ਸ਼ਹਾਦਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਾਦਤ [ਨਾਂਇ] ਸ਼ਹੀਦੀ , ਕੁਰਬਾਨੀ; ਗਵਾਹੀ, ਪ੍ਰਮਾਣ, ਸਾਖੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਾਦਤ. ਅ਼ ਸੰਗ੍ਯਾ—ਸੱਚੀ ਗਵਾਹੀ. ਸਾ੖਴। ੨ ਸ਼ਹੀਦੀ. ਧਰਮਯੁੱਧ ਵਿੱਚ ਮੌਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਾਦਤ: ਕਿਸੇ ਧਰਮ ਜਾਂ ਸਮਾਜ ਵਿਚ ਜਦੋਂ ਅਤਿਆਚਾਰ ਸਿਖਰ ਉਤੇ ਪਹੁੰਚ ਜਾਂਦਾ ਹੈ, ਉਦੋਂ ਸਤਿਆਚਾਰ ਦੀ ਸਥਾਪਨਾ ਲਈ ਕੋਈ ਯੁਗ-ਪੁਰਸ਼ ਆਪਣੀ ਸ਼ਰੀਰਿਕ ਅਹੂਤੀ ਦਿੰਦਾ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ‘ਸ਼ਹਾਦਤ’ ਦਾ ਨਾਂ ਦਿੱਤਾ ਜਾਂਦਾ ਹੈ। ਸਾਮੀ ਸਭਿਆਚਾਰ ਵਿਚ ਸ਼ਹਾਦਤ ਦੀ ਪਰੰਪਰਾ ਮੌਜੂਦ ਹੈ। ਉਥੇ ਪੁਰਾਤਨ ਅਧਿਆਤਮਿਕ ਸਤਿ ਜਾਂ ਪੁਰਾਤਨ ਸਮਾਜਿਕ ਸੰਤੋਸ਼ ਜਾਂ ਪੁਰਾਤਨ ਬੌਧਿਕ ਗਿਆਨ ਨੂੰ ਵੰਗਾਰੇ ਜਾਣ ਵੇਲੇ ਸ਼ਹਾਦਤ ਦਾ ਜਲੌ ਵੇਖਿਆ ਜਾਂਦਾ ਰਿਹਾ ਹੈ। ਭਾਰਤ ਵਿਚ ਸ਼ਹਾਦਤ ਦੀ ਬਿਰਤੀ ਦਾ ਅਭਾਵ ਸੀ। ਇਸ ਬਿਰਤੀ ਦਾ ਉਦਘਾਟਨ ਪੰਜਾਬ ਵਿਚ ਪੰਚਮ ਅਤੇ ਨਵਮ ਗੁਰੂ ਸਾਹਿਬਾਨ ਨੇ ਕਰਕੇ ਸਮਾਜ ਅਤੇ ਧਰਮ ਦੇ ਸਮੁੱਚੇ ਸਰੂਪ ਨੂੰ ਬਦਲਣ ਦਾ ਯਤਨ ਕੀਤਾ। ਸਿੱਖ ਸਮਾਜ ਵਿਚ ਸ਼ਹਾਦਤ ਇਕ ਲਹਿਰ ਜਿਹੀ ਬਣ ਗਈ ਹੈ। ਖਿੜੇ ਮੱਥੇ ਆਤਮ- ਉਤਸਰਗ ਕਰਨਾ ਸਿੱਖ-ਸਾਧਕਾਂ ਲਈ ਇਕ ਸਹਿਜ ਸਾਧਾਰਣ ਮਾਨਸਿਕਤਾ ਹੈ। ਵਿਸਤਾਰ ਲਈ ਵੇਖੋ ‘ਸ਼ਹੀਦ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Evidence_ਸ਼ਹਾਦਤ: ਸ਼ਹਾਦਤ ਦਾ ਮਤਲਬ ਹੈ ਧਿਰਾਂ ਵਿਚਕਾਰ ਤਨਾਜ਼ੇ ਅਧੀਨ ਮਾਮਲੇ ਬਾਰੇ ਗਵਾਹਾਂ ਦੁਆਰਾ ਪੇਸ਼ ਕੀਤੇ ਗਏ ਜ਼ਬਾਨੀ ਜਾਂ ਦਸਤਾਵੇਜ਼ੀ ਸਬੂਤ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 3 ਅਨੁਸਾਰ ‘‘ਸ਼ਹਾਦਤ’’ ਦਾ ਮਤਲਬ ਹੈ ਅਤੇ ਉਸ ਵਿਚ ਸ਼ਾਮਲ ਹਨ:-

(1)    ਉਹ ਸਾਰੇ ਬਿਆਨ ਜਿਨ੍ਹਾਂ ਨੂੰ ਜਾਂਚ ਅਧੀਨ ਤੱਥਾਂ ਦੇ ਮਾਮਲਿਆਂ ਦੇ ਸਬੰਧ ਵਿਚ ਅਦਾਲਤ ਆਪਣੇ ਅੱਗੇ ਗਵਾਹਾਂ ਦੁਆਰਾ ਦਿੱਤੇ ਜਾਣ ਦੀ ਇਜਾਜ਼ਤ ਦਿੰਦੀ ਜਾਂ ਲੋੜਦੀ ਹੈ; ਅਜਿਹੇ ਬਿਆਨ ਜ਼ਬਾਨੀ ਸ਼ਹਾਦਤ ਕਹਾਉਂਦੇ ਹਨ।

(2)   ਅਦਾਲਤ ਦੇ ਨਿਰੀਖਣ ਲਈ ਪੇਸ਼ ਕੀਤੇ ਗਏ ਦਸਤਾਵੇਜ਼; ਅਜਿਹੇ ਦਸਤਾਵੇਜ਼ ਦਸਤਾਵੇਜ਼ੀ ਸ਼ਹਾਦਤ ਕਹਾਉਂਦੇ ਹਨ।

