ਨੂੰ ਪ੍ਰਭੂ ਦੀ ਆਰਤੀ ਕਰਦਿਆਂ ਦਰਸਾਇਆ ਹੈ ਅਤੇ ਇਸ ਅਸਚਰਜ ਆਰਤੀ ਵਿਚ ਅਨਾਹਤ ਸ਼ਬਦ ਦੀਆਂ ਸ਼ਹਿਨਾਈਆਂ ਗੂੰਜਦੀਆਂ ਦਰਸਾਈਆਂ ਹਨ:–

        ਕੈਸੀ ਆਰਤੀ ਹੋਇ॥

        ਭਵਖੰਡਨਾ ਤੇਰੀ ਆਰਤੀ॥

        ਅਨਹਤਾ ਸਬਦੁ ਵਾਜੰਤ ਭੇਰੀ॥

        ਭਾਈ ਵੀਰ ਸਿੰਘ ਜੀ ਅਨੁਸਾਰ ‘ਅਨਾਹਤ ਸ਼ਬਦ’ ਪਰਮ ਟਿਕਾਉ ਦੀ ਅਵਸਥਾ ਦਾ ਅਨੁਭਵ ਹੈ। ਇਸ ਲਈ ਸਰੀਰਕ ਕੰਨਾਂ ਨਾਲ ਸੁਣਾਈ ਨਹੀਂ ਦੇ ਸਕਦਾ। ਡਾ. ਬਲਬੀਰ ਸਿੰਘ ਇਸ ਅਨੁਭਵ ਦਾ ਪ੍ਰਕਾਸ਼ ਉਸ ਸਮੇਂ ਹੁੰਦਾ ਦੱਸਦੇ ਹਨ ਜਦੋਂ ਕੁਦਰਤ ਵਿਚ ਵਸ ਰਹੇ ਸ਼ਬਦ ਦੀ ਗੂੰਜ ਮਨੁੱਖ ਦੇ ਹਿਰਦੇ ਦੀਆਂ ਮਹਿਰਾਬਾਂ ਵਿਚ ਗੂੰਜ ਉਠਦੀ ਹੈ।

        ਗੁਰੂ ਨਾਨਕ ਦੇਵ ਜੀ ਸ਼ਬਦ ਰਾਹੀਂ ਹੀ ਆਤਮਾ ਅਤੇ ਪਰਮਾਤਮਾ ਦਾ ਮੇਲ ਦੱਸਦੇ ਹਨ। ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਭਰਮਾਂ ਵਿਚ ਜਕੜਿਆ ਹੋਇਆ ਆਵਾਗਵਣ ਦੇ ਚੱਕਰ ਕੱਟਦਾ ਹੈ:–

        “ਬਿਨੁ ਸਬਦੇ ਜਗ ਭੂਲਾ ਫਿਰੈ

        ਮਰਿ ਜਨਮੇ ਵਾਰੋ ਵਾਰ॥”

        ਗੁਰਬਾਣੀ ਵਿਚ ਪਰਮਾਤਮਾ ਅਤੇ ਗੁਰੂ ਦੀ ਅਭੇਦਤਾ ਦਰਸਾਈ ਗਈ ਹੈ :–

        “ਗੁਰ ਮਹਿ ਆਪੁ ਰਖਿਆ ਕਰਤਾਰੇ॥”

        ਇਸ ਲਈ ਸ਼ਬਦ ਅਤੇ ਗੁਰੂ ਵਿਚ ਵੀ ਕੋਈ ਅੰਤਰ ਨਹੀਂ। ਫੁਰਮਾਨ ਹੈ :–

        ਗੁਰ ਮੂਰਤਿ ਗੁਰ ਸਬਦ ਹੈ ਸਾਧਸੰਗਤਿ ਸਮਸਰ ਪਰਵਾਨਾ॥

        ਸ਼ਬਦ ਦੀ ਅਰਾਧਨਾ ਉਹੀ ਕਰ ਸਕਦਾ ਹੈ ਜਿਹੜਾਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਵੰਡ ਛਕਦਾ ਹੈ। ਸ਼ਬਦ ਦੀ ਅਰਾਧਨਾ ਹੀ ਸਭ ਤੋਂ ਉਤਮ ਕਰਮ ਹੈ:–

