ਸ਼ਿਵ ਕੁਮਾਰ ਬਟਾਲਵੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਿਵ ਕੁਮਾਰ ਬਟਾਲਵੀ (1936–1973) : ਪੰਜਾਬੀ ਦੇ ਇਸ ਚਰਚਿਤ ਸਰੋਦੀ ਕਵੀ ਦਾ ਜਨਮ 23 ਜੁਲਾਈ 1936 ਵਿੱਚ ਬੜਾ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। ਮੁਢਲੀ ਸਿੱਖਿਆ ਉਸ ਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਚੌਥੀ ਜਮਾਤ ਵਿੱਚੋਂ ਵਜ਼ੀਫ਼ਾ ਲੈ ਕੇ ਪੰਜਵੀਂ ਤੇ ਛੇਵੀਂ ਜਮਾਤ ਉਸ ਨੇ ਡੇਰਾ ਬਾਬਾ ਨਾਨਕ ਤੋਂ ਕੀਤੀ ਜਿੱਥੇ ਉਸ ਦੇ ਪਿਤਾ ਨੌਕਰੀ ਕਰਦੇ ਸਨ। 1949 ਵਿੱਚ ਪਿਤਾ ਦੀ ਬਦਲੀ ਬਟਾਲੇ ਹੋ ਗਈ ਤੇ ਇੱਥੇ ਦਸਵੀਂ ਪਾਸ ਕਰ ਕੇ ਬੇਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਐਫ.ਐਸ-ਸੀ. ਵਿੱਚ ਦਾਖ਼ਲਾ ਲਿਆ। ਕਾਲਜ ਜਾ ਕੇ ਭਾਵੇਂ ਉਹ ਉੱਚ-ਸਿੱਖਿਆ ਹਾਸਲ ਕਰਨ ਵਿੱਚ ਤਾਂ ਨਾਕਾਮਯਾਬ ਰਿਹਾ ਪਰ ਕਾਲਜ ਦੇ ਵਿਦਿਆਰਥੀਆਂ ਤੇ ਕਵੀ ਦਰਬਾਰਾਂ ਵਿੱਚ ਸੁਣਾਏ ਉਸ ਦੇ ਗੀਤਾਂ ਦੀ ਸ਼ੁਹਰਤ ਦੂਰ-ਦੂਰ ਤੱਕ ਫ਼ੈਲ ਗਈ।

      36-37 ਸਾਲ ਦੀ ਭਰ ਜੋਬਨ ਰੁੱਤੇ ਆਪਣੀ ਜੀਵਨ ਲੀਲਾ ਮੁਕਾਉਣ ਵਾਲੇ ਇਸ ਸ਼ਾਇਰ ਨੇ ਕਾਵਿ-ਰਚਨਾ ਦਾ ਅਰੰਭ 1960 ਵਿੱਚ ਕੀਤਾ। ਇਸ ਸਮੇਂ ਦੌਰਾਨ ਉਸ ਦੇ ਜੀਵਨ ਵਿੱਚ ਮੀਨਾ ਕੁੜੀ ਆਈ ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਦੇਖ ਕੇ ਉਸਨੂੰ ਇਉਂ ਲੱਗਿਆ ਕਿ ਉਸਨੂੰ ਆਪਣੇ ਸੁਪਨੇ ਦੀ ਕੁੜੀ ਮਿਲ ਗਈ ਹੈ ਪਰ ਉਸ ਦੀ ਮੌਤ ਨੇ ਇਸ ਨੂੰ ਬਿਰਹੋਂ ਦਾ ਕਵੀ ਬਣਾ ਦਿੱਤਾ। ਇਸ ਤੋਂ ਬਾਅਦ ਇੱਕ ਅਮੀਰ ਕੁੜੀ ਉਸ ਨਾਲ ਪ੍ਰੀਤ ਪਾ ਕੇ ਪ੍ਰਦੇਸ਼ ਚਲੀ ਗਈ। ਇਸ ਕੁੜੀ ਦੇ ਵਿਛੋੜੇ ਨੇ ਵੀ ਇਸ ਤੋਂ ਬਹੁਤ ਕੁਝ ਲਿਖਵਾਇਆ। ਪੀੜਾ ਦਾ ਪਰਾਗਾ (1960), ਲਾਜਵੰਤੀ  (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਦਰਦਮੰਦਾਂ ਦੀਆਂ ਆਹੀਂ (1964), ਬਿਰਹਾ ਤੂੰ ਸੁਲਤਾਨ (1964), ਲੂਣਾ (1965), ਮੈਂ ਤੇ ਮੈਨੂੰ (1970), ਆਰਤੀ (1971), ਬਿਰਹੜਾ (1974) ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਆਟੇ ਦੀਆਂ ਚਿੜੀਆਂ ਕਾਵਿ- ਸੰਗ੍ਰਹਿ ਤੇ ਬਟਾਲਵੀ ਨੂੰ ਭਾਸ਼ਾ ਵਿਭਾਗ ਵੱਲੋਂ ਇੱਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ-ਨਾਟ ਲੂਣਾਂ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਲਵਿਦਾ (1974) ਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ (1976) ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਹਨਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ, ਮਰਦ ਦੇ ਅਨਿਆਇ ਦਾ ਸ਼ਿਕਾਰ ਇਸਤਰੀ ਅਤੇ ਮੌਤ ਆਦਿ ਹਨ।