       ਐਕਟ ਵਿਚ ਸ਼ਹਾਦਤ ਦੀ ਕੀਤੀ ਪਰਿਭਾਸ਼ਾ ਇਹ ਨਹੀਂ ਦੱਸਦੀ ਕਿ ਸ਼ਹਾਦਤ ਕੀ ਹੁੰਦੀ ਹੈ ਸਗੋਂ ਕੇਵਲ ਇਹ ਦੱਸਦੀ ਹੈ ਕਿ ਸ਼ਹਾਦਤ ਹੇਠ-ਲਿਖੇ ਦੋ ਵਰਗਾਂ ਵਿਚ ਵੰਡੀ ਜਾ ਸਕਦੀ ਹੈ, ਅਰਥਾਤ ਜ਼ਬਾਨੀ ਸ਼ਹਾਦਤ ਅਤੇ ਲਿਖਤੀ ਸ਼ਹਾਦਤ।

       ਆਮ ਤੌਰ ਤੇ ਸ਼ਹਾਦਤ ਦੇ ਉਪਰੋਕਤ ਦੋ ਵਰਗਾਂ ਦੇ ਨਾਲ ਤੀਜੇ ਵਰਗ ਅਰਥਾਤ ਪਦਾਰਥ ਜਾਂ ਵਾਸਤਵਿਕ ਵਰਗ ਦਾ ਜ਼ਿਕਰ ਵੀ ਕੀਤਾ ਮਿਲਦਾ ਹੈ। ਐਪਰ, ਸ਼ਹਾਦਤ ਐਕਟ ਵਿਚ ਸ਼ਹਾਦਤ ਦੀ ਪਰਿਭਾਸ਼ਾ ਵਿਚ ਤੀਜੇ ਵਰਗ ਅਰਥਾਤ ਪਦਾਰਥਕ ਸ਼ਹਾਦਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਹਕੀਕਤ ਇਹ ਹੈ ਕਿ ਤੀਜੇ ਵਰਗ ਨੂੰ ਸ਼ਾਮਲ ਕੀਤੇ ਜਾਣ ਤੋਂ ਬਿਨਾਂ ਸ਼ਹਾਦਤ ਦੀ ਪਰਿਭਾਸਾ ਅਧੂਰੀ ਹੈ। ਮਿਸਾਲ ਲਈ ਜਦ ਕੋਈ ਪੁਲਿਸ ਅਫ਼ਸਰ ਤਫ਼ਤੀਸ਼ ਉਪਰੰਤ ਮੈਜਸਿਟਰੇਟ ਨੂੰ ਉਹ ਹੱਥਿਆਰ ਵੀ ਭੇਜਦਾ ਹੈ ਜਿਸ ਨਾਲ ਉਹ ਅਪਰਾਧ ਨੇਪਰੇ ਚਾੜ੍ਹਿਆ ਗਿਆ। ਇਹ ਹੱਥਿਆਰ ਪਦਾਰਥਕ ਵਰਗ ਦੀ ਸ਼ਹਾਦਤ ਹੈ। ਉਸ ਨੂੰ ਸ਼ਹਾਦਤ ਦੇ ਵਰਗ ਵਿਚ ਲਿਆਉਣ ਲਈ ਸਾਨੂੰ ‘ਸਾਬਤ’ ਸ਼ਬਦ ਦੀ ਪਰਿਭਾਸ਼ਾ ਦੀ ਸਹਾਇਤਾ ਲੈਣੀ ਪਵੇਗੀ। ਉਸ ਵਿਚ ਇਸ ਭਾਵ ਦੇ ਸ਼ਬਦ ਹਨ ਕਿ ‘ਅਦਾਲਤ ਆਪਣੇ ਅੱਗੇ ਮਾਮਲਿਆਂ ਉਤੇ ਵਿਚਾਰ ਕਰਨ ਪਿਛੋਂ ’ ਕਿਸੇ ਤੱਥ ਦੀ ਹੋਂਦ ਜਾਂ ਅਣਹੋਂਦ ਦੇ ਸੰਭਾਵੀ ਹੋਣ ਬਾਬਤ ਕਿਸੇ ਸਿੱਟੇ ਤੇ ਪਹੁੰਚੇਗੀ। ਅਦਾਲਤ ਦੇ ‘ਅੱਗੇ ਮਾਮਲਿਆਂ’ ਵਿਚ ਉਪਰ ਯਥਾ-ਪਰਿਭਾਸ਼ਤ ਸ਼ਹਾਦਤ, ਜੋ ਸਬੂਤ ਦਾ ਸਾਧਨ ਹੈ, ਤੋਂ ਇਲਾਵਾ ਸਬੂਤ ਦੇ ਹੋਰ ਸਾਧਨ ਵੀ ਸ਼ਾਮਲ ਹਨ। ਸਬੂਤ ਦੇ ਇਨ੍ਹਾਂ ਹੋਰ ਸਾਧਨਾਂ ਵਿਚ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 164 ਅਧੀਨ ਦਿੱਤਾ ਗਿਆ ਇਕਬਾਲੀਆ ਬਿਆਨ, ਧਾਰਾ 306 ਅਧੀਨ ਸਹਿ-ਅਪਰਾਧੀ ਦਾ ਬਿਆਨ, ਅਦਾਲਤ ਦੁਆਰਾ ਪ੍ਰੇਖਣ ਕੀਤੇ ਮੁਲਜ਼ਮ ਦੇ ਤੌਰ ਤਰੀਕੇ ਅਤੇ ਉਹ ਸਾਰੇ ਤੱਥ ਆ ਜਾਂਦੇ ਹਨ ਜਿਨ੍ਹਾਂ ਦਾ ਨਿਆਂਇਕ ਨੋਟਿਸ ਲਿਆ ਜਾਣਾ ਹੁੰਦਾ ਹੈ। ਇਹ ਤੱਥ ਭਾਵੇਂ ਸ਼ਹਾਦਤ ਦੀ ਪਰਿਭਾਸ਼ਾ ਅਨੁਸਾਰ ਸ਼ਹਾਦਤ ਨਹੀਂ ਹਨ ਪਰ ਉਸ ਮਾਮਲੇ ਦਾ ਅਹਿਮ ਭਾਗ ਹਨ ਜਿਸ ਦੇ ਆਧਾਰ ਤੇ ਅਦਾਲਤ ਕਿਸੇ ਨਿਰਣੇ ਤੇ ਪਹੁੰਚਦੀ ਹੈ। ਐਪਰ, ਅੰਤਿਮ ਰੂਪ ਵਿਚ ਉਪਰੋਕਤ ਕਿਸਮ ਦੀਆਂ ਸਭ ਸ਼ਹਾਦਤਾਂ ਨੂੰ ਐਕਟ ਵਿਚ ਯਥਾ-ਪਰਿਭਾਸ਼ਤ ਸ਼ਹਾਦਤ ਦੇ ਅਨੁਰੂਪ ਜ਼ਬਾਨੀ ਜਾਂ ਦਸਤਾਵੇਜ਼ੀ ਸ਼ਹਾਦਤ ਦੇ ਇਕ ਜਾਂ ਦੂਜੇ ਵਰਗ ਵਿਚ ਰੱਖਿਆ ਜਾ ਸਕਦਾ ਹੈ।

