ਸਰਹਿੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਹਿੰਦ. ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩ ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਨੂੰ ਵਜ਼ੀਰ ਖ਼ਾਂ ਸੂਬੇ ਨੇ ਇੱਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਨਾਲ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.

      ਬੰਦਾ ਬਹਾਦੁਰ ਨੇ ੧ ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜੀਰ ਖ਼ਾਂ ਨੂੰ ਮਾਰਿਆ.2 ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ “ਗੁਰੁਮਾਰੀ” ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇਗੜ੍ਹ.

      ਸਰਹਿੰਦ ਵਿੱਚ ਇਹ ਗੁਰੁਦ੍ਵਾਰੇ ਹਨ:—

      ੧.   ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ, ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.

      ੨.   ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨਖ਼ਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.

      ੩.   ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨਖ਼ਾਨ ਨੂੰ ਫਤੇ ਕਰਨ ਵੇਲੇ ਇੱਥੇ ਸ਼ਹੀਦ ਹੋਇਆ.

      ੪.   ਜੋਤੀਸਰੂਪ. ਜਿਸ ਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.

      ੫.   ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.

      ੬.   ਫਤੇਗੜ੍ਹ, ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩ ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਹਿੰਦ ਤੋਂ ਕਰੀਬ ਡੇਢ ਮੀਲ ਹੈ.

      ੭.   ਮਾਤਾ ਗੂਜਰੀ ਜੀ ਦਾ ਬੁਰਜ , ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.

      ੮.   ਵਿਮਾਨਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆ ਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਰਹਿੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਰਹਿੰਦ : ਇਹ ਪੰਜਾਬ ਦਾ ਇਕ ਪੁਰਾਣਾ ਇਤਿਹਾਸਕ ਕਸਬਾ ਅਤੇ ਸਿੱਖਾਂ ਦਾ ਪ੍ਰਸਿੱਧ ਧਾਰਮਕ ਅਸਥਾਨ ਹੈ। ਇਹ ਜ਼ਿਲ੍ਹਾ ਪਟਿਆਲਾ ਵਿਚ ਜਰਨੈਲੀ ਸੜਕ ਉੱਤੇ ਲੁਧਿਆਦੇ ਅਤੇ ਅੰਬਾਲੇ ਦੇ ਵਿਚਕਾਰ ਸਥਿਤ ਹੈ। ਇਹ ਕਸਬਾ ਕਈਆਂ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ ਜਿਵੇਂ  ‘ਸਰਹਿੰਦ’, ‘ਸਰਹੰਦ’, ‘ਤਿਬਰਹਿੰਦ’, ‘ਗੁਰੂਮਾਰੀ’ ਅਤੇ ‘ਫਿਟਕਪੁਰੀ’ ਆਦਿ।

          ਸਰਹਿੰਦ ਸ਼ਬਦ ਦਾ ਅਰਥ ਹੈ ‘ਹਿੰਦ ਦਾ ਸਿਰ’। ਸ਼ਾਇਦ ਇਹ ਨਾਂ ਇਸੇ ਕਰਕੇ ਪਿਆ ਸੀ ਕਿ ਇਸਨੂੰ ਜਿੱਤੇ ਬਿਨਾਂ ਹਿੰਦ ਦੀ ਜਿੱਤ ਨੂੰ ਮੁਕੰਮਲ ਨਹੀਂ ਸਮਝਿਆ ਜਾਂਦਾ ਸੀ।

          ਵਰਾਹ ਮਿਹਿਰ, ਜੋ ਮਹਾਰਾਜਾ ਵਿਕਰਮਾਦਿੱਤ ਦੇ ਨੌਂ ਰਤਨਾਂ ਵਿਚੋਂ ਇਕ ਸੀ, ‘ਖਾਰਾਸਰ ਤੰਤਰ’ (ਜਿਸਨੂੰ ਦੁਆਪੁਰ ਦੀ ਕ੍ਰਿਤ ਮੰਨਿਆ ਜਾਂਦਾ ਹੈ) ਵਿਚ ਲਿਖਦਾ ਹੈ ‘ਸਾਈਰਿੰਦ’ ਇਕ ਬਹੁਤ ਹੀ ਪੁਰਾਣਾ ਸ਼ਹਿਰ ਸੀ ਅਤੇ ਸਤਲੁਜ ਦੇ ਇਲਾਕੇ ਦੇ ਰਾਜਧਾਨੀ ਸੀ। ਦਸਵੀਂ ਗਿਆਰ੍ਹਵੀਂ ਸਦੀ ਦੇ ਮੁਸਲਮਾਨ ਇਤਿਹਾਸਕਾਰ ਇਸਨੂੰ ਸਰਹਿੰਦ ਲਿਖਦੇ ਹਨ ਕਿਉਂਕਿ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਪਾਰ ਕਰਕੇ ਉੱਤਰੀ ਹਿੰਦੁਸਤਾਨ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਇਹੀ ਸੀ ਜਿਥੇ ਅਰਬ, ਈਰਾਨ ਤੇ ਹੋਰ ਚੀਨੀ ਤੁਰਕਿਸਤਾਨ ਦੇ ਹਮਲਾਵਰਾਂ ਨੂੰ ਦਿੱਲੀ ਵਲ ਵਧਣ ਲਈ ਟੱਕਰ ਲੈਣੀ ਪੈਂਦੀ ਸੀ।

          ਵਲੀ-ਉਲਾ-ਸਦੀਕੀ ਆਪਣੀ ਪੁਸਤਕ ‘ਆਈਨਾ ਬਗੜ ਬੰਸ’ ਵਿਚ ਲਿਖਦਾ ਹੈ ਕਿ ਇਸ ਸ਼ਹਿਰ ਦਾ ਨਾਂ ‘ਸਰਹੰਦ ਰਾਓ’ ਲਾਹੌਰ ਦੇ ਰਾਜਾ ਲੌਮਾਨ ਰਾਓ (531 ਬਿਕਰਮੀ ਸੰਮਤ) ਦੁਆਰਾ ਇਸਦੀ ਬੁਨਿਆਦ ਰੱਖਣ ਕਾਰਨ ਪਿਆ ਪਰ ਨੂਰ-ਉਦ-ਦੀਨ ਸਰਹੰਦੀ, ਜੋ ਕਿ ਮੁਜੱਦਦ ਅਲਫ਼-ਸਾਨੀ ਦਾ ਭਗਤ ਸੀ, ਆਪਣੀ ਪੁਸਤਕ ‘ਰੋਜ਼ਤ ਉਲ ਕਬੂਮਾਂ ਵਿਚ ਲਿਖਦਾ ਹੈ ਕਿ ਸਰਹਿੰਦ ਦੀ ਬੁਨਿਆਦ ਫੀਰੋਜ਼ਸ਼ਾਹ ਤੀਜੇ-ਜਲਾਲ-ਉਦ-ਦੀਨ ਬੁਖ਼ਾਰੀ, ਜੋ ਕਿ ਪੀਰਾਂ ਦਾ ਪੀਰ ਆਖਿਆ ਜਾਂਦਾ ਹੈ, ਦੇ ਸਮੇਂ ਰਫੀ-ਉਦ-ਦੀਨ ਦੇ ਰੱਖੀ ਜੋ ਮੁਜੱਦਦ ਅਲਫ਼-ਸਾਨੀ ਦੇ ਖ਼ਾਨਦਾਨ ਵਿਚੋਂ ਸੀ। ਇਹ ਦਲੀਲ ਬਹੁਤੀ ਪੱਕੀ ਨਹੀਂ ਕਿਉਂਕਿ ਇਹ ਸ਼ਹਿਰ ਇਸ ਤੋਂ ਪਹਿਲਾਂ ਹੀ ਵੱਸ ਚੁਕਿਆ ਸੀ। ਕਈਆਂ ਦਾ ਖਿਆਲ ਹੈ ਕਿ ਨੂਰ-ਉਦ-ਦੀਨ ਨੇ ਇਸ ਦਾ ਨਾਂ ਸੀਂਹ ਅਤੇ ਰਿੰਦ ਨੂੰ ਜੋੜਕੇ ਬਣਾਇਆ ਜਿਸਦਾ ਮਤਲਬ ਹੈ ‘ਜੰਗਲ ਦਾ ਸ਼ੇਰ’। ਉਸ ਸਮੇਂ ਇਹ ਇਲਾਕਾ ਸ਼ੇਰਾਂ ਅਤੇ ਚੀਤਿਆਂ ਦੇ ਭਾਰੇ ਜੰਗਲ ਵਾਲਾ ਸੀ। ਕਈ ਹੋਰ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ‘ਸਰਹੰਦ’ ਜਾਂ ‘ਹਿੰਦ ਦੀ ਸਰਹੱਦ’ ਵਾਲਾ ਨਾਂ ਉਸ ਵੇਲੇ ਦਾ ਹੈ ਜਦੋਂ ‘ਸਰਹਿੰਦ’ ਲਾਹੌਰ ਦੇ ਗਜ਼ਨਵੀ ਰਾਜ ਅਤੇ ਹਿੰਦੂ ਰਾਜ ਵਿਚਕਾਰ ਸਰਹੱਦ ਦਾ ਸ਼ਹਿਰ ਸੀ ਪਰ ਇਹ ਵੀ ਸੱਚ ਨਹੀਂ ਲਗਦਾ ਕਿਉਂਕਿ ਵਰਾਹ ਮਿਹਿਰ (ਲਗਭਗ 550 ਈ.) ਨੇ ਆਪਣੀ ‘ਬੀਰੀਹਤ ਸੰਘਤਾ’ ਤੋਂ ਪਿਛੋਂ ਅਤੇ ‘ਬ੍ਰਮਪੁਰਾ’ ਤੋਂ ਪਹਿਲਾਂ ਇਸ ਇਲਾਕੇ ਵਿਚ ਰਹਿਣ ਵਾਲੇ ਸੇਰੰਦਾਜ਼ (ਸਰਹੰਦ) ਲੋਕਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਲੋਕਾਂ ਦੇ ਕਬਜ਼ੇ ਦਾ ਸਮਾਂ ਪਹਿਲੀ ਸਦੀ ਦਸਿਆ ਜਾਂਦਾ ਹੈ ਪਰ ਇਹ ਵੀ ਉਸਨੇ ਕਿਸੇ ਪੁਰਾਣੇ ਜੋਤਸ਼ੀ ਪਰਾਸ਼ਰ ਦੀ ਜ਼ਬਾਨੀ ਸੁਣਕੇ ਹੀ ਲਿਖਿਆ ਹੈ।