        “ਸਰਬ ਧਰਮ ਮਹਿ ਸ੍ਰੇਸਟ ਧਰਮ॥

        ਹਰਿ ਕੋ ਨਾਮੁ ਜਪਿ ਨਿਰਮਲੁ ਕਰਮ॥

ਸ਼ਬਦ ਹਜ਼ਾਰੇ : ‘ਸ਼ਬਦ-ਹਜ਼ਾਰੇ’ ਇਕ ਸੰਗ੍ਰਹਿ-ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸੰਗ੍ਰਹਿ-ਬਾਣੀ ‘ਸ਼ਬਦ-ਹਜ਼ਾਰੇ’ ਦੇ ਸਿਰਲੇਖ ਹੇਠ ਦਰਜ ਨਹੀਂ। ਇਸ ਵਿਚ ਸੱਤ ਸ਼ਬਦ ਦਰਜ ਹਨ। ਇਹ ਸੱਤੇ ਸ਼ਬਦ ਵੱਖੋ ਵਖਰੇ ਰਾਗਾਂ ਵਿਚੋਂ ਤੇ ਵੱਖੋ-ਵਖਰੇ ਬਾਣੀ ਸਿਰਲੇਖਾਂ ਵਿਚ ਸੰਪਾਦਿਤ ਹੋਏ ਜ਼ਰੂਰ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸ਼ਬਦ-ਹਜ਼ਾਰੇ’ ਬਾਣੀ ਸਿਰਲੇਖ ਨਾ ਹੋਣ ਤੋਂ ਹੀ ਪਤਾ ਲਗਦਾ ਹੈ ਕਿ ਇਹ ਬਾਣੀ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਵੱਲੋਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਤਕ ਨਹੀਂ ਸੀ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤਕ ਵੀ ਸਿੱਖ ਧਰਮ ਜਾਂ ਸਿੱਖ ਘਰਾਂ ਵਿਚ ਸ਼ਬਦ-ਹਜ਼ਾਰੇ ਬਾਣੀ ਦੇ ਪਾਠ ਦਾ ਕੋਈ ਸੰਕੇਤ ਨਹੀਂ ਮਿਲਦਾ। ਜਾਪਦਾ ਹੈ ਕਿ ਬਾਅਦ ਵਿਚ ਹੀ ਗੁਰੂ ਪੰਥ ਨੇ ਪਾਠ ਲਈ ‘ਸ਼ਬਦ-ਹਜ਼ਾਰੇ’ ਬਾਣੀ ਦਾ ਸੰਗ੍ਰਹਿ ਕੀਤਾ ਹੈ। ਇਸੇ ਲਈ ਪਾਠ-ਪਰੰਪਰਾ ਦੀ ਸਿਮਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜਾਂ ਹੋਰਨਾਂ ਪ੍ਰਕਾਸ਼ਕਾਂ ਵੱਲੋਂ ਗੁਟਕਿਆਂ ਦਾ ਜੋ ਪ੍ਰਕਾਸ਼ਨ ਹੋਇਆ ਹੈ ਉਸ ਵਿਚ ਜਪੁ ਜੀ ਸਾਹਿਬ ਤੋਂ ਪਿੱਛੋਂ ‘ਸ਼ਬਦ-ਹਜ਼ਾਰੇ’ ਸਿਰਲੇਖ ਵਾਲੀ ਬਾਣੀ ਨੂੰ ਹੀ ਸੰਪਾਦਿਤ ਕੀਤਾ ਗਿਆ ਹੈ।

