ਸਥਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਥਾਈ : ਗੀਤ ਜਾਂ ਮਤ ਦੇ ਪਹਿਲੇ ਭਾਗ ਜਾਂ ਪਦ ਨੂੰ ਸਥਾਈ ਕਹਿੰਦੇ ਹਨ। ਗੀਤ ਵਿੱਚ ਇਹ ਭਾਗ ਬਾਰ-ਸ਼ਾਰ ਗਾਇਆ ਜਾਂ ਵਜਾਇਆ ਜਾਂਦਾ ਹੈ। ਗਾਇਨ/ਵਾਦਨ ਵਿੱਚ ਵੀ ਸਥਾਈ ਦਾ ਸਭ ਤੋਂ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ। ਰਾਗ ਦਾ ਅਲਾਪ/ਤਾਨ ਦੇ ਦੁਆਰਾ ਸ੍ਵਰ- ਵਿਸਤਾਰ ਕਰਦਾ ਹੋਇਆ ਕਲਾਕਾਰ ਬਾਰ-ਬਾਰ ਇਸੇ ਸਥਾਈ ਦੇ ਮੁਖੜੇ ਨੂੰ ਫੜ ਕੇ ਤਾਲ ਦੇ ਚੱਕਰ ਵਿੱਚ ਪ੍ਰਵੇਸ਼ ਕਰਦਾ ਰਹਿੰਦਾ ਹੈ।

     ਸਥਾਈ ਦਾ ਅਰਥ ਹੈ ਠਹਿਰਾਵ ਜਾਂ ਸਥਿਰਤਾ। ਹਰ ਅਲਾਪ ਤਥਾ ਠਾਣ ਜਾਂ ਤੋੜੇ ਮਗਰੋਂ ਸਥਾਈ ਇੱਕ ਕੇਂਦਰ ਸਮਾਨ ਹੁੰਦੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਗੀਤ ਜਾਂ ਗਤ ਦੀ ਖ਼ਾਸ ਪੰਕਤੀ ਸਮਾਪਤ ਹੋ ਗਈ ਹੈ।

     ਸਥਾਈ ਦਾ ਰਾਗ ਵਿੱਚ ਖ਼ਾਸ ਮਹੱਤਵ ਹੈ। ਹਰੇਕ ਭਾਗ ਵਿੱਚ ਬੰਦਸ਼ ਵਜਾਈ ਜਾਂਦੀ ਹੈ। ਉਸ ਦੇ ਦੋ ਭਾਗਾਂ ਵਿੱਚੋਂ ਪਹਿਲਾ ਭਾਗ ਸਥਾਈ ਹੈ ਜੋ ਆਮ ਤੌਰ ਤੇ ਦੋ ਪਾਲਾਂ ਦਾ ਹੁੰਦਾ ਹੈ। ਦੂਸਰੀ ਪਾਲ ਨੂੰ ਕਦੇ-ਕਦੇ ‘ਮੰਝਾਰ` ਵੀ ਕਹਿੰਦੇ ਹਨ। ਸਥਾਈ ਦਾ ਖੇਤਰ ਵਧੇਰੇ ਕਰ ਕੇ ਮੱਧ ਅਤੇ ਮੰਦਰ ਸਪਤਕ ਦੇ ਮਧਿਅਮ/ਪੰਚਮ ਸ੍ਵਰ ਤੋਂ ਲੈ ਕੇ ਮੱਧ ਸਪਤਕ ਦੇ ਮਧਿਅਮ/ਪੰਚਮ ਸ੍ਵਰ ਤੱਕ ਸੀਮਿਤ ਹੁੰਦਾ ਹੈ। ਇਸ ਪ੍ਰਕਾਰ ਸਥਾਈ ਆਮ ਤੌਰ ਤੇ ਮੱਧ ‘ਸਾ` ਜਾਂ ‘ਨੀ` ਤੋਂ ਸ਼ੁਰੂ ਹੁੰਦੀ ਹੈ ਅਤੇ ਮੱਧ ਖੇਤਰ ਵਿੱਚ ਘੁੰਮਦੇ ਹੋਏ ਮੰਦਰ ਵੱਲ ਜਾਂਦੀ ਹੈ। ਪਰੰਤੂ ਇਹ ਕੋਈ ਅੰਤਿਮ ਨਿਯਮ ਨਹੀਂ। ਇਸ ਨਿਯਮ ਦੀ ਉਲੰਘਣਾ ਹੋ ਸਕਦੀ ਹੈ। ਬਹਾਰ ਬਸੰਤ, ਕਹਿੰਗੜਾ ਆਦਿ ਕਈ ਰਾਗ ਹਨ ਜੋ ਤਾਰ ਪ੍ਰਧਾਨ ਕਹੇ ਜਾਂਦੇ ਹਨ। ਉਹਨਾਂ ਰਾਗਾਂ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ।