     ਇਸ ਦੇ ਪਹਿਲੇ ਕਾਵਿ-ਸੰਗ੍ਰਹਿ ਪੀੜਾਂ ਦਾ ਪਰਾਗਾ ਦੀਆਂ ਕੁੱਲ 25 ਕਵਿਤਾਵਾਂ ਵਿੱਚੋਂ 15 ਕਵਿਤਾਵਾਂ ਵਿੱਚ ਮੌਤ ਦਾ ਵਰਣਨ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਲ ਕਵਿਤਾ ‘ਕੰਡਿਆਲੀ ਥੋਰ੍ਹ` `ਤੇ ਗੀਤ ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ, ਭੱਠੀ ਵਾਲੀਏ`, ਏਨੇ ਜ਼ਿਆਦਾ ਲੋਕ-ਪ੍ਰਿਆ ਹੋ ਗਏ ਕਿ ਇਹਨਾਂ ਕਵਿਤਾ ਦੇ ਬੋਲਾਂ ਨੇ ਸ਼ਿਵ ਦੇ ਕਲਾ ਭਵਿੱਖ ਦੇ ਰਾਹ ਮੋਕਲੇ ਕਰ ਦਿੱਤੇ। ‘ਕੰਡਿਆਲੀ ਥੋਰ੍ਹ` ਕਵਿਤਾ ਤਾਂ ਇੱਕ ਫ਼ਿਲਮ ਦਾ ਕੇਂਦਰੀ ਗੀਤ ਵੀ ਬਣਾਇਆ ਗਿਆ। ਲਾਜਵੰਤੀ ਕਾਵਿ-ਸੰਗ੍ਰਹਿ ਵਿੱਚ ਕਵੀ ਨੇ ਔਰਤ ਦੇ ਦੁੱਖ ਨੂੰ ਬੜੀ ਸ਼ਿੱਦਤ ਨਾਲ ਪ੍ਰਗਟਾਇਆ। ‘ਸ਼ੀਸ਼ੋ` ਨਾਮੀ ਕਵਿਤਾ ਵਿੱਚ ਇੱਕ ਗ਼ਰੀਬ ਘਰ ਦੀ ਧੀ ਇੱਕ ਅਮੀਰ ਧਨਾਢ ਨਾਲ ਪੈਸਿਆਂ ਬਦਲੇ ਵਿਆਹੇ ਜਾਣ ਤੇ ਉਸਨੂੰ ਦੁੱਖ ਹੁੰਦਾ ਹੈ ਤੇ ਉਹ ਇਸ ਦੁੱਖ ਨਾਲ ਕੁਰਲਾ ਉੱਠਦਾ ਹੈ:

‘ਸ਼ਾਲਾ! ਉਸ ਘਰ ਜੰਮੇ ਨਾ ਕੋਈ ਸ਼ੀਸ਼ੋ

            ਜਿਸ ਘਰ ਹੋਣ ਨਾ ਦਾਣੇ।`

     ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿੱਚ ਉਸ ਨੇ ਗ਼ਮ, ਪੀੜਾ, ਨਿਰਾਸਤਾ ਤੇ ਮੌਤ ਨੂੰ ਪੇਸ਼ ਕੀਤਾ। ਮੈਨੂੰ ਵਿਦਾ ਕਰੋ  ਕਾਵਿ-ਸੰਗ੍ਰਹਿ ਵਿੱਚ ਉਸ ਨੇ ਭਰ ਜਵਾਨੀ ਵਿੱਚ ਆਪਣੀ ਮੌਤ ਬਾਰੇ ਕਵਿਤਾ ਲਿਖੀ। ਭਵਿੱਖਬਾਣੀ ਕਰਦਿਆਂ ‘ਅਸਾਂ ਤਾਂ ਜੋਬਨ ਰੁੱਤੇ ਮਰਨਾ` ਕਵਿਤਾ ਲਿਖੀ। ਬਿਰਹਾ ਤੂੰ ਸੁਲਤਾਨ  ਕਾਵਿ-ਸੰਗ੍ਰਹਿ 1964 ਵਿੱਚ ਛਪਿਆ। ਇਸ ਸੰਗ੍ਰਹਿ ਵਿੱਚ 1964 ਤੱਕ ਛਪੀ ਸਮੁੱਚੀ ਕਾਵਿ-ਰਚਨਾ ਨੂੰ ਇੱਕ ਥਾਂ ਇਕੱਤਰ ਕੀਤਾ ਗਿਆ ਹੈ।

      1965 ਵਿੱਚ ਛਪਿਆ ਉਸ ਦਾ ਕਾਵਿ-ਨਾਟ ਲੂਣਾ ਇੱਕ ਅਜਿਹੀ ਮਹਾਨ ਰਚਨਾ ਹੈ ਜਿਸ ਵਿੱਚ ਉਸ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਉੱਤਰ ਕੇ ਇਸਤਰੀ ਲਈ ਪਾਠਕਾਂ ਦੇ ਮਨ ਵਿੱਚ ਹਮਦਰਦੀ ਦੇ ਭਾਵ ਜਗਾਏ ਹਨ। ਇਸ ਵਿੱਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ ਹੈ। ਕਵੀ ਨੇ ਲਿਖਿਆ ਹੈ:

ਪਿਤਾ ਜੇ ਧੀ ਦਾ ਰੂਪ ਹੰਢਾਏ,

ਤਾਂ ਲੋਕਾਂ ਨੂੰ ਲਾਜ ਨਾ ਆਏ,

ਜੇ ਲੂਣਾ ਪੂਰਨ ਨੂੰ ਚਾਹੇ,

            ਚਰਿਤਰਹੀਣ ਕਹੇ ਕਿਉਂ ਜੀਭ ਜਹਾਨ ਦੀ।

ਇਸ ਰਚਨਾ ਤੇ ਉਸ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਵੀ ਦਿੱਤਾ ਗਿਆ। ਭਾਰਤੀ ਸਾਹਿਤ ਇਤਿਹਾਸ ਵਿੱਚ ਇਹ ਪਹਿਲੀ ਮਿਸਾਲ ਸੀ ਕਿ ਏਨੀ ਛੋਟੀ ਉਮਰ ਦੇ ਸਾਹਿਤਕਾਰ ਨੂੰ ਅਜਿਹਾ ਪੁਰਸਕਾਰ ਮਿਲਿਆ ਹੋਵੇ।

     ਮੈਂ ਤੇ ਮੈਂ ਕਾਵਿ-ਰਚਨਾ 1970 ਵਿੱਚ ਪ੍ਰਕਾਸ਼ਿਤ ਹੋਈ। 24 ਭਾਗਾਂ ਵਿੱਚ ਵੰਡੀ ਇੱਕ ਲੰਮੀ ਕਵਿਤਾ ਵਿੱਚ ਕਵੀ ਨੇ ਅਜੋਕੇ ਮਨੁੱਖ ਦੀ ਮਾਨਸਿਕ ਦਸ਼ਾ ਦਾ ਵਰਣਨ ਕਰਦਿਆਂ ਦੱਸਿਆ ਹੈ ਕਿ ਕਿਵੇਂ ਉਹ ਦੁਚਿੱਤੀ, ਦੁਬਿਧਾ ਤੇ ਦੁੱਖ ਵਿੱਚ ਗ੍ਰਸਿਆ ਹੋਇਆ ਨਿੱਤ ਆਪਣੀ ਮੌਤ ਮਰਦਾ ਹੈ। ਕਵਿਤਾ ਦੀਆਂ ਕੁਝ ਸਤਰਾਂ ਹਨ :