          ਮੁਸਲਮਾਨਾਂ ਦੇ ਰਾਜ ਸਮੇਂ ਸਰਹਿੰਦ ਬੜੀ ਚੜ੍ਹਦੀਆਂ ਕਲਾਂ ਵਿਚ ਰਿਹਾ ਹੈ। ਫ਼ੀਰੋਜ਼ਸ਼ਾਹ ਤੁਗ਼ਲਕ ਨੇ ਇਸ ਦੀ ਉਸਾਰੀ ਦੁਬਾਰਾ ਕਰਵਾਈ ਅਤੇ 1361 ਈ. ਵਿਚ ਸਮਾਣੇ ਦੇ ਪਰਗਨੇ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਸਨੂੰ ਜ਼ਿਲ੍ਹੇ ਦਾ ਸਦਰ ਮੁਕਾਮ ਬਣਾ ਦਿੱਤਾ। ਫ਼ੀਰੋਜ਼ਸਾਹ ਦਰਿਆ ਸਤਲੁਜ ਵਿਚੋਂ ਨਹਿਰ ਕੱਢ ਕੇ ਇੱਥੇ ਲਿਆਇਆ। ਇਹ ਕਸਬਾ ਦਿੱਲੀ ਰਾਜ ਦਾ ਬੜਾ ਭਾਰੀ ਕਿਲ੍ਹਾ ਚਲਿਆ ਆਉਂਦਾ ਰਿਹਾ ਹੈ।