     ਇਸ ਆਧਾਰ ਤੇ ਸਥਾਈ ਦੀ ਸੰਖੇਪ ਪਰਿਭਾਸ਼ਾ ਇਹੋ ਹੈ ਕਿ, ‘ਗੀਤ ਜਾਂ ਗਤ ਦਾ ਪਹਿਲਾ ਭਾਗ ਜਾਂ ਪਦ ਸਥਾਈ ਹੈ।`

ਉਦਾਹਰਨ :

            ਸਥਾਈ -             ਜਾਗ ਜਾਗ ਹੁਣ ਜਾਗ ਮਨਾ ਵੇ।

                                    ਸੁੱਤਿਆਂ ਬੀਤੇ ਰਾਤ ਦਿਨਾਂ ਵੇ।

            ਅੰਤਰਾ -             ਝੂਠੀ ਮਾਇਆ ਝੂਠੀ ਕਾਇਆ।

                                    ਮੂਰਖ ਮਨ ਇਸ ਵਿੱਚ ਭਰਮਾਇਆ।

                        ਇਸ ਤੋਂ ਕਰ ਵੈਰਾਗ ਮਨਾ ਵੇ।

              ਸਥਾਈ ਦਾ ਪ੍ਰਭਾਵ ਸੰਗੀਤਕਾਰ ਅਤੇ ਸ੍ਰੋਤਾਂ ਦੋਹਾਂ ਤੇ ਪੈਂਦਾ ਹੈ। ਇਸ ਲਈ ਹਰੇਕ ਰਾਗ ਵਿੱਚ ਸਥਾਈ ਅਥਵਾ ਵਜਾਉਣ ਨਾਲ ਰਾਗ ਦਾ ਪ੍ਰਭਾਵ ਬਣਿਆ ਰਹਿੰਦਾ ਹੈ। ਜਿਵੇਂ:

                 ਰਾਗ ਭੁਪਾਲੀ

                 ਸ਼ਬਦ

                 ਸਥਾਈ :          ਸਾਧੋ ਰਚਨਾ ਰਾਮ ਬਨਾਈ॥

                                     ਇਕਿ ਬਿਨਸੈ ਇਕ ਅਸਥਿਰ ਮਾਨੈ

                                     ਅਸਚਰਜ ਲਖਿਓ ਨ ਜਾਈ॥ਰਹਾਉ॥

                 ਅੰਤਰਾ     : (1) ਕਾਮ ਕ੍ਰੋਧ ਮੋਹਿ ਬਸਿ ਪ੍ਰਾਨੀ

                                     ਹਰਿ ਮੂਰਤਿ ਬਿਸਰਾਈ॥

                                     ਝੂਠਾ ਤਨੁ ਸਾਚਾ ਕਰਿ ਮਾਨਿਓ

                                    ਜਿਉਂ ਸੁਪਨਾ ਰੈਨਾਈ॥

                 ਅੰਤਰਾ     : (2) ਜੋ ਦੀਸੈ ਸੋ ਸਗਲ ਬਿਨਾਸੈ

                                    ਜਿਉਂ ਬਾਦਰ ਕੀ ਛਾਈ॥

                                    ਜਨ ਨਾਨਕ ਜਗੁ ਜਾਨਿਓ ਮਿਥਿਆ

                                    ਰਹਿਓ ਰਾਮ ਸਰਨਾਈ॥

                                                (ਗੁਰੂ ਗ੍ਰੰਥ ਸਾਹਿਬ, ਪੰਨਾ-219)