ਮੇਰੇ ਲਈ ਉਸ ਦਿਨ ਸੂਰਜ

ਬੜਾ ਮਨਹੂਸ ਚੜ੍ਹਿਆ ਸੀ

ਮੈਂ ਆਪਦੇ ਸਾਹਮਣੇ ਜਦ ਆਪ

ਪਹਿਲੀ ਵਾਰ ਮਰਿਆ ਸੀ

ਮੈਂ ਉਸ ਦਿਨ ਬਹੁਤ ਰੋਇਆ ਸੀ

            ਮੈਂ ਉਸ ਦਿਨ ਬਹੁਤ ਡਰਿਆ ਸੀ।

     ਆਰਤੀ ਕਾਵਿ-ਸੰਗ੍ਰਹਿ 1963 ਤੋਂ 1965 ਤੱਕ ਦੇ ਸਮੇਂ ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਬਿਰਹੜਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਕਾਵਿ- ਸੰਗ੍ਰਹਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਬਿਰਹਣ ਪਤਨੀ ਅਰੁਣਾ ਬਟਾਲਵੀ ਨੇ ਤਿਆਰ ਕਰ ਕੇ ਛਪਵਾਏ। ਇਹ ਕਾਵਿ-ਸੰਗ੍ਰਹਿ ਸ਼ਿਵ ਦੀਆਂ ਚੋਣਵੀਆਂ ਛਪੀਆਂ ਅਤੇ ਅਣਛਪੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। 1976 ਵਿੱਚ ਛਪੀ ਪੁਸਤਕ ਅਲਵਿਦਾ  ਸ਼ਿਵ ਦੀ ਮੌਤ ਤੋਂ ਬਾਅਦ ਸ਼ਿਵ ਦੇ ਕਾਗ਼ਜ਼ਾਂ ਵਿੱਚੋਂ ਜੋ ਕੁਝ ਸੰਭਾਲਿਆ ਜਾ ਸਕਿਆ, ਉਹਨਾਂ ਗੀਤਾਂ, ਕਵਿਤਾਵਾਂ ਦਾ ਸੰਗ੍ਰਹਿ ਹੈ।

     ਕੁਝ ਵਰ੍ਹਿਆਂ ਵਿੱਚ ਹੀ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ ਜਿਗਰ ਖ਼ਰਾਬ ਹੋ ਜਾਣ ਕਾਰਨ 6 ਮਈ 1973 ਨੂੰ ਆਪਣੇ ਸਹੁਰੇ ਪਿੰਡ ਮੰਗਿਆਸ (ਮਾਧੋਪੁਰ ਬੇਟ) ਵਿਖੇ ਸਦਾ ਦੀ ਨੀਂਦ ਸੌਂ ਗਿਆ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 72965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

kirpa kar ke menu shabad kosh meri id te send kiti jave.karanmaan95923@gmail.com


Karanbir SIngh, ( 2014/12/19 12:00AM)

agar koi v book read karni hove ta ki karan pave ga

 


Karanbir SIngh, ( 2014/12/19 12:00AM)

ਕਿਤਾਬ ਪੜਨ ਲੀ ਕੀ ਕਰ ਸਕਦੇ ਹਾ


Narender singh, ( 2018/08/12 02:4228)

Asi library to issue krva k ja kise student teacher to issue kra k lai ja mul khrid skde ha


Sukhminder kaur, ( 2024/03/30 01:4232)

Shiv kumar btalvi biroh da sultaan c mere btale d apul yaad


Sukhminder kaur, ( 2024/04/15 02:2414)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.