          ਸੰਨ 1415 ਵਿਚ ਦਿੱਲੀ ਦੇ ਪਹਿਲੇ ਸਯਦ ਬਾਦਸ਼ਾਹ ਖਿਜ਼ਰ ਖ਼ਾਂ ਨੇ ਆਪਣੇ ਪੁੱਤਰ ਮਲਿਕ ਮੁਬਾਰਕ ਨੂੰ ਫ਼ਿਰੋਜ਼ਪੁਰ ਤੇ ਸਰਹਿੰਦ ਦਾ ਗਵਰਨਰ ਅਤੇ ਸਾਧੂ ਨਾਦਰਾ ਨੂੰ ਉਪ-ਗਵਰਨਰ ਮੁਕਰਰ ਕੀਤਾ ਪਰ ਸੰਨ 1416 ਵਿਚ ਤੌਮਾਨ ਰਈਸ ਦੇ ਹੋਰ ਬੱਚਿਆਂ ਨੇ ਸਾਧੂ ਨਾਦਰਾ ਨੂੰ ਕਤਲ ਕਰ ਦਿੱਤਾ। ਅਗਲੇ ਸਾਲ ਹੀ ਇਸ ਬਗ਼ਾਵਤ ਨੂੰ ਸਮਾਨੇ ਦੇ ਗਵਰਨਰ ਜ਼ੀਰਕ ਖ਼ਾਂ ਨੇ ਦਬਾ ਦਿੱਤਾ। ਸੰਨ 1420 ਵਿਚ ਖ਼ਿਜ਼ਰ ਖ਼ਾਂ ਨੇ ਸਾਰੰਗ ਖ਼ਾਂ ਬਾਗ਼ੀ (ਜਿਸਨੂੰ ਜਾਹਲੀ ਸਾਰੰਗ ਖ਼ਾਂ ਦੱਸਿਆ ਜਾਂਦਾ ਹੈ) ਨੂੰ, ਜੋ ਉਸ ਸਮੇਂ ਮਲਿਕ ਸੁਲਤਾਨ ਸ਼ਾਹ ਲੋਧੀ ਦੇ ਅਧੀਨ ਸੀ। ਇਸੇ ਥਾਂ ਹਰਾਇਆ ਸੀ। ਸੰਨ 1451 ਵਿਚ ਸਰਹਿੰਦ ਵਿਚ ਹੀ ਮਲਿਕ ਬਹਿਲੋਲ ਲੋਧੀ ਨੇ ਸੁਲਤਾਨ ਦੀ ਉਪਾਧੀ ਗ੍ਰਹਿਣ ਕੀਤੀ ਸੀ। ਸੰਨ 1529 ਵਿਚ ਜਦ ਪੰਜਾਬ ਦੇ ਗਵਰਨਰ ਮਿਰਜ਼ਾ ਕਾਮਰਾਨ ਨੇ ਬਾਬਰ ਨੂੰ ਪੰਜਾਬ ਦੇ ਜਾਗੀਰਦਾਰਾਂ ਦੀ ਮੁਲਾਕਾਤ ਲਈ ਲਾਹੌਰ ਸੱਦਿਆ ਤਾਂ ਲਾਹੌਰ ਪੁੱਜਣ ਤੋਂ ਪਹਿਲਾਂ ਬਾਬਰ ਨੇ ਸਰਹਿੰਦ ਵਿਖੇ ਦਰਬਾਰ ਕੀਤਾ ਅਤੇ ਕਹਿਲੂਰ ਦੇ ਹਿੰਦੂ ਰਾਜੇ ਨੇ ਬਾਬਰ ਨੂੰ ਤਿੰਨ ਮਣ ਸੋਨਾ ਪੇਸ਼ ਕੀਤਾ ਅਤੇ ਮੁਗ਼ਲ ਰਾਜ ਦੀ ਈਨ ਮੰਨ ਲਈ। ਇਸਦੇ ਨਾਲ ਹੀ ਦਿੱਲੀ ਤੋਂ ਸਤਲੁਜ ਦਾ ਇਲਾਕਾ ਮੁਗ਼ਲਾਂ ਦੇ ਅਧੀਨ ਹੋ ਗਿਆ। ਮੁਸਲਮਾਨ ਬਾਦਸ਼ਾਹਾਂ ਦਾ ਲਾਹੌਰ ਤੋਂ ਦਿੱਲੀ ਜਾਣ ਲੱਗਿਆਾਂ ਰਸਤੇ ਦਾ ਸਭ ਤੋਂ ਵੱਡਾ ਪੜਾ ਸਰਹਿੰਦ ਹੁੰਦਾ ਸੀ। ਇਸ ਲਈ ਕਿਸੇ ਵੀ ਬਾਦਸ਼ਾਹ ਦੇ ਉਤਾਰੇ ਤੋਂ ਦੋ-ਤਿੰਨ ਮਹੀਨੇ ਪਹਿਲਾਂ ਸਰਹਿੰਦ ਸ਼ਹਿਰ ਗਹਿਮਾ ਗਹਿਮ ਹੋ ਜਾਂਦਾ। ਮੁਗ਼ਲਾਂ ਦੀ ਹਕੂਮਤ ਸਮੇਂ ਸਰਹਿੰਦ ਇਕ ਵੱਡਾ ਘੁੱਗ ਵਸਦਾ ਸ਼ਹਿਰ ਸੀ। ਕਿਹਾ ਜਾਂਦਾ ਹੈ ਕਿ ਉਸ ਵੇਲੇ ਇਥੇ 360 ਮਸਜਿਦਾਂ, ਮਕਬਰੇ, ਸਰਾਵਾਂ ਅਤੇ ਖੂਹ ਸਨ।

