ਸ਼ੂਦਰਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ੂਦਰਕ : ਸੰਸਕ੍ਰਿਤ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋਂ ਸ਼ੂਦਰਕ ਇੱਕ ਪ੍ਰਮੁਖ ਨਾਟਕਕਾਰ ਹੈ।ਮ੍ਰਿੱਛਕਟਿਕ  ਉਸ ਦਾ ਵਿਸ਼ਵ ਪ੍ਰਸਿੱਧ ਨਾਟਕ ਹੈ। ਮ੍ਰਿੱਛਕਟਿਕ  ਦਾ ਅਰਥ ਹੈ ਮਿੱਟੀ ਦੀ ਗੱਡੀ। ਸ਼ੂਦਰਕ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਰਾਜਾ ਸੀ। ਉਹ ਵੇਦਾਂ, ਵਿਵਿਧ ਸ਼ਾਸਤਰਾਂ ਅਤੇ 64 ਕਲਾਵਾਂ ਆਦਿ ਦਾ ਗਿਆਤਾ ਸੀ। ਉਸ ਨੂੰ ਯੁੱਧ ਕਰਨ ਦਾ ਬਹੁਤ ਚਾਅ ਸੀ। ਉਹ ਏਨਾ ਸ਼ਕਤੀਸ਼ਾਲੀ ਅਤੇ ਕੁਸ਼ਲ ਸੀ ਕਿ ਦੁਸ਼ਮਣ ਰਾਜਿਆਂ ਦੇ ਹਾਥੀਆਂ ਨਾਲ ਯੁੱਧ ਕਰ ਕੇ ਉਹਨਾਂ ਨੂੰ ਹਰਾ ਦਿੰਦਾ ਸੀ। ਕੁਝ ਵਿਦਵਾਨ ਉਸ ਨੂੰ ਕਾਲਪਨਿਕ ਵਿਅਕਤੀ ਮੰਨਦੇ ਹਨ। ਪਰੰਤੂ ਇਹ ਗ਼ਲਤ ਹੈ ਕਿਉਂਕਿ ਕਾਦੰਬਰੀ, ਕਥਾ ਸਰਿਤ ਸਾਗਰ, ਰਾਜ ਤਰੰਗਿਨੀ ਆਦਿ ਸੰਸਕ੍ਰਿਤ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਸ਼ੂਦਰਕ ਦਾ ਉਲੇਖ ਹੈ। ਸ਼ੂਦਰਕ ਦੇ ਸਮੇਂ ਦੇ ਬਾਰੇ ਵਿੱਚ ਵਿਦਵਾਨਾਂ ਵਿੱਚ ਮੱਤ-ਭੇਦ ਪ੍ਰਾਪਤ ਹਨ। ਪਰੰਤੂ ਏਨਾ ਨਿਸ਼ਚਿਤ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਉਹ ਭਾਸ (100 ਈ. ਪੂਰਵ) ਦਾ ਉਤਰਵਰਤੀ ਸੀ। ਕਿਉਂਕਿ ਉਸ ਦੇ ਮ੍ਰਿੱਛਕਟਿਕ  ਨਾਟਕ ਉਪਰ ਭਾਸ ਦੇ ਚਾਰੂਦੱਤ  ਨਾਟਕ ਦਾ ਪ੍ਰਭਾਵ ਪ੍ਰਤੱਖ ਹੈ। ਉਹ ਕਾਲੀਦਾਸ (300 ਈ.) ਦਾ ਪੂਰਵਵਰਤੀ ਹੋਵੇਗਾ ਕਿਉਂਕਿ ਕਾਲੀਦਾਸ ਦੇ ਨਾਟਕਾਂ ਉਪਰ ਮ੍ਰਿੱਛਕਟਿਕ  ਦਾ ਪ੍ਰਭਾਵ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਵਿਦਵਾਨਾਂ ਨੇ ਸ਼ੂਦਰਕ ਦਾ ਸਮਾਂ 200 ਈ. ਦੇ ਲਗਪਗ ਮੰਨਿਆ ਹੈ।

     ਸੰਸਕ੍ਰਿਤ ਸਾਹਿਤ ਵਿੱਚ ਮ੍ਰਿੱਛਕਟਿਕ  ਆਪਣੇ ਢੰਗ ਦਾ ਨਿਰਾਲਾ ਹੀ ਨਾਟਕ ਹੈ। ਸ਼ਾਸਤਰੀ ਦ੍ਰਿਸ਼ਟੀ ਤੋਂ ਇਸ ਨੂੰ ਪ੍ਰਕਰਨ ਕਿਹਾ ਗਿਆ ਹੈ। ਇਸ ਵਿੱਚ ਦਸ ਅੰਕ ਹਨ। ਇਸ ਵਿੱਚ ਲੀਹ ਤੋਂ ਹਟ ਕੇ ‘ਚਾਰੂਦੱਤ` ਨਾਮਕ ਬ੍ਰਾਹਮਣ ਦੀ ‘ਵਸੰਤ ਸੇਨਾ` ਨਾਮਕ ਵੇਸ਼ਵਾ ਨਾਲ ਸੱਚੇ ਪ੍ਰੇਮ ਦੀ ਕਹਾਣੀ ਹੈ। ਨਾਟਕ ਦੀ ਸੰਖੇਪ ਕਥਾ ਇਸ ਪ੍ਰਕਾਰ ਹੈ: ਰਾਜਾ ਦਾ ਸਾਲਾ ਸ਼ਕਾਰ ਵਸੰਤ ਸੇਨਾ ਉੱਤੇ ਮਰ ਮਿਟਿਆ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਹਨੇਰੀ ਰਾਤ ਵਿੱਚ ਉਸ ਦਾ ਪਿੱਛਾ ਕਰਦਾ ਹੈ। ਉਹ ਚਾਰੂਦੱਤ ਦੇ ਘਰ ਵਿੱਚ ਵੜ ਜਾਂਦੀ ਹੈ। ਉਹ ਆਪਣੇ ਗ਼ਰੀਬ ਪ੍ਰੇਮੀ ਚਾਰੂਦੱਤ ਨਾਲ ਗੱਲ-ਬਾਤ ਕਰਦੀ ਹੈ। ਉਹ ਚੋਰਾਂ ਤੋਂ ਬਚਣ ਲਈ ਆਪਣੇ ਗਹਿਣੇ ਉਸ ਦੇ ਕੋਲ ਰੱਖ ਦਿੰਦੀ ਹੈ। ਇੱਕ ਦਿਨ ਚਾਰੂਦੱਤ ਦਾ ਇੱਕ ਪੁਰਾਣਾ ਨੌਕਰ ਸੰਵਾਹਕ ਜੂਏ ਵਿੱਚ ਕਰਜ਼ਦਾਰ ਹੋ ਕੇ ਵਸੰਤ ਸੇਨਾ ਦੇ ਕੋਲ ਆਉਂਦਾ ਹੈ। ਉਹ ਉਸ ਨੂੰ ਧੰਨ ਦੇ ਕੇ ਕਰਜ਼ ਤੋਂ ਮੁਕਤ ਕਰਵਾਉਂਦੀ ਹੈ। ਉਹ ਸੰਵਾਹਕ ਬੋਧ ਭਿਕਸ਼ੂ ਬਣ ਜਾਂਦਾ ਹੈ। ਥੋੜ੍ਹੀ ਦੇਰ ਵਿੱਚ ਵਸੰਤ ਸੇਨਾ ਦਾ ਹਾਥੀ ਉਸ ਉੱਤੇ ਹਮਲਾ ਕਰ ਦਿੰਦਾ ਹੈ। ਵਸੰਤ ਸੇਨਾ ਦਾ ਨੌਕਰ ਉਸ ਭਿਕਸ਼ੂ ਨੂੰ ਬਚਾਉਂਦਾ ਹੈ। ਚਾਰੂਦੱਤ ਪੁਰਸਕਾਰ ਦੇ ਰੂਪ ਵਿੱਚ ਉਸ ਨੂੰ ਆਪਣੀ ਸ਼ਾਲ ਦਿੰਦਾ ਹੈ। ਇੱਕ ਵਾਰ ਵਸੰਤ ਸੇਨਾ ਦੀ ਦਾਸੀ ਮਦਨਿਕਾ ਨੂੰ ਦਾਰੂਤਵ ਤੋਂ ਮੁਕਤ ਕਰਵਾਉਣ ਲਈ ਉਸ ਦਾ ਪ੍ਰੇਮੀ ਸ਼ਰਵਿਲਕ ਚੋਰੀ ਦੀ ਇੱਛਾ ਨਾਲ ਚਾਰੂਦੱਤ ਦੇ ਘਰ ਦੀ ਦਿਵਾਰ ਵਿੱਚ ਪਾੜ ਲਗਾਉਂਦਾ ਹੈ। ਪਾੜ ਲਗਾ ਕੇ ਅੰਦਰ ਵੜ ਜਾਂਦਾ ਹੈ। ਚਾਰੂਦੱਤ ਅਤੇ ਵਿਦੂਸ਼ਕ ਦੋਵੇਂ ਗਹਿਰੀ ਨੀਂਦ ਵਿੱਚ ਸਨ। ਵਿਦੂਸ਼ਕ ਦੇ ਕੋਲ ਵਸੰਤ ਸੇਨਾ ਦੇ ਗਹਿਣਿਆਂ ਦੀ ਪੇਟੀ ਸੀ। ਉਸ ਸਮੇਂ ਸ਼ਰਵਿਲਕ ਘਰ ਦੀ ਧਨਹੀਣ ਸਥਿਤੀ ਵੇਖ ਕੇ ਵਾਪਸ ਜਾਣ ਹੀ ਵਾਲਾ ਸੀ ਤਾਂ ਉਸ ਸਮੇਂ ਨੀਂਦ ਵਿੱਚ ਬੁੜਬੁੜਾਉਂਦਾ ਹੋਇਆ ਵਿਦੂਸ਼ਕ ਸੇਨਾ ਦੇ ਗਹਿਣਿਆਂ ਦੀ ਪੇਟੀ ਚਾਰੂਦੱਤ ਨੂੰ ਸੌਂਪਣ ਦੀ ਇੱਛਾ ਨਾਲ ਸ਼ਰਵਿਲਕ ਨੂੰ ਦੇ ਦਿੰਦਾ ਹੈ। ਸ਼ਰਵਿਲਕ ਗਹਿਣੇ ਲੈ ਕੇ ਮਦਨਿਕਾ ਦੇ ਕੋਲ ਪਹੁੰਚਦਾ ਹੈ। ਮਦਨਿਕਾ ਆਪਣੀ ਮਾਲਕਣ ਦੇ ਗਹਿਣੇ ਦੇਖ ਕੇ ਉਸ ਨੂੰ ਡਾਂਟਦੀ ਹੈ। ਵਸੰਤ ਸੇਨਾ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ।ਉਹ ਮਦਨਿਕਾ ਨੂੰ ਉਸ ਦੇ ਪ੍ਰੇਮੀ ਨਾਲ ਭੇਜ ਦਿੰਦੀ ਹੈ। ਇੱਥੇ ਚਾਰੂਦੱਤ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਘਰ ਵਿੱਚ ਵਸੰਤ ਸੇਨਾ ਦੇ ਗਹਿਣਿਆਂ ਦੀ ਚੋਰੀ ਹੋ ਗਈ ਹੈ। ਉਹਨੂੰ ਇਸ ਗੱਲ ਤੇ ਬੜਾ ਦੁੱਖ ਹੋਇਆ। ਉਸ ਦੀ ਪਤਨੀ ਉਸ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਆਪਣੇ ਗਹਿਣੇ ਵਸੰਤ ਸੇਨਾ ਨੂੰ ਦੇਣ ਲਈ ਵਿਦੂਸ਼ਕ ਨੂੰ ਦੇ ਦਿੰਦੀ ਹੈ। ਇੱਕ ਵਾਰ ਵਸੰਤ ਸੇਨਾ ਗ਼ਲਤੀ ਨਾਲ ਸ਼ਿਕਾਰ ਦੀ ਗੱਡੀ ਨੂੰ ਚਾਰੂ ਦੀ ਸਮਝ ਕੇ ਅਤੇ ਆਰਿਅਕ ਚਾਰੂਦੱਤ ਦੀ ਗੱਡੀ ਵਿੱਚ ਬੈਠ ਕੇ ਬਾਗ਼ ਵਿੱਚ ਚਾਰੂਦੱਤ ਦੇ ਕੋਲ ਪਹੁੰਚ ਜਾਂਦਾ ਹੈ। ਚਾਰੂਦੱਤ ਉਸ ਨੂੰ ਜੀਵਨਦਾਨ ਦੇ ਦਿੰਦਾ ਹੈ, ਓਧਰ ਵਸੰਤ ਸੇਨਾ ਸ਼ਕਾਰ ਦੇ ਹੱਥ ਲੱਗ ਜਾਂਦੀ ਹੈ। ਉਹ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਰੀ ਹੋਈ ਸਮਝ ਕੇ ਪੱਤਿਆਂ ਨਾਲ ਢੱਕ ਕੇ ਬਾਗ਼ ਵਿੱਚ ਛੱਡ ਦਿੰਦਾ ਹੈ। ਇਸੇ ਸਮੇਂ ਬੋਧ ਭਿਕਸ਼ੂ ਸੰਵਾਹਕ ਉੱਥੇ ਆਉਂਦਾ ਹੈ ਅਤੇ ਵਸੰਤ ਸੇਨਾ ਨੂੰ ਬੋਧ ਵਿਹਾਰ ਲੈ ਜਾਂਦਾ ਹੈ। ਇਸੇ ਸਮੇਂ ਸ਼ਕਾਰ ਕਚਹਿਰੀ ਵਿੱਚ ਚਾਰੂਦੱਤ ਉਪਰ ਵਸੰਤ ਸੇਨਾ ਦੀ ਹੱਤਿਆ ਦਾ ਇਲਜ਼ਾਮ ਲਗਾ ਦਿੰਦਾ ਹੈ। ਸੰਯੋਗਵੱਸ ਉਸ ਸਮੇਂ ਵਿਦੂਸ਼ਕ ਗਹਿਣਿਆਂ ਦੀ ਪੇਟੀ ਲੈ ਕੇ ਆ ਜਾਂਦਾ ਹੈ। ਇਹ ਮੰਨ ਲਿਆ ਜਾਂਦਾ ਹੈ ਕਿ ਗਹਿਣਿਆਂ ਦੇ ਕਾਰਨ ਚਾਰੂਦੱਤ ਨੇ ਵਸੰਤ ਸੇਨਾ ਦੀ ਹੱਤਿਆ ਕੀਤੀ। ਚਾਰੂਦੱਤ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ। ਉਸ ਨੂੰ ਚੰਡਾਲ ਫਾਂਸੀ ਤੇ ਚੜ੍ਹਾਉਣ ਲਈ ਲੈ ਜਾਂਦੇ ਹਨ। ਤਦ ਸੰਵਾਹਕ ਵਸੰਤ ਸੇਨਾ ਨੂੰ ਲੈ ਕੇ ਉੱਥੇ ਪਹੁੰਚ ਜਾਂਦਾ ਹੈ। ਇਸੇ ਸਮੇਂ ਦੌਰਾਨ ਰਾਜ ਵਿੱਚ ਵਿਦਰੋਹ ਭੜਕ ਉੱਠਦਾ ਹੈ। ਵਿਦਰੋਹੀ ਆਰਥਿਕ ਰਾਜਪਾਲਕ ਨੂੰ ਹਟਾ ਕੇ ਸਿੰਘਾਸਣ ਸੰਭਾਲ ਲੈਂਦਾ ਹੈ। ਫ਼ਾਂਸੀ ਦੇ ਲਈ ਪੇਸ਼ ਕੀਤੇ ਗਏ ਚਾਰੂਦੱਤ ਨੂੰ ਤੁਰੰਤ ਛੱਡ ਦਿੱਤਾ ਜਾਂਦਾ ਹੈ। ਚਾਰੂਦੱਤ ਅਤੇ ਵਸੰਤ ਸੇਨਾ ਦਾ ਪੁਨਰ-ਮਿਲਣ ਹੁੰਦਾ ਹੈ। ਸ਼ਕਾਰ ਨੂੰ ਮੁਆਫ਼ ਕਰ ਦਿੱਤਾ ਜਾਂਦਾ ਹੈ। ਚਾਰੂਦੱਤ ਅਤੇ ਵਸੰਤ ਸੇਨਾ ਦਾ ਵਿਆਹ ਕਰ ਦਿੱਤਾ ਜਾਂਦਾ ਹੈ।

     ਮ੍ਰਿੱਛਕਟਿਕ ਲਿਖਦੇ ਸਮੇਂ ਸ਼ੂਦਰਕ ਦੀ ਦ੍ਰਿਸ਼ਟੀ ਜ਼ਿਆਦਾਤਰ ਜਨ-ਜੀਵਨ ਉਪਰ ਹੀ ਆਧਾਰਿਤ ਰਹੀ। ਇਸ ਵਿੱਚ ਵਧੇਰੇ ਸੰਸਕ੍ਰਿਤ ਨਾਟਕਾਂ ਦੀ ਤਰ੍ਹਾਂ ਉੱਚ- ਵਰਗ ਦਾ ਵਰਣਨ ਕਰ ਕੇ ਸਧਾਰਨ ਲੋਕਾਂ ਦੇ ਦੈਨਿਕ ਜੀਵਨ ਦੀ ਝਲਕ ਹੀ ਜ਼ਿਆਦਾ ਮਿਲਦੀ ਹੈ। ਇਹੀ ਕਾਰਨ ਹੈ ਕਿ ਇਸ ਨਾਟਕ ਵਿੱਚ ਜੁਆਰੀ, ਮਾਲਿਸ਼ ਵਾਲਾ ਨੌਕਰ, ਵੇਸਵਾ, ਰਾਜਾ ਦਾ ਸਾਲਾ ਆਦਿ ਦਾ ਸੁਭਾਵਿਕ ਵਰਣਨ ਮਿਲਦਾ ਹੈ। ਇਹ ਨਾਟਕ ਅਭਿਨੈ ਦੀ ਦ੍ਰਿਸ਼ਟੀ ਤੋਂ ਵੀ ਇੱਕ ਸਫਲ ਨਾਟਕ ਹੈ। ਸ਼ੂਦਰਕ  ਇੱਕ ਸੁਘੜ ਨਾਟਕਕਾਰ ਹੋਣ ਦੇ ਨਾਲ-ਨਾਲ ਇੱਕ ਸਫਲ ਕਵੀ ਵੀ ਹੈ। ਮ੍ਰਿੱਛਕਟਿਕ  ਵਿੱਚ ਸ਼ੂਦਰਕ ਦੀ ਕਾਵਿ ਪ੍ਰਤਿਭਾ ਨੂੰ ਦੇਖਿਆ ਜਾ ਸਕਦਾ ਹੈ। ਪ੍ਰਕਿਰਤੀ ਵਰਣਨ, ਨਾਰੀ ਸੁਭਾਅ ਦਾ ਵਰਣਨ, ਮਿੱਤਰਤਾ ਦਾ ਵਰਣਨ, ਕਚਹਿਰੀ ਦਾ ਵਰਣਨ ਆਦਿ ਅਜਿਹੇ ਪ੍ਰਸੰਗ ਹਨ, ਜਿੱਥੇ ਉਸ ਨੇ ਸ਼ਬਦ ਸੁਹਿਰਦਾਂ ਦੇ ਦਿਲ ਨੂੰ ਕਾਵਿ-ਅਨੰਦ ਵਿੱਚ ਡੁਬੋ ਦਿੱਤਾ ਹੈ। ਜਿਵੇਂ ਇਸਤਰੀਆਂ ਦੀ ਚਤੁਰਾਈ ਦਾ ਵਰਣਨ ਕਰਦੇ ਹੋਏ ਕਵੀ ਕਹਿੰਦਾ ਹੈ ਕਿ ਪੁਰਸ਼ ਤਾਂ ਸ਼ਾਸਤਰ ਪੜ੍ਹ ਕੇ ਚਤੁਰ ਬਣਦੇ ਹਨ, ਇਸਤਰੀਆਂ ਤਾਂ ਜਨਮ ਤੋਂ ਹੀ ਚਤੁਰ ਹੁੰਦੀਆਂ ਹਨ।

     ਰਸ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਸ ਨਾਟਕ ਵਿੱਚ ਸ਼ਿੰਗਾਰ ਰਸ ਪ੍ਰਮੁਖ ਹੈ, ਨਾਲ ਹੀ ਹਾਸ ਰਸ ਵੀ ਪੂਰਨ ਰੂਪ ਵਿੱਚ ਵਿਵੇਚਤ ਹੈ। ਵੀਰ, ਭਿਆਨਕ, ਰੁਦਰ, ਕਰੁਣ ਅਤੇ ਅਦਭੁਤ ਰਸ ਵੀ ਥਾਂ-ਥਾਂ ਤੇ ਆਏ ਹਨ। ਸ਼ੂਦਰਕ ਨੇ ਆਪਣੀ ਰਚਨਾ ਵਿੱਚ ਅਨੇਕ ਸ਼ਕਤੀਆਂ ਦਾ ਪ੍ਰਯੋਗ ਕੀਤਾ ਹੈ। ਜੋ ਉਸ ਦੀ ਸਮਾਜ ਦੇ ਪ੍ਰਤਿ ਸੂਖਮ ਦ੍ਰਿਸ਼ਟੀ ਨੂੰ ਪ੍ਰਕਾਸ਼ਿਤ ਕਰਦੀਆਂ ਹਨ। ਕੁਝ ਉਦਾਹਰਨ ਇਸ ਤਰ੍ਹਾਂ ਹਨ:

            1. ਦੁੱਖ ਅਨੁਭਵ ਦੇ ਬਾਅਦ ਸੁੱਖ ਚੰਗਾ ਲੱਗਦਾ ਹੈ।

            2. ਰਤਨ ਦਾ ਮਿਲਣ ਰਤਨ ਦੇ ਨਾਲ ਹੀ ਠੀਕ ਹੁੰਦਾ ਹੈ।

            3. ਚੰਦਰਮਾ ਤਪਾਉਣ ਲਈ ਨਹੀਂ ਹੁੰਦਾ।

            4. ਆਪਣੇ ਘਰ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ।

            5. ਨਿਮਰਤਾ ਹਰ ਥਾਂ ਸ਼ੋਭਾ ਪਾਉਂਦੀ ਹੈ।


ਲੇਖਕ : ਇੰਦਰ ਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.