ਲੇਖਕ : ਡੀ.ਬੀ.ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਥਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਥਾਈ 1 [ਵਿਸ਼ੇ] ਸਥਿਰ , ਪੱਕਾ , ਸਦੀਵੀ 2 [ਨਾਂਪੁ] (ਸੰਗੀ) ਗੀਤ ਦਾ ਪਹਿਲਾ ਭਾਗ ਜਿਸਨੂੰ ਗਾਉਂਦੇ ਸਮੇਂ ਗੀਤ ਵਿੱਚ ਬਾਰ-ਬਾਰ ਦੁਹਰਾਇਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਥਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਾਈ. ਸੰ. स्थायिन्. ਵਿ—ਇਸਥਿਤ ਹੋਣ ਵਾਲਾ. ਠਹਿਰਨ ਵਾਲਾ. ਕਾਇਮ। ੨ ਸੰਗ੍ਯਾ—ਅਚਲ ਪਦ । ੩ ਦੇਖੋ, ਅਸਥਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਥਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਥਾਈ, (ਸੰਸਕ੍ਰਿਤ) / ਵਿਸ਼ੇਸ਼ਣ : ਇਸਥਿਤ, ਨਿਹਚਲ, ਕਾਇਮ, ਟਿਕਿਆ ਜਾਂ ਠਹਿਰਿਆ ਹੋਇਆ, ਖੜਾ, ਪੱਕਾ, ਟਿਕੂ, ਹੰਢੂ, ਇਸਤਰੀ ਲਿੰਗ : ਟੇਕ, ਧਾਰਨ

–ਸਥਾਈ ਆਦੇਸ਼, (ਕਾਨੂੰਨ) / ਪੁਲਿੰਗ : ਥਿਰ ਆਗਿਆ, ਮੁਸਤਕਿਲ ਹੁਕਮ (ਖਾਸ ਕਰ ਕੇ ਪਾਰਲੀਮੈਂਟ ਦੀ ਕਾਰਵਾਈ ਸਬੰਧੀ)

–ਸਥਾਈ ਸਮਿਤੀ, (ਕਨੂੰਨ) / ਇਸਤਰੀ ਲਿੰਗ : ਥਿਰ ਰਹਿਣ ਵਾਲੀ ਕਮੇਟੀ, ਮੁਸਤਕਲ ਕਮੇਟੀ ਜੋ ਨਿਯਤ ਕਰਨ ਵਾਲਿਆਂ ਦੀ ਮੌਜੂਦਗੀ ਤੱਕ ਕਾਇਮ ਰਹੇ।

–ਸਥਾਈ ਹਾਲਤ, (ਰਸਾਇਣ ਵਿਗਿਆਨ) / ਇਸਤਰੀ ਲਿੰਗ : ਇਕ ਸਾਰ ਜਾਂ ਇਕੋ ਜੇਹੀਆਂ ਰਹਿਣ ਵਾਲੀਆਂ ਅਵਸਥਾਵਾਂ ਜਾਂ ਹਾਲਤਾਂ

–ਸਥਾਈ ਤਾਪ-ਅੰਸ਼, (ਰਸਾਇਣ ਵਿਗਿਆਨ) / ਪੁਲਿੰਗ : ਉਹ ਦਰਜਾ ਹਰਾਰਤ ਜੋ ਕਿਸੇ ਸਟੇਜ ਉੱਤੇ ਇਕੋ ਜੇਹਾ ਰਹੇ, ਨਾ ਬਦਲਣ ਵਾਲੀ ਜਾਂ ਇਕ ਸਾਰ ਰਹਿਣ ਵਾਲੀ ਹਰਾਰਤ

–ਸਥਾਈ ਦਬਾਉ, (ਰਸਾਇਣ ਵਿਗਿਆਨ) / ਪੁਲਿੰਗ : ਉਹ ਦਬਾਉ ਜੋ ਕਿਸੇ ਸਟੇਜ ਉੱਤੇ ਇਕੋ ਜੇਹਾ ਰਹੇ, ਨਾ ਬਦਲਨ ਵਾਲਾ ਜਾਂ ਇਕਸਾਰ ਰਹਿਣ ਵਾਲਾ ਦਬਾਉ

–ਸਥਾਈ ਭਾਰਾ ਪਾਣੀ, (ਰਸਾਇਣ ਵਿਗਿਆਨ) / ਪੁਲਿੰਗ : ਉਹ ਪਾਣੀ ਜਿਸ ਵਿਚ ਕੈਲਸ਼ੀਅਮ ਅਤੇ ਮੈਗਨੇਸ਼ੀਅਮ ਦੇ ਸਲਫੇਟ ਘੁਲੇ ਹੋਏ ਹੁੰਦੇ ਹਨ ਅਤੇ ਇਸ ਦਾ ਭਾਰਾਪਣ ਪਾਣੀ ਨੂੰ ਉਬਾਲਣ ਨਾਲ ਵੀ ਦੂਰ ਨਹੀਂ ਹੁੰਦਾ।

–ਸਥਾਈ ਭਾਵ  / ਪੁਲਿੰਗ : ਅਸਥਾਈ ਭਾਵ, ਪੱਕਾ ਅਰ ਟਿਕੂ ਹੋਣ ਦਾ ਗੁਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-50-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.