ਸਮਾਜਿਕ ਵਰਗ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸਮਾਜਿਕ ਵਰਗ : ਹਰ ਸਮਾਜ ਵਰਗਾਂ ਵਿੱਚ ਵੰਡਿਆ ਹੁੰਦਾ ਹੈ। ਵਰਗ ਵਿਅਕਤੀਆਂ ਦਾ ਅਜਿਹਾ ਗਰੁੱਪ ਹੁੰਦਾ ਹੈ, ਜੋ ਸਾਂਝੇ ਪਰਵਾਰ, ਇੱਕੋ ਜਿਹੇ ਪੇਸ਼ੇ, ਦੌਲਤ ਅਤੇ ਸਿੱਖਿਆ ਕਾਰਨ ਇੱਕੋ ਜਿਹੀ ਜੀਵਨ ਸ਼ੈਲੀ ਰੱਖਦਾ ਹੈ, ਗਰੁੱਪ ਦੇ ਵਿਅਕਤੀਆਂ ਦੇ ਵਿਚਾਰ, ਅਹਿਸਾਸ ਵਤੀਰੇ ਅਤੇ ਵਿਹਾਰ ਦੇ ਰੂਪ ਵੀ ਇੱਕੋ ਜਿਹੇ ਹੀ ਹੁੰਦੇ ਹਨ। ਸਮਾਜ ਵਿੱਚ ਵਰਗ ਦੀ ਸਥਿਤੀ ਵਿਅਕਤੀਆਂ ਦੇ ਰੁਤਬੇ ਦੇ ਅਨੁਸਾਰ ਹੁੰਦੀ ਹੈ। ਇਸ ਪ੍ਰਕਾਰ ਵਰਗ ਇੱਕ ਰੁਤਬੇ ਦਾ ਗਰੁੱਪ ਹੁੰਦਾ ਹੈ। ਸਮਾਜਿਕ ਵਰਗ ਵਿੱਚ ਪਹਿਲਾਂ ਤਾਂ ਸਮਾਨਤਾ ਦੀ ਭਾਵਨਾ ਹੁੰਦੀ ਹੈ। ਇੱਕੋ ਸਮਾਜਿਕ ਵਰਗ ਦੇ ਲੋਕਾਂ ਪਾਸੋਂ ਜੀਵਨ ਦਾ ਇੱਕੋ ਜਿਹਾ ਮਿਆਰ ਬਣਾਈ ਰੱਖਣ ਦੀ ਆਸ ਕੀਤੀ ਜਾਂਦੀ ਹੈ ਅਤੇ ਉਹ ਆਪਣੇ ਕਿੱਤੇ ਸੀਮਿਤ ਰੇਂਜ ਵਿੱਚੋਂ ਚੁਣਦੇ ਹਨ। ਇੱਕ ਵਰਗ ਦੇ ਮੈਂਬਰਾਂ ਵਿਚਕਾਰ ਵਤੀਰਿਆਂ ਅਤੇ ਵਿਹਾਰ ਦੀ ਸਮਾਨਤਾ ਦਾ ਅਹਿਸਾਸ ਹੁੰਦਾ ਹੈ। ਦੂਜੇ ਇਹਨਾਂ ਵਿੱਚ ਉਚੇਰੇ ਸਮਾਜਿਕ ਵਰਗ ਦੇ ਲੋਕਾਂ ਲਈ ਹੀਣਤਾ ਭਾਵ ਹੁੰਦਾ ਹੈ ਅਤੇ ਆਪਣੇ ਤੋਂ ਹੇਠਲੇ ਵਰਗ ਦੇ ਲੋਕਾਂ ਤੋਂ ਉਚਿਤ ਭਾਵ ਰੱਖਦੇ ਹਨ। ਸਮਾਜਿਕ ਸਥਿਤੀ ਹੀ ਲੋਕਾਂ ਲਈ ਸਨਮਾਨ, ਪ੍ਰਤਿਸ਼ਠਾ ਅਤੇ ਪ੍ਰਭਾਵ ਨਿਰਧਾਰਿਤ ਕਰਦੀ ਹੈ। ਹਰ ਸਮਾਜਿਕ ਵਰਗ ਦੇ ਮੈਂਬਰ ਇੱਕ ਦੂਜੇ ਨੂੰ ਸਮਾਜਿਕ ਰੂਪ ਵਿੱਚ ਸਮਾਨ ਸਮਝਦੇ ਹਨ ਅਤੇ ਹੋਰ ਵਰਗਾਂ ਤੋਂ ਆਪਣੇ ਆਪ ਨੂੰ ਵਖਰਾਉਂਦੇ ਹਨ। ਉਹ ਆਮ ਕਰਕੇ ਆਪਣੇ ਵਰਗ ਦੇ ਮੈਂਬਰਾਂ ਨਾਲ ਆਪਣੇ ਆਪ ਨੂੰ ਜੋੜਦੇ ਹਨ ਅਤੇ ਹੋਰ ਵਰਗਾਂ ਤੋਂ ਦੂਰ ਰਹਿੰਦੇ ਹਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਹਰ ਸਮਾਜਿਕ ਵਰਗ ਵਿੱਚ ਇੱਕ ਸਮਾਜ ਦੇ ਅੰਦਰ ਸਮਾਜ ਹੈ। ਪਰੰਤੂ ਇਹ ਪੂਰਨ ਅਤੇ ਸੁਤੰਤਰ ਸਮਾਜ ਨਹੀਂ ਹੈ।
ਇੱਕ ਸਮਾਜਿਕ ਵਰਗ ਕੁਝ ਰਿਵਾਜੀ ਤਰੀਕਿਆਂ ਅਨੁਸਾਰ ਹੋਰ ਵਰਗਾਂ ਤੋਂ ਭਿੰਨ ਹੁੰਦਾ ਹੈ। ਹਰ ਵਰਗ ਦਾ ਲਿਬਾਸ, ਆਵਾਜਾਈ ਦੇ ਸਾਧਨ, ਮਨੋਰੰਜਨ ਦੇ ਸਾਧਨ ਅਤੇ ਖ਼ਰਚ ਕਰਨ ਦੀ ਸੀਮਾ ਦੂਜੇ ਗਰੁੱਪ ਨਾਲੋਂ ਵੱਖ ਹੁੰਦੀ ਹੈ। ਇਸ ਪ੍ਰਕਾਰ ਉੱਚ ਵਰਗ ਮਜ਼ਦੂਰੀ ਨਹੀਂ ਕਰ ਸਕਦਾ। ਇਸ ਦੇ ਮੈਂਬਰ ਮਾਲਕ ਹੁੰਦੇ ਹਨ, ਨੌਕਰ ਨਹੀਂ। ਇਹ ਮਹਿਲਾਂ ਵਿੱਚ ਰਹਿੰਦੇ ਹਨ, ਝੌਂਪੜੀਆਂ ਵਿੱਚ ਨਹੀਂ। ਆਪਣੀ ਮਰਜ਼ੀ ਦਾ ਖਾਂਦੇ-ਪੀਂਦੇ ਅਤੇ ਐਸ਼ ਕਰਦੇ ਹਨ। ਕਦੇ-ਕਦੇ ਨਿਮਨਵਰਗ ਦੇ ਲੋਕ ਆਪਣੇ ਵਿਹਾਰ ਵਿੱਚ ਉੱਚ ਵਰਗ ਦੇ ਲੋਕਾਂ ਦੀ ਦਖ਼ਲ-ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ।
ਪ੍ਰਾਚੀਨ ਕਾਲ ਵਿੱਚ ਕੋਈ ਸਮਾਜਿਕ ਵਰਗ ਨਹੀਂ ਸਨ ਕਿਉਂਕਿ ਉਸ ਸਮੇਂ ਅਸੱਭਿਅ ਲੋਕਾਂ ਪਾਸ ਗੁਆਂਢੀਆਂ ਤੇ ਆਪਣੀ ਉੱਚਤਾ ਸਥਾਪਿਤ ਕਰਨ ਦੇ ਕੋਈ ਕਾਰਨ ਨਹੀਂ ਸਨ। ਉਹ ਆਪ ਹਰ ਸਮੇਂ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਸੰਘਰਸ਼ਸ਼ੀਲ ਸੀ ਅਤੇ ਬੜੀ ਮੁਸ਼ਕਲ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੇ ਸਨ। ਪਰੰਤੂ ਸਮਾਜਿਕ ਅਸੱਭਿਅ ਲੋਕਾਂ ਦੇ ਸੱਭਿਆਚਾਰ ਦਾ ਵਿਕਾਸ ਹੋਣ ਨਾਲ ਉਹਨਾਂ ਵਿੱਚ ਪਰਿਵਰਤਨ ਆਇਆ ਅਤੇ ਉਹ ਆਪਣੇ ਦੁਸ਼ਮਣਾਂ ਨੂੰ ਹਾਰ ਦੇ ਕੇ ਉਹਨਾਂ ਦੇ ਫੜੇ ਲੋਕਾਂ ਨੂੰ ਦਾਸ ਬਣਾ ਕੇ ਰੱਖਣ ਲੱਗੇ। ਪਹਿਲਾਂ ਉਹ ਇਸਤਰੀਆਂ ਅਤੇ ਬੱਚਿਆਂ ਨੂੰ ਦਾਸ ਬਣਾਉਂਦੇ ਸਨ, ਪਰੰਤੂ ਬਾਅਦ ਵਿੱਚ ਪੁਰਸ਼ਾਂ ਨੂੰ ਵੀ ਆਪਣੀ ਦਾਸਤਾ ਵਿੱਚ ਲੈਣ ਲੱਗ ਪਏ। ਦਾਸਾਂ ਦੇ ਇਸ ਵਰਗ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਹੁੰਦੇ ਸਨ। ਦਾਸ ਪੂਰਨ ਰੂਪ ਵਿੱਚ ਮਾਲ ਅਸੰਬੰਧ ਸੀ। ਉਸਨੂੰ ਚਾਬਕ ਮਾਰੇ ਜਾ ਸਕਦੇ ਸਨ, ਗਿਰਵੀ ਰੱਖਿਆ ਜਾ ਸਕਦਾ ਸੀ, ਵੇਚਿਆ ਜਾ ਸਕਦਾ ਸੀ ਜਾਂ ਜਾਨੋਂ ਵੀ ਮਾਰਿਆ ਜਾ ਸਕਦਾ ਸੀ।
ਉਦਯੋਗਿਕ ਕ੍ਰਾਂਤੀ ਨੇ ਵਰਗ ਢਾਂਚੇ ਵਿੱਚ ਮੂਲ ਭੂਤ ਪਰਿਵਰਤਨ ਲਿਆਂਦਾ। ਹੁਣ ਸਮਾਜ ਪੂੰਜੀਵਾਦੀ ਵਰਗ ਅਤੇ ਕਿਰਤੀ ਵਰਗ ਵਿੱਚ ਵੰਡਿਆ ਗਿਆ। ਪੂੰਜੀਵਾਦੀਆਂ ਪਾਸ ਉਤਪਾਦਨ ਦੇ ਸਾਧਨ ਸਨ ਅਤੇ ਉਹ ਭਾਰੀ ਰਾਜਨੀਤਿਕ ਸ਼ਕਤੀ ਰੱਖਦੇ ਸਨ। ਕਿਰਤੀ ਵਰਗ ਉਦਯੋਗਿਕ ਮਜ਼ਦੂਰ ਸਨ ਜੋ ਗ਼ਰੀਬ ਅਤੇ ਵੰਚਿਤ ਵਰਗ ਸੀ। ਉਹ ਕੇਵਲ ਆਪਣੀ ਕਿਰਤ ਨੂੰ ਹੀ ਵੇਚ ਸਕਦੇ ਸਨ। ਇਸ ਪਿੱਛੋਂ ਇੱਕ ਨਵਾਂ ਵਰਗ ਪੈਦਾ ਹੋਇਆ ਜਿਸ ਨੂੰ ਮੱਧ ਵਰਗ ਕਿਹਾ ਜਾਂਦਾ ਹੈ। ਅੱਜ ਦੇ ਮੱਧ ਵਰਗ ਵਿੱਚ ਕੇਵਲ ਵਪਾਰੀ ਹੀ ਨਹੀਂ; ਸਗੋਂ ਡਾਕਟਰ, ਵਕੀਲ, ਇੰਜੀਨੀਅਰ, ਅਧਿਆਪਕ ਅਤੇ ਚਿੱਟ ਕੱਪੜੀਏ ਮੁਲਾਜ਼ਮ ਆਦਿ ਸ਼ਾਮਲ ਹਨ। ਇਹਨਾਂ ਦੀ ਗਿਣਤੀ ਦਿਨ ਪ੍ਰਤਿਦਿਨ ਵਧਦੀ ਜਾ ਰਹੀ ਹੈ। ਮੱਧ ਵਰਗ ਪੂੰਜੀਵਾਦੀ ਵਰਗ ਤੋਂ ਹੇਠਾਂ ਅਤੇ ਮਜ਼ਦੂਰ-ਵਰਗ ਤੋਂ ਉੱਪਰ ਦਾ ਵਰਗ ਹੈ। ਹੁਣ ਮੱਧ ਵਰਗ ਵੀ ਆਪਣੀ ਆਮਦਨ ਅਤੇ ਜੀਵਨ-ਮਿਆਰ ਅਨੁਸਾਰ ਤਿੰਨ ਉਪ-ਵਰਗਾਂ ਵਿੱਚ ਵੰਡਿਆ ਗਿਆ ਹੈ; ਉੱਚ ਮੱਧ ਵਰਗ, ਮੱਧ ਵਰਗ, ਅਤੇ ਨਿਮਨ ਮੱਧ ਵਰਗ।