        ‘ਸ਼ਬਦ-ਹਜ਼ਾਰੇ’ ਦਾ ਸਪਸ਼ਟ ਅਰਥ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿਸ ਵਿਚ ਹਜ਼ਾਰ ਸ਼ਬਦ ਹੋਣ ਪਰ ਜਦੋਂ ਬਾਣੀ ਦੀ ਸ਼ਬਦ-ਤਰਤੀਬ ਦ੍ਰਿਸ਼ਟੀ ਗੋਚਰ ਕੀਤੀ ਜਾਵੇ ਤਾਂ ਸੁਤੰਤਰ ਰੂਪ ਵਿਚ ਇਸ ਸਿਰਲੇਖ ਹੇਠਾਂ ਕੇਵਲ ਸੱਤ ਸ਼ਬਦਾਂ ਨੂੰ ਹੀ ਸੰਪਾਦਿਤ ਕੀਤਾ ਗਿਆ ਹੈ। ਸੱਤਾਂ ਵਿਚੋਂ ਕੇਵਲ ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਕੀ ਦੇ ਛੇ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਰਚੇ ਹੋਏ ਹਨ। ਗੁਰੂ ਅਰਜਨ ਦੇਵ ਜੀ ਦਾ ਸ਼ਬਦ-ਮਾਝ ਰਾਗ ਵਿਚੋਂ ਚੁਣਿਆ ਗਿਆ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਚੋਣ ਕਰਨ ਸਮੇਂ ਧਨਾਸਰੀ ਵਿਚੋਂ ਇਕ, ਤਿਲੰਗ ਵਿਚੋਂ ਦੋ, ਸੂਹੀ ਵਿਚੋਂ ਇਕ ਅਤੇ ਬਿਲਾਵਲ ਵਿਚੋਂ ਦੋ ਸ਼ਬਦਾਂ ਦੀ ਚੋਣ ਕੀਤੀ ਗਈ ਹੈ।

        ਨਿਤਨੇਮ ਵਾਲੇ ਗੁਟਕਿਆਂ ਵਿਚ ਇਨ੍ਹਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੈ:––