       ਜ਼ਾਬਤਾ ਫ਼ੌਜਦਾਰੀ ਸੰਘਤਾ, 1973 ਦੀ ਧਾਰਾ 161 ਅਧੀਨ ਕਲਮ ਬੰਦ ਕੀਤੇ ਗਏ ਪੁਲਿਸ ਬਿਆਨਾਂ ਨੂੰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 319 ਦੇ ਪ੍ਰਯੋਜਨਾ ਲਈ ਸ਼ਹਾਦਤ ਨਹੀਂ ਸਮਝਿਆ ਜਾ ਸਕਦਾ ਅਤੇ ਸ਼ਹਾਦਤ ਸ਼ਬਦ ਵਿਚ ਜਿਵੇਂ ਉਸ ਦੀ ਵਰਤੋਂ ਧਾਰਾ 319 ਵਿਚ ਕੀਤੀ ਗਈ ਹੈ ਦਾ ਮਤਲਬ ਹੈ ਵਿਚਾਰਣ ਦੇ ਦੌਰਾਨ ਸੈਸ਼ਨ ਜੱਜ ਦੁਆਰਾ ਕਲਮਬੰਦ ਕੀਤੀ ਗਈ ਸ਼ਹਾਦਤ। ਇਸ ਤਰ੍ਹਾਂ ਆਰ ਸੀ ਕੁਮਾਰ ਬਨਾਮ ਆਂਧਰਾ ਪ੍ਰਦੇਸ਼ ਰਾਜ [(1991) ਕ੍ਰਲਿਜ਼ 887 (ਆਂਧਰਾ ਪ੍ਰਦੇਸ਼)] ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 319 ਦੁਆਰਾ ਚਿਤਵਤ ਅਨੁਸਾਰ ਉਸ ਸੰਘਤਾ ਦੀਆਂ ਧਾਰਾਵਾਂ 173, 227, 228, 239, 240 ਅਧੀਨ ਦੀ ਸਮੱਗਰੀ ਨੂੰ ਸ਼ਹਾਦਤ ਨਹੀਂ ਸਮਝਿਆ ਜਾ ਸਕਦਾ।

       ਸ਼ਹਾਦਤ ਲਫ਼ਜ਼ ਅੰਗੇਰਜ਼ੀ ਦੇ ਸ਼ਬਦ ਐਵੀਡੈਂਸ ਲਈ ਰਖਿਆ ਗਿਆ ਹੈ ਜਿਸ ਦਾ ਡਿਕਸ਼ਨਰੀ ਅਰਥ ਹੈ ਉਹ ਚੀਜ਼ ਜੋ ਕਿਸੇ ਹੋਰ ਚੀਜ਼ ਨੂੰ ਜ਼ਾਹਰ ਕਰਦੀ ਹੈ; ਕਿਸੇ ਅਗਿਆਤ ਜਾਂ ਝਗੜੇ ਅਧੀਨ ਤੱਥ ਨੂੰ ਸਾਬਤ ਕਰਨ ਦਾ ਸਾਧਨ ਕਿਸੇ ਕਾਨੂੰਨੀ ਕੇਸ ਵਿਚ ਸੂਚਨਾ। ਇਸ ਤਰ੍ਹਾਂ ਆਮ ਬੋਲਚਾਲ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਹਾਦਤ ਦਾ ਮਤਲਬ ਹੈ ਕਿਸੇ ਕਾਨੂੰਨੀ ਕਾਰਵਾਈ ਵਿਚ ਉਸ ਕਾਰਵਾਈ ਨਾਲ ਸੁਸੰਗਤ ਸਾਹਮਣੇ ਲਿਆਂਦਾ ਗਿਆ ਕੋਈ ਤੱਥ ਦਾ ਮਾਮਲਾ। ਉਹ ਤੱਥ, ਉਨ੍ਹਾਂ ਤੱਥਾਂ ਤੋਂ ਅਨੁਮਾਨ ਅਤੇ ਬਿਆਨ ਜੋ ਕਿਸੇ ਅਦਾਲਤ ਜਾਂ ਜਾਂਚ ਕਰਨ ਵਾਲੀ ਬਾਡੀ ਨੂੰ ਉਨ੍ਹਾਂ ਤੱਥਾਂ ਬਾਰੇ ਕਾਇਲ ਕਰ ਸਕਦੇ ਹੋਣ ਜਿਨ੍ਹਾਂ ਬਾਰੇ ਅਨਿਸਚਿਤਤਾ ਹੋਵੇ ਅਤੇ ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੋਵੇ। ਜਿਹੜੀ ਅਦਾਲਤ ਤੱਥਾਂ ਦੀ ਹੋਂਦ ਬਾਰੇ ਜਾਂਚ ਕਰ ਰਹੀ ਹੋਵੇ, ਉਸ ਨੂੰ ਸੁਝਾਇਆ ਜਾ ਸਕਦਾ ਹੈ ਕਿ ਉਨ੍ਹਾਂ ਤੱਥਾਂ ਤੇ ਪ੍ਰਕਾਸ਼ ਪਾਉਣ ਵਾਲਾ ਹਰ ਤੱਥ ਉਸ ਦੇ ਨੋਟਿਸ ਵਿਚ ਲਿਆਂਦਾ ਜਾਵੇ। ਸ਼ਹਾਦਤ ਦੇ ਨਿਯਮ ਪੇਸ਼ ਕੀਤੀ ਜਾ ਸਕਣ ਵਾਲੀ ਸ਼ਹਾਦਤ ਨੂੰ ਕਾਫ਼ੀ ਹਦ ਤਕ ਸੰਕੁਚਿਤ ਕਰ ਦਿੰਦੇ ਹਨ। ਪਰ ਮੋਟੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸ਼ਹਾਦਤ ਦੇ ਕਾਨੂੰਨ ਦਾ ਵਿਕਾਸ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਸ਼ੁਰੂ ਵਿਚ ਮਨੁੱਖ ਜੋ ਗ਼ੈਰ ਮੰਤਕੀ ਆਧਾਰਾਂ ਤੇ ਨਿਰਭਰ ਕਰਕੇ ਫ਼ੈਸਲੇ ਕਰਦਾ ਸੀ ਹੁਣ ਮੰਤਕ-ਭਰਪੂਰ ਆਧਾਰਾਂ ਤੇ ਫ਼ੈਸਲੇ ਕਰਨ ਦੇ ਯੋਗ ਹੋ ਗਿਆ ਹੈ।