          ਸਰਹਿੰਦ ਦੇ ਭੈੜੇ ਦਿਨ ਵੀ ਇਕ ਦੁਖਾਂਤ-ਭਰੀ ਘਟਨਾ ਨਾਲ ਸ਼ੁਰੂ ਹੋਣ ਲੱਗੇ। ਸ਼ਾਇਦ ਅਜਿਹਾ ਦੁਖਾਂਤ ਇਤਿਹਾਸ ਵਿਚ ਧਰਤੀ ਤੇ ਕਿਸੇ ਹੋਰ ਹਿੱਸੇ ਉੱਤੇ ਨਹੀਂ ਵਾਪਰਿਆ। ਦੁਖਾਂਤ ਬਿਆਨ ਕਰਨ ਵਾਲੇ ਇਸ ਨੂੰ ਸੰਸਾਰ ਪ੍ਰਸਿੱਧ ਕਰਬਲਾ ਦੇ ਦੁਖਾਂਤ ਤੋਂ ਵੀ ਵੱਡਾ ਮੰਨਦੇ ਹਨ। ਉਹ ਇਸ ਪ੍ਰਕਾਰ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਲਾਲ-ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ, ਜੋ ਅੱਠ ਤੇ ਛੇ ਸਾਲ ਦੇ ਸਨ, ਅਨੰਦਪੁਰ ਸਾਹਿਬ ਦੇ ਘੋਰ ਯੁੱਧ ਦੌਰਾਨ ਸਰਸਾ ਨਦੀ ਪਾਰ ਕਰਨ ਸਮੇਂ ਗੁਰੂ ਸਾਹਿਬ ਤੋਂ ਵਿਛੜ ਗਏ ਸਨ ਤਾਂ ਉਨ੍ਹਾਂ ਨਾਲ ਕੇਵਲ ਗੁਰੂ ਸਾਹਿਬ ਦੇ ਮਾਤਾ ਗੁਜਰੀ ਜੀ ਅਤੇ ਘਰ ਦਾ ਨੌਕਰ ਗੰਗੂ ਹੀ ਸਨ। ਗੰਗੂ ਬ੍ਰਾਹਮਣ ਨੇ ਧੰਨ ਦੇ ਲਾਲਚ ਵਿਚ ਆਕੇ ਮਾਸੂਮ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਂ ਅੱਗੇ ਪੇਸ਼ ਕਰ ਦਿੱਤਾ। ਵਜ਼ੀਰ ਖ਼ਾਂ ਨੇ ਇਨ੍ਹਾਂ ਬੱਚਿਆਂ ਨੂੰ ਮੁਸਲਮਾਨ ਬਣਨ ਲਈ ਆਖਿਆ ਪਰ ਸਾਹਿਬਜ਼ਾਦਿਆਾਂ ਨੇ ਸਪਸ਼ਟ ਨਾਂਹ ਕਰ ਦਿੱਤੀ ਅਤੇ ਵਜ਼ੀਰ ਖ਼ਾਂ (1704) ਨੇ ਗੁੱਸੇ ਵਿਚ ਆਕੇ ਇਨ੍ਹਾਂ ਨੂੰ ਜੀਉਂਦਿਆਂ ਹੀ ਕੰਧ ਵਿਚ ਚਿਣਕੇ ਮਾਰ ਦੇਣ ਦਾ ਹੁਕਮ ਦਿੱਤਾ ਅਤੇ ਦੋਵੇਂ ਮਾਸੂਮ ਸਾਹਿਬਜ਼ਾਦੇ ਗੁਰੂ ਦਾ ਨਾਮ ਜਪਦੇ ਰਹੇ ਅਤੇ ਇਕ ਦੂਜੇ ਦਾ ਮੂੰਹ ਤਕਦੇ ਤਕਦੇ ਅਮਰ ਹੋ ਗਏ। ਮਾਤਾ ਗੁਜਰੀ ਜੀ ਵੀ ਆਪਣੇ ਪੋਤਰਿਆਂ ਦੀ ਅਣਿਆਈ ਮੌਤ ਵੇਖਕੇ ਸਹਾਰ ਨਾ ਸਕੇ ਅਤੇ ਆਪ ਵੀ ਚਲਾਣਾ ਕਰ ਗਏ।

          ਸੰਨ 1708 ਵਿਚ ਬੰਦਾ ਬਹਾਦਰ ਨੇ ਇਸ ਦੁਖਾਂਤ ਦਾ ਬਦਲਾ ਲਿਆ। ਉਸਨੇ ਵਜ਼ੀਰ ਖ਼ਾਂ ਨੂੰ ਮਾਰ ਦਿੱਤਾ ਤੇ ਹੋਰ ਮੁਸਲਮਾਨਾਂ ਦਾ ਕਤਲੇ ਆਮ ਵੀ ਕੀਤਾ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਾਹਿਬਜ਼ਾਦਿਆਂ ਤੇ ਜ਼ੁਲਮ ਕਰਨ ਵਾਲਿਆਂ ਦੇ ਪਿੰਜਰ ਕਬਰਾਂ ਵਿਚੋਂ ਕੱਢਕੇ ਸੜਕਾਂ ਤੇ ਲਟਕਾ ਦਿੱਤੇ। ਮੁਕਦੀ ਗੱਲ ਕਿ ਪੰਜਾਬ ਦਾ ਏਡਾ ਸ਼ਹਿਰ ਮਸਾਣਾਂ ਦੀ ਨਿਆਈ ਬਣਕੇ ਰਹਿ ਗਿਆ।

