ਸ਼ੀਸ਼ਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੀਸ਼ਾ (ਨਾਂ,ਪੁ) ਕੱਚ; ਪ੍ਰਤਿਬਿੰਬ ਵੇਖਣ ਵਾਲਾ ਦਰਪਣ; ਇੱਕ ਧਾਤੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ੀਸ਼ਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੀਸ਼ਾ [ਨਾਂਪੁ] ਇੱਕ ਪਾਰਦਰਸ਼ਕ ਪਦਾਰਥ; ਦਰਪਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ੀਸ਼ਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸ਼ੀਸ਼ਾ (Glass) : ਇਹ ਇਕ ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਰਵੇ-ਰਹਿਤ ਅਕਾਰਬਨੀ ਪਦਾਰਥ ਹੈ, ਜਿਹੜਾ ਆਮ ਤੌਰ ਤੇ ਸਿਲੀਕੇਟ ਜਾਂ ਬੋਰੇਟ ਜਾਂ ਕਈ ਵਾਰੀ ਫਾਸਫੇਟਾਂ ਦੇ ਮਿਸ਼ਰਨ ਤੋਂ ਬਣਿਆ ਹੁੰਦਾ ਹੈ। ਇਹ ਮਿਸ਼ਰਨ ਰੇਤ ਜਾਂ ਸਿਲੀਕਾ ਦੇ ਗਲਣ ਨਾਲ ਬਣਦਾ ਹੈ ਜਾਂ ਬੋਰਾੱਨ ਜਾਂ ਫਾਸਫੋਰਸ ਦੇ ਆਕਸਾਈਡਾਂ ਦੇ ਫਲਕਸ (ਸੋਡਾ ਪੋਟਾਸ) ਨਾਲ ਅਤੇ ਇਕ ਸਥਾਈਕਾਰਕ (ਚੂਨਾ ਜਾਂ ਫਟਕੜੀ) ਨਾਲ ਗਲਣ ਤੋਂ ਬਣਦਾ ਹੈ। ਇਕ ਹੋਰ ਕਿਸਮ ਦਾ ਸ਼ੀਸ਼ਾ, ਜਿਸ ਨੂੰ ਢਾਲਿਆ, ਦਬਾਇਆ, ਫ਼ੈਲਾਇਆ ਜਾਂ ਕੱਟਿਆ ਜਾ ਸਕਦਾ ਹੈ, ਨੂੰ ਤਿਆਰ ਕਰਨ ਲਈ ਧਾਤਾਂ ਦੇ ਆਕਸਾਈਡ ਜਾਂ ਕੁਝ ਹੋਰ ਰੰਗਦਾਰ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਪਦਾਰਥ ਇਕ ਸਖ਼ਤ ਰਵੇਹੀਨ ਮਿਸ਼ਰਨ ਦੇ ਰੂਪ ਵਿਚ ਠੰਢਾ ਹੋ ਜਾਂਦਾ ਹੈ।
ਸ਼ੀਸ਼ਾ ਸਾਡੇ ਜੀਵਨ ਦਾ ਇਕ ਅਜਿਹਾ ਅੰਗ ਬਣ ਗਿਆ ਹੈ ਕਿ ਇਸ ਦੀ ਮਹਾਨਤਾ ਦਾ ਸਹੀ ਅੰਦਾਜ਼ਾ ਲਾਉਣਾ ਅਸੰਭਵ ਜਾਪਦਾ ਹੈ। ਜੇ ਸ਼ੀਸ਼ਾ ਸਾਡੇ ਜੀਵਨ ਵਿਚੋਂ ਅਲੋਪ ਹੋ ਜਾਵੇ ਤਾਂ ਅਸੀਂ ਵੀਹਵੀਂ ਸਦੀ ਤੋਂ ਇਕ ਦਮ ਪੰਦਰ੍ਹਵੀਂ ਸਦੀ ਵਿਚ ਪਹੁੰਚ ਜਾਵਾਂਗੇ ਕਿਉਂਕਿ ਨਾ ਨਜ਼ਰ ਨੂੰ ਸਵੱਛ ਰੱਖਣ ਵਾਲੀਆਂ ਐਨਕਾਂ ਹੋਣਗੀਆਂ, ਨਾ ਰੋਗਾਂ ਦੀ ਖੋਜ ਲਈ ਖ਼ੁਰਦਬੀਨਾਂ, ਨਾ ਸਿਤਾਰਿਆਂ ਨੂੰ ਵੇਖਣ ਵਾਲੀਆਂ ਦੂਰਬੀਨਾਂ ਅਤੇ ਨਾ ਹੀ ਸ਼ੀਸ਼-ਮਹਿਲ ਅਤੇ ਪ੍ਰਯੋਗਸ਼ਾਲਾਵਾਂ ਹੋਣਗੀਆਂ।
ਸ਼ੀਸ਼ੇ ਵਿਚ ਕਈ ਵਿਸ਼ੇਸ਼ ਗੁਣ ਹੁੰਦੇ ਹਨ ਜਿਵੇਂ ਕਿ ਇਸ ਨੂੰ ਜ਼ੰਗ ਅਤੇ ਸੀਊਕ ਆਦਿ ਨਹੀਂ ਲਗਦੇ, ਇਸ ਤੇ ਪਾਣੀ, ਹਵਾ ਦਾ ਕੋਈ ਅਸਰ ਨਹੀਂ ਹੁੰਦਾ ਇਸ ਨੂੰ ਤੇਜ਼ਾਬ ਅਤੇ ਖਾਰ ਹੱਲ ਨਹੀਂ ਕਰ ਸਕਦੇ, ਇਸ ਨਾਲ ਬਣੇ ਬਰਤਨਾਂ ਵਿਚ ਚੀਜਾਂ ਉਬਾਲ ਸਕਦੇ ਹਾਂ।
ਰੋਮਨ ਇਤਿਹਾਸਕਾਰ ਪਲਿਨੀ (Pliny) ਨੇ 77 ਈ. ਵਿਚ ਆਪਣੀ ਪੁਸਤਕ ‘ਨੇਚਰਲਿਸ ਹਿਸਟੋਰੀਆ’ (Naturalis Historia) ਵਿਚ ਸ਼ੀਸ਼ੇ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਇਸ ਦੀ ਹੋਂਦ ਦਾ ਕਾਰਨ ਫਨੀਕੀ (Phoenician) ਮਲਾਹਾਂ ਦਾ ਇਕ ਗਰੁੱਪ ਸੀ ਜੋ ਲਗ ਭਗ 5000 ਈ. ਪੂ. ਵਿਚ ਦਰਿਆ ਬਲੁਸ ਦੇ ਰੇਤਲੇ ਕੰਢੇ ਤੇ ਖਾਣਾ ਤਿਆਰ ਕਰਨ ਲਈ ਉਤਰਿਆ ਸੀ। ਉਨ੍ਹਾਂ ਨੇ ਚੁਲ੍ਹਾ ਬਣਾਉਣ ਲਈ ਜਹਾਜ਼ ਵਿਚੋਂ ਸੋਡੇ ਦੇ ਡਲੇ ਲੈ ਆਂਦੇ, ਕਿਉਂਕਿ ਇਸ ਮੰਤਵ ਲਈ ਉਨ੍ਹਾਂ ਕੋਲ ਹੋਰ ਕੁਝ ਨਹੀਂ ਸੀ। ਚੁਲ੍ਹੇ ਵਿਚ ਲਗਾਤਾਰ ਅੱਗ ਬਲਣ ਨਾਲ ਰੇਤ ਅਤੇ ਸੋਡਾ ਪੰਘਰ ਕੇ ਵਗ ਤੁਰੇ। ਇਹ ਪਿਘਲਿਆ ਹੋਇਆ ਮਾਦਾ ਸ਼ੀਸ਼ਾ ਸੀ। ਪਰ ਆਧੁਨਿਕ ਵਿਗਿਆਨੀ ਇਸ ਕਥਾ ਨੂੰ ਪਰਵਾਨ ਨਹੀਂ ਕਰਦੇ। ਕੁਝ ਖੋਜਾਂ ਦੇ ਆਧਾਰ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੀਸ਼ਾ ਬਣਾਉਣ ਦਾ ਕੰਮ ਮੈਸੋਪੋਟੇਮੀਆ ਵਿਚ ਸ਼ੁਰੂ ਹੋਇਆ ਜਦ ਕਿ ਕੁਝ ਵਿਗਿਆਨੀ ਇਸ ਦਾ ਮੁੱਢ ਮਿਸਰ ਵਿਚ ਬੱਝਾ ਦਸਦੇ ਹਨ। ਪਰੰਤੂ ਫਿਰ ਵੀ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਪ੍ਰਾਚੀਨ ਸਭਿਅਤਾ ਨੇ ਸਭ ਤੋਂ ਪਹਿਲਾਂ ਸ਼ੀਸ਼ੇ ਦਾ ਪ੍ਰਯੋਗ ਕੀਤਾ ਸੀ। ਮਿਸਰ ਦੀ ਸਭਿਅਤਾ ਦੀਆਂ ਪ੍ਰਾਪਤ ਚੀਜ਼ਾਂ ਤੋਂ ਪਤਾ ਲਗਦਾ ਹੈ ਕਿ ਸ਼ੀਸ਼ੇ ਦਾ ਪ੍ਰਯੋਗ 2500 ਈ. ਪੂ. ਦੇ ਲਗਭਗ ਕੀਤਾ ਜਾਂਦਾ ਸੀ। ਹਰੇ ਰੰਗ ਦੀ ਸ਼ੀਸ਼ੇ ਦੀ ਛੜ ਜਿਹੜੀ ਕਿ ਅਸ਼ਨੂਨਾਂ (Eshnunna) ਵਿਖੇ ਬਾਬਲ ਵਿਚ ਲੱਭੀ ਹੈ, ਤੋਂ ਪਤਾ ਲਗਦਾ ਹੈ ਕਿ ਇਹ 2600 ਈ. ਪੂ. ਦੇ ਲਗਭਗ ਪੁਰਾਣੀ ਹੈ। ਏਰੀਦੂ (Eridu) ਤੋਂ ਲੱਭਿਆ ਨੀਲੇ ਰੰਗ ਦਾ ਸ਼ੀਸ਼ੇ ਦਾ ਇਕ ਛੋਟਾ ਜਿਹਾ ਟੁਕੜਾ 2200 ਈ. ਪੂ. ਪੁਰਾਣਾ ਹੈ। ਕੋਰ ਨੁਮਾ ਸ਼ੀਸ਼ੇ ਦੀ ਬਣੀ ਹੋਈ ਅਤੇ ਕੰਘੀ ਵਾਂਗ, ਸਜਾਵਟ ਵਾਲੀ ਇਕ ਮੱਛੀ (0.141 ਮੀ. X 0.069 ਮੀ.) ਮਿਸਰ ਦੇ 18ਵੇਂ ਵੰਸ਼ ਨਾਲ ਸਬੰਧਤ, ਬ੍ਰਿਟਿਸ਼ ਮਿਊਜ਼ੀਅਮ ਵਿਚ ਪਈ ਹੈ।
6ਵੀਂ ਸਦੀ ਪੂ. ਈ. ਦੇ ਲਗਭਗ ਸ਼ੀਸ਼ਾ ਆਮ ਅਤੇ ਵਧੇਰੇ ਮਾਤਰਾ ਵਿਚ ਮੁੜ ਹੋਂਦ ਵਿਚ ਆ ਗਿਆ ਅਤੇ ਦੂਰ ਪੱਛਮ ਦੇ ਦੇਸ਼ਾਂ ਦੇ ਨਾਲ ਨਾਲ ਯੂਨਾਨੀ, ਇਟਲੀ, ਸਿਸਲੀ ਅਤੇ ਈਜੀਐਨ ਵਰਗੇ ਯੂਨਾਨੀ ਜ਼ਖ਼ੀਰਿਆਂ ਵਿਚ ਇਸ ਦੇ ਆਮ ਵਰਤੇ ਜਾਣ ਦੇ ਸੰਕੇਤ ਮਿਲੇ ਹਨ। ਹੇਲੱਨੀਸਟਿਕ ਕਾਲ (ਲਗਭਗ ਚੌਥੀ ਸਦੀ ਪੂ. ਈ.) ਵਿਚ ਸ਼ੀਸ਼ੇ ਦੇ ਆਕਾਰਾਂ ਵਿਚ ਕਾਫ਼ੀ ਗਿਰਾਵਟ ਹੋਈ ਪਰ ਰੰਗਣ ਅਤੇ ਸਜਾਵਟ ਦੇ ਢੰਗ ਇਹੋ ਹੀ ਰਹੇ। ਨਵੇਂ ਨਵੇਂ ਰੰਗਾਂ ਦੇ ਸੈੱਟ ਵਰਤੇ ਜਾਣ ਲਗੇ ਅਤੇ ਬਲੋ-ਗਲਾਸ ਦੇ ਯੁੱਗ ਤਕ ਲਗਾਤਾਰ ਵਰਤੇ ਗਏ।
