ਸਖੀ ਸਰਵਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੀ ਸਰਵਰ. ਦੇਖੋ, ਸੁਲਤਾਨ ੪। ੨ ਜਿਲਾ ਅਤੇ ਤਸੀਲ ਡੇਰਾ ਗ਼ਾਜ਼ੀਖਾਂ ਵਿੱਚ ਇੱਕ ਨਗਰ. ਇਸ (“ਸਖੀਸਰਵਰ” ਪਿੰਡ) ਦੇ ਪੱਛੋਂ ਵੱਲ ਬਸਤੀ ਦੇ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ “ਥੜਾਸਾਹਿਬ” ਨਾਉਂ ਤੋਂ ਪ੍ਰਸਿੱਧ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗ਼ਾਜ਼ੀਘਾਟ ਤੋਂ ਕ਼ਰੀਬਨ ਚਾਲੀ ਮੀਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਖੀ ਸਰਵਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖੀ ਸਰਵਰ: ਸੱਤਵੇਂ, ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੇ ਮਾਲਵੇ ਦੇ ਇਲਾਕੇ ਵਿਚ ਸਖੀ ਸਰਵਰ ਦੇ ਬਹੁਤ ਸਾਰੇ ਉਪਾਸਕਾਂ ਨੂੰ ਸਿੱਖ ਧਰਮ ਦਾ ਅਨੁਯਾਈ ਬਣਾਇਆ, ਪਰ ਉਹ ਆਪਣੀਆਂ ਕਈ ਪੁਰਾਣੀਆ ਰਵਾਇਤਾਂ ਅਤੇ ਰੀਤਾਂ ਨਾਲ ਜੁੜੇ ਰਹੇ ਜਿਸ ਦੇ ਫਲਸਰੂਪ ਸਿੰਘ ਸਭਾ ਲਹਿਰ ਦੇ ਪ੍ਰਚਾਰਕਾਂ ਨੇ ਇਸ ਦੋਚਿੱਤੀ ਨੂੰ ਖ਼ਤਮ ਕਰਨ ਲਈ ਕਈ ਯਤਨ ਕੀਤੇ। ਗਿਆਨੀ ਦਿੱਤ ਸਿੰਘ ਨੇ ‘ਸੁਲਤਾਨ ਪੁਆੜਾ ’ ਟ੍ਰੈਕਟ ਛਾਪ ਕੇ ਅਸਲੀਅਤ ਨੂੰ ਉਘਾੜਿਆ। ਪਰ ਸਹੀ ਰੂਪ ਵਿਚ ਇਸ ਦੁਬਿਧਾ ਦਾ ਖੰਡਨ ਪੰਜਾਬ ਦੀ ਵੰਡ ਤੋਂ ਬਾਦ ਹੋਇਆ ਜਦੋਂ ਮੁਸਲਮਾਨ ਭਰਾਈ (ਪ੍ਰਚਾਰਕ) ਪਾਕਿਸਤਾਨ ਨੂੰ ਚਲੇ ਗਏ। ਇਸ ਸੰਬੰਧ ਵਿਚ ਸਖੀ ਸਰਵਰ ਦੇ ਪਿਛੋਕੜ ਨੂੰ ਜਾਣਨਾ ਜ਼ਰੂਰੀ ਹੈ।

            ਇਹ ਇਕ ਮੁਸਲਮਾਨ ਪੀਰ ਸੀ ਜਿਸ ਦੀ ਦਰਗਾਹ ਡੇਰਾ ਗ਼ਾਜ਼ੀਖ਼ਾਨ ਜ਼ਿਲ੍ਹੇ ਦੇ ਨਿਗਾਹਾ ਪਿੰਡ ਵਿਚ ਬਣੀ ਹੋਈ ਹੈ। ਇਸ ਦਾ ਅਸਲ ਨਾਂ ਸੱਯਦ ਅਹਿਮਦ ਸੀ। ਇਸ ਦੇ ਪਿਤਾ ਦਾ ਨਾਂ ਜ਼ੈਨੁਲ ਆਬਦੀਨ ਅਤੇ ਮਾਤਾ ਦਾ ਨਾਂ ਆਇਸ਼ਾ ਸੀ। ਇਸ ਦਾ ਪਿਤਾ 1220 ਈ. ਵਿਚ ਬਗ਼ਦਾਦ ਤੋਂ ਭਾਰਤ ਆਇਆ ਅਤੇ ਮੁਲਤਾਨ ਦੇ ਨੇੜੇ ਸ਼ਾਹਕੋਟ ਨਾਂ ਦੇ ਪਿੰਡ ਵਿਚ ਨਿਵਾਸ ਕੀਤਾ। ਇਸ ਦੇ ਚਾਰ ਭਰਾ ਸਨ ਜਿਨ੍ਹਾਂ ਵਿਚੋਂ ਇਕ ਸਕਾ ਸੀ ਅਤੇ ਤਿੰਨ ਮਤਰੇਏ। ਬਚਪਨ ਤੋਂ ਹੀ ਇਸ ਦੀ ਰੁਚੀ ਅਧਿਆਤਮਿਕਤਾ ਵਲ ਸੀ। ‘ਕੁਰਾਨ’ ਇਸ ਨੂੰ ਜ਼ਬਾਨੀ ਯਾਦ ਸੀ। ਜ਼ਮੀਨ ਦੀ ਵੰਡ ਵੇਲੇ ਬਰਾਦਰੀ ਵਾਲੇ ਇਸ ਤੋਂ ਨਾਰਾਜ਼ ਹੋ ਗਏ ਅਤੇ ਇਸ ਨੂੰ ਅਨੇਕ ਢੰਗਾਂ ਨਾਲ ਪਰੇਸ਼ਾਨ ਕਰਨ ਲਗੇ। ਇਹ ਵੀ ਕਈਆਂ ਥਾਂਵਾਂ ਉਤੇ ਫਿਰਦਾ ਤੁਰਦਾ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਰਿਹਾ ਅਤੇ ਕਰਾਮਾਤਾਂ ਨਾਲ ਲੋਕਾਂ ਦੇ ਮਨਾਂ ਵਿਚ ਸ਼ਰਧਾ ਦਾ ਪਾਤਰ ਬਣਦਾ ਰਿਹਾ। ਕੁਝ ਸਮੇਂ ਲਈ ਇਹ ਬਗ਼ਦਾਦ ਵੀ ਗਿਆ ਜਿਥੇ ਇਸ ਨੇ ਅਬਦੁਲ ਕਾਦਰ ਜੀਲਾਨੀ, ਸ਼ੇਖ ਸ਼ਹਾਬੁੱਦੀਨ ਸੁਹਰਾਵਰਦੀ ਅਤੇ ਖ਼੍ਵਾਜਾ ਮੌਦੂਦ ਚਿਸ਼ਤੀ ਤੋਂ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ।

            ਬਗ਼ਦਾਦ ਤੋਂ ਪਰਤਣ ਉਪਰੰਤ ਸਖੀ-ਸਰਵਰ ਕੁਝ ਸਮਾਂ ਗੁਜਰਾਂਵਾਲਾ ਜ਼ਿਲ੍ਹੇ ਦੇ ਧੌਂਕਲ ਪਿੰਡ ਵਿਚ ਰਿਹਾ ਅਤੇ ਫਿਰ ਮੁਲਤਾਨ ਚਲਿਆ ਗਿਆ। ਉਥੇ ਉਥੋਂ ਦੇ ਸੂਬੇਦਾਰ ਦੀ ਪੁੱਤਰੀ ‘ਬਾਈ’ ਨਾਲ ਵਿਆਹ ਕੀਤਾ ਅਤੇ ਦੂਜਾ ਵਿਆਹ ਸੱਯਦ ਅਬਦੁਰ ਰਜ਼ਾਕ ਦੀ ਲੜਕੀ ਨਾਲ ਕੀਤਾ। ਇਸ ਨੂੰ ਜੋ ਕੁਝ ਭੇਂਟ ਵਿਚ ਮਿਲਦਾ, ਲੋੜਵੰਦਾਂ ਵਿਚ ਵੰਡ ਦਿੰਦਾ ਅਤੇ ਸੰਕਟ ਵਿਚ ਫਸੇ ਲੋਕਾਂ ਦੀ ਮਦਦ ਕਰਦਾ। ਇਸੇ ਲਈ ਇਸ ਦਾ ਨਾਂ ‘ਸਖੀ-ਸਰਵਰ’ ਪ੍ਰਸਿੱਧ ਹੋਇਆ। ਇਸ ਦੇ ਵਿਰੋਧੀਆਂ ਨੇ ਇਸ ਦਾ ਪਿਛਾ ਕਰਕੇ ਨਿਗਾਹਾ ਪਿੰਡ ਵਿਚ ਮਾਰ ਦਿੱਤਾ ਅਤੇ ਉਥੇ ਹੀ ਦਫ਼ਨਾ ਦਿੱਤਾ। ਸ਼ਰਧਾਲੂਆਂ ਨੇ ਇਸ ਅਤੇ ਇਸ ਦੀ ਪਤਨੀ ‘ਬਾਈ’ ਦਾ ਸਮਾਰਕ ਉਥੇ ਬਣਾਇਆ।

            ਇਸ ਦੇ ਜੀਵਨ-ਕਾਲ ਵਿਚ ਹੀ ਇਸ ਨਾਲ ਅਨੇਕ ਕਰਾਮਾਤਾਂ ਜੁੜ ਗਈਆਂ ਸਨ ਜਿਸ ਦੇ ਫਲਸਰੂਪ ਇਸ ਦੇ ਅਨੁਯਾਈਆਂ ਦੀ ਗਿਣਤੀ ਬਹੁਤ ਵਧ ਗਈ। ਇਸ ਪ੍ਰਤਿ ਸ਼ਰਧਾ ਰਖਣ ਵਾਲਿਆਂ ਵਿਚ ਹਿੰਦੂ ਮੁਸਲਮਾਨ ਦੋਵੇਂ ਸਨ। ਪੰਜਾਬ ਦੇ ਦੱਖਣੀ ਖੇਤਰ ਅਤੇ ਮਾਲਵੇ ਵਿਚ ਕਈ ਸਿੱਖ ਵੀ ਇਸ ਦੇ ਸ਼ਰਧਾਲੂ ਬਣੇ ਰਹੇ ਹਨ। ਇਸ ਨੂੰ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਕਰਕੇ ‘ਸੁਲਤਾਨ’ ਵੀ ਕਹਿੰਦੇ ਸਨ ਅਤੇ ਇਸ ਦੇ ਅਨੁਯਾਈ ਸੁਲਤਾਨੀਏ ਜਾਂ ਸਰਵਰੀਏ ਅਖਵਾਉਂਦੇ ਸਨ। ਜਿਨ੍ਹਾਂ ਪਿੰਡਾਂ ਜਾਂ ਖੇਤਰਾਂ ਵਿਚ ਸੁਲਤਾਨੀਏ ਅਧਿਕ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਪੂਜਾ-ਸਥਾਨ ਬਣਾਏ ਹੋਏ ਹਨ। ਇਨ੍ਹਾਂ ਸਥਾਨਾਂ ਨੂੰ ਪੀਰਖ਼ਾਨੇ ਕਿਹਾ ਜਾਂਦਾ ਹੈ। ਇਨ੍ਹਾਂ ਪੀਰਖ਼ਾਨਿਆਂ ਦੇ ਪੁਜਾਰੀ ਭਰਾਈ/ਭਿਰਾਈ ਅਖਵਾਉਂਦੇ ਹਨ ਜੋ ਅਕੀਦੇ ਵਜੋਂ ਮੁਸਲਮਾਨ ਹੁੰਦੇ ਹਨ। ਹਰ ਵੀਰਵਾਰ ਨੂੰ ਪੀਰਖ਼ਾਨਿਆਂ ਵਿਚ ਉਚੇਚੀ ਪੂਜਾ ਹੁੰਦੀ ਹੈ। ਸ਼ਰਧਾਲੂ ਆਪਣੀਆਂ ਸੁਖਣਾਂ ਅਨੁਸਾਰ ਨਿੱਕੇ ਵੱਡੇ ਰੋਟ ਪਕਾ ਕੇ ਪੀਰ ਨੂੰ ਭੇਂਟ ਕਰਦੇ ਹਨ। ਇਹ ਰੋਟ ਸਵਾ ਸੇਰ ਤੋਂ ਲੈ ਕੇ ਸਵਾ ਮਣ ਜਾਂ ਢਾਈ ਮਣ ਤਕ ਦੇ ਬਣਵਾਏ ਜਾਂਦੇ ਹਨ। ਭੇਂਟ ਕੀਤੇ ਜਾਣ ਤੋਂ ਬਾਦ ਭਰਾਈ ਰੋਟ ਦਾ ਕੁਝ ਹਿੱਸਾ ਆਪ ਰਖ ਕੇ ਬਾਕੀ ਸੁਲਤਾਨੀਆਂ ਵਿਚ ਵੰਡ ਦਿੰਦਾ ਹੈ। ਸੁਲਤਾਨੀਏ ਸ਼ਰਧਾ ਵਜੋਂ ਗੀਤ ਗਾਉਂਦੇ ਹਨ— ਵਾਹ ਵਾਹ ਕਿ ਬਖਸ਼ਿਸ਼ ਸਰਵਰ ਦੀ ਜਿਨ੍ਹਾਂ ਭਾਈਆਂ ਉਤੇ ਸਰਵਰ ਤੁਠਿਆ, ਉਨ੍ਹਾਂ ਦੀਆਂ ਮੁਰਦਾਂ ਪੁਗੀਆਂ

