ਸ਼ੁੱਧੀ ਸਭਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ੁੱਧੀ ਸਭਾ: ‘ਸ਼ੁੱਧੀ’ ਤੋਂ ਭਾਵ ਹੈ ਕਿਸੇ ਧਰਮ ਤੋਂ ਪਤਿਤ ਹੋਏ ਵਿਅਕਤੀ ਨੂੰ ਫਿਰ ਧਰਮ ਅਨੁਸਾਰ ਪਵਿੱਤਰ ਕਰਨ ਦੀ ਪ੍ਰਕ੍ਰਿਆ। ਅੰਗ੍ਰੇਜ਼ਾਂ ਦੇ ਪੰਜਾਬ ਉਤੇ ਕਾਬਜ਼ ਹੋਣ ਤੋਂ ਬਾਦ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ-ਪ੍ਰਚਾਰ ਦਾ ਕੰਮ ਤੇਜ਼ ਕਰ ਦਿੱਤਾ। ਉਨ੍ਹਾਂ ਨੇ ਭਾਵੇਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਤਿੰਨਾਂ ਧਰਮਾਂ ਵਾਲਿਆਂ ਨੂੰ ਈਸਾਈ ਬਣਾਉਣ ਦਾ ਯਤਨ ਕੀਤਾ, ਪਰ ਉਹ ਸਿੱਖਾਂ ਨੂੰ ਈਸਾਈ ਬਣਾਉਣ ਵਲ ਅਧਿਕ ਰੁਚਿਤ ਹੋਏ, ਕਿਉਂਕਿ ਰਾਜ ਖੁਸ ਜਾਣ ਕਾਰਣ ਸਿੱਖ ਸਮਾਜ ਰਸਾਤਲ-ਗ੍ਰਸਤ ਹੋ ਚੁਕਾ ਸੀ। ਨਿਰਾਸ਼ਾ ਦੀ ਹਾਲਤ ਵਿਚ ਪਤਿਤ ਹੋਣ ਦੀ ਭਾਵਨਾ ਜਲਦੀ ਵਿਕਸਿਤ ਹੋ ਜਾਇਆ ਕਰਦੀ ਹੈ।
ਮੁਸਲਮਾਨਾਂ ਨੇ ਈਸਾਈ ਬਣੇ ਮੁਸਲਮਾਨਾਂ ਨੂੰ ਮੁੜ ਇਸਲਾਮ ਵਿਚ ਪ੍ਰਵੇਸ਼ ਕਰਨ ਦੀ ਉਦਾਰਤਾ-ਪੂਰਵਕ ਪ੍ਰਵਾਨਗੀ ਦੇਣ ਲਈ ਕਈ ਸੰਸਥਾਵਾਂ ਬਣਾਈਆਂ, ਪਰ ਹਿੰਦੂਆਂ ਨੇ ਅਜਿਹੀ ਕੋਈ ਉਦਾਰਤਾ ਨ ਦਿਖਾਈ। ਬਾਦ ਵਿਚ ਆਰਯ ਸਮਾਜ ਦੀ ਸਥਾਪਨਾ ਨਾਲ ਈਸਾਈ ਬਣੇ ਹਿੰਦੂਆਂ ਲਈ ਮੁੜ ਹਿੰਦੂ ਬਣਨ ਦਾ ਦੁਆਰ ਖੁਲ੍ਹ ਗਿਆ। ਈਸਾਈ ਬਣੇ ਸਿੱਖਾਂ ਨੂੰ ਮੁੜ ਸਿੱਖ ਬਣਾਉਣ ਦਾ ਉਦਮ ਸਿੰਘ ਸਭਾ ਵਲੋਂ ਘਟ ਹੀ ਹੋਇਆ, ਕਿਉਂਕਿ ਉਸ ਦਾ ਮੁੱਖ ਉਦੇਸ਼ ਸਿੱਖਾਂ ਵਿਚ ਧਾਰਮਿਕ ਅਤੇ ਵਿਦਿਅਕ ਸੁਧਾਰ ਲਿਆਉਣਾ ਸੀ।