ਰੋਮਨ ਸਾਮਰਾਜ-ਟਾਲਮਿਕ (Ptolemaic) ਕਾਲ (330-305 ਪੂ. ਈ.) ਦੇ ਸਮੇਂ ਮਿਸਰ ਵਿਚ ਐਲੈੱਗਜ਼ੈਂਡਰਿਆ (Alexandria) ਵਿਖੇ ਸ਼ੀਸ਼ਾ ਬਣਾਉਣ ਦਾ ਕੰਮ ਹੁੰਦਾ ਸੀ। ਪਹਿਲੀ ਪੂ. ਈ. ਸਦੀ ਵਿਚ ਇਹ ਖ਼ਾਸ ਕਿਸਮ ਦਾ ਸ਼ੀਸ਼ਾ ਬਣਾਉਣ ਦੇ ਢੰਗ ਲਈ ਪ੍ਰਸਿੱਧ ਸਨ। ਰੰਗਦਾਰ ਸ਼ੀਸ਼ੇ ਦੀਆਂ ਸਜਾਵਟੀ ਫਟੀਆਂ (Composite Canes) ਬਣਾਈਆਂ ਜਾਂਦੀਆ ਸਨ ਜਿਹੜੀਆਂ ਕਿ ਕੱਟ ਕੇ ਚਿਤਰਕਾਰੀ (Mosaic glass) ਲਈ ਵਰਤੀਆਂ ਜਾਂਦੀਆਂ ਸਨ। ਇਨ੍ਹਾਂ ਛੱੜਾਂ ਦੇ ਟੁਕੜਿਆਂ ਨੂੰ ਇਕ ਦੂਜੇ ਨਾਲ, ਅਨੇਕਾਂ ਢੰਗਾਂ ਨਾਲ ਜੋੜ ਕੇ ਬਹੁਤ ਖ਼ੂਬਸੂਰਤ ਨਮੂਨੇ ਬਣਾਏ ਜਾਂਦੇ ਸਨ। ਐਲੈੱਗਜੈਂਡਰਿਆ ਦੇ ਸ਼ੀਸ਼ੇ ਦੀ ਮਹੱਤਵਪੂਰਨ ਦੇਣ ਮੋਲਡਿੰਗ ਸ਼ੀਸ਼ਾ ਜਾਂ ਪਾਊਡਰ ਸ਼ੀਸ਼ਾ ਹੈ ਜਿਸਦੇ ਮੋਲਡ ਬਣਾਏ ਜਾਂਦੇ ਹਨ। ਇਸ ਸਮੇਂ ਦੀ ਚਿਤਰਕਾਰੀ ਦਾ ਨਮੂਨਾ ਸ਼ੀਸ਼ੇ ਦਾ ਇਕ ਪਿਆਲਾ ਹੈ ਜਿਹੜਾ ਕਿ ਪਹਿਲੀ ਸਦੀ ਈ. ਪੂ. ਦੇ ਲਗਭਗ ਬਣਿਆ ਦੱਸਿਆ ਜਾਂਦਾ ਹੈ। ਇਸ ਦੇ ਮੂੰਹ ਦਾ ਵਿਆਸ 15.5 ਸੈਂ. ਮੀ. ਹੈ ਅਤੇ ਹੁਣ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਲੰਡਨ ਵਿਖੇ ਪਿਆ ਹੈ। ਐਲੈੱਗਜੈਂਡਰਿਆ ਵਿਖੇ ਬਣਨ ਵਾਲੇ ਸ਼ੀਸ਼ੇ ਦਾ ਮਹੱਤਵਪੂਰਨ ਅਤੇ ਅਸਾਧਾਰਨ ਕੰਮਾਂ ਵਿਚ ਅਨੈਮਨ ਪੇਟਿੰਗ ਅਤੇ ਸ਼ੀਸ਼ੇ ਦੀਆਂ ਦੋ ਸਤ੍ਹਾਵਾਂ ਵਿਚਕਾਰ ਸੋਨੇ ਦੀਆਂ ਪੱਤਰੀਆਂ ਨੂੰ ਜੜ੍ਹਨਾਂ ਆਦਿ ਸ਼ਾਮਲ ਹਨ।
ਸ਼ੀਸ਼ੇ ਨੂੰ ਹਵਾ ਦੇ ਦਬਾਉ ਨਾਲ ਫੈਲਾ ਕੇ ਸੁਰਾਹੀਆਂ ਆਦਿ ਦੇ ਆਕਾਰ ਵਿਚ ਬਲੋ ਕਰਨ ਦੇ ਢੰਗ ਦੀ ਕਾਢ ਨੇ ਸ਼ੀਸ਼ੇ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਂਦਾ। ਅਜਿਹਾ ਕਰਨ ਲਈ ਸਾਂਚੇ ਤਿਅਰ ਕਰ ਕੇ ਉਨ੍ਹਾਂ ਵਿਚ ਪਿਘਲੇ ਹੋਏ ਸ਼ੀਸ਼ੇ ਨੂੰ ਹਵਾ ਨਾਲ ਫੁਲਾ ਕੇ ਸੁਰਾਹੀ ਨੁਮਾ ਬਰਤਨਾਂ ਵਿਚ ਬਦਲਿਆ ਜਾਂਦਾ ਹੈ। ਇਥੋਂ ਤਕ ਕਿ ਬਲੋਪਾਈਪ ਦੇ ਸਿਰੇ ਉੱਤੇ ਅਸਾਨੀ ਨਾਲ ਕੋਈ ਵੀ ਬਲਬ ਵਰਗੀ ਚੀਜ਼ ਬਣਾਉਣ ਦੇ ਨਾਲ ਨਾਲ ਮੁੱਠੇ, ਥੱਲੇ ਅਤੇ ਸਜਾਵਟ ਦੇ ਨਮੂਨੇ ਬਣਾਏ ਜਾ ਸਕਦੇ ਹਨ। ਇਸ ਅਨੋਖੀ ਕਾਢ ਨੇ ਰੋਮਨ ਸਾਮਰਾਜ ਸਮੇਂ ਸ਼ੀਸ਼ੇ ਦੇ ਉਪਯੋਗ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ। ਇਸ ਸਮੇਂ ਦੌਰਾਨ ਬਣੀਆਂ ਸ਼ੀਸ਼ੇ ਦੀਆਂ ਚੀਜ਼ਾਂ ਵਰਗੀਆਂ, 19ਵੀਂ ਸਦੀ ਤਕ ਕੋਈ ਨਹੀਂ ਬਣਾ ਸਕਿਆ। ਸ਼ੀਸ਼ੇ ਉੱਤੇ ਉਕਰਾਈ ਦਾ ਕੰਮ ਇਟਲੀ ਵਿਚ ਵਿਕਸਿਤ ਹੋਇਆ, ਖ਼ਾਸ ਕਰਕੇ ਚਿੱਟੀ ਪਾਰਦਰਸ਼ੀ ਸਤ੍ਹਾ ਨੂੰ ਰਗੜ ਕੇ ਸੰਘਣੇ ਥੱਲੇ (ਕੇਮਿਓ ਗਲਾਸ––Cameo glass) ਵਿਚ ਬਦਲਨ ਦਾ ਕੰਮ ਵੀ ਇਥੋਂ ਦੀ ਕਾਢ ਹੈ। ਅਜਿਹੀ ਕਿਰਤ ਦੀ ਉੱਤਮ ਮਿਸਾਲ ਪੋਰਟਲੈਂਡ ਵੇਸ (Portland Vase) ਬ੍ਰਿਟਿਸ਼ ਮਿਊਜ਼ੀਅਮ, ਲੰਡਨ ਵਿਖੇ ਪਈ ਹੈ।
ਮਿਸਰ ਵਿਚ ਰੋਮਨ ਸਾਮਰਾਜ ਦੇ ਅੰਤਿਮ ਸਮੇਂ ਵਿਚ ਮੇਜਪੋਸ਼ (Table Ware) ਲਈ ਸ਼ੀਸ਼ੇ ਦੀ ਵਰਤੋਂ ਆਮ ਕੀਤੀ ਜਾਂਦੀ ਸੀ ਪਰ ਕਲਾ ਪੱਖੋਂ ਇਹ ਇੰਨੇ ਵੱਧੀਆ ਨਹੀਂ ਸਨ। ਸੀਰੀਆ ਵਿਚ ਇਸੇ ਸਮੇਂ ਸ਼ੀਸ਼ੇ ਦੀ ਕਾਰੀਗਰੀ ਕਮਾਲ ਦੀ ਅਤੇ ਚੋਟੀ ਤੇ ਸੀ।
ਇਸਲਾਮ––ਸਤਵੀਂ ਸਦੀ ਵਿਚ ਸਾਰੇ ਪੂਰਬੀ ਦੇਸ਼ਾਂ ਉੱਤੇ ਅਰਬਾਂ ਦਾ ਕਬਜ਼ਾ ਹੋ ਗਿਆ ਅਤੇ ਵੱਖ ਵੱਖ ਹਿੱਸਿਆਂ ਵਿਚ ਵੱਖ ਵੱਖ ਬਾਦਸ਼ਾਹੀਆਂ ਸਥਾਪਤ ਹੋ ਗਈਆਂ। ਯੂਨਾਨੀ-ਰੋਮਨ ਸਭਿਅਤਾ ਦੇ ਸਮੇਂ ਦੇ ਸ਼ੀਸ਼ੇ ਦੇ ਕੰਮ ਦੇ ਕੁਝ ਨਮੂਨੇ ਇਸਲਾਮ ਰਾਜ ਵੇਲੇ ਦੇ ਸ਼ੀਸ਼ੇ ਦੇ ਕੰਮ ਨਾਲ ਰਲਦੇ ਹਨ। ਬੇਸ਼ਕ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸ ਥਾਂ ਉੱਤੇ ਕਿਸ ਤਰ੍ਹਾਂ ਦੇ ਸ਼ੀਸ਼ੇ ਦਾ ਕੰਮ ਹੁੰਦਾ ਸੀ ਪਰ ਸਮੁੱਚੇ ਤੌਰ ਤੇ ਉਸ ਸਮੇਂ ਹਰ ਤਰ੍ਹਾਂ ਦਾ ਕੰਮ ਹੁੰਦਾ ਸੀ। ਸੀਰੀਆ ਵਿਚ ਇਸ ਸਮੇਂ ਵੀ ਸਜਾਵਟ ਵਾਲੀਆਂ ਵੱਖ ਵੱਖ ਕਿਸਮ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ। ਸਭ ਤੋਂ ਮਹੱਤਵਪੂਰਨ ਖੋਜ ਮਿਸਰ ਦੀ ਕਾਢ, ਸ਼ੀਸ਼ੇ ਉੱਤੇ ਚਮਕੀਲੇ ਤੇ ਭੜਕੀਲੇ ਚਿਤਰ ਬਣਾਉਣਾ ਸੀ। ਤਕਨੀਕੀ ਵਿਧੀਆਂ ਜਿਨ੍ਹਾਂ ਨਾਲ ਅਜਿਹਾ ਕੀਤਾ ਜਾਂਦਾ ਸੀ ਅੱਜ ਤਕ ਵੀ ਸਮਝੀਆਂ ਨਹੀਂ ਜਾ ਸਕੀਆਂ।
ਮਿਸਰੀ ਇਸਲਾਮਕ ਸ਼ੀਸ਼ੇ ਦਾ ਕੰਮ ਵੀ ਮਿਲੇਫੋਰੀ (Millefiori) ਵਰਗਾ ਹੀ ਸੀ ਜਿਸ ਵਿਚ ਦੀਵਾਰਾਂ ਦੀ ਸਜਾਵਟ, ਚਿੱਟੇ ਫਰਨ (White fern) ਅਤੇ ਪਰ੍ਹਾਂ ਵਰਗੇ ਨਮੂਨਿਆਂ ਨਾਲ ਗੂੜ੍ਹੇ ਰੰਗ ਦੇ ਸ਼ੀਸ਼ੇ ਦੇ ਭਾਂਡਿਆਂ ਨੂੰ ਸਜਾਉਣ ਦਾ ਕੰਮ ਸ਼ਾਮਲ ਸੀ। ਮਿਸਰ ਵਿਚ ਸ਼ੀਸ਼ੇ ਨੂੰ ਕੱਟਣ ਦਾ ਕੰਮ ਵੀ ਕੀਤਾ ਜਾਂਦਾ ਸੀ ਜਿਸ ਨਾਲ ਅਤਰ ਆਦਿ ਪਾਉਣ ਲਈ ਚਾਰ ਪੈਰਾਂ ਵਾਲੀਆਂ ਚੌਰਸ ਸ਼ੀਸ਼ੀਆਂ, ਜਿਨ੍ਹਾਂ ਨੂੰ ਮੋਲਰ ਟੂਥ ਬੋਤਲਾਂ ਕਿਹਾ ਜਾਂਦਾ ਸੀ, ਸ਼ੀਸ਼ਾ ਕੱਟ ਕੇ ਬਣਾਈਆਂ ਜਾਂਦੀਆਂ ਸਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮਿਸਰ ਦੇ ਲੋਕ ਸੋਨੇ ਦਾ ਪਾਣੀ ਚੜ੍ਹਾਉਣ ਦੇ ਕੰਮ ਵਿਚ ਮਾਹਿਰ ਸਨ ਜਿਹੜਾ ਕਿ ਇਸਲਾਮਕ ਸ਼ੀਸ਼ੇ ਦੇ ਕੰਮ ਦਾ ਇਕ ਪ੍ਰਮੁੱਖ ਅੰਗ ਸੀ।
ਸੰਨ 1171 ਵਿਚ ਈਜ਼ਿਪਟੀਅਨ ਫਾਈਮਿਡ (Egyptian Fatimid) ਬਾਦਸ਼ਾਹੀ ਦੇ ਪਤਨ ਵੇਲੇ ਯੂਨਾਨੀ, ਸ਼ੀਸ਼ੇ ਦਾ ਕੰਮ ਕਰਨ ਵਾਲੇ ਮਿਸਰ ਚਲੇ ਗਏ ਜਿਨ੍ਹਾਂ ਨੇ ਮਿਸਰ ਵਿਚ ਅਨੈਮਲਡ ਅਤੇ ਗਿਲਟ ਸ਼ੀਸ਼ੇ ਦੇ ਕੰਮ ਦੀ ਆਧਾਰ ਸ਼ਿਲਾ ਰੱਖੀ। ਇਸ ਕੰਮ ਦੇ ਅਗਾਸ ਦਾ ਸਬੰਧ ਸੀਰੀਆ ਦੇ ਰੇਕਾਹ (Raqqah) ਸ਼ਹਿਰ ਨਾਲ ਦੱਸਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਤੇਰ੍ਹਵੀਂ ਸਦੀ ਵਿਚ ਸੀਰੀਅਨ ਸ਼ੀਸ਼ੇ ਦਾ ਕੰਮ ਦੋ ਪਰਿਵਾਰਾਂ ਵਿਚ ਵੰਡਿਆ ਗਿਆ ਸੀ। ਇਕ ਨੂੰ ਮੋਟੇ,ਅਨੈਮਲਡ ਗਹਿਣਿਆਂ ਵਰਗੇ ਕੰਮ ਸੋਂਪੇ ਗਏ ਜਿਹੜਾ ਕਿ ਅਲੈਪੋ (Aleppo) ਸ਼ਹਿਰ ਵਿਚ ਰਹਿੰਦਾ ਸੀ ਅਤੇ ਦੂਜੀ ਕਿਸਮ ਦਾ ਕੰਮ ਡਾਮੈੱਸਕਸ (Damascus) ਵਿਖੇ ਵਸਦੇ ਪਰਿਵਾਰ ਨੁੰ ਸੌਂਪਿਆ ਗਿਆ ਜਿਹੜਾ ਛੋਟੇ ਛੋਟੇ ਚਿਤਰਾਂ ਨਾਲ ਸਜਾਵਟ ਕਰਨ ਦਾ ਕੰਮ ਕਰਦਾ ਸੀ।
15ਵੀਂ ਤੋਂ 19ਵੀਂ ਸਦੀ ਦਾ ਮੱਧ
ਵੈਨਿੱਸ (ਇਟਲੀ)––ਸਤਵੀਂ ਸਦੀ ਵਿਚ ਹੀ ਵੈਨਿੱਸ ਦੇ ਨੇੜੇ ਸ਼ੀਸ਼ਾ ਉਦਯੋਗ ਸਥਾਪਤ ਹੋ ਗਿਆ ਸੀ ਅਤੇ ਦਸਵੀਂ ਸਦੀ ਦੇ ਅੰਤ ਤਕ ਇਥੇ ਸ਼ੀਸ਼ੇ ਦੇ ਬਰਤਨ ਬਣਦੇ ਰਹੇ। ਵੈਨਿੱਸ ਦੇ ਹੀ ਬਾਰੋਵੀਅਰ (Barovier) ਨਾਮੀ ਵਿਅਕਤੀ ਨੇ ਅਨੇਮਲਡ ਸ਼ੀਸ਼ੇ ਦੀ ਖੋਜ ਕੀਤੀ ਸੀ। ਬ੍ਰਿਟਿਸ਼ ਮਿਊਜ਼ੀਅਮ ਵਿਚ ਰੱਖੇ ਗੋਬਲਟ (Goblet) ਨਾਮੀ ਬਰਤਨ ਜਿਹੜਾ ਕਿ 1465 ਈ. ਦੇ ਲਗਭਗ ਬਣਿਆ ਦੱਸਿਆ ਜਾਂਦਾ ਹੈ ਤੋਂ ਪਤਾ ਲਗਦਾ ਹੈ ਕਿ ਇਥੋਂ ਦੇ ਕੰਮ ਉੱਤੇ ਕੋਈ ਬਾਹਰੀ ਪ੍ਰਭਾਵ ਨਹੀਂ ਪਿਆ (ਵੇਖੋ ਚਿਤਰ 2)। ਅਜਿਹੇ ਅਨੇਕਾਂ ਨਮੂਨੇ ਗੂੜ੍ਹੇ ਨੀਲੇ, ਹਰੇ ਜਾਂ ਜਾਮਣੀ ਰੰਗਾਂ ਵਿਚ ਮਿਲਦੇ ਸਨ।