          ਇਸ ਪਿੱਛੋਂ ਨਾਦਰਸ਼ਾਹ ਤੇ ਅਹਿਮਦਸ਼ਾਹ ਦੁਰਾਨੀ ਦੇ ਸਮੇਂ ਵੀ ਮੁਗਲਾਂ ਅਤੇ ਪਠਾਣਾਂ ਵਿਚਕਾਰ ਸਰਹਿੰਦ ਵਿਖੇ ਟੱਕਰਾਂ ਹੁੰਦੀਆਂ ਰਹੀਆਂ। ਸੰਨ 1761 ਵਿਚ ਅਹਿਮਦਸ਼ਾਹ ਦੁਰਾਨੀ ਨੇ ਸਰਹਿੰਦ ਤੇ ਕਬਜ਼ਾ ਕਰਕੇ ਜ਼ੈਨ ਖ਼ਾਨ ਨੂੰ ਇਥੋਂ ਦਾ ਗਵਰਨਰ ਨਿਯੁਕਤ ਕਰ ਦਿੱਤਾ ਪਰ 14 ਜਨਵਰੀ, 1764 ਨੂੰ ਸਿੱਖਾਂ ਨੇ ਹਮਲਾ ਕਰਕੇ ਜ਼ੈਨ ਖ਼ਾਨ ਨੂੰ ਕਤਲ ਕਰ ਦਿੱਤਾ ਅਤੇ ਮਹਾਰਾਜਾ ਆਲਾ ਸਿੰਘ ਦਾ ਸਰਹਿੰਦ ਉੱਤੇ ਕਬਜ਼ਾ ਹੋ ਗਿਆ। ਸੰਨ 1948 ਤੀਕ ਇਹ ਸ਼ਹਿਰ ਪਟਿਆਲੇ ਰਿਆਸਤ ਵਿਚ ਜ਼ਿਲ੍ਹੇ ਦਾ ਸਦਰ ਮੁਕਾਮ ਰਿਹਾ। ਹੁਣ ਇਹ ਪਟਿਆਲਾ ਜ਼ਿਲ੍ਹੇ ਦੀ ਹੀ ਇਕ ਤਹਿਸੀਲ ਹੈ।

          ਹੁਣ ਸਰਹਿੰਦ ਦਾ ਘੁੱਗ ਵਸਦਾ ਸ਼ਹਿਰ ਖੋਲਿਆਂ ਅਤੇ ਥੇਹਾਂ ਵਿਚ ਵਟਿਆ ਪਿਆ ਹੈ। ਰੇਲਵੇ ਸਟੇਸ਼ਨ ਤੋਂ ਇਕ ਮੀਲ ਦੂਰ ਕਈ ਮੀਲਾਂ ਵਿਚ ਖੰਡਰ ਨਜ਼ਰ ਆਉਂਦੇ ਹਨ।

          ਸਰਹਿੰਦ ਤੋਂ ਲੈਕੇ ਬਸੀ ਤੀਕ ਖੰਡਰਾਤ ਹੀ ਖੰਡਰਾਤ ਹਨ ਜਿਨ੍ਹਾਂ ਵਿਚਕਾਰ ਅਸਮਾਨ ਛੋਂਹਦਾ ਸੁਨਿਹਰੀ ਗੁੰਬਦਾਂ ਵਾਲਾ ਗੁਰਦਵਾਰਾ ਫ਼ਤਹਿਗੜ੍ਹ ਸਾਹਿਬ ਮੀਲਾਂ ਤੋਂ ਨਜ਼ਰ ਆਉਂਦਾ ਹੈ। ਇਸਦਾ ਨਾਂ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਨਾਂ ਉੱਤੇ ਹੈ ਅਤੇ ਇਹ ਸ਼ਹੀਦੀ ਅਸਥਾਨ ਉੱਤੇ ਬਣਆਇਆ ਗਿਆ ਹੈ। ਇਸ ਮਹਾਨ ਗੁਰਦਵਾਰੇ ਤੋਂ ਇਲਾਵਾ ਹੋਰ ਗੁਦਵਾਰੇ ਇਹ ਹਨ :––

          1. ਸ਼ਹੀਦ ਗੰਜ ਬਾਬਾ ਬੰਦਾ ਬਹਾਦਰ––ਇਹ ਉਹ ਜਗ੍ਹਾ ਹੈ ਜਿੱਥੇ ਬੰਦਾ ਬਹਾਦਰ ਤੇ ਸਰਹਿੰਦ ਫ਼ਤਹਿ ਕਰਨ ਮਗਰੋਂ ਸ਼ਹੀਦ ਹੋਏ ਛੇ ਹਜ਼ਾਰ ਸਿੰਘਾਂ ਦਾ ਸੰਸਕਾਰ ਕੀਤਾ ਸੀ।

          2. ਸ਼ਹੀਦ ਗੰਜ ਸੁੱਖਾ ਸਿੰਘ ਜੀ––ਇੱਥੇ ਜੱਥੇਦਾਰ ਸੁੱਖਾ ਸਿੰਘ ਜੀ ਜ਼ੈਨ ਖ਼ਾਨ ਨੂੰ ਫ਼ਤਹਿ ਕਰਨ ਪਿੱਛੋਂ ਸ਼ਹੀਦ ਹੋਏ ਸਨ।

          3. ਸ਼ਹੀਦ ਗੰਜ ਮੂਲਾ ਸਿੰਘ ਜੀ––ਇੱਥੇ ਜੱਥੇਦਾਰ ਮੂਲਾ ਸਿੰਘ ਜੀ ਜ਼ੈਨ ਖ਼ਾਨ ਨੂੰ ਫ਼ਤਹਿ ਕਰਨ ਪਿੱਛੋਂ ਸ਼ਹੀਦ ਹੋਏ ਸਨ।

          4. ਜੋਤੀ ਸਰੂਪ––ਇਹ ਉਹ ਸਥਾਨ ਹੈ ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ।

          5. ਥੜ੍ਹਾ ਸਾਹਿਬ––ਇਹ ਉਹ ਗੁਰਦਵਾਰਾ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਕਿਸੇ ਵੇਲੇ ਬਿਰਾਜੇ ਸਨ।

          6. ਮਾਤਾ ਗੁਜਰੀ ਬੁਰਜ––ਇਸ ਬੁਰਜ ਵਿਚ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜ਼ਰਬੰਦ ਰਹੇ ਅਤੇ ਇੱਥੇ ਹੀ ਜੋਤੀ ਜੋਤ ਸਮਾ ਗਏ।

          7. ਵਿਮਨ ਗੜ੍ਹ––ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਤੇ ਸਰੀਰ ਫ਼ਤਹਿਗੜ੍ਹ ਤੋਂ ਲਿਆ ਕੇ ਸਿੱਖਾਂ ਨੇ ਰਾਤ ਭਰ ਰੱਖੇ ਅਤੇ ਅਗਲੇ ਦਿਨ ਸੰਸਕਾਰ ਲਈ ਜੋਤੀ ਸਰੂਪ ਲਿਜਾਏ ਗਏ।

          ਇਨ੍ਹਾਂ ਖੰਡਰਾਂ ਵਿਚ ਅਜੇ ਤੀਕ ਪੁਰਾਣੀਆਂ ਇਮਾਰਤਾਂ ਦੇ ਨਮੂਨੇ ਬਾਕੀ ਹਨ। ਇਨ੍ਹਾਂ ਵਿਚੋਂ ਬਹੁਤੇ ਗੁੰਬਦੀ ਮਕਬਰੇ ਹਨ। ਇਕ ਮੁਜੱਦਦ ਅਲਫ ਸਾਨੀ ਦਾ ਮਕਬਰਾ ਹੈ ਜਿਸਦੀ ਯਾਤਰਾ ਲਈ ਹਿੰਦੁਸਤਾਨ ਭਰ ਦੇ ਮੁਸਲਮਾਨ ਤੇ ਖ਼ਾਸ ਕਾਬਲ ਦੇ ਸ਼ਾਹੀ ਕੁਨਬੇ ਦੇ ਪਠਾਣ ਅਜੇ ਤੀਕ ਆਉਂਦੇ ਹਨ। ਇਹਦੇ ਨਾਲ ਹੀ ਰਫ਼ੀ-ਉਦ-ਦੀਨ ਦਾ ਰੋਜ਼ਾ ਅਤੇ ਰੋਜ਼ਾ ਚੀਨੀ ਹਨ। ਕਾਬਲ ਦੇ ਬਾਦਸ਼ਾਹ ਸ਼ਾਹ ਜਹਾਨ ਦੀ ਮਲਕਾ ਦਾ ਮਕਬਰਾ ਵੀ ਨਾਲ ਹੀ ਹੈ। ਇਸ ਦੇ ਨਾਲ ਹੀ ਲਗਦੇ ਪਿੰਡ ਡੇਰਾ ਮੀਰ ਮਹਾਨ ਵਿਚ ਹਾਜ਼ੋ ਤਾਜ਼ ਦਾ ਮਕਬਰਾ ਹੈ। ਇਸਦੇ ਨਾਲ ਹੀ ਬਹਿਲੋਲ ਲੋਧੀ ਦੀ ਧੀ ਦਾ ਰੋਜ਼ਾ ਹੈ ਜਿਸ ਉੱਤੇ 900 ਹਿਜਰੀ ਸੰਨ ਵੀ ਲਿਖਿਆ ਹੋਇਆ ਹੈ। ਇਥੇ ਇਕ ਆਮ-ਖ਼ਾਸ ਨਾਂ ਦਾ ਬਾਗ਼ ਅਜੇ ਤੀਕ ਬਾਕੀ ਹੈ। ਇਹ ਬਾਗ਼ ਸ਼ਾਹ ਜਹਾਨ ਦੇ ਸਮੇਂ ਸੁਲਤਾਨ ਹਾਫ਼ਿਜ ਨੇ ਲਾਇਆ ਸੀ। ਹੁਣ ਇਹ ਬਾਗ ਸੈਲਾਨੀਆਂ ਦੀ ਥਾਂ ਬਣਾ ਦਿੱਤੀ ਗਈ ਹੈ। ਇਸ ਬਾਗ਼ ਵਿਚ ਇਕ ਸੋਲ੍ਹਾਂ ਵਿੱਢਾਂ ਵਾਲਾ ਖੂਹ ਅਤੇ ਭੁੱਲ-ਭੱਲਈਆਂ ਵੀ ਹਨ।

          ਹੁਣ ਹਰ ਸਾਲ ਫ਼ਤਹਿਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਉੱਤੇ ਦਸੰਬਰ ਦੇ ਅਖੀਰਲੇ ਹਫ਼ਤੇ ਬਹੁਤ ਭਾਰੀ ਸਭਾ ਭਰਦੀ ਹੈ ਜਿਸ ਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਹਨ।

