ਸ਼ਲੋਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਲੋਕ: ਇਹ ਅਧਿਆਤਮਿਕ ਅਨੁਭੂਤੀ ਨੂੰ ਸੰਖੇਪ ਵਿਚ ਅਭਿਵਿਅਕਤ ਕਰਨ ਵਾਲਾ ਸ਼ੈਲੀਗਤ ਕਾਵਿ ਰੂਪ ਹੈ। ਇਸ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿਚ ਆਮ ਹੋਈ ਹੈ। ਖ਼ਾਸ ਕਰਕੇ ਵਾਰਾਂ , ਕੁਝ ਵੱਡੀਆਂ ਬਾਣੀਆਂ ਅਤੇ ਰਾਗਾਂ ਤੋਂ ਮੁਕਤ ਅੰਤ ਉਤੇ ਸੰਕਲਿਤ ਰਚਨਾਵਾਂ ਵਿਚ, ਜਿਵੇਂ ਸਹਸਕ੍ਰਿਤੀ ਸ਼ਲੋਕ, ਸ਼ਲੋਕ ਮਹਲਾ ੯, ਸ਼ਲੋਕ ਵਾਰਾਂ ਤੇ ਵਧੀਕ, ਆਦਿ। ਇਹ ਸ਼ਲੋਕ ਕਿਸੇ ਨਿਸਚਿਤ ਛੰਦ-ਰੂਪ ਜਾਂ ਪ੍ਰਕਾਰ ਨੂੰ ਅਪਣਾ ਕੇ ਨਹੀਂ ਲਿਖੇ ਗਏ। ਕੁਝ ਵਿਦਵਾਨਾਂ ਨੇ ਕਿਤੇ ਕਿਤੇ ਇਨ੍ਹਾਂ ਵਿਚ ਉਲਾਲਾ, ਚੰਦ੍ਰਮਣਿ, ਸਰਸੀ, ਹਾਕਲ, ਸਾਰ, ਦੋਹਿਰਾ , ਆਦਿ ਛੰਦ-ਲੱਛਣਾਂ ਦੀ ਛਾਇਆ ਦਸੀ ਹੈ, ਪਰ ਇਹ ਵਾਧੂ ਦੀ ਖਿਚ-ਤਾਣ ਹੈ। ਅਸਲ ਵਿਚ, ਇਸ ਗ੍ਰੰਥ ਵਿਚਲੇ ਸ਼ਲੋਕਾਂ ਤੋਂ ਭਾਵ ਹੈ ਕਾਵਿ-ਤੁਕ ਜਾਂ ਕਾਵਿ-ਤੁਕਾਂ ਦਾ ਸਮੂਹ ਜਿਸ ਵਿਚ ਇਕ ਹੀ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਹੋਵੇ। ਸ਼ਲੋਕ ਵਿਚ ਕਿਸੇ ਇਕ ਵਿਸ਼ੇ ਨੂੰ ਲੈ ਕੇ ਬਾਣੀਕਾਰ ਆਪਣਾ ਮਤ ਪ੍ਰਗਟ ਕਰਨਾ ਸ਼ੁਰੂ ਕਰਦੇ ਹਨ ਅਤੇ ਜਦੋਂ ਤਕ ਉਸ ਮਤ ਜਾਂ ਵਿਚਾਰ ਦੀ ਪੂਰੀ ਤਰ੍ਹਾਂ ਅਭਿਵਿਅਕਤੀ ਨਹੀਂ ਹੋ ਜਾਂਦੀ, ਤਦ ਤਕ ਸ਼ਲੋਕ ਦੀ ਰਚਨਾ-ਪ੍ਰਕ੍ਰਿਆ ਚਲਦੀ ਰਹਿੰਦੀ ਹੈ, ਚਾਹੇ ਉਹ ਕਿਤਨੀਆਂ ਹੀ ਤੁਕਾਂ ਦਾ ਕਿਉਂ ਨ ਬਣ ਜਾਏ। ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ ਇਕ ਤੋਂ ਲੈ ਕੇ 26 ਤੁਕਾਂ ਤਕ ਦੇ ਸ਼ਲੋਕ ਮਿਲਦੇ ਹਨ।