       ਇਸ ਸਬੰਧ ਵਿਚ ਪਹਿਲਾ ਸਵਾਲ ਇਹ ਹੈ ਕਿ ਸ਼ਹਾਦਤ ਕਿਸ ਮਿਆਰ ਦੀ ਹੋਣੀ ਚਾਹੀਦੀ ਹੈ। ਜੇ ਅਦਾਲਤਾਂ ਇਹ ਚਾਹੁਣ ਕਿ ਹਰ ਕੇਸ ਵਿਚ 2+2=4 ਵਰਗੀ ਸ਼ਹਾਦਤ ਲਿਆਂਦੀ ਜਾਵੇ ਤਦ ਹੀ ਕੋਈ ਗੱਲ ਸਿੱਧ ਹੋ ਸਕਦੀ ਹੈ ਤਾਂ ਸ਼ਾਇਦ ਬਹੁਤ ਘਟ ਕੇਸ ਸਾਬਤ ਹੋ ਸਕਣਗੇ। ਇਸ ਗੱਲ ਦੇ ਸਨੁਮਖ ਕਾਮਨ ਕਾਨੂੰਨ ਵਾਲੇ ਮੁਲਕਾਂ ਨੇ ਇਹ ਅਸੂਲ ਅਪਣਾਇਆ ਹੈ ਕਿ ਦੀਵਾਨੀ ਦਾਵਿਆਂ ਵਿਚ ਕੋਈ ਤੱਥ ਸਾਬਤ ਹੋ ਗਿਆ ਸਮਝਿਆ ਜਾ ਸਕੇਗਾ ਜੇ ਉਸ ਦੀ ਹੋਂਦ ਦੀ ਸੰਭਾਵਨਾ ਉਸ ਦੇ ਨਾ ਹੋਣ ਨਾਲੋਂ ਜ਼ਿਆਦਾ ਸੰਭਾਵੀ ਹੋਵੇ। ਪਰ ਫ਼ੌਜਦਾਰੀ ਮੁਕੱਦਮਿਆਂ ਵਿਚ ਕੋਈ ਤੱਥ ਤਦ ਹੀ ਸਾਬਤ ਹੋਇਆ ਮੰਨਿਆ ਜਾ ਸਕਦਾ ਹੈ ਜੇ ਸ਼ਹਾਦਤ ਕੋਈ ਵਾਜਬੀ ਸ਼ੱਕਰਹਿਣ ਦੇਵੇ। ਇਸ ਤਰ੍ਹਾਂ ਇਨ੍ਹਾਂ ਸੂਰਤਾਂ ਵਿਚ ਅਧਿਸੰਭਾਵਨਾ ਦੇ ਦਰਜੇ ਦਾ ਫ਼ਰਕ ਹੈ।

       ਸ਼ਹਾਦਤ ਵਿਚ ਦੂਜੀ ਗੱਲ ਇਹ ਆਉਂਦੀ ਹੈ ਕਿ ਕੋਈ ਗੱਲ ਸਾਬਤ ਕਰਨ ਦਾ ਭਾਰ ਕਿਸ ਉਤੇ ਹੈ। ਇਸ ਗੱਲ ਦਾ ਫ਼ੈਸਲਾ ਮਾਮਲੇ ਨੂੰ ਲਾਗੂ ਸਬਸਟੈਂਟਿਵ ਕਾਨੂੰਨ ਤੇ ਨਿਰਭਰ ਕਰਦਾ ਹੈ। ਆਮ ਤੌਰ ਤੇ ਦੀਵਾਨੀ ਦਾਵਿਆਂ ਵਿਚ ਜਿਹੜੀ ਧਿਰ ਕੋਈ ਤੱਥ ਜਤਾਉਂਦੀ ਹੈ, ਉਸ ਨੂੰ ਸਾਬਤ ਕਰਨੇ ਪੈਂਦੇ ਹਨ। ਫ਼ੌਜਦਾਰੀ ਕੇਸਾਂ ਵਿਚ ਇਸਤਗ਼ਾਸੇ ਨੂੰ ਮੁਲਜ਼ਮ ਤੇ ਅਰੋਪਿਆ ਗਿਆ ਦੋਸ਼ ਸਾਬਤ ਕਰਨਾ ਪੈਂਦਾ ਹੈ।

       ਅਗਲਾ ਸਵਾਲ ਸ਼ਹਾਦਤ ਦੀ ਗ੍ਰਹਿਣਯੋਗ ਹੋਣ ਦੇ ਮੁਤੱਲਕ ਹੈ। ਕਿਹੜੀ ਗੱਲ ਸ਼ਹਾਦਤ ਵਿਚ ਪੇਸ਼ ਕੀਤੀ ਜਾ ਸਕਦੀ ਹੈ ਅਤੇ ਕਿਹੜੀ ਨਹੀਂ ਪੇਸ਼ ਕੀਤੀ ਜਾ ਸਕਦੀ। ਇਹ ਸਵਾਲ ਸ਼ਹਾਦਤ ਦੀ ਸੁਸੰਗਤਾ ਨਾਲ ਜੁੜ ਜਾਂਦਾ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸ਼ਹਾਦਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸ਼ਹਾਦਤ : ਸ਼ਹਾਦਤ ਸ਼ਬਦ ਅਰਬੀ ਮੂਲ ਦਾ ਹੈ ਅਤੇ ਪੰਜਾਬੀ ਵਿੱਚ ਇਹ ਇਸੇ ਰੂਪ ਵਿੱਚ ਅਪਣਾ ਲਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸ ਦਾ ਸਮਾਨਾਰਥਕ ਸ਼ਬਦ (mrtyr) ਹੈ ਜਿਹੜਾ ਯੂਨਾਨੀ ਭਾਸ਼ਾ ਵਿੱਚੋਂ ਆਇਆ ਹੈ। ਆਪਣੇ ਦੀਨ-ਈਮਾਨ ਅਤੇ ਅਸੂਲ ਦੀ ਖ਼ਾਤਰ, ਬਿਨਾਂ ਕਿਸੇ ਪ੍ਰਕਾਰ ਦੇ ਨਿੱਜੀ ਸ੍ਵਾਰਥ ਦੇ, ਵੱਡੀ ਤੋਂ ਵੱਡੀ ਕੁਰਬਾਨੀ ਦੇਣ, ਇੱਥੋਂ ਤੱਕ ਕਿ ਜਾਨ ਵਾਰ ਦੇਣ ਨੂੰ ਸ਼ਹਾਦਤ ਕਿਹਾ ਜਾਂਦਾ ਹੈ। ਮਾਨਵੀ ਇਤਿਹਾਸ ਵਿੱਚ ਆਮ ਤੌਰ ’ਤੇ, ਅਤੇ ਸੰਸਾਰ ਦੇ ਧਰਮਾਂ ਦੇ ਇਤਿਹਾਸ ਵਿੱਚ ਵਿਸ਼ੇਸ਼ ਤੌਰ ’ਤੇ ਸ਼ਹਾਦਤ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਰਿਹਾ ਹੈ ਅਤੇ ਸ਼ਹੀਦ ਹੋਣ ਵਾਲੇ ਵਿਅਕਤੀ ਨੂੰ ਮਹਾਨ ਕਿਹਾ ਜਾਂਦਾ ਰਿਹਾ ਹੈ। ਪ੍ਰਾਚੀਨ ਕਾਲ ਤੋਂ ਸ਼ਹੀਦ ਆਪਣੇ ਧਰਮ ਦੀ ਖ਼ਾਤਰ ਕੁਰਬਾਨੀ ਦੇ ਕੇ ਆਪਣੇ ਧਰਮ ਦੇ ਲੋਕਾਂ ਵਾਸਤੇ ਆਤਮਿਕ-ਸ਼ਕਤੀ ਅਤੇ ਪ੍ਰੇਰਨਾ ਦਾ ਸ੍ਰੋਤ ਬਣਦੇ ਰਹੇ ਹਨ। ਸ਼ਹੀਦ ਉਹ ਹੁੰਦਾ ਹੈ ਜੋ ਆਪਣਾ ਵਿਸ਼ਵਾਸ ਜਾਂ ਮੰਤਵ ਛੱਡਣ ਦੀ ਬਜਾਏ, ਬਹੁਤ ਪੱਕੇ ਇਰਾਦੇ ਨਾਲ ਮੰਤਵ ਦੀ ਪੂਰਤੀ ਲਈ ਆਪਣੀ ਜਾਨ ਦੀ ਪ੍ਰਵਾਹ ਨ ਕਰਦਾ ਹੋਇਆ ਹੱਸ ਕੇ ਹਰ ਮੁਸ਼ਕਲ ਅਤੇ ਇੱਥੋਂ ਤੱਕ ਕਿ ਮੌਤ ਵੀ ਕਬੂਲ ਕਰ ਲੈਂਦਾ ਹੈ। ਇਹ ਦਲੇਰੀ ਜਿਸਮਾਨੀ ਸ਼ਕਤੀ ਨਾਲੋਂ ਵੱਧ ਨਿਸ਼ਚੇ ਅਤੇ ਮਨ ਦੀ ਦ੍ਰਿੜਤਾ ਤੋਂ ਪੈਦਾ ਹੁੰਦੀ ਹੈ ਜਿਸ ਵਿੱਚ ਸ੍ਵਾਰਥ ਅਤੇ ਸੰਸਾਰਿਕ ਲਾਭ ਨੂੰ ਪਿੱਛੇ ਛੱਡ ਕੇ ਕਿਸੇ ਉੱਚੇ ਲਕਸ਼ ਦੀ ਪ੍ਰਾਪਤੀ ਦਾ ਮਨੋਰਥ ਅੱਗੇ ਹੁੰਦਾ ਹੈ ਅਤੇ ਇਹ ਲਕਸ਼ ਨਿੱਜੀ ਨਹੀਂ ਬਲਕਿ ਧਰਮ, ਕੌਮ ਜਾਂ ਦੇਸ ਦੀ ਖ਼ਾਤਰ ਹੁੰਦਾ ਹੈ। ਕੇਵਲ ਸੂਰਮੇ ਇਸ ਰਾਹ ਨੂੰ ਅਪਣਾ ਸਕਦੇ ਹਨ ਜਿਹੜੇ ਧਰਮ ਖੇਤਰ ਵਿੱਚ ਜੂਝਦੇ ਹੋਏ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦਿੰਦੇ ਹਨ। ਪੁਰਾਤਨ ਭਾਰਤ ਵਿੱਚ ਵੀ ਅਨੇਕ ਸ਼ਹੀਦ ਹੋਏ ਹੋਣਗੇ ਪਰੰਤੂ ਇਤਿਹਾਸ ਵਿੱਚ ਸਾਨੂੰ ਅਜਿਹੇ ਵਿਅਕਤੀਆਂ ਲਈ ਵਰਤੇ ਜਾਣ ਵਾਲੇ ਕਿਸੇ ਸ਼ਬਦ-ਰੂਪ ਬਾਰੇ ਜਾਣਕਾਰੀ ਨਹੀਂ ਮਿਲਦੀ।

