ਸ਼ਾਂਤ ਮਹਾਂਸਾਗਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Pacific ocean (ਪਅਸਿਫਿਕ ਅਉਸ਼ਅਨ) ਸ਼ਾਂਤ ਮਹਾਂਸਾਗਰ: ਵਿਸ਼ਵ ਦਾ ਸਭ ਤੋਂ ਵੱਡਾ ਸਮੁੰਦਰ ਜਿਸ ਨੇ ਧਰਾਤਲੀ ਸਤ੍ਹਾ ਦਾ ਇਕ-ਤਿਹਾਈ ਰਕਬਾ ਘੇਰਿਆ ਹੋਇਆ ਹੈ ਜਿਥੇ ਦੁਨੀਆ ਦਾ ਅੱਧਾ ਪਾਣੀ ਜਮ੍ਹਾ ਹੈ। ਇਹ ਏਸ਼ੀਆ, ਦੋਨੋਂ ਅਮਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਸਥਿਤ ਹੈ ਜੋ ਆਰਕਟਿਕ ਸਾਗਰ ਨਾਲ ਇਕ ਤੰਗ ਰਸਤੇ ਬੈਰਿੰਗ ਸਟ੍ਰੇਟ ਦੁਆਰਾ ਮਿਲਿਆ ਹੋਇਆ ਹੈ ਅਤੇ ਦੱਖਣ ਵਿਚ ਐਨਟਾਰਕਟਿਕ ਮਹਾਂਦੀਪ ਨਾਲ ਘਿਰਿਆ ਹੋਇਆ ਹੈ। ਇਸ ਦਾ ਖੇਤਰਫਲ ਲਗਪਗ 11.1 ਕਰੋੜ ਵਰਗ ਕਿਲੋਮੀਟਰ ਹੈ। ਪਰਬਤੀ ਸ਼੍ਰਿੰਖਲਾਵਾਂ ਨਾਲ ਘਿਰਿਆ ਹੋਇਆ ਹੈ ਜਿਥੇ ਅਨੇਕਾਂ ਜਵਾਲਾਮੁਖੀ ਪਾਏ ਜਾਂਦੇ ਹਨ ਜਿਨ੍ਹਾਂ ਦੀਆਂ ਤਿਖੀਆਂ ਢਲਾਣਾਂ ਜਿਵੇਂ ਮਾਰੀਨਾ ਟਰੈਂਚ ਵਰਗੀਆਂ ਲਗਪਗ 12,600 ਮੀਟਰ ਗਹਿਰੀਆਂ ਹਨ ਅਤੇ ਸਮੁੰਦਰ ਦੀ ਔਸਤਨ ਗਹਿਰਾਈ ਤਕਰੀਬਨ 4183 ਮੀਟਰ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸ਼ਾਂਤ ਮਹਾਂਸਾਗਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸ਼ਾਂਤ ਮਹਾਂਸਾਗਰ : ਸੰਸਾਰ ਦੇ ਤਿੰਨਾਂ ਮਹਾਂਸਾਗਰਾਂ ਵਿਚੋਂ ਸੱਭ ਤੋਂ ਵੱਡਾ ਮਹਾਂਸਾਗਰ ਹੈ ਜਿਸਨੇ ਪ੍ਰਿਥਵੀ ਦੀ ਧਰਾਤਲ ਦਾ ਕੋਈ 35 ਪ੍ਰਤੀਸ਼ਤ ਹਿੱਸਾ ਰੋਕਿਆ ਹੋਇਆ ਹੈ। ਇਹ ਅੰਟਾਰਕਟਿਕ ਮਹਾਂਦੀਪ ਤੋਂ ਉੱਤਰ ਵਲ ਨੂੰ ਉੱਤਰੀ ਤੇ ਦੱਖਣੀ ਅਮਰੀਕਾ ਦੇ ਪੱਛਮ ਵਲ ਅਤੇ ਏਸ਼ੀਆ ਤੇ ਆਸਟ੍ਰੇਲੀਆ ਦੇ ਪੂਰਵ ਵਲ; ਅੰਟਾਰਕਟਿਕ ਦੇ ਤੱਟ ਤੋਂ ਬੇਰਿੰਗ ਸਟ੍ਰੇਟ ਤੀਕ 8350 ਨਾਉਟੀਕਲ ਮੀਲ (15,500 ਕਿ. ਮੀ.) ਦੀ ਲੰਬਾਈ ਅਤੇ ਦੱਖਣੀ ਅਮਰੀਕਾ ਵਿਚ ਕੋਲੰਬੀਆ ਤੋਂ ਲੈ ਕੇ ਏਸ਼ੀਆ ਵਿਚ ਮਲਾਇਆ ਪ੍ਰਾਇਦੀਪ ਤਕ 11,500 