ਵੈਨਿੱਸ ਦੀ ਸਭ ਤੋਂ ਮਹੱਤਵਪੂਰਨ ਕਾਢ ਸਾਫ਼ ਅਤੇ ਰੰਗਹੀਨ ਸ਼ੀਸ਼ੇ ਬਣਾਉਣ ਦੀ ਸੀ। ਰਵੇਦਾਰ ਬਣਤਰ ਵਿਚ ਇਸ ਦਾ ਕੁਦਰਤੀ ਸ਼ੀਸ਼ੇ ਨਾਲ ਮਿਲਦਾ ਜੁਲਦਾ ਹੋਣ ਕਾਰਨ ਇਸਨੂੰ ਕਰਿਸਟਲੋ (Cristallo) ਕਿਹਾ ਜਾਂਦਾ ਹੈ। ਸੋਡੇ ਨਾਲ ਬਣਾਇਆ ਹੋਇਆ ਇਹ ਕਰਿਸਟਲੋ ਬਹੁਤ ਜ਼ਿਆਦਾ ਨਰਮ ਅਤੇ ਛੇਤੀ ਨਾਲ ਠੰਢਾ ਹੋ ਜਾਂਦਾ ਸੀ, ਇਸ ਲਈ ਇਸ ਦਾ ਕੰਮ ਕਰਨ ਵਾਲਾ ਵਿਅਕਤੀ ਬਹੁਤ ਫੁਰਤੀਲਾ ਅਤੇ ਚੁਸਤ ਹੋਣਾ ਜ਼ਰੂਰੀ ਸੀ।
ਜੈੱਨੋਆ (Genoa) ਦੇ ਨੇੜੇ ਐਲਟਾਰੈ (Altare) ਵਿਖੇ ਸ਼ੀਸ਼ੇ ਦੇ ਕੰਮ ਦਾ ਦੂਜਾ ਵੱਡਾ ਕੇਂਦਰ ਸਥਾਪਿਤ ਹੋ ਗਿਆ। ਇਥੋਂ ਦਾ ਬਣਿਆ ਹੋਇਆ ਸ਼ੀਸ਼ੇ ਦਾ ਸਾਮਾਨ ਵੈਨਿਟੀਅਨ ਸ਼ੀਸ਼ੇ ਦੇ ਸਾਮਾਨ ਨਾਲ ਇਤਨਾ ਰਲਦਾ ਹੈ ਕਿ ਦੋਨਾਂ ਵਿਚ ਕੋਈ ਅੰਤਰ ਨਹੀਂ ਲਗਦਾ। ਇਸ ਤੋਂ ਬਾਅਦ ਫ਼ਰਾਂਸ, ਸਪੇਨ, ਪੁਰਤਗਾਲ, ਆਸਟਰੀਆ ਅਤੇ ਜਰਮਨੀ ਆਦਿ ਵਿਚ ਸ਼ੀਸ਼ੇ ਦੇ ਕੰਮ ਦੇ ਕਾਰਖ਼ਾਨੇ ਸਥਾਪਿਤ ਹੋ ਗਏ। ਸੰਨ 1577 ਤੋਂ 1590 ਵਿਚਕਾਰ ਸ਼ੀਸ਼ੇ ਦੇ ਬਰਤਨਾਂ ਵਿਚ ਹੀਰੇ ਜੜੇ ਜਾਣ ਲੱਗੇ ਜਾਂ ਹੀਰੇ ਦੇ ਕਿਨਾਰੇ ਵਾਲੀਆਂ ਚੀਜ਼ਾਂ ਵੀ ਬਣਾਈਆਂ ਜਾਣ ਲਗੀਆਂ। ਹੀਰੇ ਦੀ ਨੋਕ ਨਾਲ ਉਕਰਾਈ ਦਾ ਸਭ ਤੋਂ ਉੱਤਮ ਕੰਮ ਨੀਦਰਲੈਂਡਜ਼ ਵਿਖੇ ਹੁੰਦਾ ਸੀ ਜਿਹੜਾ ਕਿ 17ਵੀਂ ਸਦੀ ਦੇ ਅਖ਼ੀਰ ਤਕ ਬਹੁਤ ਹੀ ਲੋਕ ਪ੍ਰਿਯ ਹੋ ਚੁਕਾ ਸੀ। 17ਵੀਂ ਸਦੀ ਵਿਚ ਉਕਰਾਈ ਦਾ ਇਹ ਕੰਮ ਕਰਨ ਵਾਲਿਆਂ ਵਿਚ ਮੇਰੀਆ ਟੇਸਲਚਾਡੇ ਰੋਮਰਜ਼ ਫੀਸ਼ਰ (Maria Tesselschade Roemers Vischer) ਅਤੇ ਇਸ ਦੀਆਂ ਦੋ ਭੈਣਾਂ ਐਨਾ ਰੋਮਰ ਫੀਸ਼ਰ (Anna Roemers Vischer) ਅਤੇ ਐਨਾ ਮੇਰੀਆ ਫਾਨ ਸ਼ੁਕਰਮੈਨ (Anna Maria Van Schurman) ਨੂੰ ਪ੍ਰਸਿੱਧੀ ਹਾਸਲ ਸੀ। ਸਦੀ ਦੇ ਅੰਤ ਤਕ ਉਕਰਾਈ ਦੇ ਇਸ ਢੰਗ ਦੀ ਥਾਂ ਪਹੀਏ ਉਕਹਾਈ (Wheel engraving) ਨੇ ਲੈ ਲਈ ਸੀ।
ਜਰਮਨੀ––ਸਤਾਰ੍ਹਵੀਂ ਸਦੀ ਦੇ ਅਖ਼ੀਰ ਦੇ ਲਗਭਗ ਵੈਨਿਟੀਅਨ ਸ਼ੀਸ਼ੇ ਦੇ ਕੰਮ ਦੇ ਢੰਗ ਜਰਮਨੀ ਵਿਚ ਪ੍ਰਚਲਿਤ ਹੋ ਗਏ ਸਨ। ਰੋਮਨ ਕਾਲ ਤੋਂਹੀ ਇਥੇ ਬਨਸਪਤੀ ਪੋਟਾਸ਼ ਤੋਂ ਫਾਰੈਸਟ ਗਲਾਸ (Forest glass) ਤਿਆਰ ਕਰਨ ਦੇ ਕਈ ਸਥਾਨਕ ਕੇਂਦਰ ਸਥਾਪਿਤ ਹੋ ਚੁਕੇ ਸਨ। ਇਸ ਸ਼ੀਸ਼ੇ ਤੋਂ ਗੋਲ ਬੀਅਰ ਗਲਾਸ ਜਾਂ ਵਧੇ ਹੋਏ ਕਾਲਰ ਵਾਲੇ ਚੌੜੇ ਬਰਤਨ ਬਣਾਏ ਜਾਂਦੇ ਸਨ ਜਿਵੇਂ ਪਰੂੰਟਸ (Prunts, Krautstruck) ਜਾਂ ਕੈਬੇਜ ਸਟਾਕ (Cabage stak) ਵਾਈਨ ਗਲਾਸ (Wine glass) ਆਦਿ।
ਨੂਰੰਬਰੈੱਕ ਵਿਚ ਉਕਰਾਈ ਦਾ ਕੰਮ ਵਧੇਰੇ ਵਿਕਸਿਤ ਹੋਇਆ। ਕਾਸਪਰ ਲੇਮਾਨ (Casper Lehmann) ਦੇ ਸ਼ਗਿਰਦਾ ਜਾਰਜ ਸਵਾਨਹਰਟ (Georg Schwanherdt) ਨੇ ਨੂਰੰਬਰੈੱਕ ਵਿਖੇ ਉਕਰਾਈ ਦਾ ਕੰਮ ਸਿਖਾਉਣ ਲਈ ਅਗਵਾਈ ਕੀਤੀ ਅਤੇ ਸਕੂਲ ਸਥਾਪਤ ਕੀਤਾ। ਸੰਨ 1622 ਵਿਚ ਲੇਮਾਨ ਦੀ ਮੌਤ ਤੋਂ ਬਾਅਦ ਸਵਾਨਹਰਟ ਨੇ ਆਪਣੇ ਸ਼ਹਿਰ ਨੂਰੰਬਰੈੱਕ ਵਿਚ ਸ਼ੀਸ਼ਾ ਉਕਰਾਈ ਦਾ ਕੰਮ ਆਰੰਭਿਆ। ਸਤਾਰ੍ਹਵੀਂ ਸਦੀ ਦੇ ਨੂਰੰਬਰੈੱਕ ਦੇ ਹੋਰ ਕਈ, ਪਾੱਲਸ ਐਡੱਰ (Paulus Eder), ਹਰਮਨ ਸਵਿੰਗਰ (Hermann Schwinger), ਇਕ ਪ੍ਰਸਿੱਧ ਕਾਲੀਗਰਾਫ਼ਰ ਐਚ. ਡਬਲਯੂ. ਸ਼ਮਿਟ (H. W. Schmidt) ਅਤੇ ਜੀ. ਐਫ. ਕਿਲਿੰਗਰ (G. F. Killinger) ਵਰਗੇ ਪ੍ਰਸਿੱਧ ਉਕਰੱਈਏ ਹੋਏ ਹਨ। ਇਸ ਤੋਂ ਇਲਾਵਾ ਅਜਿਹਾ ਕੰਮ ਫਰਾਂਕਫਰੂਟ ਆਮ ਮਾਈਨ (Frankfurt am Main) ਵਿਖੇ ਵੀ. ਹੈੱਸ (Hess) ਪਰਿਵਾਰ ਨੇ ਕੀਤਾ ਹੈ। ਸੰਨ 1687 ਵਿਚ ਬਰਲਿਨ ਵਿਖੇ ਪਾਣੀ ਨਾਲ ਚਲਣ ਵਾਲੀਆਂ ਉਕਰਾਈ ਮਸ਼ੀਨਾਂ ਵਾਲੀ ਇਕ ਵਰਕਸ਼ਾਪ ਸਥਾਪਤ ਹੋਈ ਜਿਸ ਵਿਚ ਉਕਰਣ ਅਤੇ ਉਭਰਾਈ ਦੋਵੇਂ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਸਨ। ਜਰਮਨ ਦਾ ਪ੍ਰਸਿੱਧ ਉਕਰੱਈਆ ਗੋਟਫਰਿਟ ਸਪਿਲਰ (Gottfried Spiller) ਵੀ ਇਸੇ ਵਰਕਸ਼ਾਪ ਵਿਚ ਕੰਮ ਕਰਦਾ ਸੀ। ਇਸੇ ਵਰਕਸ਼ਾਪ ਵਿਚ ਕੰਮ ਕਰਨ ਵਾਲੇ ਹੋਰ ਉੱਘੇ ਉਕਰੱਈਏ ਹਾਈਨਰਿਕ ਜਾਗਰ (Heinrik Jager) ਅਤੇ ਏਲੀਅਸ ਰੋਸਬੈਕ (Elias Rosback) ਹੋਏ ਹਨ। ਇਥੇ ਫਰਾਂਟਸ ਗੋਡੇਲੈਸ਼ (Franz Goudelach) ਵਰਗੇ ਉੱਘੇ ਉਕਰੱਈਆਂ ਨੇ ਸ਼ੀਸ਼ੇ ਦਾ ਕੰਮ ਵਧੇਰੀ ਸੂਖ਼ਮਤਾ ਅਤੇ ਨਿਪੁੰਨਤਾ ਨਾਲ ਕੀਤਾ।
ਜਰਮਨੀ ਵਿਚ ਸ਼ੀਸ਼ੇ ਉੱਤੇ ਸਜਾਵਟ ਕਰਨ ਦਾ ਦੂਜਾ ਢੰਗ ਅਨੈਮਲਿੰਗ ਕਰਨਾ ਸੀ। ਸ਼ੀਸ਼ੇ ਉਤੇ ਅਨੈਮਲ ਕਰਨ ਦਾ ਸਭ ਤੋਂ ਵੱਧ ਕੰਮ ਬੋਹੀਮਿਆ ਵਿਖੇ ਹੁੰਦਾ ਸੀ। ਸ਼ੀਸ਼ਾ ਅਸ਼ੁਧ ਅਤੇ ਹਰੇ ਜਾਂ ਪੀਲੇ ਰੰਗ ਵਿਚ ਢਾਲਿਆ ਜਾਂਦਾ ਸੀ ਜਿਸ ਉਤੇ ਫਿਰ ਅਨੈਮਲਿੰਗ ਨਾਲ ਸਜਾਵਟ ਕੀਤੀ ਜਾਂਦੀ ਸੀ। ਇਨ੍ਹਾਂ ਉਤੇ ਰੰਗਬਰੰਗੇ ਜਾਂ ਚਿੱਟੇ ਦਾਣਿਆਂ ਵਾਲੇ ਕਿਨਾਰਿਆਂ ਨਾਲ ਸਜਾਵਟ ਕੀਤੀ ਜਾਂਦੀ ਸੀ। ਇਸ ਤਰ੍ਹਾਂ 18ਵੀਂ ਸਦੀ ਤਕ ਇਹ ਕੰਮ ਹੁੰਦਾ ਰਿਹਾ ਪਰ ਫਿਰ ਵੀ ਇਸ ਸਮੇਂ ਦੇ ਤਿਆਰ ਕੀਤੇ ਹੋਏ ਮੱਘ, ਸਪਿਰਿਟ ਦੀਆਂ ਬੋਤਲਾਂ, ਸ਼ੈਂਕ ਆਦਿ ਕੇਵਲ ਪੇਂਡੂ ਕਲਾ ਦੇ ਤੌਰ ਤੇ ਹੀ ਸਤਿਕਾਰੇ ਜਾਂਦੇ ਰਹੇ ਹਨ।
ਨੂਰੰਬਰੈੱਕ ਵਿਖੇ 17ਵੀਂ ਸਦੀ ਦੇ ਅੰਤ ਵਿਚ ਬਹੁਤ ਗੁੰਝਲਦਾਰ ਅਨੈਮਲ ਪੇਂਟਿੰਗ ਕੀਤੀ ਜਾਂਦੀ ਸੀ। ਸਟੇਨਡ ਗਲਾਸ ਦੀ ਤਰ੍ਹਾਂ ਕਾਲੀ ਜਾਂ ਸੀਪੀਆ ਪੇਂਟਿੰਗ ਦਾ ਢੰਗ ਬੀਕਰ ਆਦਿ ਨੂੰ ਸਜਾਉਣ ਲਈ ਕੀਤਾ ਜਾਂਦਾ ਸੀ। ਕਈ ਵਾਰੀ ਲਾਲ ਰੰਗ ਕਾਲੇ ਧੱਬਿਆਂ ਨਾਲ ਵੀ ਵਰਤਿਆ ਜਾਂਦਾ ਸੀ। ਸਭ ਤੋਂ ਪਹਿਲਾ ਅਤੇ ਪ੍ਰਮੁਖ ਅਜਿਹਾ ਕਾਰੀਗਰ ਯੋਹਾਨ ਸ਼ੇਪਰ (Johann Schaper) ਸੀ ਜਿਸ ਨੇ ਅਤਿ ਸੂਖ਼ਮ ਚਿਤਰ ਸ਼ੀਸ਼ੇ ਉੱਤੇ ਉਕਰੇ। ਇਸ ਦੇ ਪ੍ਰਮੁੱਖ ਸ਼ਗਿਰਦ ਜੇ. ਐਲ. ਫਾਬਰ (J. L Faber), ਹੈੱਰਮਾਨ ਬੈਨਚਰਲਟ (Hermann Bencherlt) ਅਤੇ ਯੋਹਾਨ ਕੈੱਯਲ (Johann Keyll) ਆਦਿ ਸਨ। ਕਾਲੇ ਅਤੇ ਸੀਪੀਆ ਅਨੈਮਲ ਨਾਲ 8.9 ਸੈਂ. ਮੀ. ਲੰਬਾ ਬੀਕਰ ਜਿਹੜਾ ਕਿ ਯੋਹਾਨ ਸ਼ੇਪਰ ਨੇ ਨੂਰੰਬਰੈੱਕ ਵਿਖੇ 1664 ਵਿਚ ਬਣਾਇਆ ਸੀ, ਹਮਬਰਗ (Humberg) ਵਿਖੇ ਮਿਊਜ਼ੀਅਮ ਵਿਚ ਪਿਆ ਹੈ (ਚਿਤਰ 3)।
