ਸ਼ਾਰਟਕੱਟ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Shortcut
ਸ਼ਾਰਟਕੱਟ ਕੁਝ ਅਜਿਹੇ ਆਈਕਾਨ ਹਨ ਜੋ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਦਰਸਾਉਂਦੇ ਹਨ। ਫਾਈਲਾਂ ਅਤੇ ਫੋਲਡਰਾਂ ਨੂੰ ਵੱਖ-ਵੱਖ ਡਰਾਈਵਜ਼ ਵਿੱਚੋਂ ਲੱਭਣਾ ਬਹੁਤ ਔਖਾ ਕੰਮ ਹੈ। ਇਸ ਨਾਲ ਸਮਾਂ ਬਹੁਤ ਬਰਬਾਦ ਹੁੰਦਾ ਹੈ। ਇਸ ਲਈ ਸ਼ਾਰਟਕੱਟ ਦੀ ਵਰਤੋਂ ਕਾਫ਼ੀ ਸੁਵਿਧਾਜਨਕ ਮੰਨੀ ਗਈ ਹੈ। ਸ਼ਾਰਟਕੱਟ ਉੱਤੇ ਡਬਲ ਕਲਿੱਕ ਕਰਨ ਨਾਲ ਫਾਈਲ ਜਾਂ ਐਪਲੀਕੇਸ਼ਨ ਨੂੰ ਸਿੱਧਾ ਹੀ ਚਲਾਇਆ ਜਾ ਸਕਦਾ ਹੈ। ਕੋਈ ਅਜਿਹੀ ਫਾਈਲ ਜੋ ਤੁਹਾਡੇ ਦੁਆਰਾ ਕਾਫ਼ੀ ਜ਼ਿਆਦਾ ਵਰਤੀ ਜਾਂਦੀ ਹੈ ਅਤੇ ਉਸ ਤੱਕ ਪਹੁੰਚਣ ਲਈ ਬਹੁਤ ਸਾਰੇ ਫੋਲਡਰਾਂ ਨੂੰ ਖੋਲ੍ਹਣਾ ਪੈਂਦਾ ਹੈ ਤਾਂ ਉਸ ਦਾ ਡੈਸਕਟਾਪ ਉੱਤੇ ਸ਼ਾਰਟਕੱਟ ਬਣਾ ਲਓ। ਅਜਿਹਾ ਕਰਨ ਨਾਲ ਤੁਹਾਡਾ ਕੰਮ ਬਹੁਤ ਹੀ ਆਸਾਨ ਹੋ ਜਾਵੇਗਾ।
ਉਦਾਹਰਣ ਵਜੋਂ ਤੁਸੀਂ ਕਿਸੇ ਡਾਕੂਮੈਂਟ ਨੂੰ ਹਰ ਰੋਜ਼ ਵਾਰ-ਵਾਰ ਖੋਲ੍ਹਦੇ ਤੇ ਬੰਦ ਕਰਦੇ ਹੋ ਤਾਂ ਤੁਹਾਨੂੰ ਵਾਰ-ਵਾਰ ਡਾਕੂਮੈਂਟ ਲੱਭਣ ਦੀ ਬਜਾਏ ਉਸ ਦਾ ਸ਼ਾਰਟਕੱਟ ਬਣਾ ਲੈਣਾ ਚਾਹੀਦਾ ਹੈ।
ਸ਼ਾਰਟਕੱਟ ਆਮ ਤੌਰ 'ਤੇ ਡੈਸਕਟਾਪ ਉੱਤੇ ਬਣਾਇਆ ਜਾਂਦਾ ਹੈ ਤੇ ਇਸ ਨੂੰ ਚਾਲੂ ਕਰਨ ਜਾਂ ਖੋਲ੍ਹਣ ਲਈ ਡਬਲ ਕਲਿੱਕ ਕੀਤਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਪ੍ਰਿੰਟਰ ਦਾ ਬਹੁਤ ਜ਼ਿਆਦਾ ਉਪਯੋਗ ਕਰਦੇ ਹੋ ਤਾਂ ਪ੍ਰਿੰਟਰ ਦਾ ਸ਼ਾਰਟਕੱਟ ਬਣਾਇਆ ਜਾ ਸਕਦਾ ਹੈ। ਹੁਣ ਜੇਕਰ ਤੁਸੀਂ ਆਪਣੇ ਡਾਕੂਮੈਂਟ ਦੀ ਛਪਾਈ ਲੈਣਾ ਚਾਹੁੰਦੇ ਹੋ ਤਾਂ ਡਾਕੂਮੈਂਟ ਦੇ ਚਿੰਨ੍ਹ ਨੂੰ ਪ੍ਰਿੰਟਰ ਦੇ ਸ਼ਾਰਟਕੱਟ/ਚਿੰਨ੍ਹ ਵਿੱਚ ਡਰੈਗ ਕਰ ਕੇ ਲੈ ਜਾਵੋ ਤੇ ਫਿਰ ਮਾਊਸ ਦੇ ਬਟਨ ਨੂੰ ਛੱਡ ਦਿਓ, ਇਸ ਨਾਲ ਡਾਕੂਮੈਂਟ ਦੀ ਪ੍ਰਿਟਿੰਗ ਸ਼ੁਰੂ ਹੋ ਜਾਵੇਗੀ।
ਇੱਥੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਸ਼ਾਰਟਕੱਟ ਬਣਾਉਣ ਨਾਲ ਉਸ ਫਾਈਲ ਜਾਂ ਫੋਲਡਰ ਦਾ ਸਥਾਨ ਨਹੀਂ ਬਦਲਦਾ ਸਗੋਂ ਉਸਨੂੰ ਜਲਦੀ ਖੋਲ੍ਹਣ ਦੀ ਸੁਵਿਧਾ ਮਿਲ ਜਾਂਦੀ ਹੈ।
ਜੇਕਰ ਤੁਸੀਂ ਸ਼ਾਰਟਕੱਟ ਬਣਾਉਣਾ ਚਾਹੁੰਦੇ ਹੋ ਤਾਂ ਹੇਠਾਂ ਲਿਖੇ ਕਦਮ ਚੁੱਕੋ:
1. Windows Explorer ਜਾਂ My Computer ਦੀ ਵਿੰਡੋ ਵਿੱਚੋਂ ਉਸ ਫੋਲਡਰ ਜਾਂ ਫਾਈਲ ਦੀ ਚੋਣ ਕਰੋ। ਜਿਸ ਦਾ ਸ਼ਾਰਟਕੱਟ ਬਣਾਉਣਾ ਚਾਹੁੰਦੇ ਹੋ।
2. ਫਾਈਲ ਜਾਂ ਫੋਲਡਰ ਉੱਤੇ ਮਾਊਸ ਦੇ ਸੱਜੇ ਬਟਨ ਨਾਲ ਕਲਿੱਕ ਕਰੋ, ਇਸ ਨਾਲ ਇਕ ਸ਼ਾਰਟਕੱਟ ਮੀਨੂ ਦਿਸੇਗਾ।
3. ਸ਼ਾਰਟਕੱਟ ਮੀਨੂ ਵਿੱਚੋਂ Sent to ਅਤੇ ਫਿਰ Desktop (Create Shortcut) ਆਪਸ਼ਨ ਚੁਣੋ।
ਅਜਿਹਾ ਕਰਨ ਨਾਲ ਡੈਸਕਟਾਪ ਉੱਤੇ ਉਸ ਫਾਈਲ ਜਾਂ ਫੋਲਡਰ ਦਾ ਸ਼ਾਰਟਕੱਟ ਬਣ ਜਾਵੇਗਾ।
ਸ਼ਾਰਟਕੱਟ ਬਣਾਉਣ ਦਾ ਦੂਸਰਾ ਤਰੀਕਾ ਹੈ ਕਿ ਤੁਸੀਂ ਉਸ ਫੋਲਡਰ ਨੂੰ ਖੋਲ੍ਹੋ ਜਿਸ ਵਿਚਲੀ ਫਾਈਲ ਜਾਂ ਫੋਲਡਰ ਦਾ ਸ਼ਾਰਟਕੱਟ ਬਣਾਉਣਾ ਚਾਹੁੰਦੇ ਹੋ। ਹੁਣ ਉਸ ਫਾਈਲ ਜਾਂ ਫੋਲਡਰ ਨੂੰ ਮਾਊਸ ਦੇ ਸੱਜੇ ਬਟਨ ਨਾਲ ਡਰੈਗ ਕਰ ਕੇ ਉਸ ਵਿੰਡੋ ਤੋਂ ਬਾਹਰ ਡੈਸਕਟਾਪ ਉੱਤੇ ਲੈ ਜਾਓ, ਤੇ ਛੱਡ ਦਿਓ। ਇਕ ਸ਼ਾਰਟਕੱਟ ਮੀਨੂ ਆਵੇਗਾ। ਇਸ ਤੋਂ 'Create Shortcut here' ਆਪਸ਼ਨ ਚੁਣੋ।
ਸ਼ਾਰਟਕੱਟ ਦੀ ਪਹਿਚਾਣ ਇਹ ਹੁੰਦੀ ਹੈ ਕਿ ਇਸ ਦੇ ਚਿੰਨ੍ਹ ਦੇ ਥੱਲੇ ਇਕ ਛੋਟੇ ਮੁੜੇ ਹੋਏ ਤੀਰ ਦਾ ਨਿਸ਼ਾਨ ਨਜ਼ਰ ਆਉਂਦਾ ਹੈ। ਕਿਸੇ ਫਾਈਲ ਜਾਂ ਫੋਲਡਰ ਦਾ ਸ਼ਾਰਟਕੱਟ ਤੁਸੀਂ ਡੈਸਕਟਾਪ ਉੱਤੇ ਬਣਾਉਣ ਦੀ ਬਜਾਏ ਕਿਸੇ ਹੋਰ ਫੋਲਡਰ ਵਿੱਚ ਵੀ ਬਣਾ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First