ਨਾਓਟੀਕਲ ਮੀਲ ਦੀ ਚੌੜਾਈ ਵਿਚ ਫੈਲਿਆ ਹੋਇਆ ਹੈ। ਇਹ ਦੂਜੇ ਵੰਡੇ ਅੰਧ ਮਹਾਂਸਾਗਰ ਤੋਂ ਖੇਤਰਫਲ ਅਤੇ ਪਾਣੀ ਦੇ ਆਕਾਰ ਵਿਚ ਲਗਭਗ ਦੁੱਗਣਾ ਹੈ। ਬਿਨਾ ਸੀਮਾ ਤੱਟ ਸਾਗਰਾਂ ਤੋਂ ਇਸਦਾ ਖੇਤਰਫਲ 166,000,000 ਵ. ਕਿ. ਮੀ. (64,000,000 ਵ. ਮੀਲ) ਦੇ ਲਗਭਗ ਹੈ ਅਤੇ ਇਸ ਦੀ ਔਸਤ ਡੂੰਘਾਈ 4280 ਮੀ. (140,50 ਫੁੱਟ) ਹੈ। ਸ਼ਾਂਤ ਮਹਾਂਸਾਗਰ ਦੀ ਵੱਧ ਤੋਂ ਵੱਧ ਡੂੰਘਾਣ ਫਿਲਪਾਈਨ ਦੇ ਨੇੜੇ ਮੇਰੀਅਨ ਟ੍ਰੇਂਚ (Mariana Trench) ਦੀ ਹੈ ਜੋ 11,033 ਮੀ. (36,198 ਫੁੱਟ) ਡੂੰਘੀ ਹੈ। ਉੱਤਰੀ ਅਰਧ ਗੋਲੇ ਵਿਚ ਸ਼ਾਂਤ ਮਹਾਂਸਾਗਰ ਦਾ ਪਾਣੀ ਤੰਗ ਜਿਹੀ (55 ਨਾਉਟੀਕਲ ਮੀਲ) ਬੇਰਿੰਗ ਖਾੜੀ ਰਾਹੀਂ ਆਰਕਟਿਕ ਸਾਗਰ ਦੇ ਨਾਲ ਮਿਲਦਾ ਹੈ। ਦੱਖਣੀ ਅਰਧ ਗੋਲੇ ਵਿਚ ਸ਼ਾਂਤ ਮਹਾਂਸਾਗਰ ਅਤੇ ਅੰਧ ਮਹਾਂਸਾਗਰ ਦਾ ਪਾਣੀ ਦੱਖਣੀ ਅਮਰੀਕਾ ਤੇ ਅੰਟਾਰਕਟਿਕ ਵਿਚਕਾਰਲੇ ਸੌੜੇ ਜਿਹੇ ਡਰੇਕ ਪੈਸੇਜ (Drake Passage) ਰਾਹੀਂ ਆਪਸ ਵਿਚ ਮਿਲਦਾ ਹੈ ਜਦੋਂ ਕਿ ਸ਼ਾਂਤ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਦਾ ਵਖਰੇਵਾਂ ਬਹੁਤਾ ਸਪਸ਼ਟ ਨਹੀਂ ਹੈ ਸਿਰਫ ਜਾਘ, ਸਮਾਰਟਾ ਦੇ ਟਾਪੂਆਂ ਨੂੰ ਤਸਮਾਨੀਆ ਤੇ ਬਾਸ ਸਟ੍ਰੇਟ ਨੂੰ ਮਿਲਾਉਣ ਵਾਲੀ ਰੇਖਾ ਹੀ ਕੁਝ ਵਖਰੇਵਾਂ ਦਰਸਾਉਂਦੀ ਹੈ।
ਸਾਰੀ ਪ੍ਰਿਥਵੀ ਦੇ ਥਲੀ ਜਲ-ਪ੍ਰਵਾਹ ਦਾ ਸੱਤਵਾਂ ਹਿੱਸਾ ਸ਼ਾਂਤ ਮਹਾਂਸਾਗਰ ਵਿਚ ਜਾਂਦਾ ਹੈ। ਚੀਨ ਅਤੇ ਦੱਖਣ ਪੂਰਬੀ ਏਸ਼ੀਆ ਦੇ ਮਹੱਤਵਪੂਰਨ ਦਰਿਆ ਇਸੇ ਵਿਚ ਡਿਗਦੇ ਹਨ। ਸ਼ਾਂਤ ਮਹਾਂਸਾਗਰ ਦੀ ਪੂਰਬੀ ਹੱਦ ਦਾ ਸਬੰਧ ਅਮਰੀਕਨ ਕਾਰਡੀਲੇਰਾ ਪਰਬਤ ਸਿਸਟਮ ਨਾਲ ਹੈ ਜਿਹੜਾ ਅਲਾਸਕਾ ਤੋਂ ਲੈ ਕੇ ਦੱਖਣ ਤਕ ਇਸਦੇ ਨਾਲ ਨਾਲ ਚਲਦਾ ਹੈ। ਇਸਦੀ ਪੱਛਮੀ ਹੱਦ ਇਸ ਦੇ ਉਲਟ ਹੈ ਭਾਵੇਂ ਪੱਛਮੀ ਤੱਟ ਨਾਲ ਵੀ ਪਹਾੜ ਤਾਂ ਹਨ ਪਰ ਬੜੇ ਅਨ-ਨਿਯਮਤ ਢੰਗ ਨਾਲ ਹਨ। ਪੱਛਮੀ ਤੱਟ ਨਾਲ ਵਧੇਰੇ ਕਰਕੇ ਸੀਮਾ ਤੱਟੀ ਸਾਗਰ ਪਾਏ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no
ਸ਼ਾਂਤ ਮਹਾਂਸਾਗਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸ਼ਾਂਤ ਮਹਾਂਸਾਗਰ : ਸ਼ਾਂਤ ਮਹਾਂਸਾਗਰ (Pacific Ocean) ਸੰਸਾਰ ਦਾ ਸਭ ਤੋਂ ਵੱਡਾ, ਸਭ ਤੋਂ ਡੂੰਘਾ, ਅਤੇ ਸਭ ਤੋਂ ਪੁਰਾਣਾ ਮਹਾਂਸਾਗਰ ਹੈ। ਇਸ ਮਹਾਂ ਸਾਗਰ ਦਾ ਕੁੱਲ ਖੇਤਰਫਲ 15.55 ਕਰੋੜ ਵਰਗ ਕਿਲੋਮੀਟਰ ਹੈ। ਇਹ ਧਰਤੀ ਦੇ ਕੁੱਲ ਖੇਤਰਫਲ ਦੇ ਲਗਪਗ 1/3 ਭਾਗ ਦੇ ਬਰਾਬਰ ਹੈ ਅਤੇ ਦੁਨੀਆ ਦੇ ਬਾਕੀ ਵੱਡੇ ਮਹਾਂਸਾਗਰਾਂ, ਜਿਵੇਂ ਕਿ ਅੰਧ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਦੇ ਸਾਂਝੇ ਖੇਤਰਫਲ ਨਾਲੋਂ ਵੀ ਜ਼ਿਆਦਾ ਹੈ। ਸ਼ਾਂਤ ਮਹਾਂਸਾਗਰ ਵਿੱਚ ਲਗਪਗ 30,000 ਛੋਟੇ-ਵੱਡੇ ਟਾਪੂ ਹਨ।
ਇਸ ਮਹਾਂਸਾਗਰ ਦੀ ਭੂਗੋਲਿਕ ਸਥਿਤੀ ਵੀ ਇਸ ਦੀ ਵਿਸ਼ਾਲਤਾ ਦਾ ਪ੍ਰਤੱਖ ਸਬੂਤ ਹੈ, ਕਿਉਂਕਿ ਇਸ ਦੀਆਂ ਸੀਮਾਵਾਂ ਪੱਛਮ ਵੱਲ ਏਸ਼ੀਆ ਅਤੇ ਆਸਟ੍ਰੇਲੀਆ ਮਹਾਂਦੀਪ ਨਾਲ, ਪੂਰਬ ਵੱਲ ਉੱਤਰੀ ਅਤੇ ਦੱਖਣੀ ਅਮਰੀਕਾ ਨਾਲ, ਧੁਰ ਉੱਤਰ ਵੱਲ ਬੇਰਿੰਗ ਜਲ-ਡਮਰੂ ਨਾਲ ਅਤੇ ਧੁਰ ਦੱਖਣ ਤੱਕ ਐਂਟਾਰਕਟਿਕਾ ਮਹਾਂਦੀਪ ਨੇੜੇ ਜਾ ਲੱਗਦੀਆਂ ਹਨ। ਅੰਤਰਰਾਸ਼ਟਰੀ ਹਾਈਡਰੋਗਰਾਫਿਕ ਸੰਸਥਾ (International Hydrographic Organisation) ਨੇ ਸੰਨ 2000 ਵਿੱਚ 60° ਦੱਖਣੀ ਅਕਸ਼ਾਂਸ਼ ਰੇਖਾ ਨੂੰ ਇਸ ਦੀ ਦੱਖਣੀ ਸੀਮਾ ਮੰਨਣ ਦਾ ਫ਼ੈਸਲਾ ਕੀਤਾ ਹੈ। ਮੋਟੇ ਤੌਰ ’ਤੇ, ਦੱਖਣ-ਪੂਰਬ ਵੱਲ ਡਰੇਕ ਪੈਸੇਜ (Drake Passage) ਨੇੜੇ 68° ਪੱਛਮੀ ਦੇਸ਼ਾਂਤਰ ਰੇਖਾ ਇਸ ਮਹਾਂਸਾਗਰ ਨੂੰ ਅੰਧ ਮਹਾਂਸਾਗਰ (Atlantic Ocean) ਤੋਂ ਵੱਖ ਕਰਦੀ ਹੈ।