            ਸੁਲਤਾਨੀਏ ਪੀਰ ਦੀਆਂ ਚੌਕੀਆ ਵੀ ਭਰਦੇ ਹਨ ਅਤੇ ਪੀਰ ਨੂੰ ਲਖਦਾਤਾ, ਲਾਲਾਂ ਵਾਲਾ, ਨਿਗਾਹੀਆ ਅਤੇ ਧੌਂਕਲੀਆਂ ਵੀ ਕਹਿੰਦੇ ਹਨ। ਇਸ ਦੇ ਅਨੁਯਾਈਆਂ ਦੀ ਅਧਿਕ ਗਿਣਤੀ ਪੱਛਮੀ ਪੰਜਾਬ ਵਿਚ ਹੈ। ਹਿੰਦੂ ਅਨੁਯਾਈਆਂ ਨੇ ਇਸ ਉਤੇ ਹਿੰਦੂ ਸੰਸਕ੍ਰਿਤੀ ਦਾ ਰੰਗ ਚੜ੍ਹਾ ਬੀਰ-ਭੈਰੋ ਦੁਆਰਾ ਇਸ ਦੀਆਂ ਕਰਾਮਾਤਾਂ ਨੂੰ ਸੰਪੰਨ ਹੋਣ ਦਾ ਸੰਕਲਪ ਜੋੜਿਆ ਹੈ। ਸਿੱਖਾਂ ਵਿਚ ਹੁਣ ਇਸ ਦੀ ਉਪਾਸਨਾ ਖ਼ਤਮ ਹੋ ਗਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਖੀ ਸਰਵਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸਖੀ ਸਰਵਰ: ਸਖੀ ਸਰਵਰ ਦੀ ਦਰਗਾਹ ਡੇਰਾ ਗਾਜ਼ੀ ਖ਼ਾਂ ਤੋਂ ਲਹਿੰਦੇ ਵੱਲ 35 ਕਿ. ਮੀ. ਉੱਤੇ ਮੁਲਤਾਨ ਤੋਂ ਲਗਭਗ 130 ਕਿ. ਮੀ. ਦੇ ਫ਼ਾਸਲੇ ਤੇ ਹੈ। ਇਹ 1300 ਈ. ਵਿਚ ਬਣਾਈ ਗਈ ਸੀ। ਪੱਛਮੀ ਪੰਜਾਬ (ਪਾਕਿਸਤਾਨ) ਵਿਚ ਇਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਪੂਰਬੀ ਪੰਜਾਬ (ਭਾਰਤ) ਵਿਚ ਵੀ ਕੁਝ ਵਿਅਕਤੀ ਇਸ ਦੇ ਪੈਰੋਕਾਰ ਹਨ। ਇਸ ਦਾ ਅਸਲ ਨਾਂ ਸੱਯਦੀ ਅਹਿਮਦ ਸੀ। ਇਸ ਦੇ ਪਿਤਾ ਦਾ ਨਾਂ ਜ਼ੈਨੁਲਆਬਦੀਨ ਮਾਤਾ ਦਾ ਨਾਂ ਆਇਸ਼ਾ ਸੀ। ਸਖੀ ਸਰਵਰ ਦਾ ਪਿਤਾ 1220 ਈ. ਵਿਚ ਬਗ਼ਦਾਦ ਤੋਂ ਹਿੰਦੁਤਸਾਨ ਆਇਆ ਸੀ । ਸਖੀ ਸਰਵਰ ਦੇ ਚਾਰ ਭਰਾ ਸਨ – ਇਕ ਸਕਾ ਅਤੇ ਤਿੰਨ ਮਤਰੇਏ।