ਸਢੌਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੌਰਾ. ਜਿਲਾ ਅੰਬਾਲਾ ਦੀ ਤਸੀਲ ਨਰਾਇਣਗੜ੍ਹ ਦਾ ਇੱਕ ਪਿੰਡ , ਜੋ ਕਿਸੇ ਵੇਲੇ ਸਰਹਿੰਦ ਦੇ ਅਠਾਈ ਪਰਗਣਿਆਂ ਵਿੱਚੋਂ ਇੱਕ ਪਰਗਣੇ ਦਾ ਪ੍ਰਧਾਨ ਨਗਰ ਸੀ. ਇਹ ਬਰਾੜਾ ਰੇਲਵੇ ਸਟੇਸ਼ਨ ਤੋਂ ੧੬ ਮੀਲ ਨਾਹਨ ਵੱਲ ਪੱਕੀ ਸੜਕ ਤੇ ਹੈ. ਇਸ ਥਾਂ ਦੇ ਰਹਿਣ ਵਾਲੇ ਸਾਈਂ ਬੁੱਧੂਸ਼ਾਹ ਨੇ ਦਸ਼ਮੇਸ਼ ਨੂੰ ਭੰਗਾਣੀ ਦੇ ਯੁੱਧ ਵਿੱਚ ਸਹਾਇਤਾ ਦਿੱਤੀ ਸੀ. ਦੇਖੋ, ਬੁੱਧੂਸ਼ਾਹ.

     ਪੀਰ ਬੁੱਧੂ ਸ਼ਾਹ ਨੂੰ ਦੁੱਖ ਦੇਣ ਵਾਲੇ ਜ਼ਾਲਿਮਾਂ ਨੂੰ, ਸਨ ੧੭੧੦ ਵਿੱਚ ਬੰਦੇ ਬਹਾਦੁਰ ਨੇ ਸਢੌਰੇ ਤੇ ਚੜ੍ਹਾਈ ਕਰਕੇ ਕਰੜਾ ਦੰਡ ਦਿੱਤਾ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਢੌਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਢੌਰਾ : ਇਹ ਹਰਿਆਣਾ ਰਾਜ ਵਿਚ ਜ਼ਿਲਾ ਅੰਬਾਲਾ ਤੋਂ ਪੂਰਬ ਵੱਲ 43 ਕਿਲੋਮੀਟਰ ਦੀ ਦੂਰੀ ਤੇ ਇਕ ਪੁਰਾਣਾ ਕਸਬਾ ਹੈ ਜਿਸ ਪ੍ਰਤੀ ਸਿੱਖਾਂ ਵਿਚ ਬੜੀ ਸ਼ਰਧਾ ਤੇ ਸਨੇਹ ਹੈ। ਇਥੇ ਹੀ ਇਕ ਮੁਸਲਮਾਨ ਫ਼ਕੀਰ ਪੀਰ ਬੁੱਧੂ ਸ਼ਾਹ , ਜੋ ਗੁਰੂ ਗੋਬਿੰਦ ਸਿੰਘ ਦਾ ਇਕ ਸੱਚਾ ਉਪਾਸ਼ਕ ਬਣ ਗਿਆ ਸੀ , ਦਾ ਡੇਰਾ ਸੀ। ਪੀਰ ਬੁੱਧੂ ਸ਼ਾਹ ਦਾ ਅਸਲ ਨਾਂ ਸੱਯਦ ਬਦਰੁੱਦੀਨ ਸੀ ਅਤੇ ਇਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਇਸੇ ਯੁੱਧ ਵਿਚ ਇਸ ਦੇ ਦੋ ਬੇਟੇ ਅਤੇ ਕਈ ਮੁਰੀਦ ਸ਼ਹੀਦ ਹੋਏ। ਸੰਨ 1688 ਵਿਚ ਜਦੋਂ ਗੁਰੂ ਗੋਬਿੰਦ ਸਿੰਘ ਪਾਉਂਟਾ ਤੋਂ ਅਨੰਦਪੁਰ ਵਾਪਸ ਜਾ ਰਹੇ ਸਨ ਤਾਂ ਉਹਨਾਂ ਰਸਤੇ ਵਿਚ ਕਪਾਲ ਮੋਚਨ ਵਿਖੇ ਬਿਸਰਾਮ ਕੀਤਾ ਅਤੇ ਪੀਰ ਬੁੱਧੂ ਸ਼ਾਹ ਨੂੰ ਸਢੌਰੇ ਮਿਲਣ ਗਏ। ਸਥਾਨਿਕ ਫ਼ੌਜਦਾਰ, ਉਸਮਾਨ ਖ਼ਾਨ, ਨੇ ਮਗਰੋਂ ਪੀਰ ਬੁੱਧੂ ਸ਼ਾਹ ਨੂੰ ਧਾਰਮਿਕ ਤੌਰ ਤੇ ਉਦਾਰ ਵਿਚਾਰਾਂ ਵਾਲਾ ਹੋਣ ਅਤੇ ਗੁਰੂ ਜੀ ਦੀ ਸਹਾਇਤਾ ਕਰਨ ਕਰਕੇ ਕਤਲ ਕਰਵਾ ਦਿੱਤਾ। ਸੰਨ 1710 ਵਿਚ ਸਢੌਰੇ ਨੂੰ ਘੇਰ ਕੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਪੀਰ ਜੀ ਨੂੰ ਦਿੱਤੀ ਗਈ ਸਜ਼ਾ ਦਾ ਬਦਲਾ ਲਿਆ। ਉਸ ਨੇ ਫ਼ੌਜਦਾਰ, ਉਸਮਾਨ ਖ਼ਾਨ, ਦੀ ਗੜ੍ਹੀ ਨੂੰ ਪੂਰੇ ਤੌਰ ਤੇ ਢਾਹ-ਢੇਰੀ ਕੀਤਾ, ਫ਼ੌਜਦਾਰ ਨੂੰ ਫਾਂਸੀ ਤੇ ਲਟਕਾਇਆ ਅਤੇ ਸਢੌਰੇ ਨਗਰ ਦੀ ਲੁਟਮਾਰ ਵੀ ਕੀਤੀ।

    ਨਸ਼ਟ ਹੋਈ ਗੜ੍ਹੀ ਦੇ ਅੰਦਰਗੁਰਦੁਆਰਾ ਬੰਦਾ ਸਿੰਘ ਬਹਾਦੁਰ` ਨਾਂ ਦੀ ਯਾਦਗਾਰੀ ਇਮਾਰਤ ਡਿੱਗ ਜਾਣ ਕਾਰਨ ਕਿਲੇ ਦੀ ਦੀਵਾਰ ਦੇ ਨੇੜੇ ਇਕ ਗੁਰਦੁਆਰਾ ਉਸਾਰਿਆ ਗਿਆ ਹੈ ਅਤੇ ਇਸ ਗੁਰਦੁਆਰੇ ਦੇ ਦੋ ਨਾਂ, ਅਰਥਾਤਕਿਲਾ ਗੁਰਦੁਆਰਾ` ਤੇ ‘ਗੁਰਦੁਆਰਾ ਕਤਲਗੜ੍ਹ`-ਪ੍ਰਚਲਿਤ ਹਨ। ਪਿੱਛੇ ਜਿਹੇ ਹੀ ਪੀਰ ਬੁੱਧੂ ਸ਼ਾਹ ਦੀ ਪਾਵਨ ਯਾਦ ਵਿਚ ਸਢੌਰੇ ਵਿਖੇ ਇਕ ਗੁਰਦੁਆਰਾ ਬਣਾਇਆ ਗਿਆ ਹੈ ਅਤੇ ਇਸ ਦਾ ਨਾਂ ‘ਗੁਰਦੁਆਰਾ ਪੀਰ ਬੁੱਧੂ ਸ਼ਾਹ` ਹੈ ਜਿਸ ਦਾ ਪ੍ਰਬੰਧ ਸਥਾਨਿਕ ਸਿੰਘ ਸਭਾ ਕਰਦੀ ਹੈ ਜਦੋਂ ਕਿ ‘ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦੁਰ` ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਹੈ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਢੌਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਢੌਰਾ : ਇਹ ਯਮਨਾਨਗਰ ਦਾ ਇਕ ਕਸਬਾ ਹੈ। ਇਹ ਕਸਬਾ ਮਹਿਮੂਦ ਗਜ਼ਨਵੀ ਦੇ ਸਮੇਂ ਆਬਾਦ ਹੋਇਆ ਅਤੇ ਪੀਰ ਬੁੱਧੂ ਸ਼ਾਹ ਕਰ ਕੇ ਪ੍ਰਸਿੱਧ ਹੈ। ਸਢੌਰੇ ਦੇ ਇਸ ਮੁਸਲਮਾਨ ਫ਼ਕੀਰ ਨੇ ਆਪਣੇ ਚਾਰ ਪੁੱਤਰ ਅਤੇ ਸਤ ਸੌ ਮੁਰੀਦ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਭੰਗਾਣੀ ਦੇ ਜੰਗ ਵਿਚ ਮਦਦ ਕੀਤੀ ਸੀ ਜਿਸ ਦੇ ਫ਼ਲਸਰੂਪ ਮੁਸਲਮਾਨ ਹਾਕਮ ਉਸਮਾਨ ਖ਼ਾਨ ਨੇ ਇਸ ਨੂੰ ਕਤਲ ਕਰਵਾ ਦਿੱਤਾ। ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸਜ਼ਾ ਦੇਣ ਲਈ ਬੰਦਾ ਬਹਾਦਰ ਨੇ 1710 ਈ. ਵਿਚ ਸਢੌਰੇ ਤੇ ਹਮਲਾ ਕਰ ਕੇ ਉਸਮਾਨ ਖ਼ਾਨ ਨੂੰ ਫਾਂਸੀ ਤੇ ਲਟਕਾਇਆ।

        ਇਸ ਕਸਬੇ ਵਿਚ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਦੀ ਬਣੀ ਹੋਈ ਇਕ ਮਸੀਤ ਵੀ ਹੈ। ਇਥੇ ਇਕ ਮੁਸਲਮਾਨ ਫ਼ਕੀਰ ਸ਼ਾਹ ਕੁਮੈਸ ਦੀ ਦਰਗਾਹ ਹੈ ਜਿਸ ਦੀ ਬਹੁਤ ਮਾਨਤਾ ਹੈ। ਹਰ ਸਾਲ ਇਥੇ ਇਕ ਬਹੁਤ ਭਾਰੀ ਮੇਲਾ ਲਗਦਾ ਹੈ। ਇਥੇ ਸੂਤੀ ਕਪੜਾ ਬਣਾਉਣ ਦਾ ਕੰਮ ਵੀ ਹੁੰਦਾ ਹੈ। ਸੰਨ 1885 ਵਿਚ ਇਥੇ ਮਿਉਂਸਪਲ ਕਮੇਟੀ ਕਾਇਮ ਕੀਤੀ ਗਈ ਸੀ।

        ਆਬਾਦੀ – 11,818 (1991)

        ਸਥਿਤੀ : 30° 20' ਉ. ਵਿਥ; 77° 10' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-58-15, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.