ਭੂਮਧ-ਰੇਖਾ ਨੇੜੇ ਇਹ ਮਹਾਂਸਾਗਰ 25,600 ਕਿਲੋਮੀਟਰ ਚੌੜਾ ਹੈ। ਇਸ ਮਹਾਂਸਾਗਰ ਦੀ ਔਸਤ ਡੂੰਘਾਈ 4,280 ਮੀਟਰ ਹੈ, ਪਰੰਤੂ ਸੰਸਾਰ ਦਾ ਸਭ ਤੋਂ ਡੂੰਘਾ ਸਥਾਨ ਮੈਰੀਆਨਾ ਟਰੈਂਚ (Mariana Trench) ਜੋ ਕਿ 11,340 ਮੀਟਰ ਡੂੰਘਾ ਹੈ, ਉਹ ਵੀ ਇਸੇ ਮਹਾਂਸਾਗਰ ਵਿੱਚ ਸਥਿਤ ਹੈ। ਇਸ ਦੀ ਡੂੰਘਾਈ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਧਰਤੀ ਦਾ ਸਭ ਤੋਂ ਉੱਚਾ ਸਥਾਨ, ਭਾਵ ਮਾਊਂਟ ਐਵਰਸਟ ਚੋਟੀ ਨੂੰ ਜੇਕਰ ਇਸ ਮਹਾਂਸਾਗਰ ਵਿੱਚ ਡੋਬਿਆ ਜਾਵੇ ਤਾਂ ਵੀ ਉਸ ਉੱਪਰ 2,492 ਮੀਟਰ ਪਾਣੀ ਦੀ ਤਹਿ ਹੋਰ ਹੋਵੇਗੀ। ਇਹ ਅਨੁਮਾਨ ਲਗਾਇਆ ਜਾਂਦਾ ਕਿ ਇਸ ਮਹਾਂਸਾਗਰ ਵਿੱਚ 70.7 ਕਰੋੜ ਕਿਊਬਿਕ ਕਿਲੋਮੀਟਰ ਜਲ ਭੰਡਾਰ ਹੈ, ਜੋ ਧਰਤੀ ਦੇ ਕੁੱਲ ਜਲ-ਭੰਡਾਰ ਦਾ ਲਗਪਗ 50 ਪ੍ਰਤਿਸ਼ਤ ਹਿੱਸਾ ਬਣਦਾ ਹੈ। ਇਸ ਮਹਾਂਸਾਗਰ ਦੀ ਤਟ ਰੇਖਾ (Coast line) ਦੀ ਲੰਬਾਈ 135,663 ਕਿਲੋਮੀਟਰ ਹੈ।
ਇਸ ਮਹਾਂਸਾਗਰ ਦਾ ਨਾਂ ਸ਼ਾਂਤ ਮਹਾਂਸਾਗਰ, ਇੱਕ ਵਿਸ਼ਵ-ਪ੍ਰਸਿੱਧ ਅੰਗਰੇਜ਼ ਸਮੁੰਦਰੀ ਯਾਤਰੀ (Navigator) ਫਰਡੀਨੈਂਡ ਮੈਗੇਲਨ (Ferdinand Magellan) ਨੇ ਸੰਨ 1520 ਵਿੱਚ ਰੱਖਿਆ ਸੀ। ਸ਼ਬਦ ‘Pacific’ ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘Peaceful’ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸ਼ਾਂਤ, ਅਰਥਾਤ ਇਹ ਮਹਾਂਸਾਗਰ ਸ਼ਾਂਤ ਜਲ ਵਾਲਾ ਮਹਾਂਸਾਗਰ ਹੈ, ਕਿਉਂਕਿ ਖ਼ੁਸ਼ਕਿਸਮਤੀ ਨਾਲ ਮੈਗੇਲਨ ਦੇ ਜਹਾਜ਼ਾਂ ਨੂੰ ਇਸ ਮਹਾਂਸਾਗਰ ਦੀ ਯਾਤਰਾ ਦੌਰਾਨ ਕਿਸੇ ਵੀ ਕਿਸਮ ਤੇ ਖ਼ਤਰਨਾਕ ਸਮੁੰਦਰੀ ਤੁਫ਼ਾਨ ਜਾਂ ਜਵਾਰੀ ਤਰੰਗਾਂ ਦਾ ਸਾਮ੍ਹਣਾ ਨਹੀਂ ਸੀ ਕਰਨਾ ਪਿਆ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਸ ਮਹਾਂਸਾਗਰ ਵਿੱਚ ਵੀ ਦੂਜੇ ਮਹਾਂਸਾਗਰ ਵਾਂਗ ਖ਼ਤਰਨਾਕ ਸਮੁੰਦਰੀ ਤੁਫ਼ਾਨ, ਜਿਵੇਂ ਕਿ ਹਰੀਕੇਨ (Hurricane) ਅਤੇ ਟਾਰਨੈਡੋ (Tornado) ਹਰ ਸਾਲ ਆਪਣਾ ਵਿਨਾਸ਼ਕਾਰੀ ਪ੍ਰਭਾਵ ਛੱਡਦੇ ਹਨ।