19ਵੀਂ ਸਦੀ ਦੇ ਪਹਿਲੇ ਅੱਧ ਵਿਚ ਸ਼ੀਸ਼ੇ ਉੱਤੇ ਸਜਾਵਟ ਕਰਨ ਲਈ ਸਟੇਨਡ ਗਲਾਸ ਵਾਲਾ ਢੰਗ ਆਮ ਵਰਤਿਆ ਜਾਣ ਲੱਗ ਪਿਆ ਸੀ। ਬੋਹੀਮਿਆ ਦਾ ਜੱਦੀ ਢੰਗ ਜਿਹੜਾ ਕਿ 18ਵੀਂ ਸਦੀ ਵਿਚ ਪ੍ਰਚਲਤ ਸੀ, ਨੂੰ ਗੋਲਡ ਸੈਂਡਵਿਚ ਗਲਾਸਿਜ਼ (gold Sandwich glasses) ਕਿਹਾ ਜਾਂਦਾ ਸੀ। ਸ਼ੀਸ਼ੇ ਦੀਆਂ ਦੋ ਤਹਿਆਂ ਵਿਚਕਾਰ ਸੋਨੇ ਦਾ ਪੱਤਰਾ ਫ਼ਿਟ ਕੀਤਾ ਜਾਂਦਾ ਸੀ। ਜੇ. ਜੇ. ਮਿਲਡਨਰ (J J. Mildner) ਇਸ ਸਦੀ ਦਾ ਇਸ ਕੰਮ ਵਿਚ ਪ੍ਰਸਿੱਧ ਕਾਰੀਗਰ ਹੋਇਆ ਹੈ।
ਇੰਗਲੈਂਡ––ਮੱਧ ਕਾਲ ਦੇ ਅੰਤਿਮ ਸਮੇਂ ਵਿਚ ਇੰਗਲੈਂਡ ਵਿਚ ਸ਼ੀਸ਼ਾ ਬਣਾਇਆ ਜਾਂਦਾ ਸੀ ਪਰ ਇਹ ਕੇਵਲ ਗਿਰਜਾ ਘਰਾਂ ਦੀਆਂ ਖਿੜਕੀਆਂ ਆਦਿ ਲਈ ਹੀ ਵਰਤਿਆ ਜਾਂਦਾ ਸੀ। ਜਰਮਨ ਵਾਲਡ ਗਲਾਸ ਦੀ ਕਿਸਮ ਦਾ ਸ਼ੀਸ਼ਾ 16ਵੀਂ ਸਦੀ ਦੇ ਦੂਜੇ ਅੱਧ ਵਿਚ ਜੰਗਲਾਂ ਵਿਚ ਜਿੱਥੇ ਬਾਲਣ ਅਤੇ ਪੋਟਾਸ਼ ਮਿਲਦੀ ਸੀ, ਬਣਾਇਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਟਲੀ ਤੋਂ ਆਏ ਕਾਰੀਗਰਾਂ ਦੁਆਰਾ ਵੈਨਿਟੀਅਨ ਢੰਗ ਨਾਲ ਸ਼ੀਸ਼ਾ ਬਣਾਉਣਾ ਸ਼ੁਰੂ ਹੋਇਆ। ਜ਼ਿਆਦਾਤਰ ਇਹ ਕੰਮ ਲੰਡਨ ਵਿਚ ਕੀਤਾ ਜਾਂਦਾ ਸੀ।
17ਵੀਂ ਸਦੀ ਦੇ ਸ਼ੁਰੂ ਵਿਚ ਲੱਕੜ ਦੀ ਥਾਂ ਕੋਲੇ ਦਾ ਪ੍ਰਯੋਗ ਕੀਤਾ ਜਾਣ ਲੱਗਾ ਜਿਸ ਕਰਕੇ ਵਾਲਡ ਗਲਾਸ ਦੀ ਥਾਂ ਵੈਨਿਟੀਅਨ ਪ੍ਰਭਾਵ ਨੇ ਲੈ ਲਈ ਅਤੇ ਇਸ ਉਦਯੋਗ ਨੇ ਇਤਨੀ ਉੱਨਤੀ ਕੀਤੀ ਕਿ ਯੂਰਪ ਤੋਂ ਆਯਾਤ ਕੀਤੇ ਅਤੇ ਇੰਗਲਿਸ਼ ਸ਼ੀਸ਼ੇ ਵਿਚ ਕੋਈ ਅੰਤਰ ਮਹਿਸੂਸ ਨਹੀਂ ਹੁੰਦਾ ਸੀ। ਸਤਾਰ੍ਹਵੀਂ ਸਦੀ ਦੇ ਪਹਿਲੇ ਅੱਧ ਵਿਚ ਸ਼ੀਸ਼ੇ ਦੇ ਕੰਮ ਨੂੰ ਕਰਾਊਨ (crown) ਨੇ ਖ਼ੁਦਮੁਖਤਿਆਰੀ ਦੇ ਅਧਿਕਾਰ ਦੇ ਦਿੱਤੇ ਅਤੇ ਸਰ ਰਾਬਰਟ ਮੈਂਸਲ (Sir Robert Mansll) ਪਹਿਲਾ ਉਦਯੋਗਪਤੀ ਸੀ ਜਿਹੜਾ ਸੰਨ 1623 ਤੋਂ ਆਪਣੀ ਮੌਤ 1656 ਤੱਕ ਖੁਦਮੁਖਤਿਆਰ ਰਿਹਾ ਸੀ। ਵੈਨਿਟੀਅਨ ਸ਼ੀਸ਼ੇ ਵਰਗਾ ਸ਼ੀਸ਼ਾ ਬਣਾਉਣ ਲਈ ਅਨੇਕਾਂ ਉਪਰਾਲੇ ਕੀਤੇ ਗਏ ਅਤੇ ਜਾਰਜ ਰਾਵੈਨਸਕਰਾਫ਼ਟ (George Ravenscroft) ਨੂੰ ਇਸ ਸਬੰਧੀ ਤਜਰਬੇ ਕਰਕੇ ਨਵੀਆਂ ਖੋਜਾਂ ਕਰਨ ਲਈ ਲਗਾਇਆ ਗਿਆ। ਰਾਵੈਨਸਕਰਾਫਟ ਨੇ ਇਸ ਕੰਮ ਵਿਚ ਪੂਰਨ ਸਫ਼ਲਤਾ ਪ੍ਰਾਪਤ ਕੀਤੀ ਅਤੇ ਸਭ ਤੋਂ ਮਹੱਤਵਪੂਰਨ ਖੋਜ ਕੀਤੀ ਕਿ ਸ਼ੀਸ਼ੇ ਵਿਚ ਲੈਡ ਆਕਸਾਈਡ ਰਲਾਉਣਾ ਕਾਫ਼ੀ ਲਾਭਦਾਇਕ ਹੁੰਦਾ ਹੈ। ਸੰਨ 1675 ਦੇ ਲੱਗਭਗ ਇਸ ਦੇ ਗਲਾਸ ਆਫ਼ ਲੈਡ (Glas of Lead) ਨਾਮੀ ਸ਼ੀਸ਼ੇ ਨੇ ਸਾਰੇ ਯੂਰਪ ਲਈ ਇਕ ਉਦਾਹਰਨ ਪੇਸ਼ ਕਰ ਦਿੱਤੀ। ਇਹ ਸ਼ੀਸ਼ਾ ਵੈਨਿਟੀਅਨ ਸ਼ੀਸ਼ੇ ਨਾਲੋਂ ਵਧੇਰੇ ਸਖ਼ਤ, ਭਾਰਾ ਅਤੇ ਟਿਕਾਊ ਹੋਣ ਕਰਕੇ ਆਮ ਵਰਤਿਆ ਜਾਣ ਲਗ ਪਿਆ। ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀਪ ਇੰਗਲਿਸ਼ ਸ਼ੀਸ਼ੇ ਦੇ ਉਦਯੋਗ ਦਾ ਸੁਨਿਹਰੀ ਯੁੱਗ ਸੀ। ਲਗਭਗ ਹਰ ਇਕ ਆਕਾਰ ਅਤੇ ਰੂਪ ਵਿਚ ਸ਼ੀਸ਼ੇ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਸਜਾਵਟ ਦੇ ਸਾਮਾਨ ਵਿਚ ਵੀ ਇੰਗਲਿਸ਼ ਸ਼ੀਸ਼ੇ ਨੇ ਖ਼ਾਸ ਸਥਾਨ ਲੈ ਲਿਆ ਸੀ। ਇਸੇ ਕਰਕੇ ਇਸ ਨੂੰ ‘ਕੁਈਨ ਐਨੀ ਸਟਾਈਲ’ (Queen Anne Style) ਵੀ ਕਿਹਾ ਜਾਂਦਾ ਸੀ।
18ਵੀਂ ਸਦੀ ਦੇ ਮੱਧ ਦੇ ਲਗਭਗ ਹਲਕੀਆਂ ਚੀਜ਼ਾਂ ਬਣਾਉਣ ਵਲ ਝੁਕਾਉ ਹੋ ਗਿਆ ਸੀ। ਇਸ ਤਰ੍ਹਾਂ ਨਵੀਂ ਕਿਸਮ ਦੇ ਡਿਜ਼ਾਇਨਾਂ ਅਤੇ ਆਕਾਰਾਂ ਨੇ ਜਨਮ ਲਿਆ ਕਿਉਂਕਿ ਹਰ ਵਿਭਾਗ ਨੇ ਵੀ 1745-46 ਵਿਚ ਟੈਕਸ ਭਾਰ ਦੇ ਅਨੁਸਾਰ ਕਰ ਦਿੱਤਾ।
17ਵੀਂ ਸਦੀ ਦੇ ਅੰਤ ਵਿਚ ਸ਼ੀਸ਼ੇ ਉੱਤੇ ਉਕਰਾਈ ਦਾ ਕੰਮ ਹੋਣ ਲਗਾ। ਇਸ ਨੂੰ ਜਰਮਨੀ ਤੋਂ ਆਏ ਕਾਰੀਗਰਾਂ ਨੇ ਸ਼ੁਰੂ ਕੀਤਾ ਸੀ। ਸੰਨ 1735 ਵਿਚ ਪਹਿਲੀ ਵਾਰੀ ਇਕ ਅੰਗਰੇਜ਼ ਸ਼ੀਸ਼ਾ ਉਕਰਈਆ ਹੋਇਆ ਜਿਸ ਨੇ ਸ਼ੀਸ਼ੇ ਦੀ ਉਕਰਾਈ ਦਾ ਕੰਮ ਸ਼ੁਰੂ ਕੀਤਾ। ਚੀਨੀ ਚਿਤਰ (Chinese themes), ਦਿਹਾਤ ਦੇ ਦ੍ਰਿਸ਼ (Country life), ਨੌਜਵਾਨ ਅਤੇ ਬਿਰਧ ਅਵਸਥਾ ਵਿਚ ਜੇਮਜ਼ III ਅਤੇ ਚਾਰਲਸ ਐਡਵਰਡ ਦੇ ਚਿਤਰ, ਗੁਲਾਬ ਦੇ ਫੁੱਲ ਤੇ ਤਣੇ ਅਤੇ ਮਖਿਆਲ ਆਦਿ ਦੇ ਚਿਤਰ ਉਕਰੇ ਜਾਂਦੇ ਸਨ ਅਤੇ ਕਈ ਵਾਰੀ ਇਨ੍ਹਾਂ ਦੇ ਨਾਲ ਹੀ ਲਾਇਲ (Loyal) ਆਦਿ ਵਰਗੇ ਮਾਟੋ ਵੀ ਲਿਖੇ ਜਾਂਦੇ ਸਨ।
ਬੇਸ਼ਕ ਇੰਗਲੈਂਡ ਵਿਚ ਉਕਰਾਈ ਦਾ ਕੰਮ ਇਤਨਾ ਚੰਗਾ ਨਹੀਂ ਹੁੰਦਾ ਸੀ ਪਰ ਇਥੋਂ ਦੇ ਬਣੇ ਸ਼ੀਸ਼ੇ ਦੀ ਯੂਰਪ ਦੇ ਉਕਰਈਆਂ ਵਲੋਂ ਬਹੁਤ ਮੰਗ ਕੀਤੀ ਜਾਂਦੀ ਸੀ, ਖ਼ਾਸ ਕਰਕੇ ਨੀਦਰਲੈਂਡਜ਼ ਵਿਚ। ਇੰਗਲਿਸ਼ ਲੈੱਡ ਗਲਾਸ ਦੀ ਵਧੇਰੇ ਵਰਤੋਂ ਡੱਚ ਦੇ ਹੀਰੇ ਦੀ ਨੋਕ ਨਾਲ ਉਕਰਾਈ ਕਰਨ ਵਾਲਿਆਂ ਨੇ ਕੀਤੀ ਹੈ। ਅਠਾਰ੍ਹਵੀਂ ਸਦੀ ਦੇ ਮੱਧ ਦੇ ਲਗਭਗ ਇੰਗਲਿਸ਼ ਗਲਾਸ ਨੂੰ ਅਨੈਮਲ ਕਰਨ ਲਈ ਵਰਤਿਆ ਜਾਣ ਲਗ ਪਿਆ। ਇਹ ਢੰਗ ਮਾਈਕਲ ਐਡਕਿਨ (Michael Edkins) ਦੇ ਨਾਂ ਨਾਲ ਵਧੇਰੇ ਪ੍ਰਸਿੱਧ ਹੋਇਆ। ਫਿਰ ਸੰਨ 1760-1770 ਤਕ ਨਿਊਕਾਸਲ (New Castle) ਵਿਖੇ ਬੀਲਬਾਈ (Beilby) ਪਰਿਵਾਰ ਨੇ ਇਸ ਲਈ ਬਹੁਤ ਨਾਮਣਾ ਖਟਿਆ।
ਸੰਨ 1745 ਤੋਂ 1770 ਤਕ ਸ਼ੀਸ਼ਾ ਕੱਟਣ ਦਾ ਕੰਮ ਆਮ ਸਾਧਾਰਨ ਰੂਪ ਨਾਲ ਹੀ ਚਲਦਾ ਰਿਹਾ। ਹੀਰੇ, ਛੇ ਭੁਜੇ, ਸੁਰਾਖ਼ ਅਤੇ ਧਾਰੀਦਾਰ ਨਮੂਨੇ ਆਮ ਕਟੇ ਜਾਂਦੇ ਸਨ ਕਈ ਵਾਰੀ ਇਹ ਸਾਰਾ ਕੁਝ ਇਕੋ ਚੀਜ਼ ਉੱਤੇ ਕੀਤਾ ਜਾਂਦਾ ਸੀ ਇਸੇ ਕਰਕੇ ਇਸ ਸਮੇਂ ਨੂੰ ਇੰਗਲੈਂਡ ਦਾ ਸ਼ੀਸ਼ਾ ਕੱਟਣ ਦਾ ਸੁਨਿਹਰੀ ਯੁੱਗ ਕਿਹਾ ਜਾਂਦਾ ਹੈ।