ਆਪਣੇ ਯੂਨਾਨੀ ਅਤੇ ਅਰਬੀ ਅਰਥਾਂ ਵਿੱਚ ਇਹ ਸ਼ਬਦ ਸਾਮੀ ਕਹੇ ਜਾਣ ਵਾਲੇ ਉਹਨਾਂ ਕਬੀਲਿਆਂ ਦੇ ਆਤਮਿਕ ਅਤੇ ਨੈਤਿਕ ਸੰਘਰਸ਼ ਦੇ ਇਤਿਹਾਸ ਦਾ ਪ੍ਰਤੀਕ ਹੈ ਜਿਨ੍ਹਾਂ ਦੀ ਸੱਭਿਆਚਾਰਿਕ ਪਰੰਪਰਾ ਸਾਂਝੀ ਸੀ। ਯੂਨਾਨੀ ਲੇਖਕ ਯਹੂਦੀ ਕੌਮ ਦੁਆਰਾ ਸਹੇ ਗਏ ਤਸੀਹਿਆਂ ਅਤੇ ਈਸਾ ਮਸੀਹ ਦੀ ਸ਼ਹਾਦਤ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਇਸਲਾਮ ਧਰਮ ਵਿੱਚ ਪੈਗ਼ੰਬਰ ਮੁਹੰਮਦ ਉਹਨਾਂ ਦੇ ਦੋਹਤਰੇ ਇਮਾਮ ਹੁਸੈਨ ਦੀ ਅਗਵਾਈ ਅਧੀਨ ਉਹਨਾਂ ਦੇ ਪੈਰੋਕਾਰਾਂ ਦੁਆਰਾ ਦਿੱਤੀਆਂ ਅਨੇਕਾਂ ਕੁਰਬਾਨੀਆਂ ਦਾ ਜ਼ਿਕਰ ਮਿਲਦਾ ਹੈ। ਭਾਰਤ ਵਿੱਚ ਸ਼ਹਾਦਤ ਅਤੇ ਸ਼ਹੀਦ ਸ਼ਬਦ ਇਸਲਾਮੀ ਪਰੰਪਰਾ ਵਿੱਚੋਂ ਆਏ ਅਤੇ ਇਸਲਾਮੀ ਸੱਭਿਆਚਾਰਿਕ ਪ੍ਰਿਸ਼ਠਭੂਮੀ ਵਿੱਚੋਂ ਲਈਆਂ ਗਈਆਂ ਹੋਰ ਅਨੇਕ ਗੱਲਾਂ ਦੀ ਤਰ੍ਹਾਂ ਇਹ ਸ਼ਬਦ ਵੀ ਭਾਰਤ ਦੇ, ਖ਼ਾਸ ਤੌਰ ’ਤੇ ਸਿੱਖਾਂ ਦੇ ਸਮਾਜਿਕ ਮਾਹੌਲ ਦਾ ਅੰਗ ਬਣ ਗਿਆ। ਦਿਲਚਸਪ ਗੱਲ ਇਹ ਹੈ ਕਿ ਸਿੱਖ ਕੌਮ, ਅਤੇ ਇਸ ਦੇ ਗੁਰੂ ਸਾਹਿਬਾਨਾਂ ਨੂੰ ਮੁਸਲਮਾਨ ਸ਼ਾਸਕਾਂ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਜ਼ੁਲਮਾਂ ਕਾਰਨ ਹੀ ਅਨੇਕਾਂ ਸ਼ਹਾਦਤਾਂ ਦੇਣੀਆਂ ਪਈਆਂ ਅਤੇ ਸ਼ਹਾਦਤ ਦਾ ਸੰਕਲਪ ਵੀ ਉਸੇ ਪਰੰਪਰਾ ਵਿੱਚੋਂ ਲਿਆ ਗਿਆ।

ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇਣ ਦੀਆਂ ਅਨੇਕ ਮਿਸਾਲਾਂ ਮਿਲਦੀਆਂ ਹਨ। ਜਿਨ੍ਹਾਂ ਦੀ ਬਰਾਬਰੀ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਸਿੱਖ ਗੁਰੂਆਂ ਦੀ ਸ਼ਹਾਦਤ-ਰੰਗੀ ਬੀਰਤਾ ਪੰਜਾਬ ਦੇ ਹਰ ਵਸਨੀਕ ਨੂੰ ਵੰਗਾਰਦੀ ਹੈ। ਓਨੀਂ ਦਿਨੀਂ ਜ਼ਾਬਰ ਅਤੇ ਕੱਟੜ ਧਾਰਮਿਕ ਲੋਕ ਸਮਕਾਲੀ ਰਾਜਸੀ ਸੱਤਾ ਦੀ ਸਹਾਇਤਾ ਨਾਲ ਆਪਣੀ ਵਿਚਾਰਧਾਰਾ ਧੱਕੇ ਨਾਲ ਦੂਸਰਿਆਂ ਤੇ ਠੋਸਦੇ ਰਹੇ ਸੀ। ਕਈ ਨਿਰਦੋਸ਼ ਲੋਕਾਂ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਕਿ ਉਹ ਆਪਣੇ ਈਮਾਨ ਨੂੰ ਨਹੀਂ ਛੱਡਦੇ ਸਨ ਪਰ ਕੁਰਬਾਨੀ ਦੇ ਪੁੰਜ ਅਜਿਹੇ ਵਿਅਕਤੀ ਵੀ ਹੋਏ ਹਨ ਜੋ ਆਪਣੇ ਧਰਮ ਤੇ ਨਿਸ਼ਚੇ ਨਾਲ ਸ਼ਹੀਦ ਹੋ ਕੇ ਦੂਜਿਆਂ ਲਈ ਪ੍ਰੇਰਨਾ ਦਾ ਸ੍ਰੋਤ ਬਣਦੇ ਰਹੇ ਹਨ ਅਤੇ ਆਪਣੇ ਪੈਰੋਕਾਰਾਂ ਲਈ ਫ਼ਖਰ ਦਾ ਇੱਕ ਕਾਰਨ।

ਇਸਲਾਮ ਧਰਮ ਵਿੱਚ ਜੋ ਲੋਕ ਕਾਫ਼ਰਾਂ (ਜਿਹੜੇ  ਇਸਲਾਮ ਧਰਮ ਨੂੰ ਨਹੀਂ ਮੰਨਦੇ) ਦੇ ਖ਼ਿਲਾਫ਼ ਲੜਨ ਵਿੱਚ ਮਰ ਜਾਂਦੇ ਸਨ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਸੀ। ਇਸ ਦੇ ਉਲਟ ਸਿੱਖ ਧਰਮ ਵਿੱਚ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਆਪਣੇ ਧਰਮ ਅਤੇ ਧਰਮ ਦੇ ਅਸੂਲਾਂ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਮੌਤ ਕਬੂਲ ਕਰ ਲੈਂਦੇ ਸਨ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਹਾਦਤ ਦੇਣ ਲਈ ਬੇਮਿਸਾਲ ਦਲੇਰੀ ਅਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ।