ਭੂ-ਗਰਭਿਕ ਵਿਗਿਆਨੀਆਂ (Geologists) ਅਨੁਸਾਰ, ਇਸ ਮਹਾਂਸਾਗਰ ਦੀਆਂ ਤਲੀ ਚਟਾਨਾਂ (Bed Rocks) ਦੀ ਉਮਰ ਕੋਈ 20 ਕਰੋੜ ਸਾਲਾਂ ਤੋਂ ਵੀ ਵੱਧ ਹੈ। ਸੰਨ 1879 ਵਿੱਚ ਇੱਕ ਬਰਤਾਨਵੀ ਵਿਗਿਆਨੀ ਨੇ ਸ਼ਾਂਤ ਮਹਾਂਸਾਗਰ ਦੇ ਜਨਮ ਸੰਬੰਧੀ ਇੱਕ ਵਿਵਾਦਗ੍ਰਸਤ ਧਾਰਨਾ ਪੇਸ਼ ਕੀਤੀ। ਇਸ ਧਾਰਨਾ ਅਨੁਸਾਰ ਇੱਕ ਬਹੁਤ ਵੱਡਾ ਭੂਖੰਡ ਧਰਤੀ ਨਾਲੋਂ ਟੁੱਟ ਕੇ ਵੱਖ ਹੋ ਗਿਆ, ਅਤੇ ਚੰਨ ਦੇ ਰੂਪ ਵਿੱਚ ਧਰਤੀ ਦੁਆਲੇ ਉਪਗ੍ਰਹਿ ਬਣ ਕੇ ਘੁੰਮਣ ਲੱਗਾ। ਇਸ ਭੂਖੰਡ ਦੇ ਟੁੱਟਣ ਨਾਲ ਧਰਤੀ ਉੱਪਰ ਇੱਕ ਬਹੁਤ ਵੱਡਾ ਟੋਆ (Depression) ਪੈਦਾ ਹੋ ਗਿਆ। ਇਸ ਵਿੱਚ ਜਲ ਭਰਨ ਤੋਂ ਬਾਅਦ ਜਿਸ ਮਹਾਂਸਾਗਰ ਦਾ ਜਨਮ ਹੋਇਆ, ਉਹ ਅਸਲ ਵਿੱਚ ਸ਼ਾਂਤ ਮਹਾਂਸਾਗਰ ਹੀ ਹੈ, ਪਰੰਤੂ ਇਸ ਧਾਰਨਾ ਨੂੰ ਵਿਆਪਕ ਮਾਨਤਾ ਪ੍ਰਾਪਤ ਨਹੀਂ ਹੋਈ।
ਸ਼ਾਂਤ ਮਹਾਂਸਾਗਰ ਦਾ ਉੱਤਰੀ ਭਾਗ ਬਾਕੀ ਭਾਗਾਂ ਨਾਲੋਂ ਸਭ ਤੋਂ ਵੱਧ ਡੂੰਘਾ ਹੈ, ਜਿਸ ਦੀ ਔਸਤ ਡੂੰਘਾਈ 5,000 ਤੋਂ 6,000 ਮੀਟਰ ਵਿਚਕਾਰ ਹੈ। ਸ਼ਾਂਤ ਮਹਾਂਸਾਗਰ ਦੇ ਮੱਧ ਭਾਗਾਂ ਦਾ ਧਰਾਤਲ ਜ਼ਿਆਦਾਤਰ ਉੱਚਾ-ਨੀਵਾਂ (Rugged) ਹੈ। ਜਵਾਲਾਮੁਖੀ ਟਾਪੂ ਅਤੇ ਨੀਵੇਂ ਮੂੰਗਾ ਟਾਪੂ (Coral Islands), ਜਿਵੇਂ ਕਿ ਹਵਾਈ (Hawaiian Islands), ਮਾਰਸ਼ਲ (Marshall), ਟੁਵੈਲੂ (Tuvalu), ਕੁੱਕ (Cook), ਫਿਜੀ (Fiji), ਨਾਸਾਓ (Nausau), ਜੋਨਸਟਨ (Johnston), ਕਿੰਗਮੈਨ ਰੀਫ (Kingman Reef), ਮਿਡਵੇ ਅਤੇ ਪਾਲਮੀਰਾ (Palmira Island) ਟਾਪੂ ਇਸ ਮਹਾਂਸਾਗਰ ਦੇ ਮੱਧ ਵਿੱਚ ਸਥਿਤ ਹਨ। ਇਸ ਮਹਾਂਸਾਗਰ ਦੇ ਦੱਖਣੀ-ਪੱਛਮੀ ਭਾਗਾਂ ਵਿੱਚ ਫਿਲਪਾਈਨਜ (Philippiness), ਇੰਡੋਨੇਸ਼ੀਆ (Indonesia), ਨਿਊਜ਼ੀਲੈਂਡ (New Zealand), ਨਿਊ ਗਿਨੀ (New Guinea) ਵਰਗੇ ਕਾਫ਼ੀ ਵੱਡੇ ਟਾਪੂ ਵੀ ਹਨ। ਸ਼ਾਂਤ ਮਹਾਂਸਾਗਰ ਦੇ ਮੱਧ ਅਤੇ ਦੱਖਣੀ ਭਾਗਾਂ ਵਿੱਚ ਖਿੰਡੇ ਹੋਏ ਲਗਪਗ 10,000 ਟਾਪੂਆਂ ਦੇ ਸਮੂਹ ਨੂੰ ਸਾਂਝੇ ਰੂਪ ਵਿੱਚ ਓਸ਼ਨੀਆਂ (Oceania) ਕਿਹਾ ਜਾਂਦਾ ਹੈ।
ਅੰਤਰਰਾਸ਼ਟਰੀ ਮਿਤੀ ਰੇਖਾ (International Date line) ਵੀ ਸ਼ਾਂਤ ਮਹਾਂਸਾਗਰ ਵਿੱਚੋਂ ਦੀ ਲੰਘਦੀ ਹੈ। ਇਸ ਦੇ ਪੱਛਮੀ ਮਹਾਂਦੀਪੀ ਕੰਢਿਆਂ ਨਾਲ ਦੱਖਣੀ ਚੀਨੀ ਸਾਗਰ, ਸੁਲੂ (Sulu) ਸਾਗਰ, ਕੋਰਲ ਸਾਗਰ (Coral Sea), ਤਾਸਮਾਨ ਸਾਗਰ (Tasman Sea), ਫਿਲਪਾਈਨੀ ਸਾਗਰ (Philippines Sea) ਆਦਿ ਛਿਛਲੇ ਸਾਗਰ ਹਨ। ਇਸ ਤੋਂ ਇਲਾਵਾ, ਅਨੇਕਾਂ ਡੂੰਘੀਆਂ ਖਾਈਆਂ (Trenches), ਜਿਵੇਂ ਕਿ ਫਿਲਪਾਈਨੀ ਖਾਈ (Philippiness Trench), ਬੋਨਿਨ (Bonin) ਖਾਈ, ਸਾਲਮਨ ਖਾਈ (Salman Trench), ਟਾਂਗਾ ਖਾਈ (Tonga Trench) ਵੀ ਇਸ ਦੇ ਪੱਛਮੀ ਭਾਗਾਂ ਵਿੱਚ ਪਾਈਆਂ ਜਾਂਦੀਆਂ ਹਨ।
ਸ਼ਾਂਤ ਮਹਾਂਸਾਗਰ ਨੇ ਆਪਣੀ ਵਿਸ਼ੇਸ਼ ਜੁਗਰਾਫ਼ਿਕ ਸਥਿਤੀ ਦੇ ਸਦਕਾ ਪੱਛਮੀ ਅਤੇ ਪੂਰਬੀ ਸੰਸਾਰ ਦੀ ਆਰਥਿਕਤਾ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਮਹਾਂਸਾਗਰ ਵਿੱਚ ਵਿਸ਼ਾਲ ਮੱਛੀ ਬੈਂਕ, ਕੁਦਰਤੀ ਗੈਸ ਅਤੇ ਤੇਲ ਦੇ ਵਿਸ਼ਾਲ ਭੰਡਾਰ, ਤਾਂਬਾ, ਨਿੱਕਲ, ਕੋਬਾਲਟ, ਮੈਗਨੀਜ਼, ਆਦਿ ਖਣਿਜ ਪਾਏ ਜਾਂਦੇ ਹਨ। ਇਹਨਾਂ ਕੁਦਰਤੀ ਸੁਗਾਤਾਂ ਨੇ ਯੂ.ਐੱਸ.ਏ., ਮੈਕਸੀਕੋ, ਪੀਰੂ, ਚਿੱਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਚੀਨ, ਜਪਾਨ, ਫਿਲਪਾਈਨ, ਆਦਿ ਦੇਸਾਂ ਦੀ ਅਰਥ-ਵਿਵਸਥਾ (Economy) ਨੂੰ ਮਾਲੋ-ਮਾਲ ਕੀਤਾ ਹੋਇਆ ਹੈ। ਸੰਸਾਰ ਦੀ ਲਗਪਗ 60 ਪ੍ਰਤਿਸ਼ਤ ਮੱਛੀ ਸ਼ਾਂਤ ਮਹਾਂਸਾਗਰ ਤੋਂ ਹੀ ਪ੍ਰਾਪਤ ਹੁੰਦੀ ਹੈ।