        1.      ਮਾਝ ਮਹਲਾ ੫ ਚਉਪਦੇ ਘਰ ੧॥

                ਮੇਰਾ ਮਨ ਲੋਚੈ ਗੁਰ ਦਰਸਨ ਤਾਈ॥

        2.     ਧਨਾਸਰੀ ਮਹਲਾ ੧ ਘਰੁ ੧ ਚਉਪਦੇ॥

                ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ॥

        3.     ਤਿਲੰਗ ਮਹਲਾ ੧ ਘਰੁ ੩॥

                ਇਹੁ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ॥

        4.     ਤਿਲੰਗ ਮਹਲਾ ੧॥

                ਇਆਨੜੀਏ ਮਾਨੜਾ ਕਾਇ ਕਰੇਹਿ॥

        5.     ਸੂਹੀ ਮਹਲਾ ੧॥

                ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫ ਬੁਲਾਵਾ॥

        6.     ਰਾਗ ਬਿਲਾਵਲੁ ਮਹਲਾ ੧ ਚਉਪਦੇ ਘਰੁ ੧॥

                ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ॥

        7.     ਬਿਲਾਵਲ ਮਹਲਾ ੧॥

                ਮਨੁ ਮੰਦਰੁ ਤਨੁ ਵੇਸ ਕਲੰਦਰ ਘਟਿ ਹੀ ਤੀਰਥ ਨਾਵਾ॥

        ਭਾਈ ਕਾਨ੍ਹ ਸਿੰਘ ਨਾਭਾ ਨੇ ਸ਼ਬਦ-ਹਜ਼ਾਰੇ ਬਾਰੇ ਮਹਾਨ ਕੋਸ਼ ਵਿਚ ਲਿਖਿਆ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅਤੇ ਦਸਮ ਗ੍ਰੰਥ ਦੇ 10 ਸ਼ਬਦ, ਪ੍ਰੇਮੀ ਸਿੱਖਾਂ ਤੋਂ ਹਜ਼ਾਰੇ ਕਹੇ ਜਾਂਦੇ ਹਨ। ਇਹ ਨਾਉਂ ਗੁਰੂ ਸਾਹਿਬ ਨੇ ਨਹੀਂ ਰੱਖਿਆ ਅਤੇ ਨਾ ਸਤਿਗੁਰੂਆਂ ਵੇਲੇ ਇਹ ਸੰਗਿਆ ਪਈ, ਹਜ਼ਾਰ ਤੋਂ ਭਾਵ ਪ੍ਰਧਾਨ ਮੁੱਖ ਚੁਣੇ ਹੋਏ ਤੋਂ ਹਜ਼ਾਰੇ ਮੰਨਦੇ ਹਨ, ਮਾਝ ਦਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਤਾ ਗੁਰੂ ਦੇ ਵਿਯੋਗ ਵਿਚ ਹੈ ਅਤੇ ਵਿਯੋਗੀ ਦੀ ਦਸ਼ਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ ਦਸਮ ਗ੍ਰੰਥ ਵਿਚ ਦੇਖੀਦਾ ਹੈ।”

        ਗੁਰੂ ਗੋਬਿੰਦ ਸਿੰਘ ਜੀ ਦੇ ‘ਸ਼ਬਦ-ਹਜ਼ਾਰੇ’ ਪਾ:੧੦ ਸਿਰਲੇਖ ਹੇਠ ਆਏ ਸ਼ਬਦ ਸੁੰਦਰ ਗੁਟਕੇ ਵਿਚ ਦਰਜ ਕੀਤੇ ਗਏ ਹਨ। ਕਈ ਸਿੱਖ ਇਨ੍ਹਾਂ ਦਾ ਪਾਠ ਨਿਤਨੇਮ ਵੱਜੋਂ ਕਰਦੇ ਹਨ। ਇਨ੍ਹਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੈ:

        1.      ਰਾਮਕਲੀ ਪਾਤਿਸਾਹੀ ੧੦॥

                ਰੇ ਮਨ ਐਸੋ ਕਰ ਸੰਨਿਆਸਾ॥

        2.     ਰਾਮਕਲੀ ਪਾਤਸ਼ਾਹੀ ੧੦॥

                ਰੇ ਮਨ ਇਹ ਬਿਧਿ ਜੋਗੁ ਕਮਾਓ॥

        3.     ਰਾਮਕਲੀ ਪਾਤਿਸਾਹੀ ੧੦॥

                ਪ੍ਰਾਨੀ ਪਰਮ ਪੁਰਖ ਪਗ ਲਾਗੋ॥

        4.     ਰਾਗੁ ਸੋਰਠਿ ਪਾਤਿਸਾਹੀ ੧੦॥

                ਪ੍ਰਭੂ ਜੂ ਤੋ ਕਹਿ ਲਾਜ ਹਮਾਰੀ॥

        5.     ਰਾਗੁ ਕਲਿਆਣ ਪਾਤਸ਼ਾਹੀ ੧੦॥

                ਬਿਨੁ ਕਰਤਾਰ ਨ ਕਿਰਤਮ ਮਾਨੋ॥

        6.     ਖਿਆਲ ਪਾਤਿਸਾਹੀ ੧੦॥

                ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ॥

        7.     ਤਿਲੰਗ ਕਾਫ਼ੀ ਪਾਤਿਸਾਹੀ ੧੦॥

                ਕੇਵਲ ਕਾਲਈ ਕਰਤਾਰ॥

        8.     ਰਾਗੁ ਬਿਲਾਵਲ ਪਾਤਿਸਾਹੀ ੧੦॥

                ਸੋ ਕਿਮ ਮਾਨਸ ਰੂਪ ਕਹਾਏ॥

        9.     ਰਾਗੁ ਦੇਵਗੰਧਾਰੀ ਪਾਤਿਸ਼ਾਹੀ ੧੦॥

                ਇਕ ਬਿਨ ਦੂਸਰ ਸੋ ਨ ਚਿਨਾਰ॥

        10.    ਰਾਗੁ ਦੇਵ ਗੰਧਾਰੀ ਪਾਤਿਸਾਹੀ ੧੦॥

                ਬਿਨ ਹਰਿ ਨਾਮ ਨ ਬਾਚਨ ਪੈ ਹੈ॥


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 52616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-11-41-42, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਗੁਰੂ ਗ੍ਰੰਥ ਵਿਚਾਰ ਕੋਸ਼-ਪਦਮ; ਜਪੁ ਜੀ ਕਥਾ; ਸ਼ਬਦਾਰਥ ਗੁਰੂ ਗ੍ਰੰਥ ਸਾਹਿਬ

ਸ਼ਬਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਬਦ, ਪੁਲਿੰਗ : ੧. ਲਫਜ਼, ਪਦ, ਬਚਨ, ਆਵਾਜ਼, ਖੜਕ, ਖੜਕਾਰ, ਭਜਨ, ੨. ਗੀਤ, ੩. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਇੱਕ ਛੰਦ, ੪. ਉਹ ਧੁਨੀ ਜਿਸ ਦਾ ਕੁਝ ਮਤਲਬ ਹੋਵੇ

–ਸ਼ਬਦ ਸ਼ਕਤੀ, ਇਸਤਰੀ ਲਿੰਗ : ਸ਼ਬਦ ਦੀ ਉਹ ਸ਼ਕਤੀ ਜਿਸ ਦੁਆਰਾ ਕੋਈ ਵਿਸ਼ੇਸ਼ ਭਾਵ ਪਰਗਟ ਹੁੰਦਾ ਹੈ, ਸ਼ਬਦ ਬ੍ਰਿੱਤੀ ਖਾਸ––ਜਦੋਂ ਕਿਸੇ ਸ਼ਬਦ ਦਾ ਅਰਥ ਵਾਕ ਜਾਂ ਵਾਕ ਅੰਸ਼ ਵਿੱਚ ਸਾਧਾਰਣ ਜਾਂ ਵਾਕ ਦੇ ਤਾਤਪਰਜ ਅਨੁਸਾਰ ਸਾਧਾਰਣ ਤੋਂ ਵੱਖਰਾ ਕੁਝ ਚਮਤਕਾਰੀ ਹੁੰਦਾ ਹੈ ਇਹ ਇੱਕ ਨਾ ਇੱਕ ਸ਼ਕਤੀ ਦਾ ਲਖਾਇਕ ਹੁੰਦਾ ਹੈ, ਇਹ ਸ਼ਬਦ ਸ਼ਕਤੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ––੧. ਅਭਿਧਾ, ੨. ਲੱਛਣਾ (ਲਕਸ਼ਣਾ), ੩. ਵਿਅੰਜਨਾ (ਵਯੰਜਨਾ)

–ਸ਼ਬਦ ਸ਼ਾਸਤਰ, ਪੁਲਿੰਗ : ਉਹ ਸ਼ਾਸਤਰ ਜਿਸ ਵਿੱਚ ਭਾਸ਼ਾ ਦੇ ਵੱਖੋ ਵੱਖ ਅੰਗਾਂ ਤੇ ਰੂਪਾਂ ਦਾ ਵਰਣਨ ਕੀਤਾ ਹੋਵੇ, ਵਿਆਕਰਣ