ਸਖੀ ਸਰਵਰ ਨੇ ਛੋਟੇ ਹੁੰਦਿਆਂ ਹੀ ਕੁਰਾਨ ਹਿਫ਼ਜ਼ ਕਰ ਲਿਆ ਸੀ। ਸਖੀ ਸਰਵਰ ਦੇ ਨਾਨੇ ਦੀ ਮੌਤ ਤੋ ਬਾਅਦ ਉਸ ਦੀ ਭੋਂ ਦੀ ਵੰਡ ਸਖੀ ਸਰਵਰ ਅਤੇ ਇਸ ਦੀ ਮਾਸੀ ਦੇ ਪੁੱਤਰਾਂ ਵਿਚਕਾਰ ਹੋਈ ਸੀ। ਇਸ ਨੂੰ ਮਾੜੀ ਜ਼ਮੀਨ ਦਿੱਤੀ ਗਈ ਪਰ ਰੱਬ ਦੀ ਮਿਹਰ ਨਾਲ ਚੰਗੀ ਫ਼ਸਲ ਹੋਈ। ਮਸੇਰ ਭਰਾਵਾਂ ਨੇ ਕਿਹਾ ਕਿ ਭੋਂ ਦੀ ਵੰਡ ਠੀਕ ਨਹੀਂ ਹੋਈ। ਕੁੱਲ ਭੋਂ ਦੀ ਫ਼ਸਲ ਨੂੰ ਇਕੱਠੀ ਸਮਝ ਕੇ ਵੰਡਿਆ ਗਿਆ। ਸਖੀ ਸਰਵਰ ਨੇ ਆਪਣੇ ਹਿੱਸੇ ਦੇ ਦਾਣੇ ਫ਼ਕੀਰਾਂ ਨੂੰ ਵੰਡ ਦਿੱਤੇ। ਇਹ ਇਕ ਵਾਰ ਮਾਮਲਾ ਭਰਨ ਲਈ ਭਰਾਵਾਂ ਨਾਲ ਮੁਲਤਾਨ ਜਾ ਰਿਹਾ ਸੀ। ਇਸ ਕੋਲ ਪੈਸੇ ਨਹੀਂ ਸਨ। ਇਸ ਨੇ ਕਰਾਮਾਤ ਵਿਖਾਈ। ਦੋ - ਢਾਈ ਲੱਖ ਵਿਅਕਤੀ ਇਸ ਨਾਲ ਸ਼ਹਿਰ ਵਿਚ ਵੜਿਆ। ਮੁਲਤਾਨ ਦੇ ਸੂਬੇਦਾਰ ਨੇ ਇਸ ਦੀ ਹੋਰ ਵੀ ਅਜ਼ਮਾਇਸ਼ ਲਈ। ਇਹ ਪੂਰਾ ਉਤਰਿਆ। ਇਸ ਨੂੰ ਵਧੀਆ ਘੋੜਾ, ਜੋੜਾ ਅਤੇ ਸਵਾ ਲੱਖ ਰੁਪਇਆ ਦਿੱਤਾ ਗਿਆ। ਇਸ ਰਕਮ ਫ਼ਕੀਰਾਂ ਵਿਚ ਵੰਡ ਦਿੱਤੀ। ਅੱਗੇ ਹੋਰ ਫ਼ਕੀਰ ਮਿਲੇ ਤਾਂ ਘੋੜਾ ਉਨ੍ਹਾਂ ਨੂੰ ਜ਼ਿਬ੍ਹਾ ਕਰ ਕੇ ਖਵਾ ਦਿੱਤਾ ਗਿਆ। ਸੂਬੇਦਾਰ ਕੋਲ ਸ਼ਿਕਾਇਤ ਹੋਈ ਤਾਂ ਇਸ ਨੇ ਉਹ ਘੋੜਾ ਜ਼ਿੰਦਾ ਕਰ ਕੇ ਵਿਖਾ ਦਿੱਤਾ। ਸੂਬੇਦਾਰ ਨੇ ਇਹ ਕੌਤਕ ਵੇਖ ਕੇ ਆਪਣੀ ਲੜਕੀ ਬੀਬੀ ਬਾਈ ਦਾ ਵਿਆਹ ਇਸ ਨਾਲ ਕਰ ਦਿੱਤਾ। ਸਖੀ ਸਰਵਰ ਦੀਆਂ ਕਰਾਮਾਤਾਂ ਦਾ ਵੇਰਵਾ ਨਿਹਾਲੇ ਕਵੀ ਦੀ ਵਾਰ ‘ਸਖੀ ਸਰਵਰ ਦਾ ਵਿਆਹ’ ਅਤੇ ‘ਲੀਜੈਂਡਜ਼ ਆਫ ਪੰਜਾਬ’ ਵਿਚਲੀ ਵਾਰ ‘ਸਖੀ ਸਰਵਰ ਤੇ ਦਾਨੀ ਜੱਟੀ’ ਵਿਚ ਮਿਲਦਾ ਹੈ। ਹ.ਪੁ. – ਲੀਜੈਂਡਜ਼ ਆਫ਼ ਪੰਜਾਬ ; ਇੰਪ. ਗ. ਇੰਡ.; ਬੰਬੀਹਾ ਬੋਲ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.