ਸਧਾਰਨ ਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧਾਰਨ ਵਾਕ: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਦੀ ਬਣਤਰਾਤਮਕ ਵੰਡ ਵੇਲੇ ਕੀਤੀ ਜਾਂਦੀ ਹੈ। ਬਣਤਰ ਦੇ ਪੱਖ ਤੋਂ ਵਾਕਾਂ ਨੂੰ ਸਧਾਰਨ ਤੋਂ ਇਲਾਵਾ ਸੰਯੁਕਤ ਅਤੇ ਮਿਸ਼ਰਤ ਵਾਕਾਂ ਵਿਚ ਵੰਡਿਆ ਜਾਂਦਾ ਹੈ। ਇਸ ਵੰਡ ਦਾ ਅਧਾਰ ਵਾਕ ਵਿਚ ਵਿਚਰਨ ਵਾਲੀਆਂ ਇਕਾਈਆਂ ਨੂੰ ਬਣਾਇਆ ਜਾਂਦਾ ਹੈ। ਸਧਾਰਨ ਵਾਕ ਦੀ ਬਣਤਰ ਵਿਚ ਇਕ ਉਦੇਸ਼ ਅਤੇ ਵਿਧੇ ਹੁੰਦਾ ਹੈ ਜਦੋਂ ਕਿ ਇਸ ਤੋਂ ਵਡੇਰੀਆਂ ਬਣਤਰਾਂ ਵਿਚ ਇਨ੍ਹਾਂ ਦੀ ਗਿਣਤੀ ਵੱਧ ਹੁੰਦੀ ਹੈ। ਮਿਸ਼ਰਤ ਅਤੇ ਸੰਯੁਕਤ ਵਾਕਾਂ ਵਿਚ ਘੱਟੋ ਘੱਟ ਦੋ ਉਪਵਾਕ ਵਿਚਰਦੇ ਹਨ। ਉਪਵਾਕ ਦਾ ਸੰਕਲਪ ਵਾਕ ਦੇ ਸੰਕਲਪ ਦਾ ਪੂਰਕ ਹੀ ਹੈ। ਦੂਜੇ ਸ਼ਬਦਾਂ ਵਿਚ ਸਧਾਰਨ ਵਾਕਾਂ ਦੀ ਬਣਤਰ ਵਿਚ ਸਿਰਫ ਇਕ ਮੁੱਖ ਉਪਵਾਕ ਵਿਚਰ ਰਿਹਾ ਹੁੰਦਾ ਹੈ। ਇਸ ਮੁੱਖ ਉਪਵਾਕ ਵਿਚ ਸਿਰਫ ਇਕ ਕਿਰਿਆ ਵਾਕੰਸ਼ ਹੁੰਦਾ ਹੈ ਅਤੇ ਇਹ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ। ਇਹ ਵਾਕੰਸ਼ ਵਾਕ ਦਾ ਇਕ ਲਾਜ਼ਮੀ ਤੱਤ ਹੈ। ਇਸ ਤੋਂ ਇਲਾਵਾ ਸਧਾਰਨ ਵਾਕ ਦੀ ਬਣਤਰ ਵਿਚ ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਪੂਰਕ ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰ ਸਕਦੇ ਹਨ। ਪੰਜਾਬੀ ਐਸ. ਓ. ਵੀ. (SOV) ਗਰੁੱਪ ਦੀ ਭਾਸ਼ਾ ਹੈ ਪਰ ਇਸ ਵਿਚ ਵਿਚਰਨ ਵਾਲੇ ਵਾਕੰਸ਼ਾਂ ਦੀ ਤਰਤੀਬ ਨੂੰ ਬਦਲਣ ਦੀ ਸੰਭਾਵਨਾ ਹੈ ਜਿਵੇਂ : ਬੱਚਾ ਦੁੱਧ ਪੀਂਦਾ ਹੈ (SOV), ਦੁੱਧ ਪੀਂਦਾ ਹੈ ਬੱਚਾ (OVS), ਪੀਂਦਾ ਹੈ ਬੱਚਾ ਦੁੱਧ (VSO), ਪੀਂਦਾ ਹੈ ਦੁੱਧ ਬੱਚਾ (VOS)। ਪਰ ਇਸ ਭਾਂਤ ਦਾ ਸਥਾਨ ਪਰਿਵਰਤਨ ਲੇਖਕ\ਬੁਲਾਰੇ ਦੀ ਵਿਸ਼ੇਸ਼ ਭਾਂਤ ਦੀ ਸ਼ੈਲੀ ਦਾ ਨਮੂਨਾ ਹੁੰਦਾ ਹੈ। ਇਕ ਆਦਰਸ਼ਕ ਬੁਲਾਰਾ ਸਧਾਰਨ ਬਿਆਨੀਆ ਵਾਕਾਂ ਦੀ ਸਿਰਜਨਾ ਵੇਲੇ (SOV) ਨੂੰ ਹੀ ਪਹਿਲ ਦਿੰਦਾ ਹੈ। ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਵਾਕੰਸ਼ਾਂ ਦਾ ਸਥਾਨ ਪਰਿਵਰਤਨ ਤਾਂ ਪੰਜਾਬੀ ਵਾਕ-ਵਿਉਂਤ ਦੇ ਅਨੁਸਾਰ ਹੋ ਸਕਦਾ ਹੈ ਪਰ ਵਾਕੰਸ਼ ਦੀ ਅੰਦਰੂਨੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਦੀ ਇਕ ਨਿਸ਼ਚਤ ਤਰਤੀਬ ਹੁੰਦੀ ਹੈ, ਇਸ ਨਿਸ਼ਚਤ ਤਰਤੀਬ ਨੂੰ ਭੰਗ ਕਰਨ ਨਾਲ ਗੈਰ-ਵਿਆਕਰਨਕ ਵਾਕ ਹੋਂਦ ਵਿਚ ਆਉਂਦੇ ਹਨ ਜਿਵੇਂ : ‘ਇਕ ਬਹੁਤ ਛੋਟੀ ਕੁੜੀ’ ਵਾਕੰਸ਼ ਵਿਚਲੇ ਤੱਤਾਂ ਦੀ ਤਰਤੀਬ ਨੂੰ ਬਦਲਿਆ ਨਹੀਂ ਜਾ ਸਕਦਾ; ‘ਬਹੁਤ ਇਕ ਛੋਟੀ ਕੁੜੀ, ਕੁੜੀ ਛੋਟੀ ਬਹੁਤ ਇਕ, ਛੋਟੀ ਇਕ ਬਹੁਤ ਕੁੜੀ’ ਆਦਿ। ਇਸ ਲਈ ਪੰਜਾਬੀ ਵਿਚ ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਵਾਕੰਸ਼ਾਂ ਦੇ ਸਥਾਨ ਦਾ ਪਰਿਵਰਤਨ ਸੰਭਵ ਹੈ ਪਰ ਵਾਕੰਸ਼ ਦੀ ਅੰਦਰੂਨੀ ਬਣਤਰ ਵਿਚਲੇ ਤੱਤਾਂ ਦਾ ਸਥਾਨ ਪਰਿਵਰਤਨ ਸੰਭਵ ਨਹੀਂ। ਇਸ ਵੰਡ ਨੂੰ ਵਾਕ ਦੀ ਅੰਦਰੂਨੀ ਅਤੇ ਬੈਰੂਨੀ ਜੁਗਤ ਵੀ ਕਿਹਾ ਜਾਂਦਾ ਹੈ। ਇਕ ਸਧਾਰਨ ਵਾਕ ਦੀ ਬਣਤਰ ਵਿਚ ਇਕ ਕਾਲਕੀ ਕਿਰਿਆ ਵਾਕੰਸ਼ ਵਿਚਰਦਾ ਹੈ ਅਤੇ ਇਸ ਤੋਂ ਇਲਾਵਾ ਇਕ ਤੋਂ ਲੈ ਕੇ ਚਾਰ ਤੱਕ ਨਾਂਵ ਵਾਕੰਸ਼ ਵਿਚਰ ਸਕਦੇ ਹਨ (ਵੇਖੋ ਨਾਂਵ ਵਾਕੰਸ਼)। ਪੂਰਕ (ਵੇਖੋ ਪੂਰਕ) ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ (ਵੇਖੋ ਕਿਰਿਆ ਵਿਸ਼ੇਸ਼ਣ ਵਾਕੰਸ਼) ਇਸ ਦੀ ਬਣਤਰ ਵਿਚ ਵਾਧਾ ਕਰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 10006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.