ਸ਼ਲੋਕਾਂ ਵਿਚ ਰੂਪਾਕਾਰ ਦੀ ਥਾਂ ਭਾਵ-ਪੱਖ ਦੀ ਪ੍ਰਧਾਨਤਾ ਹੈ। ਤੁਕਾਂਤ ਵਲ ਵੀ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਗਿਆ। ਇਹ ਰਾਗ ਦੇ ਬੰਧਨ ਨੂੰ ਤਾਂ ਸਵੀਕਾਰ ਕਰਦੇ ਹਨ, ਪਰ ਛੰਦ-ਨਿਯਮ ਨੂੰ ਨਹੀਂ। ਇਨ੍ਹਾਂ ਦੀ ਪ੍ਰਧਾਨ ਸ਼ੈਲੀ ਪਾਖੰਡ-ਖੰਡਨੀ ਹੈ।
ਸ਼ਲੋਕਾਂ ਦਾ ਵਿਸ਼ੇ-ਖੇਤਰ ਬਹੁਤ ਵਿਸ਼ਾਲ ਹੈ। ਅਧਿਕਾਂਸ਼ ਸ਼ਲੋਕਾਂ ਵਿਚ ਯੁਗ-ਚਿਤ੍ਰਣ ਬੜੇ ਸਜੀਵ ਢੰਗ ਨਾਲ ਹੋਇਆ ਹੈ ਅਤੇ ਕਿਤੇ ਕਿਤੇ ਪਰੰਪਰਾਗਤ ਅਤੇ ਰੂੜ੍ਹ ਧਾਰਮਿਕ ਕਰਮ-ਕਾਂਡਾਂ ਅਤੇ ਅਨੁਸ਼ਠਾਨਾਂ ਦੀ ਤੀਬਰ ਆਲੋਚਨਾ ਵੀ ਹੋਈ ਹੈ ਅਤੇ ਉਨ੍ਹਾਂ ਦੇ ਸਮਾਨਾਂਤਰ ਯੁਗ ਦੀ ਲੋੜ ਅਨੁਸਾਰ ਕਲਿਆਣਕਾਰੀ ਸੁਝਾ ਦਿੱਤੇ ਗਏ ਹਨ। ਕੁਝ ਸ਼ਲੋਕਾਂ ਦਾ ਸੰਬੰਧ ਪਰਮਾਤਮਾ ਦੀ ਉਸਤਤ ਨਾਲ, ਕੁਝ ਦਾ ਭਗਤੀ-ਭਾਵਨਾ ਨਾਲ ਅਤੇ ਕੁਝ ਦਾ ਚਰਿਤ੍ਰ- ਨਿਰਮਾਣ ਨਾਲ ਵੀ ਹੈ। ਇਨ੍ਹਾਂ ਸ਼ਲੋਕਾਂ ਪਿਛੇ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਜਾਂ ਛਿਣਕ ਅਨੁਭਵਾਂ ਜਾਂ ਸਮਸਿਆਵਾਂ ਨੂੰ ਰੂਪਾਇਤ ਕੀਤਾ ਗਿਆ ਹੈ। ਇਨ੍ਹਾਂ ਵਿਚ ਭਾਵਨਾ ਦੀ ਥਾਂ ਬੌਧਿਕਤਾ ਅਤੇ ਨਿਸ਼ਠਾ ਦੀ ਥਾਂ ਤਰਕ-ਵਿਤਰਕ ਅਧਿਕ ਹੈ। ਵਿਸ਼ੇ-ਵਸਤੂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ— ਪ੍ਰਭੂ ਉਸਤਤ ਸੰਬੰਧੀ, ਸਮਾਜਿਕ ਕੁਰੀਤੀਆਂ ਦੇ ਖੰਡਨ ਸੰਬੰਧੀ, ਧਾਰਮਿਕ ਕਰਮ- ਕਾਂਡਾਂ ਪ੍ਰਤਿ ਉਪੇਖਿਆ ਸੰਬੰਧੀ, ਰਾਜਨੈਤਿਕ ਭ੍ਰਿਸ਼ਟਾਚਾਰ ਦੇ ਵਿਰੋਧ ਸੰਬੰਧੀ ਅਤੇ ਸਦਾਚਾਰ ਸੰਬੰਧੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸ਼ਲੋਕ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਲੋਕ : ‘ਸ਼ਲੋਕ’ (ਸੑਲੋਕ) ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਦੋ ਅਰਥ ਹਨ–ਵਿਸ਼ੇਸ਼ ਅਤੇ ਸਾਧਾਰਣ। ਵਿਸ਼ੇਸ਼ ਅਰਥ ਵਿਚ ਇਹ ਅਨੁਸ਼ਟੁਪ ਛੰਦ ਹੈ। ਇਸ ਮਾਤ੍ਰਿਕ ਛੰਦ ਵਿਚ ਚਾਰ ਪਾਦ ਅਤੇ ਹਰ ਇਕ ਪਾਦ ਵਿਚ ਅੱਠ ਮਾਤ੍ਰਾਵਾਂ ਹੁੰਦੀਆਂ ਹਨ। ਇਸ ਤਰ੍ਹਾਂ ਇਸ ਵਿਚ ਕੁਅ ਮਾਤ੍ਰਾਵਾਂ ਦੀ ਗਿਣਤੀ 32 ਹੈ। ਪਰ ਮਾਤ੍ਰਾਵਾਂ ਦੇ ਸੰਬੰਧ ਵਿਚ ਸੁਤੰਤਰਤਾ ਵੀ ਹੁੰਦੀ ਹੈ। ਇਸ ਛੰਦ ਦੀ ਸਭ ਤੋਂ ਪਹਿਲੀ ਵਰਤੋਂ ਬਾਲਮੀਕਿ ਨੇ ਕੀਤੀ ਸੀ। ਚੂੰਕਿ ਸੰਸਕ੍ਰਿਤ ਸਾਹਿੱਤ ਵਿਚ ਇਸ ਛੰਦ ਦੀ ਬਹੁਤ ਅਧਿਕ ਵਰਤੋਂ ਹੋਈ ਹੈ, ਇਸ ਲਈ ਸੰਸਕ੍ਰਿਤ ਦੇ ਲਗਭਗ ਸਾਰੇ ਛੰਦਾਂ ਨੂੰ ਸ਼ਲੋਕ ਹੀ ਕਹਿ ਦਿੱਤਾ ਜਾਂਦਾ ਹੈ।
‘ਸ਼ਲੋਕ’ ਦਾ ਸਾਧਾਰਣ ਅਰਥ ਹੈ ਪ੍ਰਸ਼ੰਸਾ, ਉਸਤਤ, ਉਸਤਤ ਜਾਂ ਯਸ਼ ਭਰੇ ਛੰਦ ਨੂੰ ਵੀ ਸ਼ਲੋਕ ਕਹਿ ਦਿੱਤਾ ਜਾਂਦਾ ਹੈ। ਗੁਰਬਾਣੀ (ਸੁਖਮਨੀ) ਵਿਚ ਇਸ ਦੀ ਵਰਤੋਂ ਪਦ–ਕਾਵਿ ਲਈ ਵੀ ਕੀਤੀ ਗਈ ਹੈ–‘ਉਤਮ ਸਲੋਕ ਸਾਧ ਕੇ ਬਚਨ’। ਸੰਸਕ੍ਰਿਤ ਸਾਹਿੱਤ ਤੋਂ ਬਾਅਦ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਤੋਂ ਹੁੰਦਾ ਹੋਇਆ ਸ਼ਲੋਕ ਮੱਧ ਯੁਗ ਤਕ ਪਹੁੰਚਿਆ। ਨਾਥ ਯੋਗੀਆਂ ਅਤੇ ਕਬੀਰ ਆਦਿ ਸੰਤਾਂ ਨੇ ਸ਼ਲੋਕਾਂ ਵਿਚ ਬਹੁਤ ਰਚਨਾ ਕੀਤੀ। ਉੱਥੇ ਇਨ੍ਹਾਂ ਨੂੰ ਆਮ ਤੌਰ ਤੇ ‘ਸਾਖੀ’ ਕਿਹਾ ਜਾਂਦਾ ਹੈ? ਭਾਵ ਜਿਸ ਵਿਚ ਅਨੁਭਵ ਕੀਤਾ ਸਚ ਪ੍ਰਮਾਣ ਵਜੋਂ ਪੇਸ਼ ਕੀਤਾ ਗਿਆ ਹੋਵੇ। ਪੰਜਾਬੀ ਵਿਚ ਸ਼ਲੋਕ ਦੀ ਸਭ ਤੋਂ ਪਹਿਲੀ ਵਰਤੋਂ ਬਾਬਾ ਫ਼ਰੀਦ ਦੀ ਬਾਣੀ ਵਿਚ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਲੋਕ ਸੰਕਲਿਤ ਹਨ। ਅਧਿਕਤਰ ਇਹ ਸ਼ਲੋਕ ਵਾਰਾਂ ਦੀਆਂ ਪਉੜੀਆਂ ਤੋਂ ਪਹਿਲਾਂ ਦਰਜ ਹਨ, ਗੁਰੂ ਸਾਹਿਬਾਨ ਦੇ ਕੁਝ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਅੰਤ ਉੱਤੇ ਵੀ ਆਏ ਹਨ, ਫ਼ਰੀਦ ਅਤੇ ਕਬੀਰ ਦੇ ਸ਼ਲੋਕ ਸੁਤੰਤਰ ਸਿਰਲੇਖਾਂ ਅਧੀਨ ਹਨ। ਕੁਝ ਹੋਰ ਸ਼ਲੋਕ ਮੁੱਖ ਬਾਣੀਆਂ ਦੇ ਨਾਲ ਦਰਜ ਹਨ, ਜਿਵੇਂ ਜਪੁਜੀ, ਸੁਖਮਨੀ ਆਦਿ।
ਸ਼ਲੋਕਾਂ ਲਈ ਕੋਈ ਛੰਦ–ਰੂਪ ਨਿਸ਼ਚਿਤ ਨਹੀਂ ਹੈ ਅਤੇ ਨਾ ਹੀ ਪੰਕਤੀਆਂ ਦੀ ਗਿਣਤੀ ਵੀ ਨਿਸ਼ਚਿਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਕ ਪੰਕਤੀ ਤੋਂ ਲੈ ਕੇ 26 ਪੰਕਤੀਆਂ ਤਕ ਸ਼ਲੋਕ ਮਿਲ ਜਾਂਦੇ ਹਨ। ਇਸ ਲਈ ਇਸ ਨੂੰ ਛੰਦ–ਰੂਪ ਕਹਿਣਾ ਅਨੁਚਿਤ ਪ੍ਰਤੀਤ ਹੁੰਦਾ ਹੈ। ਇਹ ਅਸਲੋਂ ਇਕ ਪ੍ਰਕਾਰ ਦਾ ਤੁਕ ਸਮੂਹ ਹੈ, ਜਿਸ ਵਿਚ ਇਕੋ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਰਹਿੰਦੀ ਹੈ। ਕਿਸੇ ਵਿਸ਼ੇ ਨੂੰ ਲੈ ਕੇ ਕੋਈ ਗੁਰੂ ਸਾਹਿਬ ਆਪਣੀ ਗੱਲ ਛੋਂਹਦੇ ਹਨ ਅਤੇ ਜਦ ਤਕ ਉਸ ਵਿਸ਼ੈ ਦੀ ਪੂਰੀ ਤਰ੍ਹਾਂ ਅਭਿਵਿਅਕਤੀ ਨਹੀਂ ਹੋ ਜਾਂਦੀ, ਤਦ ਤਕ ਉਸ ਸ਼ਲੋਕ ਦੀ ਰਚਨਾ–ਪ੍ਰਕ੍ਰਿਆ ਚਲਦੀ ਰਹਿੰਦੀ ਹੈ, ਭਾਵੇਂ ਕਿਤਨੀਆਂ ਹੀ ਪੰਕਤੀਆਂ ਵਿਚ ਉਸ ਦਾ ਵਿਸਤਾਰ ਕਿਉਂ ਨਾ ਹੋ ਜਾਏ। ਇਸ ਲਈ ਇਹ ਇਕ ਪ੍ਰਕਾਰ ਦਾ ਸ਼ੈਲੀਗਤ ਕਾਵਿ–ਰੂਪ ਬਣ ਕੇ ਰਹਿ ਗਿਆ ਹੈ ਜਿਸ ਵਿਚ ਕਲਾ ਪੱਖ ਨਾਲੋਂ ਵਿਚਾਰ ਪੱਖ ਦੀ ਪ੍ਰਮੁੱਖਤਾ ਹੈ। ਇਨ੍ਹਾਂ ਸ਼ਲੋਕਾਂ ਲਈ ਕਿਸੇ ਖ਼ਾਸ ਛੰਦ ਦੇ ਨਿਯਮ ਨੂੰ ਨਹੀਂ ਅਪਣਾਇਆ ਗਿਆ, ਪਰ ਕਿਤੇ ਕਿਤੇ ਦੋਹਰਾ, ਹਾਕਲ, ਸਾਰ, ਚੰਦ੍ਰਮਣਿ, ਉਲਾਲਾ, ਸਰਸੀ, ਸੁਖਦਾ, ਚੌਪਈ ਆਦਿ ਛੰਦਾਂ ਦੇ ਲੱਛਣਾਂ ਨੂੰ ਵੇਖਿਆ ਜਾ ਸਕਦਾ ਹੈ। ਪਰ ਇਨ੍ਹਾਂ ਸ਼ਲੋਕਾਂ ਦੀਆਂ ਮਾਤ੍ਰਾਵਾਂ ਦੀ ਗਿਣਤੀ ਅਤੇ ਤੋਲ–ਤੁਕਾਂਤ ਵਲ ਇਤਨਾ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ ਵਿਚ ਪੰਜਾਬੀ ਭਾਸ਼ਾ ਦੀ ਰੰਗਣ ਬਾਕੀ ਬਾਣੀ ਨਾਲੋਂ ਵਧੇਰੇ ਹੈ।
ਚੂੰਕਿ ਇਨ੍ਹਾਂ ਸ਼ਲੋਕਾਂ ਵਿਚ ਕੋਈ ਨਾ ਕੋਈ ਵਿਸ਼ਾ ਲਿਆ ਗਿਆ ਹੁੰਦਾ ਹੈ, ਇਸ ਲਈ ਗਿਣਤੀ ਵਾਂਗ ਇਨ੍ਹਾਂ ਦਾ ਵਿਸ਼ੇ–ਖੇਤਰ ਵੀ ਬਹੁਤ ਵਿਸ਼ਾਲ ਹੋ ਗਿਆ ਹੈ। ਇਨ੍ਹਾਂ ਸ਼ਲੋਕਾਂ ਵਿਚ ਪਰੰਪਰਾਗਤ ਰੂੜ੍ਹ ਧਾਰਮਿਕ ਕਰਮ–ਕਾਂਡਾਂ, ਬਾਹਰਲੇ ਆਡੰਬਰਾਂ ਦੀ ਆਲੋਚਨਾ ਕਰਕੇ ਉਨ੍ਹਾਂ ਦੀ ਥਾਂ ਕਲਿਆਣਕਾਰੀ ਜੀਵਨ ਵਿਧੀ ਦੇ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਵਿਚ ਬਾਕੀ ਬਾਣੀ ਨਾਲੋਂ ਬੌਧਿਕਤਾ ਅਤੇ ਤਾਰਕਿਕਤਾ, ਅਧਿਕ ਉਘੜ ਕੇ ਆਈ ਹੈ। ਵਿਸ਼ੇ–ਵਸਤੂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ–ਪ੍ਰਭੂ ਦੀ ਉਸਤਤ ਸੰਬੰਧੀ ਸ਼ਲੋਕ, ਸਮਾਜਕ ਕੁਰੀਤੀਆਂ ਦੇ ਖੰਡਨ ਸੰਬੰਧੀ ਸ਼ਲੋਕ, ਧਾਰਮਿਕ ਕਰਮ ਕਾਂਡਾਂ ਦੀ ਨਿਰਸਾਰਤਾ ਸੂਚਕ ਸ਼ਲੋਕ, ਰਾਜਨੈਤਿਕ ਭ੍ਰਸ਼ਟਾਚਾਰ ਸੰਬੰਧੀ ਸ਼ਲੋਕ ਅਤੇ ਸਦਾਚਰਣ ਸੰਬੰਧੀ ਸ਼ਲੋਕ। ਇਨ੍ਹਾਂ ਸ਼ਲੋਕਾਂ ਵਿਚਲਾਂ ਯੁੱਗ–ਚਿਤ੍ਰਣ ਬੜਾ ਸਜੀਵ ਅਤੇ ਵਾਸਤਵਿਕ ਹੈ। ਇਹ ਸ਼ਲੋਕ ਚੂੰਕਿ ਵੱਖ ਵੱਖ ਅਵਸਰਾਂ ਉੱਤੇ ਅੱਡ ਅੱਡ ਪਰਿਸਥਿਤੀਆਂ ਵਿਚ ਲਿਖੇ ਗਏ ਸਨ, ਇਸ ਲਈ ਇਨ੍ਹਾਂ ਵਿਚ ਵਿਸ਼ੇ ਅਤੇ ਭਾਵ ਸੰਬੰਧੀ ਕੋਈ ਤਾਲ–ਮੇਲ ਨਹੀਂ ਹੈ।
ਸੋਢੀ ਮਿਹਰਬਾਨ ਦੀ ਸੰਪ੍ਰਦਾਇ ਦੁਆਰਾ ਰਚੇ ਗਏ ਸਾਹਿੱਤ ਵਿਚ ਵੀ ਸ਼ਲੋਕ ਕਾਫ਼ੀ ਗਿਣਤੀ ਵਿਚ ਮਿਲ ਜਾਂਦੇ ਹਨ। ਪ੍ਰਾਣਸੰਗਲੀ ਵਿਚ ਵੀ ਬਹੁਤ ਸਾਰੇ ਸ਼ਲੋਕ ਦਰਜ ਹਨ, ਪਰ ਜੋ ਭਾਵ–ਸੁੰਦਰਤਾ ਅਤੇ ਵਿਚਾਰ–ਸਪਸ਼ਟਤਾ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਲੋਕਾਂ ਵਿਚ ਮਿਲਦੀ ਹੈ, ਉਸ ਦੇ ਹੋਰੋਂ ਘਟ ਹੀ ਦਰਸ਼ਨ ਹੁੰਦੇ ਹਨ।
[ਸਹਾ. ਗ੍ਰੰਥ––ਡਾ. ਬਲਬੀਰ ਸਿੰਘ ਦਿਲ: ‘ਅਰਮ ਕਵੀ ਗੁਰੂ ਅਮਰ ਦਾਸ’; ਡਾ. ਰਤਨ ਸਿੰਘ ਜੱਗੀ: ‘ਗੁਰੂ ਨਾਨਕ ਦੀ ਵਿਚਾਰਧਾਰਾ’: ਹਿੰ. ਸਾ. ਕੋ. (1)]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First