–ਸ਼ਬਦ ਕੋਸ਼, ਪੁਲਿੰਗ : ਸ਼ਬਦ ਭੰਡਾਰ, ਡਿਕਸ਼ਨਰੀ

–ਸ਼ਬਦ ਚੌਂਕੀ, ਇਸਤਰੀ ਲਿੰਗ : ਕੀਰਤਨ

–ਸ਼ਬਦ ਚਿੱਤਰ, ਪੁਲਿੰਗ : ਲਫਜ਼ੀ ਮੂਰਤਾਂ, ਜਿਨ੍ਹਾਂ ਲਫਜ਼ਾਂ ਵਿੱਚ ਦ੍ਰਿਸ਼ ਵਰਣਨ ਹੋਣ, ਸ਼ਬਦਾਂ ਦਾ ਮੇਲ ਜਿਸ ਤੋਂ ਕੋਈ ਦ੍ਰਿਸ਼ ਪਰਗਟ ਹੋਵੇ, ਇੱਕ ਅਲੰਕਾਰ

–ਸ਼ਬਦ ਜੋੜ, ਪੁਲਿੰਗ : ਸ਼ਬਦਾਂ ਦਾ ਜੋੜ, ਕਿਸੇ ਸ਼ਬਦ ਵਿੱਚ ਅੱਖਰਾਂ ਤੇ ਲਗਾਂ ਦਾ ਸਹੀ ਮੇਲ, ਹਿੱਸਾ, ਜੋੜ

–ਸ਼ਬਦ ਬ੍ਰਿਤੀ, ਇਸਤਰੀ ਲਿੰਗ : ਸ਼ਬਦ ਦੀ ਸ਼ਕਤੀ

–ਸ਼ਬਦ ਭੰਡਾਰ, ਪੁਲਿੰਗ : ਸ਼ਬਦਾਂ ਦਾ ਖਜ਼ਾਨਾ, ਕੋਸ਼, ਸ਼ਬਦ ਸੰਗ੍ਰਹਿ, ਸ਼ਬਦਾਵਲੀ, ਡਿਕਸ਼ਨਰੀ, ਲੁਗ਼ਾਤ

–ਸ਼ਬਦ ਭੇਦ, ਪੁਲਿੰਗ : ਪਦ ਵੰਡ, ਸ਼ਬਦਾਂ ਦੀ ਕਿਸਮ ਜਾਂ ਪਰਕਾਰ

–ਸ਼ਬਦ ਮਿਲਾਵਾ, ਪੁਲਿੰਗ : ਅਨਹਦ ਸ਼ਬਦ ਨਾਲ ਸੁਰਤ ਦਾ ਮੇਲ, ਸ਼ਬਦ ਨਾਲ ਮਿਲਣਾ ਗੁਰੂ ਨਾਲ ਮਿਲਣਾ ਹੈ, ਸ਼ਬਦਾਂ ਦੇ ਮੇਲ ਦਾ ਕੰਮ, ਸ਼ਬਦਾਂ ਦੇ ਆਪਸ ਵਿਚ ਸਬੰਧ ਹੋਣ ਦਾ ਭਾਵ

–ਸ਼ਬਦ ਮੁਲ, ਪੁਲਿੰਗ : ਸ਼ਬਦਾਂ ਦੀ ਉਤਪਤੀ

–ਸ਼ਬਦ ਮੇਲ, ਪੁਲਿੰਗ : ੧. ਵਾਕ ਬੰਦੀ, ਵਾਕ ਰਚਨਾ, ੨. ਸਮਾਸ

–ਸ਼ਬਦਾਉਣਾ, ਕਿਰਿਆ ਸਕਰਮਕ : ਕਿਸੇ ਭਾਵ ਜਾਂ ਦ੍ਰਿਸ਼ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ, ਲਫਜ਼ਾਂ ਵਿੱਚ ਦੱਸਣਾ ਜਾਂ ਪੇਸ਼ ਕਰਨਾ

–ਸ਼ਬਦੀ, ਵਿਸ਼ੇਸ਼ਣ : ੧. ਸ਼ਬਦ ਗਾਉਣ ਵਾਲਾ; ੨. ਸ਼ਬਦਾਂ ਨਾਲ ਸਬੰਧਤ, ਲਫਜ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-47-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.