ਸਿੱਖ ਧਰਮ ਪਰਮ ਸੱਤਾ ਦੀ ਏਕਤਾ ਅਤੇ ਮਾਨਵੀ ਭਾਈਚਾਰੇ ਦੀ ਸਮਾਨਤਾ ਉੱਪਰ ਬਹੁਤ ਜ਼ੋਰ ਦਿੰਦਾ ਹੈ। ਸਿੱਖ ਧਰਮ ਅਨੁਸਾਰ ਜਾਤ-ਬਰਾਦਰੀ ਅਥਵਾ ਰੰਗ-ਰੂਪ ਦਾ ਭੇਦ-ਭਾਵ ਕੋਈ ਅਰਥ ਨਹੀਂ ਰੱਖਦਾ। ਸਗੋਂ ਸਾਰੇ ਮਾਨਵ ਆਪਸ ਵਿੱਚ ਅਤੇ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਬਰਾਬਰ ਹਨ। ਨਾਮ ਜਪਣਾ ਤੇ ਪ੍ਰਭੂ ਭਗਤੀ ਅਤੇ ਪ੍ਰੇਮ ਰਾਹੀਂ ਜੀਵਨ-ਮੁਕਤੀ ਦੀ ਪ੍ਰਾਪਤੀ ਹੀ ਸਿੱਖੀ ਦਾ ਆਦਰਸ਼ ਸੀ। ਪਰੰਤੂ ਸਮਕਾਲੀਨ ਰਾਜਨੀਤਿਕ ਅਤੇ ਧਾਰਮਿਕ ਵਾਤਾਵਰਨ ਸੁਖਾਵਾਂ ਨਹੀਂ ਸੀ। ਸਮਾਜ ਅੰਦਰ ਅਸਮਾਨਤਾ ਅਤੇ ਅਨਿਆਂ ਦਾ ਬੋਲਬਾਲਾ ਸੀ। ਬਾਦਸ਼ਾਹ ਜਹਾਂਗੀਰ, ਜੋ ਗੁਰੂ ਅਰਜਨ ਦੇਵ ਦਾ ਸਮਕਾਲੀ ਸੀ, ਤੰਗ-ਦਿਲ ਅਤੇ ਕੱਟੜ ਸੀ। ਉਹ ਆਪਣੀ ਸ੍ਵੈ-ਜੀਵਨੀ ‘ਤੋਜਿਕੇ ਜਹਾਂਗੀਰ’ ਵਿੱਚ ਆਪ ਮੰਨਦਾ ਹੈ ਕਿ ‘ਬਹੁਤ ਚਿਰ ਤੋਂ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਗੁਰੂ ਅਰਜਨ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਗੁਰੂ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ।’ ਜਦ ਗੁਰੂ ਜੀ ਨੇ ਉਸ ਦੀ ਈਨ ਨੂੰ ਮੰਨ ਕੇ ਇਸਲਾਮ ਧਰਮ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਬਾਦਸ਼ਾਹ ਨੇ ਉਹਨਾਂ ਨੂੰ ਤਸੀਹੇ ਦੇ ਕੇ ਮਾਰ ਦੇਣ ਦਾ ਹੁਕਮ ਦੇ ਦਿੱਤਾ। ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿੱਖ ਧਰਮ ਅੰਦਰ ਪਹਿਲੀ ਸ਼ਹਾਦਤ ਸੀ ਅਤੇ ਇਹ ਮਨੁੱਖ ਦੀ ਧਾਰਮਿਕ ਅਜ਼ਾਦੀ ਲਈ ਦਿੱਤੀ ਗਈ ਸੀ।

ਨੌਵੇਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਮਿਸਾਲ ਸਾਰੇ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਇਹ ਮਨੁੱਖੀ ਇਤਿਹਾਸ ਦੀ ਦਰਦਨਾਕ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ ਹੈ। ਜ਼ਾਹਰ ਤੌਰ ’ਤੇ ਗੁਰੂ ਜੀ ਨੇ ਇਹ ਸ਼ਹਾਦਤ ਆਪਣੇ ਧਰਮ ਦੀ ਰੱਖਿਆ ਲਈ ਨਹੀਂ ਸਗੋਂ ਹਿੰਦੂ ਧਰਮ ਅਤੇ ਇਸ ਦੇ ਧਾਰਮਿਕ-ਚਿੰਨ੍ਹਾਂ ਦੀ ਰਾਖੀ ਖ਼ਾਤਰ ਦਿੱਤੀ ਪਰ ਅਸਲ ਵਿੱਚ ਇਹ ਸ਼ਹਾਦਤ ਵੀ ਮਨੁੱਖ ਦੀ ਧਾਰਮਿਕ ਅਜ਼ਾਦੀ ਲਈ ਸੀ। ਗੁਰੂ ਸਾਹਿਬਾਨ ਅਨੁਸਾਰ ਹਰ ਮਨੁੱਖ ਨੂੰ ਆਪਣੀ ਮਰਜ਼ੀ ਅਨੁਸਾਰ ਧਰਮ ਅਪਣਾਉਣ ਅਤੇ ਧਾਰਮਿਕ ਰਸਮਾਂ ਨਿਭਾਉਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਜੇ ਸਮਕਾਲੀ ਹਾਲਾਤ ਮੌਜੂਦਾ ਹਾਲਾਤ ਦੇ ਉਲਟ ਹੁੰਦੇ ਤਾਂ ਗੁਰੂ ਸਾਹਿਬ ਇਹੋ ਕੁਰਬਾਨੀ ਇਸਲਾਮ ਧਰਮ ਲਈ ਦਿੰਦੇ। ਸਿੱਖ ਧਰਮ ਧਾਰਮਿਕ ਬਹੁਵਾਦ ਅਤੇ ਸਹਿਨਸ਼ੀਲਤਾ ਦਾ ਪ੍ਰਤੀਕ ਹੈ। ਇਹਨਾਂ ਆਦਰਸ਼ਾਂ ਦੀ ਖ਼ਾਤਰ ਹੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਕਈ ਸਾਥੀਆਂ ਨੂੰ ਵੀ ਘੋਰ ਜ਼ੁਲਮ ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੀ ਗਾਥਾ ਅਨੋਖੇ ਹੀ ਰੰਗ ਵਿੱਚ ਰੰਗੀ ਹੋਈ ਹੈ। ਜਿਊਂਦੇ ਜੀਅ ਆਰਿਆਂ ਨਾਲ ਚਿਰਾਉਣਾ, ਪਾਣੀ ਵਿੱਚ ਉਬਾਲਣਾ ਤੇ ਸਰੀਰ ਤੇ ਰੂੰ ਲਪੇਟ ਕੇ ਅੱਗ ਲਾ ਕੇ ਸਾੜ ਦੇਣਾ ਜ਼ੁਲਮ ਦੀ ਹੱਦ ਕਰ ਦੇਣ ਵਾਲੀ ਕਥਾ ਹੈ ਪਰ ਧੰਨ ਹਨ ਉਹ ਸ਼ਹੀਦ ਜਿਨ੍ਹਾਂ ਅਜਿਹੇ ਤਸੀਹੇ ਚੁਪ-ਚਾਪ ਸਹਿ ਕੇ ਕੌਮ ਦਾ ਸਿਰ ਉੱਚਾ ਕੀਤਾ।