ਸ਼ੁੱਧੀਕਰਣ ਦੇ ਆਸ਼ੇ ਨੂੰ ਲੈ ਕੇ ਲਾਹੌਰ ਨਿਵਾਸੀ ਭਾਈ ਉਤਮ ਸਿੰਘ ਅਤੇ ਭਾਈ ਨਿਹਾਲ ਸਿੰਘ ਨੇ ‘ਜੱਟ ਸਿੰਘ ਸਭਾ’ ਦੀ ਸਥਾਪਨਾ ਕੀਤੀ। ਪਰ ਇਕ ਵਿਵਸਥਿਤ ‘ਸ਼ੁੱਧੀ ਸਭਾ’ ਦੀ ਸਥਾਪਨਾ ਡਾ. ਜੈ ਸਿੰਘ ਨੇ 17 ਅਪ੍ਰੈਲ 1893 ਈ. ਵਿਚ ਲਾਹੌਰ ਵਿਚ ਸਥਾਪਿਤ ਕੀਤੀ, ਜਿਸ ਵਿਚ ਸਿੰਘ ਸਭਾ, ਜੱਟ ਸਿੰਘ ਸਭਾ, ਆਰਯ ਸਮਾਜ, ਸਨਾਤਨ ਧਰਮ ਸਭਾ ਅਤੇ ਪੰਡਿਤ ਸਭਾ ਦੇ ਪ੍ਰਤਿਨਿਧ ਸ਼ਾਮਲ ਕੀਤੇ ਗਏ। ਇਸ ਦਾ ਪਹਿਲਾ ਪ੍ਰਧਾਨ ਸ. ਬਸੰਤ ਸਿੰਘ ਸੀ ਅਤੇ ਬਖ਼ਸ਼ੀ ਦਿਲਬਾਗ਼ ਰਾਇ ਨੂੰ ਉਪ-ਪ੍ਰਧਾਨ ਬਣਾਇਆ ਗਿਆ। ਇਸ ਸਭਾ ਦੇ ਉਦਮ ਨਾਲ ਇਕ ਤਾਂ ਪਤਿਤਪੁਣੇ ਨੂੰ ਠਲ੍ਹ ਪਈ, ਦੂਜੇ ਪਤਿਤ ਹੋਇਆਂ ਨੂੰ ਫਿਰ ਸ਼ੁੱਧ ਕੀਤਾ ਜਾਣ ਲਗਿਆ। ਜੇ ਕੋਈ ਪਤਿਤ ਹੋਇਆਂ ਹਿੰਦੂ ਸਿੱਖ ਬਣਨ ਦਾ ਚਾਹਵਾਨ ਹੁੰਦਾ ਅਤੇ ਤੁਰਤ ਅੰਮ੍ਰਿਤ ਪਾਨ ਕਰਨ ਦੀ ਸਥਿਤੀ ਵਿਚ ਨ ਹੁੰਦਾ ਤਾਂ ਉਸ ਨੂੰ ਪਹਿਲਾਂ ਸਹਿਜਧਾਰੀ ਸਿੱਖ ਬਣਾਇਆ ਜਾਂਦਾ ਅਤੇ ਬਾਦ ਵਿਚ ਅੰਮ੍ਰਿਤ ਛਕਾਇਆ ਜਾਂਦਾ। ਇਸ ਸਭਾ ਰਾਹੀਂ ਬਹੁਤ ਸਾਰੇ ਪਤਿਤਾਂ ਨੂੰ ਸ਼ੁੱਧ ਕੀਤਾ ਗਿਆ ਅਤੇ ਸ਼ੁੱਧੀਕਰਣ ਦੇ ਪ੍ਰਚਾਰ ਲਈ ‘ਸ਼ੁੱਧੀ ਪੱਤਰ ਖ਼ਾਲਸਾ ਧਰਮ ਪਰਕਾਸ਼ਕ’ ਨਾਂ ਦੀ ਪਤ੍ਰਿਕਾ ਵੀ ਪ੍ਰਕਾਸ਼ਿਤ ਕੀਤੀ ਗਈ। ਪਰ ਡਾ. ਜੈ ਸਿੰਘ ਦਾ 9 ਜੂਨ 1898 ਈ. ਵਿਚ ਦੇਹਾਂਤ ਹੋ ਜਾਣ ਨਾਲ ਇਸ ਸਭਾ ਦੀ ਗਤਿਵਿਧੀ ਰੁਕ ਗਈ ਅਤੇ ਪਤ੍ਰਿਕਾ ਵੀ ਬੰਦ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First