ਆਧੁਨਿਕ ਸਮਾਜ ਵਿੱਚ ਰਾਜਨੀਤਿਕ ਪ੍ਰਨਾਲੀ ਸਮਾਜਿਕ ਪ੍ਰਨਾਲੀ ਦੇ ਨਿਰਧਾਰਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਲੋਕਰਾਜੀ ਰਾਜਨੀਤਿਕ ਪ੍ਰਨਾਲੀ ਸਮਾਜਿਕ ਅੰਤਰਾਂ ਨੂੰ ਖ਼ਤਮ ਕਰਨ ਦੇ ਹੱਕ ਵਿੱਚ ਹੈ ਅਤੇ ਉਹ ਸਮਾਜਿਕ ਏਕਤਾ ਸਥਾਪਿਤ ਕਰਨਾ ਚਾਹੁੰਦੀ ਹੈ। ਇਸ ਦਾ ਭਾਵ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਉੱਚਾ ਜਾਂ ਨੀਵਾਂ, ਉਸਦੀ ਆਮਦਨ ਪੇਸ਼ੇ ਜਾਂ ਜਨਮ ਦੇ ਆਧਾਰ ਤੇ ਨਹੀਂ ਸਮਝਿਆ ਜਾਵੇਗਾ। ਪਰੰਤੂ ਕੁਲੀਨਤੰਤਰੀ ਰਾਜਨੀਤਿਕ ਪ੍ਰਨਾਲੀ ਦਾ ਮੰਨਣਾ ਹੈ ਕਿ ਕਈ ਵਿਅਕਤੀ ਸ਼ਾਸਨ ਕਰਨ ਲਈ ਅਤੇ ਕਈ ਸ਼ਾਸਿਤ ਹੋਣ ਲਈ ਪੈਦਾ ਹੁੰਦੇ ਹਨ। ਇਸ ਪ੍ਰਕਾਰ ਅਜਿਹੇ ਸਮਾਜ ਵਿੱਚ ਸ਼ਾਸਿਤ ਅਤੇ ਪਰਜਾ ਦੋ ਵਰਗ ਹੁੰਦੇ ਹਨ।
ਭਾਵੇਂ ਇਹ ਕਿਹਾ ਜਾ ਸਕਦਾ ਹੈ ਆਧੁਨਿਕ ਸਮਾਜਾਂ ਵਿੱਚ ਸਮਾਜਿਕ ਵਰਗੀਕਰਨ ਦਾ ਮਹੱਤਵਪੂਰਨ ਕਾਰਕ ਦੌਲਤ ਹੈ, ਪਰੰਤੂ ਇਹ ਇੱਕੋ-ਇੱਕ ਕਾਰਕ ਨਹੀਂ ਹੈ। ਸਮਾਜ ਦਾ ਵੱਖ-ਵੱਖ ਵਰਗਾਂ ਪ੍ਰਤਿ ਵਤੀਰਾ ਵੱਖ-ਵੱਖ ਪ੍ਰਕਾਰ ਦਾ ਹੁੰਦਾ ਹੈ ਅਤੇ ਇਸ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਕਈ ਵਾਰ ਕਿਸੇ ਸਮਾਜ ਦਾ ਵਤੀਰਾ ਕੇਵਲ ਪਰੰਪਰਾਗਤ ਹੁੰਦਾ ਹੈ ਅਤੇ ਇਸ ਦਾ ਕੋਈ ਤਰਕਪੂਰਨ ਕਾਰਨ ਨਹੀਂ ਹੁੰਦਾ। ਕਿਹਾ ਜਾ ਸਕਦਾ ਹੈ ਕਿ ਹਰ ਸਮਾਜ ਵਰਗਾਂ ਵਿੱਚ ਵੰਡਿਆ ਹੁੰਦਾ ਹੈ ਅਤੇ ਇਹ ਵੰਡ ਸੁਭਾਵਿਕ ਹੈ।
ਲੇਖਕ : ਪਰਦੀਪ ਸਚਦੇਵਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-18-04-15-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First