ਸ਼ੰਕਰਗੜ੍ਹ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ੰਕਰਗੜ੍ਹ : ਇਹ ਸਿੱਖ ਰਾਜ ਵੇਲੇ ਦਾ ਇਕ ਇਤਿਹਾਸਕ ਕਿਲਾ ਸੀ ਜੋ ਪਿਸ਼ਾਵਰ ਤੋਂ ਉੱਤਰ ਪੱਛਮ ਵੱਲ ਤਕਰੀਬਨ 27 ਕਿ. ਮੀ. ਉੱਤੇ ਅਤੇ ਹਾਲਿਮਜ਼ਈ ਮੁਹੰਮਦ ਦੀਆਂ ਪਹਾੜੀਆਂ ਤੋਂ 5 ਕਿ. ਮੀ. ਦੇ ਫ਼ਾਸਲੇ ਤੇ ਸਥਿਤ ਸੀ। ਇਹ ਕਿਲਾ ਪਿਸ਼ਾਵਰ ਇਲਾਕੇ ਵਿਚੋਂ ਲੰਘਦੇ ਮਹੱਤਵਪੂਰਨ ਰਸਤਿਆਂ ਦੀ ਨਿਗਰਾਨੀ ਲਈ ਬਹੁਤ ਅਹਿਮ ਸੀ। ਇਸੇ ਕਿਲੇ ਤੋਂ ਲਗਭਗ 3 ਕਿ. ਮੀ. ਦੀ ਦੂਰੀ ਤੇ ਹੀ ਸ਼ੰਕਰਗੜ੍ਹ ਨਾਂ ਦਾ ਪਿੰਡ ਵੀ ਸੀ।

        ਸੰਨ 1834 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪਿਸ਼ਾਵਰ ਫ਼ਤਹਿ ਕਰਨ ਤੋਂ ਬਾਅਦ ਛੇਤੀ ਹੀ ਲਹਿਣਾ ਸਿੰਘ ਸੰਧਾਵਾਲੀਆ ਨੇ ਇਹ ਕਿਲਾ ਬਣਵਾਇਆ ਅਤੇ ਉਹੀ ਕਾਫ਼ੀ ਸਮਾਂ ਇਸ ਕਿਲੇ ਦਾ ਕਿਲੇਦਾਰ ਰਿਹਾ। ਇਸ ਕਿਲੇ ਦੀ ਉਸਾਰੀ ਦੇ ਦੌਰਾਨ ਹੀ ਕਿਲੇ ਨੂੰ ਬਣਾਉਣ ਵਾਲੇ ਠੇਕੇਦਾਰ ਤੋਤਾ ਰਾਮ ਦੇ ਘਰ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਉਸ ਨੇ ਸ਼ੰਕਰ ਰਖਿਆ ਅਤੇ ਉਸ ਦੇ ਨਾਂ ਤੇ ਇਸ ਕਿਲੇ ਦਾ ਨਾਂ ਵੀ ਸ਼ੰਕਰਗੜ੍ਹ ਰਖ ਦਿੱਤਾ ਗਿਆ।

        ਸਿੱਖ ਰਾਜ ਸਮੇਂ ਇਸ ਕਿਲੇ ਵਿਚ 500 ਪੈਦਲ ਜੁਆਨ, 300 ਘੋੜ ਸਵਾਰ, 35 ਤੋਪਚੀ, ਦੋ ਵੱਡੀਆਂ ਤੋਪਾਂ ਤੇ 10 ਛੋਟੀਆਂ ਤੋਪਾਂ ਤਾਇਨਾਤ ਸਨ। ਸੰਨ 1837 ਵਿਚ ਹਾਜ਼ੀਖਾਨ ਕਾਕੜ ਕਈ ਹਜ਼ਾਰ ਗਾਜ਼ੀਆਂ ਦਾ ਲਸ਼ਕਰ ਲੈ ਕੇ ਇਸ ਕਿਲੇ ਨੂੰ ਫ਼ਤਹਿ ਕਰਨ ਲਈ ਆਇਆ ਪਰ ਲਹਿਣਾ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜਾਂ ਨੇ ਡੱਟ ਕੇ ਮੁਕਾਬਲਾ ਕੀਤਾ ਤੇ ਪਠਾਣ ਫ਼ੌਜਾਂ ਨੂੰ ਕਰਾਰੀ ਹਾਰ ਹੋਈ।

        ਪੰਜਾਬ ਅੰਗਰੇਜ਼ਾਂ ਦੇ ਹੱਥ ਚਲਾ ਜਾਣ ਤੋਂ ਬਾਅਦ ਇਹ ਕਿਲਾ ਵੀ ਅੰਗਰੇਜ਼ਾਂ ਦੇ ਹੱਥਾਂ ਵਿਚ ਚਲਾ ਗਿਆ ਅਤੇ ਬਾਅਦ ਵਿਚ ਵਿਚ ਇਥੇ ਅੰਗਰੇਜ਼ਾਂ ਦੀ ਇਕ ਫ਼ੌਜੀ ਟੁਕੜੀ ਰਹਿੰਦੀ ਰਹੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-22-51, ਹਵਾਲੇ/ਟਿੱਪਣੀਆਂ: ਹ. ਪੁ.––ਡਿ. ਗ. ਪਿਸ਼ਾਵਰ; ਤਵਾਰੀਖੇ ਪਿਸ਼ਾਵਰ-ਗੋਪਾਲ ਦਾਸ; ਹਰੀ ਸਿੰਘ ਨਲਵਾ-ਪ੍ਰੇਮ ਸਿੰਘ;

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.