ਸ਼ਹੀਦਾਂ ਵਾਲੀ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਹੀਦਾਂ ਵਾਲੀ ਮਿਸਲ: ਇਕ ਸਿੱਖ ਮਿਸਲ ਜਿਸ ਦੀ ਸਥਾਪਨਾ ਬਾਬਾ ਦੀਪ ਸਿੰਘ ਸ਼ਹੀਦ ਨੇ ਕੀਤੀ ਸੀ। ਉਸੇ ਦੇ ਨਾਂ ਉਤੇ ਇਹ ਸ਼ਹੀਦਾਂ ਵਾਲੀ ਮਿਸਲ ਵਜੋਂ ਪ੍ਰਸਿੱਧ ਹੋਈ। ਬਾਬਾ ਦੀਪ ਸਿੰਘ ਦਾ ਜਨਮ ਸੰਨ 1682 ਈ. ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਹੂਵਿੰਡ ਪਿੰਡ ਵਿਚ ਖਹਿਰਾ ਜੱਟ ਭਾਈ ਭਗਤਾ ਦੇ ਘਰ ਮਾਈ ਜੀਉਣੀ ਦੀ ਕੁੱਖੋਂ ਹੋਇਆ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਗੁਰੂ ਜੀ ਦੁਆਰਾ ਆਨੰਦਪੁਰ ਛਡਣ’ਤੇ ਇਹ ਆਪਣੇ ਪਿੰਡ ਆ ਗਿਆ। ਜਦੋਂ ਇਸ ਨੂੰ ਗੁਰੂ ਜੀ ਦੇ ਦਮਦਮਾ ਸਾਹਿਬ ਪਹੁੰਚਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਦੇ ਪਾਸ ਪਹੁੰਚ ਗਿਆ। ਗੁਰੂ ਜੀ ਦੇ ਦੱਖਣ ਵਲ ਚਲੇ ਜਾਣ ਤੋਂ ਬਾਦ ਇਸ ਨੇ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੁਨਰ-ਸੰਪਾਦਿਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀਆਂ ਇਸ ਨੇ ਚਾਰ ਨਕਲਾਂ ਤਿਆਰ ਕੀਤੀਆਂ। ਬਾਬਾ ਬੰਦਾ ਬਹਾਦਰ ਦੀਆਂ ਮੁਹਿੰਮਾਂ ਵਿਚ ਸ਼ਾਮਲ ਹੋ ਕੇ ਇਸ ਨੇ ਆਪਣੀ ਵੀਰਤਾ ਦਾ ਸਬੂਤ ਦਿੱਤਾ। ਜਦੋਂ ਸੰਨ 1733 ਈ. ਵਿਚ ਨਵਾਬ ਕਪੂਰ ਸਿੰਘ ਨੇ ਸਿੱਖ ਜੱਥਿਆਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਵੰਡਿਆ ਅਤੇ ਤਰੁਣਾ ਦਲ ਦੇ ਅਗੋਂ ਪੰਜ ਜੱਥੇ ਬਣਾਏ, ਤਾਂ ਬਾਬਾ ਦੀਪ ਸਿੰਘ ਨੇ ਇਕ ਜੱਥੇ ਦੀ ਜੱਥੇਦਾਰੀ ਸੰਭਾਲੀ। ਸੰਨ 1748 ਈ. ਵਿਚ ਇਹੀ ਜੱਥਾ ਮਿਸਲ ਬਣਿਆ ਅਤੇ ਇਸ ਦਾ ਨਾਂ ਬਾਬਾ ਜੀ ਦੇ ਨਾਂ ਉਤੇ ‘ਸ਼ਹੀਦਾਂ ਵਾਲੀ ਮਿਸਲ’ ਪ੍ਰਚਲਿਤ ਹੋਇਆ।
ਇਸ ਮਿਸਲ ਵਿਚ ਅਧਿਕਤਰ ਨਿਹੰਗ ਸਿੰਘ ਸਨ। ਇਨ੍ਹਾਂ ਦਾ ਮੁੱਖ ਠਿਕਾਣਾ ਤਲਵੰਡੀ ਸਾਬੋ ਵਿਚ ਸੀ, ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਵਸਥਾ ਵੀ ਇਹੀ ਮਿਸਲ ਕਰਦੀ ਸੀ। ਸੰਨ 1757 ਈ. ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖ਼ਾਨ ਦੁਆਰਾ ਦਰਬਾਰ ਸਾਹਿਬ ਦੀ ਬੇਹੁਰਮਤੀ ਦੀ ਖ਼ਬਰ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ ਪਹੁੰਚੀ ਤਾਂ ਇਸ ਨੇ ਆਪਣੇ ਜੱਥੇ ਸਹਿਤ ਦਰਬਾਰ ਸਾਹਿਬ ਵਲ ਚਾਲੇ ਪਾ ਦਿੱਤੇ। ਰਸਤੇ ਵਿਚ ਹੋਰ ਸਿੰਘ ਰਲਦੇ ਗਏ ਅਤੇ ਇਸ ਤਰ੍ਹਾਂ ਇਹ ਪੰਜ ਹਜ਼ਾਰ ਸਿੰਘਾਂ ਦੇ ਸੈਨਾ-ਦਲ ਸਹਿਤ ਅੰਮ੍ਰਿਤਸਰ ਤੋਂ ਬਾਹਰ ਉਸ ਥਾਂ’ਤੇ ਜਾ ਪਹੁੰਚਿਆ, ਜਿਥੇ ਜਹਾਨ ਖ਼ਾਨ ਆਪਣੀ ਫ਼ੌਜ ਸਹਿਤ ਇਸ ਦੀ ਉਡੀਕ ਕਰ ਰਿਹਾ ਸੀ। ਦੋਹਾਂ ਦਲਾਂ ਵਿਚ ਗਹਿਗਚ ਲੜਾਈ ਹੋਈ। ਰਾਮਸਰ ਕੋਲ ਇਹ ਗੰਭੀਰ ਜ਼ਖ਼ਮੀ ਹੋ ਗਿਆ, ਪਰ ਇਸ ਨੇ ਆਪਣੇ ਪ੍ਰਾਣ ਹਰਿਮੰਦਿਰ ਸਾਹਿਬ ਦੀ ਪਰਿਕ੍ਰਿਮਾ ਵਿਚ 11 ਨਵੰਬਰ 1757 ਈ. ਨੂੰ ਤਿਆਗੇ ।
ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਬਾਦ ਪਹਿਲਾਂ ਬਾਬਾ ਸੁਧਾ ਸਿੰਘ ਇਸ ਮਿਸਲ ਦਾ ਜੱਥੇਦਾਰ ਬਣਿਆ। ਸੰਨ 1762 ਈ. ਵਿਚ ਉਸ ਦੇ ਸ਼ਹੀਦ ਹੋਣ ਤੋਂ ਬਾਦ ਸ਼ੇਖੂਪੁਰਾ ਜ਼ਿਲ੍ਹੇ ਦੇ ਮਰਾਖਾ ਪਿੰਡ ਦਾ ਸ. ਕਰਮ ਸਿੰਘ ਸੰਧੂ ਜੱਟ ਮਿਸਲਦਾਰ ਬਣਿਆ। ਸੰਨ 1764 ਈ. ਵਿਚ ਉਸ ਨੇ ਅੰਬਾਲਾ ਜ਼ਿਲ੍ਹੇ ਦੇ ਕੇਸਰੀ ਅਤੇ ਸ਼ਾਹਜ਼ਾਦਪੁਰ ਦੇ ਪਰਗਨਿਆਂ ਨੂੰ ਜਿਤ ਕੇ ਆਪਣੀ ਰਿਆਸਤ ਕਾਇਮ ਕੀਤੀ ਅਤੇ ਸ਼ਾਹਜ਼ਾਦਪੁਰ ਨੂੰ ਆਪਣਾ ਸਦਰ ਮੁਕਾਮ ਬਣਾਇਆ, ਪਰ ਰਹਿੰਦਾ ਉਹ ਅਧਿਕਤਰ ਤਲਵੰਡੀ ਸਾਬੋ ਵਿਚ ਹੀ ਸੀ। ਉਸ ਨੇ ਸੰਨ 1773 ਈ. ਵਿਚ ਯਮੁਨਾ ਪਾਰ ਕਰਕੇ ਜ਼ਾਬਿਤਾ ਖ਼ਾਨ ਰੁਹੇਲੇ ਦਾ ਬਹੁਤ ਸਾਰਾ ਇਲਾਕਾ ਲੁਟਿਆ ਅਤੇ ਸਹਾਰਨਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਉਤੇ ਕਬਜ਼ਾ ਕੀਤਾ।
ਸੰਨ 1784 ਈ. ਵਿਚ ਕਰਮ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਲੜਕਾ ਗੁਲਾਬ ਸਿੰਘ ਮਿਸਲਦਾਰ ਬਣਿਆ। ਬਹੁਤ ਕਮਜ਼ੋਰ ਮਿਸਲਦਾਰ ਹੋਣ ਕਰਕੇ ਯਮੁਨਾ ਪਾਰ ਦਾ ਇਲਾਕਾ ਇਸ ਤੋਂ ਖੁਸ ਗਿਆ। ਸੰਨ 1809 ਈ. ਵਿਚ ਸਤਲੁਜ ਪਾਰ ਦੀਆਂ ਰਿਆਸਤਾਂ ਦੁਆਰਾ ਅੰਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਕਰਨ ਨਾਲ ਇਸ ਮਿਸਲ ਦਾ ਵਜੂਦ ਖ਼ਤਮ ਹੋ ਗਿਆ। ਸੰਨ 1844 ਈ. ਵਿਚ ਗੁਲਾਬ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਪੁੱਤਰ ਸ਼ਿਵ ਕ੍ਰਿਪਾਲ ਸਿੰਘ ਆਪਣੀ ਜਾਗੀਰ ਦਾ ਸੁਆਮੀ ਬਣਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First