ਸੰਸਾਰ ਪ੍ਰਸਿੱਧ ਬੰਦਰਗਾਹਾਂ, ਜਿਵੇਂ ਕਿ ਲਾਸ ਏਂਜਲਸ (Log Angeles) ਸਨਫਰਾਂਸਿਸਕੋ (San Francisco), ਸੀਐਟਲ (Seattle) ਯੂ.ਐੱਸ.ਏ. ਵਿੱਚ, ਹਾਂਗਕਾਂਗ (Hong kong), ਸ਼ੰਘਾਈ (Shanghai) ਚੀਨ ਵਿੱਚ, ਯੋਕੋਹਾਮਾ (Yokohama) ਜਪਾਨ ਵਿੱਚ, ਵਲਿੰਗਟਨ (Wellington) ਨਿਊਜ਼ੀਲੈਂਡ ਵਿੱਚ, ਸਿਡਨੀ (Sydeny) ਆਸਟ੍ਰੇਲੀਆ ਵਿੱਚ, ਬੈਂਕਾਕ (Bangkok) ਥਾਈਲੈਂਡ ਵਿੱਚ, ਪੁਸਾਨ (Pusan) ਦੱਖਣੀ ਕੋਰੀਆ ਵਿੱਚ, ਆਦਿ ਸ਼ਾਂਤ ਮਹਾਂਸਾਗਰ ਦੇ ਕੰਢਿਆਂ ਉੱਤੇ ਹੀ ਸਥਿਤ ਹਨ। ਬੇਰਿੰਗ ਜਲ-ਡਮਰੂ ਅਤੇ ਪਨਾਮਾ ਜਹਾਜ਼ਾਂ ਲਈ ਸ਼ਾਂਤ ਮਹਾਂਸਾਗਰ ਵਿੱਚ ਪ੍ਰਵੇਸ਼ ਕਰਨ ਲਈ ਤੰਗ-ਲਾਂਘੇ (Narrow Corridors) ਹਨ।
ਵਰਤਮਾਨ ਸਮੇਂ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੀ ਸਭ ਤੋਂ ਵੱਡੀ ਸਮੱਸਿਆ ਫਿਲਪਾਈਨੀ ਸਾਗਰ ਅਤੇ ਦੱਖਣੀ ਚੀਨੀ ਸਾਗਰ ਵਿੱਚ ਤੇਲ ਢੋਣ ਵਾਲੇ ਜਹਾਜ਼ਾਂ ਤੋਂ ਤੇਲ ਦੇ ਰਿਸਣ (Oil leakage) ਕਾਰਨ ਵੱਧ ਰਿਹਾ ਪ੍ਰਦੂਸ਼ਣ ਹੈ। ਇਸ ਕਰਕੇ ਸ਼ਾਂਤ ਮਹਾਂਸਾਗਰ ਦੇ ਬਹੁਤ ਸਾਰੇ ਜੀਵ (Species), ਜਿਵੇਂ ਕਿ ਸੀ ਲਾਇਨ (Sea lion), ਡਿਊਜੌਂਗ (Duzong), ਸੀ ਓਟਰ (Sea Otter), ਸੀਲ (Seals) ਕੁੱਛੂਕੁੰਮੇ (Turtles) ਅਤੇ ਵੇਲ (Whale) ਮੱਛੀਆਂ ਆਦਿ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਗਿਆ ਹੈ।
ਉੱਤਰੀ ਅਮਰੀਕਾ ਦੇ ਅਲਾਸਕਾ (Alaska Island) ਟਾਪੂ, ਕੇਂਦਰੀ ਅਮਰੀਕਾ ਦਾ ਗੁਆਟੇਮਾਲਾ (Guatemala) ਦੇਸ, ਦੱਖਣੀ ਅਮਰੀਕਾ ਦੇ ਐਂਡੀਜ਼ ਪਰਬਤ (Andes Mountains) ਦੇ ਉੱਤਰੀ ਅਤੇ ਦੱਖਣੀ ਭਾਗ, ਜੋ ਸ਼ਾਂਤ ਮਹਾਂਸਾਗਰ ਦੇ ਕਿਨਾਰਿਆਂ ਉੱਤੇ ਸਥਿਤ ਹਨ, ਨੂੰ ਸ਼ਾਂਤ ਮਹਾਂਸਾਗਰ ਦਾ ਅਗਨੀ ਚੱਕਰ (Paccific Ring of Fire) ਕਿਹਾ ਜਾਂਦਾ ਹੈ। ਇਹ ਵਿਸ਼ਵ ਦੇ 80 ਪ੍ਰਤਿਸ਼ਤ ਕਿਰਿਆਸ਼ੀਲ ਜਵਾਲਾਮੁਖੀ (Active Volcanoes) ਅਤੇ 60 ਪ੍ਰਤਿਸ਼ਤ ਭੁਚਾਲੀ ਖੇਤਰਾਂ ਵਾਲਾ ਸ਼ਾਂਤ ਮਹਾਂਸਾਗਰ ਦਾ ਵਿਲੱਖਣ ਜੁਗਰਾਫ਼ਿਕ ਖਿੱਤਾ ਹੈ।
ਦੱਖਣੀ-ਪੂਰਬੀ ਅਤੇ ਪੂਰਬੀ ਏਸ਼ੀਆ ਵਿੱਚ ਜੂਨ ਅਤੇ ਅਕਤੂਬਰ ਦੇ ਮਹੀਨਿਆਂ ਦੌਰਾਨ ਆਉਣ ਵਾਲੇ ਖ਼ਤਰਨਾਕ ਸਮੁੰਦਰੀ ਤੁਫ਼ਾਨ ‘ਟਾਈਫੂਨ’ (Typhoons), ਯੂ.ਐੱਸ.ਏ. ਮੈਕਸੀਕੋ ਅਤੇ ਕੇਂਦਰੀ ਅਮਰੀਕਾ ਦੇ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਅਗਸਤ-ਸਤੰਬਰ ਵਿੱਚ ਆਉਣ ਵਾਲੇ ਖ਼ਤਰਨਾਕ ਹਰੀਕੇਨਜ਼ (Hurricanes), ਭੂਮਧ-ਰੇਖੀ ਖੇਤਰ ਵਿੱਚ ਚੱਲਣ ਵਾਲੀਆਂ ਐਲ-ਨੀਨੋ (El Nino) ਅਤੇ ਲਾ-ਨੀਨਾ (La Nina) ਧਾਰਾਵਾਂ ਅਤੇ ਦੱਖਣ ਵਿੱਚ ਪੈਣ ਵਾਲੀ ਸਦੀਵੀ ਧੁੰਦ, ਆਦਿ ਸ਼ਾਂਤ ਮਹਾਂਸਾਗਰ ਦੇ ਅਜਿਹੇ ਕਿਰਿਆਸ਼ੀਲ ਕਾਕਰ ਹਨ, ਜਿਨ੍ਹਾਂ ਨੇ ਸਮੁੱਚੀ ਧਰਤੀ ਦੀ ਜਲ-ਵਾਯੂ ਪ੍ਰਨਾਲੀ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕੀਤਾ ਹੋਇਆ ਹੈ।
ਸੰਖੇਪ ਵਿੱਚ, ਸ਼ਾਂਤ ਮਹਾਂਸਾਗਰ ਦੀ ਤਿਕੋਣੀ ਸ਼ਕਲ, ਬਾਕੀ ਮਹਾਂਸਾਗਰਾਂ ਦੇ ਮੁਕਾਬਲੇ ਵਧੇਰੇ ਖੇਤਰਫਲ ਅਤੇ ਡੂੰਘਾਈ, ਜਵਾਲਾਮੁਖੀ ਅਤੇ ਪ੍ਰਵਾਲ ਟਾਪੂਆਂ ਦੀ ਭਰਮਾਰ, ਅਨੇਕਾਂ ਡੂੰਘੀਆਂ ਖਾਈਆਂ, ਜਵਾਲਾਮੁਖੀ ਅਗਨ ਚੱਕਰ, ਮੱਧ ਸਾਗਰੀ ਕਟਕਾਂ ਅਤੇ ਮਹਾਂਦੀਪੀ ਸ਼ੈਲਫਾਂ ਦੀ ਘਾਟ, ਆਦਿ ਪ੍ਰਮੁਖ ਜੁਗਰਾਫ਼ਿਕ ਵਿਸ਼ਸ਼ੇਤਾਈਆਂ ਇਸ ਮਹਾਂਸਾਗਰ ਨੂੰ ਦੂਜੇ ਮਹਾਸਾਗਰਾਂ ਨਾਲੋਂ ਵਿਲੱਖਣਤਾ ਪ੍ਰਦਾਨ ਕਰਦੀਆਂ ਹਨ।
ਲੇਖਕ : ਜਸਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-04-15-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First