19ਵੀਂ ਸਦੀ ਵਿਚ ਪ੍ਰਿਜ਼ਮ ਆਦਿ ਬਣਾਉਣ ਦਾ ਕੰਮ ਵੀ ਹੋਣ ਲਗ ਪਿਆ ਤੇ ਪੂਰਨ ਮੁਹਾਰਤ ਹਾਸਲ ਕਰ ਲਈ ਗਈ ਜਿਸ ਦੇ ਸਿੱਟੇ ਵਜੋਂ ਸ਼ੀਸ਼ਾ ਬਣਾਉਣ ਵਾਲਿਆਂ ਨੇ 1851 ਈ. ਵਿਚ ਹੋਈ ਬਹੁਤ ਵੱਡੀ ਨੁਮਾਇਸ਼ ਲਈ ‘ਪਰਿਕਲੀ ਮੋਨਸਟਰੋਸਾਈਟਸ’ (Prickly monstrosities) ਨਾਮੀ ਨਮੂਨੇ ਦੀ ਚੀਜ਼ ਬਣਾਈ ਸੀ। ਲਗਭਗ ਸਾਰੀ ਦੀ ਸਾਰੀ ਅਠਾਰ੍ਹਵੀਂ ਸਦੀ ਵਿਚ ਯੂਰਪ ਵਿਚ ‘ਇੰਗਲਿਸ਼ ਲੈੱਡ ਕਰਿਸਟਲ’ (English Lead crystal) ਦੀ ਬਹੁਤ ਮੰਗ ਰਹੀ ਪਰ ਸਦੀ ਦੇ ਅਖ਼ੀਰ ਵਿਚ ਯੂਰਪ ਦੇ ਕਈ ਕਾਰਖ਼ਾਨਿਆਂ ਵਿਚ ਇਸ ਨਾਲ ਮਿਲਦਾ ਜੁਲਦਾ ਸ਼ੀਸ਼ਾ ਬਣਾਇਆ ਜਾਣ ਲੱਗ ਗਿਆ ਸੀ। ਇੰਗਲਿਸ਼ ਕਟ ਗਲਾਸ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਸੀ ਅਤੇ ਵਧੇਰੇ ਨਿਰਯਾਤ ਕੀਤਾ ਜਾਂਦਾ ਸੀ।
ਸੰਯੁਕਤ ਰਾਜ––ਸਪੇਨ ਦੀ ਜਿੱਤ ਪਿੱਛੋਂ ਸੰਯੁਕਤ ਰਾਜ ਯੂਰਪ ਤੋਂ ਆ ਕੇ ਸਥਾਪਤ ਹੋਣ ਵਾਲਾ ਸ਼ੀਸ਼ੇ ਦਾ ਉਦਯੋਗ ਪਹਿਲਾ ਉਦਯੋਗ ਸੀ। ਸੰਲ 1515 ਵਿਚ ਜਾਂ ਇਸ ਤੋਂ ਪਹਿਲਾਂ ਮੈਕਸੀਕੋ ਵਿਚ ਪਵੇਬਲਾ (Puebla) ਵਿਖੇ ਸ਼ੀਸ਼ਾ ਬਣਾਇਆ ਜਾਂਦਾ ਸੀ ਤੇ 1592 ਈ. ਵਿਚ ਅਰਜਨਟਾਈਨਾ ਦੇ ਕੋਰਡੋਵਾ ਤੇਲ ਤੁਕਮਾ (Cordoba del Tucuman) ਨਾਮੀ ਸ਼ਹਿਰ ਵਿਚ ਰਿਓ ਡਾ ਲਾ ਪਲੇਟਾ (Rio de la Plata) ਦੇ ਸਥਾਨ ਉੱਤੇ ਇਕ ਸ਼ੀਸ਼ਾ ਉਦਯੋਗ ਸਥਾਪਤ ਸੀ। ਯੂਰਪ ਦੇ ਟੁਟੇ ਹੋਏ ਸ਼ੀਸ਼ੇ ਨੂੰ ਦੁਬਾਰਾ ਕੋਰਡੋਵਾ ਵਿਖੇ ਪਿਘਲਾਇਆ ਜਾਂਦਾ ਸੀ ਅਤੇ ਫਿਰ ਅਨੇਕਾਂ ਨਵੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ।
ਲੰਡਨ ਕੰਪਨੀ ਆਫ਼ ਵਰਜੀਨੀਆ ਨੇ ਜੇਮਜ਼ਟਾਊਨ ਵਿਖੇ 1608 ਵਿਚ ਸ਼ੀਸ਼ਾ ਅਤੇ ਮੋਤੀ ਬਣਾਉਣ ਦਾ ਕਾਰਖ਼ਾਨਾ ਲਗਾਇਆ। ਸੰਨ 1609 ਦੀਆਂ ਸਰਦੀਆਂ ਤੋਂ ਪਹਿਲਾਂ ਨਮੂਨੇ ਦੇ ਤੌਰ ਤੇ ਇੰਗਲੈਂਡ ਨੂੰ ਸ਼ੀਸ਼ਾ ਭੇਜਿਆ ਗਿਆ ਜਦੋਂ ਕਿ ਉੱਥੇ ਕਾਲ ਪੈ ਜਾਣ ਨਾਲ 500 ਦੀ ਆਬਾਦੀ ਵਿਚੋਂ 400 ਆਦਮੀਆਂ ਦੀ ਮੌਤ ਹੋ ਗਈ ਸੀ। ਸੰਨ 1621 ਵਿਚ ਕੰਪਨੀ ਨੇ ਦੁਬਾਰਾ ਕਾਫ਼ੀ ਧਿਆਨ ਅਤੇ ਸੁਧਰੀ ਸਕੀਮ ਨਾਲ ਕੰਮ ਸ਼ੁਰੂ ਕੀਤਾ ਪਰ ਸਫ਼ਲਤਾ ਨਾ ਮਿਲ ਸਕੀ। ਪੁਟਾਈ ਕਰਨ ਤੋਂ ਪਤਾ ਲਗਾ ਹੈ ਕਿ ਸ਼ੀਸ਼ਾ ਪਿਘਲਾਉਣ ਦਾ ਕੰਮ ਵਧੇਰੇ ਕੀਤਾ ਗਿਆ ਸੀ ਪਰ ਮੋਤੀ ਆਦਿ ਬਣਾਉਣ ਬਾਰੇ ਕੋਈ ਤੱਥ ਨਹੀਂ ਮਿਲਦੇ।
ਅਮਰੀਕਨ ਸ਼ੀਸ਼ੇ ਦੇ ਇਤਿਹਾਸ ਵਿਚ ਦੂਜਾ ਵੱਡਾ ਮਹੱਤਵਪੂਰਨ ਨਾਂ ਹੈਨਰੀ ਵਿਲਿਅਮ ਸਟੀਗਲ (Henry William Stiegel) ਦਾ ਹੈ। ਸੰਨ 1763 ਵਿਚ ਇਸ ਨੇ 13 ਸਾਲ ਅਮਰੀਕਾ ਵਿਚ ਰਹਿਣ ਉਪਰੰਤ ਅਤੇ ਕਈ ਸਾਲ ਲਗਾਤਾਰ ਲੋਹੇ ਦਾ ਵਪਾਰ ਕਰਨ ਤੋਂ ਪਿਛੋਂ ਲੈਨ ਕੈੱਸਟਰ ਕਾਉਂਟੀ (Lan Caster County) ਵਿਖੇ ਪੈੱਨਸਿਲਵੇਨਿਆ (Pennsylvania) ਵਿਚ ਪਹਿਲਾ ਸ਼ੀਸ਼ਾ ਉਦਯੋਗ ਸਥਾਪਤ ਕੀਤਾ। ਮੈਨਹੀਮ (Manheim) ਵਿਖੇ ਪੈੱਨਸਿਲਵੇਨਿਆ ਵਿਚ ਵੀ ਦੂਜਾ ਸ਼ੀਸ਼ਾ ਉਦਯੋਗ ਸਥਾਪਤ ਕਰਕੇ ਸੰਨ 1765 ਵਿਚ ਇਸ ਨੇ ਟੇਬਲ-ਗਲਾਸ ਦਾ ਧੰਦਾ ਸ਼ੁਰੂ ਕੀਤਾ। ਸੰਨ 1769 ਵਿਚ ਮੈਨਹੀਮ ਵਿਖੇ ਹੀ ਸਟੀਗਲ ਨੇ ਤੀਜਾ ਸ਼ੀਸ਼ੇ ਦਾ ਉਦਯੋਗ ‘ਦੀ ਅਮਰੀਕਨ ਫਲਿੰਟ ਗਲਾਸ ਵਰਕਸ’ ਸਥਾਪਤ ਕੀਤਾ।
ਸੰਨ 1812 ਦੀ ਲੜਾਈ ਤੋਂ ਬਾਅਦ ਕੁਝ ਹੀ ਉਦਯੋਗ ਬਾਕੀ ਰਹਿ ਗਏ ਸਨ ਅਤੇ ਫਿਰ 1830 ਈ. ਤਕ ਇਨ੍ਹਾਂ ਦੀ ਗਿਣਤੀਪ 90 ਦੇ ਲਗਭਗ ਹੋ ਗਈ ਸੀ। ਸੰਨ 1830 ਤੋਂ 1840 ਦੇ ਵਿਚਕਾਰ ਫਾਈਨ ਲੈੱਡ ਗਲਾਸ (Fine lead Glass) ਦੀ ਕਾਢ ਨਾਲ ਇਕ ਮਹੱਤਵਪੂਰਨ ਤਬਦੀਲੀ ਆ ਗਈ।
ਇੰਗਲੈਂਡ ਦੀ ਬੋਸਟਨ ਕਰਾਊਨ ਗਲਾਸ ਕੰਪਨੀ ਨੇ ਦੱਖਣੀ ਬੋਸਟਨ ਵਿਖੇ ਪਹਿਲੀ ਵਾਰੀ ਸਫ਼ਲਤਾ ਪੂਰਵਕ ਫਾਈਨ ਲੈੱਡ ਗਲਾਸ ਤਿਆਰ ਕੀਤਾ। ਇਥੇ ਹੀ ਟਾਮਸ ਕੇਨਜ਼ (Thomas Canes) 1813 ਈ. ਵਿਚ ਫਲਿੰਟ ਗਲਾਸ ਬਣਾਉਂਦਾ ਹੁੰਦਾ ਸੀ।
ਦੀ ਨਿਊ ਇੰਗਲੈਂਡ ਗਲਾਸ ਕੰਪਨੀ ਜਿਹੜੀ ਕਿ 1818 ਈ. ਵਿਚ ਸਥਾਪਿਤ ਹੋਈ, ਬੈਕਸਵੈਲਜ਼ ਜਿੰਨੀ ਪ੍ਰਸਿੱਧ ਸੀ। ਫਾਈਨ ਲੈੱਡ ਗਲਾਸ ਬਣਾਉਣ ਲਈ ਇਨ੍ਹਾਂ ਵਿਅਕਤੀਆਂ ਨੇ ਪ੍ਰਸਿਧੀ ਪ੍ਰਾਪਤ ਕੀਤੀ ਹੈ :
ਜੌਨ ਐਲ. ਗਿਲੀਲੈਂਡ ਐਂਡ ਕੰਪਨੀ (John L. Gilliland and Company) ਦਾ ਬਰੂਕਲਿਨ ਫਲਿੰਟ ਗਲਾਸ ਵਰਕਸ ਨਾਮੀ ਕਾਰਖ਼ਾਨਾ, ਡੋਰਫਲਿੰਜਰ ਗਲਾਸ ਵਰਕਸ ਅਤੇ ਕਾਰਨਿੰਗ ਗਲਾਸ ਵਰਕਸ ਨਿਊਯਾਰਕ ਆਦਿ (ਚਿਤਰ 4)।
ਅਮਰੀਕਨ ਸ਼ੀਸ਼ੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਵਿਚੋਂ ਮਹੱਤਵਪੂਰਨ ਪਿਕਟੋਰੀਅਲ ਬੋਤਲਾਂ ਹਨ ਜਿਹੜੀਆਂ ਕਿ ਹਿਸਟਾਰੀਕਲ ਫਲਾਸਕਾਂ ਦੇ ਨਾਂ ਨਾਲ ਪ੍ਰਸਿੱਧ ਹਨ, ਸੰਨ 1815 ਤੋਂ 1870 ਦੇ ਵਿਚਕਾਰ ਬਣਾਈਆਂ ਜਾਂਦੀਆਂ ਸਨ। ਅਜਿਹੀਆਂ 398 ਕਿਸਮਾਂ ਹਨ ਜਿਨ੍ਹਾਂ ਨੂੰ ਚਾਰ ਮੁਖ ਭਾਗਾਂ ਵਿਚ ਵੰਡਿਆ ਗਿਆ ਹੈ।
ਪ੍ਰੈਸਡ ਗਲਾਸ ਦੇ ਪਹਿਲੇ 25 ਸਾਲਾਂ ਦੇ ਸਮੇਂ (1825 ਤੋਂ 1850) ਨੂੰ ਲੇਸੀ ਪੀਰੀਅਡ (Lacy Period) ਕਿਹਾ ਜਾਂਦਾ ਹੈ। ਸੰਨ 1830 ਤੋਂ 1840 ਤਕ ਬਾਰੀਕ ਅਤੇ ਜ਼ਿਆਦਾ ਸਜਾਵਟੀ ਚੀਜਾਂ ਬਣਾਈਆਂ ਜਾਂਦੀਆਂ ਸਨ। ਇਸ ਕਾਲ ਵਿਚ ਮਕੈਨੀਕਲ ਪ੍ਰੈਸ ਪੂਰੀ ਤਰ੍ਹਾਂ ਵਿਕਸਿਤ ਹੋ ਚੁਕੀ ਸੀ ਅਤੇ ਸਦੀ ਦੇ ਮੱਧ ਵਿਚ ਸੰਯੁਕਤ ਰਾਜ ਵਿਚ ਅਨੇਕਾਂ ਨਵੇਂ ਉਦਯੋਗ ਲਗ ਗਏ।
19ਵੀਂ ਸਦੀ ਦੇ ਪਹਿਲੇ ਅੱਧ ਵਿਚ ਪ੍ਰੈਸਡ ਗਲਾਸਵੇਅਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਜਿਸ ਕਰਕੇ ਇਸ ਦਾ ਉਤਪਾਦਨ ਵੀ ਵਧੇਰੇ ਹੁੰਦਾ ਸੀ। ਵੀਹਵੀਂ ਸਦੀ ਵਿਚ ਅਨੇਕਾਂ ਨਵੀਆਂ ਪ੍ਰੈਸਡ ਗਲਾਸਵੇਅਰ ਦੀਆਂ ਕਿਸਮਾਂ ਹੋਂਦ ਵਿਚ ਆਈਆਂ ਜਿਹੜੀਆਂ ਕਿ ਇਸ ਦੇ ਉਤਪਾਦਨ ਦੇ ਢੰਗਾਂ ਨਾਲ ਸਿਧੀਆਂ ਹੀ ਸਬੰਧਤ ਹਨ।
ਚੈਕੋਸਲੋਵਾਕੀਆ ਆਸਟਰੀਆ ਅਤੇ ਜਰਮਨੀ––19ਵੀਂ ਸਦੀ ਦੇ ਮੱਧ ਵਿਚ ਕੇਂਦਰੀ ਯੂਰਪ ਦੇ ਸ਼ੀਸ਼ਾ ਉਦਯੋਗ ਵਿਚ ਅਨੇਕਾਂ ਕਿਸਮਾਂ ਦੇ ਸ਼ੀਸ਼ੇ ਦੇ ਰੰਗਦਾਰ ਬਰਤਨ ਬਣਾਏ ਜਾਂਦੇ ਸਨ। ਇਥੇ ਇੰਗਲਿਸ਼ ਕੱਟ ਕ੍ਰਿਸਟਲ ਗਲਾਸ ਵਰਗਾ ਵੀ ਕੰਮ ਹੁੰਦਾ ਸੀ, ਜਿਹੜਾ ਅੱਜਕਲ੍ਹ ਵੀ ਪ੍ਰਚਲਤ ਹੈ, ਕੇਵਲ ਕੁਝ ਤਬਦੀਲੀਆਂ ਹੀ ਆਈਆਂ ਹਨ।