ਸ਼ਹੀਦਾਂ ਦਾ ਖ਼ੂਨ ਕਦੀ ਅਜਾਈ ਨਹੀਂ ਜਾਂਦਾ ਉਹਨਾਂ ਦੇ ਖ਼ੂਨ ਦੇ ਇੱਕ-ਇੱਕ ਕਤਰੇ ਤੋਂ ਕਈ ਸ਼ਹੀਦ ਪੈਦਾ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਪੰਜਾਬ ਦੀ ਵੀਰ ਪਰੰਪਰਾ ਨੂੰ ਨਵਾਂ ਮੋੜ ਦਿੱਤਾ। ਪੰਜਾਬੀਆਂ ਨੂੰ ਸ਼ਸਤਰਧਾਰੀ ਬਣਾ ਕੇ ਉਹਨਾਂ ਅੰਦਰ ਇੱਕ ਨਵੀਂ ਰੂਹ ਫੂਕ ਦਿੱਤੀ ਜਿਸ ਨਾਲ ਉਹ ਅਨਿਆਂ ਅਤੇ ਅਧਰਮ ਵਿਰੁੱਧ ਟੱਕਰ ਲੈਣ ਤੇ ਜੂਝ ਮਰਨ ਨੂੰ ਤਿਆਰ-ਬਰ-ਤਿਆਰ ਹੋ ਗਏ।

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਐਸੀ ਘਟਨਾ ਸੀ ਜਿਸ ਨੇ ਹਰ ਪੰਜਾਬੀ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਛੇ ਅਤੇ ਅੱਠ ਸਾਲ ਦੇ ਬੱਚਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਉਹਨਾਂ ਦਾ ਕਸੂਰ ਸਿਰਫ਼ ਇਹੋ ਸੀ ਕਿ ਉਹਨਾਂ ਨੂੰ ਧਰਮ ਛੱਡਣ ਲਈ ਮਜ਼ਬੂਰ ਕੀਤੇ ਜਾਣ ਦੇ ਬਾਵਜੂਦ ਉਹਨਾਂ ਆਪਣੇ ਧਰਮ ਨੂੰ ਛੱਡਣਾ ਸ੍ਵੀਕਾਰ ਨਹੀਂ ਸੀ ਕੀਤਾ। ਗੁਰੂ ਸਾਹਿਬ ਦੇ ਵੱਡੇ ਦੋ ਸਾਹਿਬਜ਼ਾਦਿਆਂ ਨੇ ਵੀ ਇਸੇ ਧਾਰਮਿਕ ਕੱਟੜਤਾ ਅਤੇ ਅਨਿਆਂ ਵਿਰੁੱਧ ਜਾਨਾਂ ਵਾਰ ਦਿੱਤੀਆਂ। ਉਪਰੰਤ ਬੰਦਾ ਸਿੰਘ ਬਹਾਦਰ ਸਮੇਤ ਅਨੇਕ ਸਿੱਖਾਂ ਨੇ ਧਾਰਮਿਕ ਕੱਟੜਤਾ ਅਤੇ ਸਹਿਨਸ਼ੀਲਤਾ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਧੁਨਿਕ ਕਾਲ ਵਿੱਚ ਦੇਸ ਦੀ ਅਜ਼ਾਦੀ ਜਾਂ ਆਪਣੇ ਰਾਜਨੀਤਿਕ ਹੱਕਾਂ ਦੀ ਪ੍ਰਾਪਤੀ ਦੀ ਲੜਾਈ ਵਿੱਚ ਮੌਤ ਨੂੰ ਸ੍ਵੀਕਾਰਨਾ ਵੀ ਸ਼ਹਾਦਤ ਮੰਨਿਆ ਗਿਆ। ਪੰਜਾਬ ਨੇ ਅਜ਼ਾਦੀ ਦੀ ਜੰਗ ਵਿੱਚ ਭਗਤ ਸਿੰਘ ਅਤੇ ਲਾਜਪਤ ਰਾਇ ਵਰਗੇ ਅਨੇਕ ਸ਼ਹੀਦ ਦਿੱਤੇ ਅਤੇ ਅਜ਼ਾਦੀ ਉਪਰੰਤ ਵੀ ਪੰਜਾਬੀਆਂ ਨੇ ਆਪਣੇ ਰਾਜਨੀਤਿਕ ਹੱਕਾਂ ਦੀ ਲੜਾਈ ਵਿੱਚ ਵੀ ਅਨੇਕਾਂ ਸ਼ਹੀਦੀਆਂ ਪਾਈਆਂ।


ਲੇਖਕ : ਸੁਦਰਸ਼ਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-03-47-47, ਹਵਾਲੇ/ਟਿੱਪਣੀਆਂ:

ਸ਼ਹਾਦਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਹਾਦਤ, (ਅਰਬੀ) / ਇਸਤਰੀ ਲਿੰਗ : ੧. ਸ਼ਾਹਦੀ, ਉਗਾਹੀ, ਸਾਖੀ, ਪਰਮਾਣ, ੨. ਸ਼ਹੀਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-27-10-20-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.