1900 ਈ. ਤੋਂ ਬਾਅਦ ਆਧੁਨਿਕ ਸ਼ੀਸ਼ਾ ਜ਼ਿਆਦਾਤਰ ਵੀਐਨਾ ਕੁਨਸਟਗਵਰਬਸ਼ਲ ਸਕੂਲ ਆਫ਼ ਇੰਟਰਨੈਸ਼ਨਲ ਆਰਟ (Vienna Kunstgewerbeschuli School of International Art) ਦੀ ਦੇਣ ਹੈ। ਕੋਲੋ ਮੋਸਰ (Kolo Moser) ਅਤੇ ਜੋਸਫ਼ ਹਾਫ਼ਮੈਨ (Josef Hoffman) ਵਰਗੇ ਉੱਘੇ ਵਿਅਕਤੀ ਵੀਐਨਾ ਵਿਖੇ ਸੁਧਰੇ ਹੋਏ ਡਿਜ਼ਾਈਨ ਤਿਆਰ ਕਰਨ ਦਾ ਕੰਮ ਕਰਦੇ ਸਨ।
ਪਹਿਲੇ ਸੰਸਾਰ ਯੁੱਧ ਤੋਂ ਬਾਅਦ ਪਰਾਕ ਸਕੂਲ ਆਫ਼ ਇੰਡਸਟਰੀਅਲ ਆਰਟ (Praque School of Industrial Art) ਦੇ ਇਕ ਪ੍ਰੋਫੈਸਰ ਦਾ ਕੰਮ ਅਤਿ ਸ਼ਲਾਘਾਯੋਗ ਹੈ। ਮੂਲ ਰੂਪ ਵਿਚ ਉਹ ਇਕ ਬੁਤਘਾੜਾ ਸੀ ਪਰ ਇਸ ਦੁਆਰਾ ਤਿਆਰ ਕੀਤੇ ਅਨੇਕਾਂ ਡਿਜ਼ਾਈਨ ਉਕਰੇ ਹੋਏ ਸ਼ੀਸ਼ੇ ਦੇ ਨਮੂਨੇ ਹਨ। ਸੰਨ 1960 ਦੇ ਲਗਭਗ ਦੇ ਉੱਘੇ ਕਲਾਕਾਰ ਸਟੈਨਸਲੇਵ ਲਿਬਨਸਕੀ (Stanislaw Libensky), ਰੇਨ ਰਾਊਬਿਕ (Rene Roubick), ਪਾਵਲ ਹਲਵਾ (Pawel Hlaw) ਅਤੇ ਵੈਕਲੇਵ ਸਿਗਲਰ (Vaclaw Cigler) ਆਦਿ ਹੋਏ ਹਨ।
ਆਸਟਰੀਆ ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਲੋਬਮੇਅਰ ਨਾਮੀ ਉਦਯੋਗ ਨੇ ਸਟੀਫਲ ਰੈੱਥ (Stefan Rath) ਦੀ ਅਗਵਾਈ ਹੇਠ ਐਨਾ ਰੋਟਨਬਰਗ (Ena Rottenberg), ਲੋਟੇ ਫਿੰਕ (Lotte Fink) ਅਤੇ ਵੈੱਲੇ ਵਿਸ਼ਲਥੀਅਰ (Vally Wieselthier) ਨਾਮੀ ਕਾਰੀਗਰਾਂ ਨੇ ਅਨੇਕਾਂ ਡਿਜ਼ਾਈਨ ਉਕਰੇ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ।
ਜਰਮਨੀ ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਆਪਣੇ ਸਮੇਂ ਦਾ ਵਿਲਹੈਲਮ ਫਾਨ ਇਫ਼ (Wilhelm Von Eiff) ਸਭ ਤੋਂ ਪ੍ਰਸਿੱਧ ਉਕਰੱਈਆ ਹੋਇਆ ਹੈ ਜਿਹੜਾ ਕਿ ਸਟਟਗਾਰਟ ਵਿਖੇ ਪ੍ਰੋਫੈਸਰ ਸੀ। ਇਸ ਨੇ ਗਲਾਸਵੇਅਰਜ਼ ਦੇ ਕਈ ਮਹੱਤਵਪੂਰਨ ਡਿਜ਼ਾਈਨ ਤਿਆਰ ਕੀਤੇ। ਸ਼ੀਸ਼ਾ ਉਦਯੋਗ ਦੇ ਵਿਕਾਸ ਵਿਚ ਸਭ ਤੋਂ ਮਹੱਤਵਪੂਰਨ ਦੇਣ ਰੋਸਨਥਲ (Rosenthal) ਉਦਯੋਗ ਦੀ ਹੈ।
ਫ਼ਰਾਂਸ––ਫ਼ਰਾਂਸ ਵਿਚ ਵੀ ਕੇਂਦਰੀ ਯੂਰਪ ਅਤੇ ਇੰਗਲੈਂਡ ਦੀ ਤਰ੍ਹਾਂ 19ਵੀਂ ਸਦੀ ਦੇ ਮੱਧ ਵਿਚ ਕੱਟ ਕ੍ਰਿਸਟਲ ਅਤੇ ਰੰਗਦਾਰ ਬਰਤਨਾਂ ਦਾ ਕੰਮ ਹੋਇਆ। ਅਰਧ-ਪਾਰਦਰਸ਼ੀ ਸ਼ੀਸ਼ਾ ਜਿਸ ਨੂੰ ਅਪਾਲਿਨ (Opalines) ਕਿਹਾ ਜਾਂਦਾ ਹੈ, ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਫ਼ਰਾਂਸ ਦੇ ਬਣੇ ਰੰਗਦਾਰ ਪੇਪਰਵੇਟਾਂ ਨੇ ਅੰਤਰਰਾਸ਼ਟਰੀ ਪ੍ਰਸਿੱਧਤਾ ਹਾਸਲ ਕਰ ਲਈ ਸੀ। ਫ਼ਰਾਂਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਥੋਂ ਦੇ ਹਰ ਇਕ ਕਲਾਕਾਰ ਦੀ ਨਿੱਜੀ ਪ੍ਰਾਪਤੀ ਨੇ ਆਧੁਨਿਕ ਸ਼ੀਸ਼ੇ ਲਈ ਯੋਗਦਾਨ ਪਾਇਆ।
ਫ਼ਰਾਂਸ ਦੇ ਕਈ ਕਲਾਕਾਰਾਂ ਨੇ ਪਾਊਡਰ ਰੂਪੀ ਸ਼ੀਸ਼ੇ ਦੀ ਸਫ਼ਲਤਾ ਪੂਰਵਕ ਵਰਤੋਂ ਕੀਤੀ ਸੀ। ਹੈਨਰੀ ਕਰਾਸ (Henri Cros) ਜਿਸ ਨੇ 19ਵੀਂ ਸਦੀ ਦੇ ਅੰਤ ਵਿਚ ਕੰਮ ਕੀਤਾ, ਨੂੰ ਇਸ ਕੰਮ ਦਾ ਬਾਨੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ 1920 ਦੇ ਲਗਭਗ ਰੇਨ ਰਲਿਕ (Rene Ralique) ਇਕ ਪ੍ਰਸਿੱਧ ਨਿਰਮਾਤਾ ਹੋਇਆ ਹੈ ਜਿਸ ਨੇ ਪ੍ਰੈਸਡ ਅਤੇ ਬਲੋਇੰਗ ਗਲਾਸ ਦਾ ਕੰਮ ਕੀਤਾ। ਇਸ ਨੇ ਜ਼ਿਆਦਾਤਰ ਰੌਸ਼ਨੀ ਅਤੇ ਅੰਦਰੂਨੀ ਸਜਾਵਟ ਵਾਲਾ ਸਾਮਾਨ ਤਿਆਰ ਕੀਤਾ। ਇਸ ਦੇ ਨਾਲ ਰਲਦੀ ਮਿਲਦੀ ਕਿਸਮ ਦਾ ਸਾਮਾਨ 1930 ਈ. ਦੇ ਲਗਭਗ ਹੈਨਰੀ ਨਵੇਰੇ (Henri Navarre) ਨੇ ਤਿਆਰ ਕੀਤਾ ਹੈ।
ਸਭ ਤੋਂ ਮਹੱਤਵਪੂਰਨ ਕੰਮ ਜੀਨ ਲੂਸ (Jean Luce) ਅਤੇ ਮਾਰਸਲ ਗੋਪੀ (Marcel Goupy) ਨੇ ਕੀਤਾ ਜਿਸ ਨੇ ਸ਼ੀਸ਼ੇ ਅਤੇ ਚੀਨੀ ਮਿੱਟੀ (Ceramics) ਦੇ ਵੱਡੇ ਵੱਡੇ ਬਰਤਨਾਂ ਦੇ ਡਿਜ਼ਾਈਨ ਤਿਆਰ ਕੀਤੇ। ਐਂਡਰੇ ਥਰੇਟ (Andre Thuret) ਨੇ ਪਲਾਸਟਿਕ ਕਿਸਮ ਦਾ ਸ਼ੀਸ਼ਾ ਤਿਆਰ ਕੀਤਾ ਅਤੇ ਜੀਨ ਸਾਲਾ ਨੇ ਬਬਲਡ ਗਲਾਸ ਸਬੰਧੀ ਕੰਮ ਕੀਤਾ।
ਬੈਲਜ਼ੀਅਮ ਅਤੇ ਨੀਦਰਲੈਂਡਜ਼––ਬੈਲਜ਼ੀਅਮ ਵਿਚ ਵਾਲ ਸੇਂਟ-ਲੈਂਬਰਟ ਫੈਕਟਰੀ (Val Saint-Lambert) ਕੱਟ ਕ੍ਰਿਸਟਲ ਸ਼ੀਸ਼ੇ ਦੇ ਕੰਮ ਦਾ ਸਭ ਤੋਂ ਵੱਡਾ ਉਤਪਾਦਨ ਕੇਂਦਰ ਹੈ। ਡੱਚ ਗਲਾਸ ਵਰਕਸ ਲੀਰਡੱਮ (Leerdam) ਵਿਖੇ ਸਕੈਂਡੇਨੀਅਮ ਸ਼ੀਸ਼ੇ ਵਰਗਾ ਸ਼ੀਸ਼ਾ ਤਿਆਰ ਕਰਨ ਦੇ ਆਧੁਨਿਕ ਢੰਗ ਵਰਤੇ ਜਾਂਦੇ ਹਨ। ਸੰਨ 1920 ਤੋਂ ਲੈ ਕੇ ਹੁਣ ਤਕ ਯੁਨਿਕਾ (Unica) ਨਾਮੀ ਕਿਸਮ ਦੀਆਂ ਸ਼ੀਸ਼ੇ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਸਜਾਵਟ ਦਾ ਕੰਮ ਵੀ ਇਸ ਦੇ ਨਾਲ ਨਾਲ ਹੀ ਹੋਣ ਲੱਗ ਪਿਆ।
ਇਟਲੀ––19ਵੀਂ ਸਦੀ ਦੇ ਅੱਧ ਦੇ ਲਗਭਗ ਇਟਲੀ ਵਿਚ ਸ਼ੀਸ਼ਾ ਉਦਯੋਗ ਮੁੜ ਪ੍ਰਗਤੀ ਦੀ ਰਾਹ ਤੇ ਪੈ ਗਿਆ। ਸੰਨ 1867 ਵਿਚ ਪੈਰਿਸ ਵਿਖੇ ਹੋਈ ਪ੍ਰਦਰਸ਼ਨੀ ਵਿਚ ਅਨੇਕਾਂ ਸ਼ੀਸ਼ੇ ਦੀਆਂ ਬਣੀਆਂ ਚੀਜ਼ਾਂ ਇਟਲੀ ਦੁਆਰਾ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਉੱਤੇ ਵੈਨਿਟੀਅਨ ਢੰਗ ਅਤੇ ਫਰਨੈਸ ਡੈਕੋਰੇਸ਼ਨ ਢੰਗਾਂ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਸੀ। ਸੰਨ 1920 ਦੇ ਲਗਭਗ ਇਤਾਲਵੀ ਸ਼ੀਸ਼ੇ ਦੇ ਕੰਮ ਨੇ ਵਧੇਰੇ ਪ੍ਰਗਤੀ ਕੀਤੀ।
ਦੂਜੇ ਸੰਸਾਰ ਯੁੱਧ ਤੋਂ ਬਾਅਦ ਰੰਗਣ ਅਤੇ ਚਿਤਰਨ ਢੰਗਾਂ ਸਬੰਧੀ ਕਈ ਨਵੀਆਂ ਖੋਜਾਂ ਹੋਈਆਂ। ਇਤਾਲਵੀ ਸ਼ੀਸ਼ੇ ਨੇ ਆਮ ਕਰ ਕੇ ਵੈਨਿਟੀਅਨ ਕਿਸਮ ਨੂੰ ਹੀ ਅਪਣਾਇਆ ਹੈ। ਇਟਲੀ ਦੇ ਕਈ ਉੱਘੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਪੇਂਟਰ ਅਤੇ ਕਾਰੀਗਰ ਹੋਏ ਹਨ, ਜਿਨ੍ਹਾਂ ਨੇ ਸ਼ੀਸ਼ੇ ਦੇ ਬੁਤਾਂ ਦੀਆਂ ਅਨੇਕਾਂ ਲੜੀਆਂ ਅਤੇ ਉਨ੍ਹਾਂ ਉੱਤੇ ਚਿਤਰ ਉਕਰੇ ਹਨ।
ਚੀਨੀ ਸ਼ੀਸ਼ਾ––ਸ਼ੀਸ਼ੇ ਦਾ ਉਤਪਾਦਨ ਚੀਨ ਵਿਚ ਕਦੇ ਵੀ ਨਹੀਂ ਹੋਇਆ। ਪੁਰਾਤਨ ਰੀਕਾਰਡਾਂ ਤੋਂ ਪਤਾ ਲੱਗਦਾ ਹੈ ਕਿ 206 ਈ. ਪੂ. ਤੋਂ 220 ਈ. ਤਕ ਹੇਨ ਸਲਤਨਤ ਦੇ ਸਮੇਂ ਪੱਛਮ ਤੋਂ ਸ਼ੀਸ਼ਾ ਮੰਗਵਾ ਕੇ ਅਨੇਕਾਂ ਚੀਜ਼ਾਂ ਇਥੇ ਤਿਆਰ ਕੀਤੀਆਂ ਜਾਂਦੀਆਂ ਸਨ। ਚੀਨੀ ਆਪ ਵੀ ਇਸ ਗੱਲ ਨੂੰ ਮੰਨਦੇ ਹਨ ਕਿ 5ਵੀਂ ਸਦੀ ਤੋਂ ਪਹਿਲਾਂ ਉਥੇ ਸ਼ੀਸ਼ੇ ਦਾ ਕੋਈ ਕੰਮ ਨਹੀਂ ਹੁੰਦਾ ਸੀ। ਸੰਨ 1722 ਤਕ ਚੀਨ ਵਿਚ ਸਿਰਫ ਸ਼ੀਸ਼ੇ ਦੇ ਪਿਆਲੇ ਆਦਿ ਹੀ ਬਲੋਨ-ਗਲਾਸ ਤੋਂ ਬਣਾਏ ਜਾਂਦੇ ਸਨ। ਬਾਅਦ ਵਿਚ ਬਲੋਨ ਗਲਾਸ ਦੀ ਥਾਂ ਕੁਦਰਤੀ ਸ਼ੀਸ਼ੇ ਨੇ ਲੈ ਲਈ। ਸ਼ੀਸ਼ੇ ਦੇ ਰੰਗ ਵੀ ਅਸਾਧਾਰਨ ਹੀ ਹੁੰਦੇ ਸਨ, ਫਿਰ ਕੱਟ ਗਲਾਸ ਤੋਂ ਬੋਤਲਾਂ ਆਦਿ ਬਣਾਉਣ ਦਾ ਕੰਮ ਹੋਣ ਲੱਗ ਪਿਆ ਅਤੇ ਅਨੇਕਾਂ ਰੰਗ ਇਕ ਦੂਜੇ ਨਾਲ ਮਿਲਾ ਕੇ ਸਮੁੱਚਾ ਪ੍ਰਭਾਵ ਪਾਉਣ ਲਈ ਵਰਤੇ ਜਾਣ ਲੱਗ ਪਏ।
ਸ਼ੀਸ਼ੇ ਦਾ ਉਤਪਾਦਨ––ਅੱਜਕਲ੍ਹ ਰੇਤ (Silica), ਚੂਨਾ ਅਤੇ ਸੋਡਾ ਐਸ਼ (Soda Ash) ਤੋਂ ਇਲਾਵਾ ਲਗਭਗ ਸਾਰੇ ਹੀ ਅਕਾਰਬਨਿਕ (inorganic) ਰਸਾਇਣ ਅਤੇ ਤੱਤ (elements) ਥੋੜ੍ਹੇ ਜਿੰਨੀ ਮਾਤਰਾ ਵਿਚ ਰਲਾ ਕੇ ਵੱਖ ਵੱਖ ਕੰਮਾਂ ਲਈ ਵਰਤਿਆ ਜਾਣ ਵਾਲਾ ਸ਼ੀਸ਼ਾ ਤਿਆਰ ਕੀਤਾ ਜਾਣ ਲੱਗ ਪਿਆ ਹੈ। ਸੰਨ 1900 ਤਕ ਸਿਰਫ ਕੁਝ ਕੁ ਸੈਂਕੜੇ ਫਾਰਮੂਲਿਆਂ ਰਾਹੀਂ ਸ਼ੀਸ਼ਾ ਤਿਆਰ ਕੀਤਾ ਜਾਂਦਾ ਸੀ ਜਦ ਕਿ ਅੱਜ ਕਲ੍ਹ 100,000 ਤੋਂ ਵੀ ਵੱਧ ਫਾਰਮੂਲੇ ਪ੍ਰਚਲਤ ਹਨ। ਤਰਲ ਸ਼ੀਸ਼ੇ ਅਤੇ ਠੋਸ ਸ਼ੀਸ਼ੇ ਦੋਵਾਂ ਦੀ ਅਣਵੀਂ ਬਣਤਰ ਇਕੋ ਹੀ ਹੁੰਦੀ ਹੈ। ਇਹ ਦੂਜੇ ਤਰਲ ਪਦਾਰਥਾਂ ਦੀ ਤਰ੍ਹਾਂ ਠੰਢਾ ਹੋਣ ਤੇ ਜੰਮ ਜਾਣ ਬਾਅਦ ਰਵੇਦਾਰ ਬਣਤਰ ਵਾਲਾ ਨਹੀਂ ਕਿਹਾ ਜਾ ਸਕਦਾ। ਜਿਉਂ ਹੀ ਇਸ ਨੂੰ ਭੱਠੀ ਤੋਂ ਹਟਾ ਕੇ ਪਰ੍ਹੇ ਕੀਤਾ ਜਾਂਦਾ ਹੈ, ਇਹ ਸਖ਼ਤ ਪਦਾਰਥ ਵਿਚ ਬਦਲ ਜਾਂਦਾ ਹੈ।
ਉਤਪਾਦਨ ਦੇ ਮੂਲ ਢੰਗ––ਸ਼ੀਸ਼ਾ ਤਿਆਰ ਕਰਨ ਦਾ ਢੰਗ ਬਹੁਤ ਹੀ ਸੌਖਾ ਹੈ। ਸ਼ੀਸ਼ੇ ਦੇ ਮੂਲ ਤੱਤ ਸਾਰੇ ਹੀ ਠੋਸ ਹਨ, ਜਿਹੜੇ ਕਿ ਵੱਖ ਵੱਖ ਭਾਂਡਿਆਂ ਵਿਚ ਸਟੋਰ ਕੀਤੇ ਹੁੰਦੇ ਹਨ ਅਤੇ ਲੋੜੀਂਦੀ ਮਾਤਰਾ ਵਿਚ ਨਾਪ ਤੋਲ ਕੇ ਰਲਾਏ ਜਾਂਦੇ ਹਨ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਰਲਾ ਕੇ ਪਿਘਲਾਇਆ ਜਾਂਦਾ ਹੈ ਅਤੇ ਫਿਰ ਗਾਲ ਕੇ ਉਸ ਨੂੰ ਲੋੜੀਂਦੇ ਆਕਾਰ ਵਿਚ ਢਾਲ ਲਿਆ ਜਾਂਦਾ ਹੈ। ਸਟੈਂਡਰਡ ਸ਼ੀਸ਼ੇ ਵਿਚ ਰੇਤ, ਚੂਨਾ, ਸੋਡਾ ਐਸ਼ ਅਤੇ ਸ਼ੀਸ਼ੇ ਦੇ ਟੁਕੜੇਜਾਂ ਪੀਸਿਆ ਹੋਇਆ ਸ਼ੀਸ਼ਾ ਰਲਾਏ ਹੁੰਦੇ ਹਨ। ਕਰਾਕਰੀ ਦੀ ਤਰ੍ਹਾਂ ਸ਼ੀਸ਼ੇ ਨੂੰ ਦੁਬਾਰ ਪਿਘਲਾਇਆ ਜਾ ਸਕਦਾ ਹੈ ਜਿਹੜਾ ਕਿ ਨਵੇਂ ਰਲੇ ਪਦਾਰਥ ਨੂੰ ਪਿਘਲਾਉਣ ਵਿਚ ਸਹਾਇਤਾ ਕਰਦਾ ਹੈ। ਨਿਮਨਲਿਖਤਾਂ ਵਿਚੋਂ ਕੋਈ ਵੀ ਰਲਾਇਆ ਜਾ ਸਕਦਾ ਹੈ ਜਿਵੇਂ ਪੋਟਾਸ਼, ਲੈੱਡ ਆਕਸਾਈਡ, ਬੋਰਿਕ ਆਕਸਾਈਡ ਜਾਂ ਕੋਈ ਆਕਸੀਕਾਰਕ, ਰੰਗ ਅਤੇ ਸਜਾਵਟ ਲਈ ਕੋਈ ਪਦਾਰਥ ਜਾਂ ਅਪਾਰਦਰਸ਼ਕ ਪਦਾਰਥ ਆਦਿ। ਕਿਉਂਕਿ ਰੇਤ ਵਿਚ ਕਈ ਤਰ੍ਹਾਂ ਦੀਆਂ ਅਸ਼ੁੱਧੀਆਂ ਹੁੰਦੀਆਂ ਹਨ ਜਿਸ ਕਰਕੇ ਸ਼ੀਸ਼ਾ ਸਾਫ਼ ਨਹੀਂ ਬਣਦਾ ਪਰ ਰੰਗ-ਰਹਿਤ ਸਾਫ਼ ਸ਼ੀਸ਼ਾ ਤਿਆਰ ਕਰਨ ਲਈ ਇਯ ਵਿਚ ਰੰਗਕਾਟ ਮਿਲਾਇਆ ਜਾਂਦਾ ਹੈ। ਇਸ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਰਲਾ ਕੇ ਟੈਂਕ ਜਾਂ ਭਾਂਡੇ ਵਿਚ ਪਾ ਕੇ 1537.7° ਸੈਂ. (2800° ਫਾ.) ਜਾਂ ਇਸ ਤੋਂ ਵੀ ਉੱਚੇ ਤਾਪਮਾਨ ਤਕ ਗਰਮ ਕੀਤਾ ਜਾਂਦਾ ਹੈ ਜਿਥੇ ਇਹ ਪਿਘਲਣ ਤੋਂ ਬਾਅਦ ਗਲ (Fuse) ਜਾਂਦਾ ਹੈ ਅਤੇ ਲੋੜ ਅਨੂਸਾਰ ਸਾਂਚੇ ਵਿਚ ਪਾ ਕੇ ਸ਼ੀਸ਼ਾ ਤਿਆਰ ਕੀਤਾ ਜਾ ਸਕਦਾ ਹੈ। ਫਿਰ ਬਾਅਦ ਵਿਚ ਕ੍ਰਮਵਾਰ ਤੇਲ, ਕੁਦਰਤੀ ਗੈਸ ਜਾਂ ਪ੍ਰੋਡਿਊਸਰ ਗੈਸ ਨੇ ਇਸ ਦੀ ਥਾਂ ਲੈ ਲਈ। ਵੀਹਵੀਂ ਸਦੀ ਦੇ ਮੱਧ ਤੋਂ ਬਿਜਲੀ ਦੀ ਵਰਤੋਂ ਬਾਲਣ ਦੇ ਤੌਰ ਤੇ ਵਧੇਰੇ ਕੀਤੀ ਜਾਣ ਲੱਗ ਪਈ ਹੈ।
ਸ਼ੀਸ਼ੇ ਦੇ ਗੁਣ (Properties of glass)––ਸ਼ੀਸ਼ੇ ਦੇ ਪ੍ਰਮੁੱਖ ਗੁਣ ਲੇਸਲਾਪਨ (viscosity), ਸਖ਼ਤ ਹੋਣਾ, ਅਪਵਰਤਨ-ਅੰਕ, ਪ੍ਰਕਾਸ਼ ਵਿਖੇਪਣ, ਪ੍ਰਕਾਸ਼-ਸੰਚਾਰੀ (light transmission), ਤਰੰਗ-ਲੰਬਾਈ, ਅਖੋਰ (corrosion resistance), ਬਿਜਲੀ ਪਤਿਰੋਧਕਤਾ (electrical resistivity), ਡਾਈਇਲੈੱਕਟ੍ਰਿਕ-ਸਥਿਰ-ਅੰਕ (dielectric constant) ਆਦਿ ਹਨ।
ਸ਼ੀਸ਼ੇ ਦਾ ਲੇਸਲਾਪਨ ਇਸ ਦੀ ਉਤਪਾਦਨ ਵਿਧੀ ਲਈ ਬਹੁਤ ਮਹੱਤਵਪੂਰਨ ਹੈ, ਜਿਉਂ ਜਿਉਂ ਤਾਪਮਾਨ ਘਟਦਾ ਹੈ ਲੇਸਲਾਪਨ ਵਧਦਾ ਜਾਂਦਾ ਹੈ। ਇਸ ਦੇ ਪਿਘਲਣ ਵੇਲੇ 100 ਪਾੱਇਜ਼ (Poise), ਕੰਮ ਕਰਦੇ ਸਮੇਂ 103ਤੋਂ 106 ਪਾੱਇਜ਼, ਨਰਮ ਅੰਕ (softening point) ਉੱਤੇ 107-6 ਪਾੱਇਜ਼, ਅਨੀਲਿੰਗ ਅੰਕ (annealing point) ਉੱਤੇ 1014-5 ਪਾੱਇਜ਼ ਲੇਸਲਾਪਨ ਹੁੰਦਾ ਹੈ। ਸ਼ੀਸ਼ੇ ਦੀ ਸਮਰੱਥਾ ਦੀ ਤਕਨੀਕੀ ਤੌਰ ਤੇ ਬਹੁਤ ਮਹੱਤਤਾ ਹੈ। ਜਿਤਨੀਆਂ ਸ਼ੀਸ਼ੇ ਵਿਚ ਖੋਲਾਂ ਆਦਿ ਘੱਟ ਹੋਣਗੀਆਂ ਉਤਨੀ ਹੀ ਸ਼ੀਸ਼ੇ ਦੀ ਸਮਰੱਥਾ ਵੱਧ ਹੁੰਦੀ ਹੈ। ਸ਼ੀਸ਼ੇ ਦੀ ਬਣਤਰ ਉੱਤੇ ਇਸ ਦੇ ਅਪਵਰਤਨ ਅੰਕ ਦਾ ਤਰੰਗ-ਲੰਬਾਈ ਦੇ ਨਾਲ ਨਾਲ ਬਦਲਣਾ ਨਿਰਭਰ ਕਰਦਾ ਹੈ। ਸਾਧਾਰਨ ਸ਼ੀਸ਼ੇ ਦਾ ਅਪਵਰਤਨ ਅੰਕ ਅਤੇ ਵਰਨ-ਵਿਖੇਪਣ ਨਾਲ ਨਾਲ ਇਕੋ ਜਿੰਨੇ ਘਟਦੇ ਵਧਦੇ ਹਨ। ਪ੍ਰਕਾਸ਼ੀ ਸੰਚਾਰ ਦੀ ਰੰਗਦਾਰ ਸ਼ੀਸ਼ੇ ਅਤੇ ਫ਼ਿਲਟਰਾਂ ਲਈ ਬਹੁਤ ਮਹੱਤਤਾ ਹੈ। ਇਸੇ ਆਧਾਰ ਤੇ ਸਾਧਾਰਨ ਸ਼ੀਸ਼ੇ ਦੀ ਰੰਗਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪ੍ਰਕਾਸ਼ੀ ਮਹੱਤਤਾ ਵਾਲੇ ਸ਼ੀਸ਼ੇ ਵਿਚੋਂ ਲੋਹੇ ਦਾ ਅੰਸ਼ ਬਿਲਕੁਲ ਖ਼ਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਤਾਪਮਾਨ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਜਿਵੇਂ ਕਿ ਦੂਜੇ ਕਿਸੇ ਵੀ ਪ੍ਰਤਿਰੋਧਕਾਂ ਵਿਚ ਹੁੰਦਾ ਹੈ। ਪਾਰਦਰਸ਼ੀ ਟਿਨ-ਆਕਸਾਈਡ ਦੀ ਤਹਿ ਚੜ੍ਹਾ ਕੇ ਇਸ ਦੀ ਉਪਰਲੀ ਸਤ੍ਹਾ ਨੂੰ ਬਿਜਲੱਈ ਚਾਲਕ ਬਣਾਇਆ ਜਾ ਸਕਦਾ ਹੈ। ਆਕਾਰ ਵਾਲੇ ਸੂਖ਼ਮ ਯੰਤਰ ਤਿਆਰ ਕਰਨ ਵਿਚ ਸ਼ੀਸ਼ੇ ਦੀ ਬਹੁਤ ਮਹੱਤਤਾ ਹੈ ਜਿਵੇਂ ਕਿ ਡਾਕਟਰੀ ਥਰਮਾਮੀਟਰ ਦਾ ਤਾਪਮਾਨ ਵਧਣ ਨਾਲ ਸ਼ੀਸ਼ੇ ਦੇ ਆਕਾਰ ਵਿਚ ਆਈ ਤਬਦੀਲੀ ਉਸ ਉੱਤੇ ਅੰਕਿਤ ਕੀਤੇ ਹੋਏ ਤਾਪਮਾਨ ਵਿਚ ਤਬਦੀਲੀ ਲਿਆ ਸਕਦੀ ਹੈ। ਜੇਕਰ ਸ਼ੀਸ਼ੇ ਨੂੰ ਪੂਰੀ ਤਰ੍ਹਾਂ ਅਨੀਲ ਨਾ ਕੀਤਾ ਗਿਆ ਹੋਵੇ ਜਾਂ ਕਮਾਇਆ (aging) ਨਾ ਗਿਆ ਹੋਵੇ ਤਾਂ ਇਸ ਦੇ ਐਟਮ ਹੌਲੀ ਹੌਲੀ ਇਕ ਦੂਜੇ ਦੇ ਨੇੜੇ ਆ ਜਾਂਦੇ ਹਨ, ਜਿਸ ਨਾਲ ਇਸ ਦੀ ਘਣਤਾ, ਅਪਵਰਤਨ ਅੰਕ ਅਤੇ ਸਮਰੱਥਾ ਬਦਲ ਜਾਂਦੀ ਹੈ।
ਵਿਸ਼ੇਸ਼ ਪ੍ਰਕਾਰ ਦੇ ਸ਼ੀਸ਼ਿਆਂ ਦਾ ਉਤਪਾਦਨ––20ਵੀਂ ਸਦੀ ਵਿਚ ਸ਼ੀਸ਼ੇ ਦੇ ਉਤਪਾਦਨ ਵਿਚ ਬਹੁਤ ਪ੍ਰਗਤੀ ਹੋਈ ਹੈ, ਜਿਸ ਦੇ ਫਲ ਸਰੂਪ ਅਨੇਕਾਂ ਨਵੀਆਂ ਕਿਸਮਾਂ ਦਾ ਸ਼ੀਸ਼ਾ ਹੋਂਦ ਵਿਚ ਆਇਆ ਹੈ, ਜਿਨ੍ਹਾਂ ਵਿਚੋਂ ਕੁਝ-ਕੁ ਨਿਮਨਲਿਖਤ ਹਨ :
1. ਸ਼ੀਸ਼ੇ ਦੀਆਂ ਇੱਟਾਂ (Glass bricks),
2. ਸਲਫ਼ੇਟਿਡ ਸ਼ੀਸ਼ਾ (Sulfatid glass),
3. ਪ੍ਰਕਾਸ਼-ਸੁਗ੍ਰਾਹੀ ਸ਼ੀਸ਼ਾ (Photosensitive glass),
4. ਇਕ-ਵਰਨੀ ਪ੍ਰਕਾਸ਼ੀ ਸ਼ੀਸ਼ਾ (Photochromic glass),
5. ਦੂਧੀਆ ਧੁੰਦਲਾ ਸ਼ੀਸ਼ਾ (Opal glass),
6. ਰਸਾਇਣਿਕ ਤੌਰ ਤੇ ਪਕਾਇਆ ਸ਼ੀਸ਼ਾ (Chemically toughened glass),
7. ਪ੍ਰਕਾਸ਼ੀ-ਰੇਸ਼ਿਆਂ ਵਾਲਾ ਸ਼ੀਸ਼ਾ (Optical Fibered glass),
8. ਬਿਜਲੀ ਚਾਲਕ ਸ਼ੀਸ਼ਾ (Electrically Conduting glass)।
ਕੁਝ ਵਿਸ਼ੇਸ਼ ਕਿਸਮ ਦੇ ਰੰਗਦਾਰ ਸ਼ੀਸ਼ਿਆਂ ਦੀ ਬਣਤਰ ਨਿਮਨ ਅਨੁਸਾਰ ਹੁੰਦੀ ਹੈ :
ਲੜੀ ਨੰ.
|
ਸ਼ੀਸ਼ੇ ਦਾ ਰੰਗ
|
ਰੰਗਕ ਪਦਾਰਥ
|
ਰੰਗਕ ਪਦਾਰਥ ਦੀ ਮਾਤਰਾ
|
1.
|
ਪੀਲਾ
|
(ੳ) ਕੈਡਮੀਅਮ ਸਲਫ਼ਾਈਡ
|
20 ਤੋਂ 30 ਹਿੱਸੇ
|
|
|
(ਅ) ਗੰਧਕ
|
5 ਤੋਂ 10 ਹਿੱਸੇ
|
2.
|
ਭੂਰਾ
|
(ੳ) ਕਾਰਬਨ
|
5 ਤੋਂ 10 ਹਿੱਸੇ
|
|
|
(ਅ) ਗੰਧਕ
|
2 ਤੋਂ 4 ਹਿੱਸੇ
|
3.
|
ਹਰਾ
|
ਕਰੋਮੀਅਮ ਆਕਸਾਈਡ
|
1 ਤੋਂ 2 ਹਿੱਸੇ
|
4.
|
ਨੀਲਾ
|
ਕੋਬਾਲਟ ਆਕਸਾਈਡ
|
1 ਤੋਂ 3 ਹਿੱਸੇ
|
5.
|
ਦੂਧੀਆ ਜਾਂ ਧੁੰਦਲਾ
|
ਕਰਾਇਓਲਾਈਟ
|
100 ਤੋਂ 120 ਹਿੱਸੇ
|
6.
|
ਅਸਮਾਨੀ
|
ਕਿਊਪਰਿਕ ਆਕਸਾਈਡ
|
10 ਤੋਂ 20 ਹਿੱਸੇ
|
7.
|
ਲਾਲ
|
(ੳ) ਸਿਲੀਨਿਅਮ
|
8 ਤੋਂ 15 ਹਿੱਸੇ
|
|
|
(ਅ) ਕੈਡਮੀਅਮ ਸਲਫ਼ਾਈਡ
|
10 ਤੋਂ 15 ਹਿੱਸੇ
|
ਬਣਤਰ ਮਿਸ਼ਰਨ
(ੳ) ਵਿਸ਼ੇਸ਼ ਪ੍ਰਕਾਰ ਦਾ ਭਾਰਤੀ ਸ਼ੀਸ਼ਾ :
ਸਿਲਿਕਾ (SiO2)
|
74%
|
ਰੇਤ
|
1000 ਹਿੱਸੇ
|
ਕੈਲਸੀਅਮ ਆਕਸਾਈਡ (CaO)
|
7%
|
ਚੂਨਾ ਪੱਥਰ
|
169 ਹਿੱਸੇ
|
ਸੋਡੀਅਮ ਆਕਸਾਈਡ (Na2O)
|
19%
|
ਸੋਡਾ ਐਸ਼
|
439 ਹਿੱਸੇ
|
(ਅ) ਸ਼ੀਸ਼ੇ ਦੀ ਚਾਦਰ :
ਸਿਲਿਕਾ
|
72%
|
ਰੇਤ
|
1000 ਹਿੱਸੇ
|
ਐਲੂਮਿਨਾ (Al2O3)
|
1.6%
|
ਐਲੂਮਿਨਾ
|
22 ਹਿੱਸੇ
|
ਕੈਲਸੀਅਮ ਆਕਸਾਈਡ
|
10.4%
|
ਚੂਨਾ ਪੱਥਰ
|
257 ਹਿੱਸੇ
|
ਸੋਡੀਅਮ ਆਕਸਾਈਡ
|
16%
|
ਸੋਡਾ ਐਸ਼
|
380 ਹਿੱਸੇ
|
(ੲ) ਕ੍ਰਿਸਟਲ ਸ਼ੀਸ਼ਾ :
ਸਿਲਿਕਾ
|
52.5%
|
ਰੇਤ
|
1000 ਹਿੱਸੇ
|
ਲੈੱਡ ਆਕਸਾਈਡ (PbO)
|
33.8%
|
ਸੰਧੂਰ
|
660 ਹਿੱਸੇ
|
ਪੋਟਾਸ਼ੀਅਮ ਆਕਸਾਈਡ (K2O)
|
13.3%
|
ਪੋਟਾਸ਼
|
330 ਹਿੱਸੇ
|
(ਸ) ਬਿਜਲੀ ਦੇ ਬਲਬਾਂ ਵਿਚ ਵਰਤਿਆ ਜਾਣ ਵਾਲਾ ਸ਼ੀਸ਼ਾ :
ਸਿਲਿਕਾ
|
72.5%
|
ਰੇਤ
|
1000 ਹਿੱਸੇ
|
ਐਲੂਮਿਨਾ
|
1.6%
|
ਐਲੂਮਿਨਾ
|
22 ਹਿੱਸੇ
|
ਕੈਲਸੀਅਮ ਆਕਸਾਈਡ
|
4.9%
|
ਚੂਨਾ ਪੱਥਰ
|
121 ਹਿੱਸੇ
|
ਮੈਗਨੀਸ਼ੀਅਮ ਆਕਸਾਈਡ (MgO)
|
3.5%
|
ਮੈਗਲੇਸਾਈਟ
|
101 ਹਿੱਸੇ
|
ਸੋਡੀਅਮ ਆਕਸਾਈਡ
|
17.5%
|
ਸੋਡਾ ਐਸ਼
|
413 ਹਿੱਸੇ
|
(ਹ) ਤਾਪ ਪ੍ਰਤਿਰੋਧੀ ਸ਼ੀਸ਼ਾ :
ਸਿਲਿਕਾ
|
73.9%
|
ਰੇਤ
|
1000 ਹਿੱਸੇ
|
ਐਲੂਮਿਨਾ
|
2.2%
|
ਐਲੂਮਿਨਾ
|
30 ਹਿੱਸੇ
|
ਸੋਡੀਅਮ
|
6.7%
|
ਸੋਡਾ ਐਸ਼
|
155 ਹਿੱਸੇ
|
ਬੋਰਿਕ ਆਕਸਾਈਡ (B2O3)
|
16.5%
|
ਬੋਰਿਕ ਅਮਲ
|
395 ਹਿੱਸੇ
|
(ਕ) ਰਸਾਇਣਿਕ ਸ਼ੀਸ਼ਾ (ਪਾਇਰੈੱਕਸ) :
ਸਿਲਿਕਾ
|
80.6%
|
ਰੇਤ
|
1000 ਹਿੱਸੇ
|
ਐਲੂਮਿਨਾ
|
2.2%
|
ਐਲੂਮਿਨਾ
|
25 ਹਿੱਸੇ
|
ਮੈਗਨੀਸ਼ੀਅਮ ਆਕਸਾਈਡ
|
03%
|
ਮੈਗਨੇਸਾਈਟ
|
8 ਹਿੱਸੇ
|
ਬੋਰਿਕ ਆਕਸਾਈਡ
|
11.9%
|
ਬੋਰਿਕ ਅਮਲ
|
262 ਹਿੱਸੇ
|
ਸੋਡੀਅਮ ਆਕਸਾਈਡ
|
3.9%
|
ਸੋਡਾ ਐਸ਼
|
83 ਹਿੱਸੇ
|
ਪੋਟਾਸ਼ੀਅਮ ਆਕਸਾਈਡ
|
0.7%
|
ਪੋਟਾਸ਼
|
13 ਹਿੱਸੇ
|
ਹ. ਪੁ.––ਐਨ. ਬ੍ਰਿ. ਮੈ. 8:196; ਐਨ. ਬ੍ਰਿ. ਮੈ. 12:697; ਮੈਕ. ਐਨ. ਸ. ਟ. 6:209; ਹਿੰ. ਵਿ. 3:433.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸ਼ੀਸ਼ਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੀਸ਼ਾ, ਪੁਲਿੰਗ : ਇੱਕ ਪਦਾਰਥ ਜੋ ਆਮ ਕਰ ਕੇ ਪਾਰਦਸ਼ਕ ਪਰ ਧੁੰਧਲਾ ਵੀ ਹੁੰਦਾ ਹੈ। ਇਹ ਸੀਲੀਕੇਟਾਂ ਦੇ ਮਿਸ਼ਰਣ ਤੋਂ ਬਣਦਾ ਹੈ ਪਰ ਕਈ ਵਾਰੀ ਫਾਸਫੋਰਸ ਤੇ ਕਾਰਬੋਰੇਟਸ ਵੀ ਮਿਲਾ ਲਏ ਜਾਂਦੇ ਹਨ
–ਸ਼ੀਸ਼ੀ ਬਾਸ਼ਾ, ਵਿਸ਼ੇਸ਼ਣ : ੧. ਭੁੱਖਾ ਸ਼ੁਕੀਨ, ਬਣਿਆ ਠਣਿਆ ਰਹਿਣ ਵਾਲਾ ਆਦਮੀ ਜੋ ਸ਼ਿੰਗਾਰ ਉਤੇ ਆਪਣੀ ਹੈਸੀਅਤ ਤੋਂ ਵੱਧ ਖਰਚੇ ਕਰੇ; ੨. ਛੇਤੀ ਵਿਚਲ ਜਾਂ ਟੁਟ ਜਾਣ ਵਾਲੀ (ਚੀਜ਼) ਆੜਾ ਬਾੜਾ ਜੇਹੀ (ਚੀਜ਼)
–ਸ਼ੀਸ਼ਾਲੂਣ, ਪੁਲਿੰਗ : ਇੱਕ ਤਰ੍ਹਾਂ ਦਾ ਸ਼ੀਸ਼ੇ ਵਰਗਾ ਸ਼ਫਾਫ ਲੂਣ, ਖਾਣ ਦੇ ਲੂਣ ਦੇ ਪੱਧਰ ਸਤਹ ਵਾਲੇ ਸਾਫ਼ ਟੁਕੜੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-04-05-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Simer,
( 2020/04/08 11:3143)
Please Login First