          ਅਜਕਲ੍ਹ ਸਰਹਿੰਦ ਜਰਨੈਲੀ ਸੜਕ ਉੱਤੇ ਇਕ ਮਹੱਤਵਪੂਰਨ ਸਟੇਸ਼ਨ ਅਤੇ ਭਾਰੀ ਮੰਡੀ ਹੈ। ਫ਼ਤਹਿਗੜ੍ਹ ਸਾਹਿਬ ਵਿਚ ਇਕ ਕਾਲਜ ਅਤੇ ਕੁੜੀਆਂ ਮੁੰਡਿਆਂ ਦਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਹਨ।

          ਆਬਾਦੀ––30,337 (1981)

          30˚ 35' ਉ. ਵਿਥ.; 76˚ 20' ਪੂ. ਲੰਬ.

          ਹ. ਪੁ.––ਇੰਪ. ਗ. ਇੰਡ. 23 : 20.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਰਹਿੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਰਹਿੰਦ : ਇਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਇਕ ਪੁਰਾਣਾ ਇਤਿਹਾਸਕ ਕਸਬਾ ਅਤੇ ਸਿੱਖਾਂ ਦਾ ਉੱਘਾ ਧਾਰਮਿਕ ਸਥਾਨ ਹੈ। ਇਹ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਅਤੇ ਅੰਬਾਲਾ-ਲੁਧਿਆਣਾ ਜੀ. ਟੀ. ਰੋਡ ਤੇ ਸਥਿਤ ਹੈ।

        ਇਥੇ ਵਾਪਰੀਆਂ ਇਤਿਹਾਸਕ ਘਟਨਾਵਾਂ ਕਰਕੇ ਇਸ ਦੇ ਕਈ ਨਾਂ ਰਹੇ ਹਨ ਜਿਵੇਂ ਸਰਹਿੰਦ, ਸਿਰਹਿੰਦੀ, ਸਾਰਹਿੰਦ, ਤਿਬਰ ਹਿੰਦ, ਗੁਰੂਮਾਰੀ, ਫਿਟਕਪੁਰੀ ਆਦਿ। ਦਸਵੀਂ-ਗਿਆਰ੍ਹਵੀਂ ਸਦੀ ਦੇ ਮੁਸਲਮਾਨ ਇਤਿਹਾਸਕਾਰਾਂ ਨੇ ਇਸ ਕਸਬੇ ਨੂੰ ‘ਸਿਰਹਿੰਦ’ ਲਿਖਿਆ ਹੈ ਕਿਉਂਕਿ ਜਦੋਂ ਵੀ ਕੋਈ ਹਮਲਾਵਾਰ ਦਿੱਲੀ ਉਪਰ ਹਮਲਾ ਕਰਨ ਲਈ ਆਉਂਦਾ ਤਾਂ ਉਸ ਦੇ ਰਸਤੇ ਤੇ ਪੈਣ ਵਾਲਾ ਵੱਡਾ ਸ਼ਹਿਰ ‘ਸਰਹਿੰਦ’ ਹੀ ਸੀ। ਇਥੇ ਪਹੁੰਚਣ ਤੋਂ ਪਹਿਲਾਂ ਉਹ ਸ਼ਿਵਾਲਕ ਦੀਆਂ ਪਹਾੜੀਆਂ ਦੀ ਓਟ ਲੈ ਕੇ ਦਿੱਲੀ ਵੱਲ ਨੂੰ ਵਧਦਾ ਪਰ ਇਥੇ ਉਸ ਨੂੰ ਮੈਦਾਨੀ ਇਲਾਕਾ ਹੋਣ ਕਰਕੇ ਆਹਮੋ ਸਾਹਮਣੇ ਇਸ ਖੇਤਰ ਦੇ ਰਾਜਿਆਂ ਨਾਲ ਟੱਕਰ ਲੈਣੀ ਪੈਂਦੀ।

        ਇਸ ਸ਼ਹਿਰ ਉੱਪਰ ਹਕੂਮਤ ਕਰਨ ਵਾਲੇ ਰਾਜੇ ਦਾ ਨਾਂ ਸਾਹਿਰ ਰਾਓ ਜਾਂ ਲੋਮਾਨ ਰਾਓ ਸੀ ਜਿਸ ਦਾ ਜ਼ਿਕਰ ਵਲੀ-ਉਲ-ਸਦੀਕੀ ਦੀ ਇਕ ਪੁਸਤਕ ‘ਆਇਨਾ ਬਰਾੜ ਬੰਸ’ ਵਿਚ ਮਿਲਦਾ ਹੈ। ਇਹ ਰਾਜਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬੰਸ ਵਿਚੋਂ ਸੀ ਅਤੇ ਲਗਭਗ 474 ਈ. ਵਿਚ ਇਸ ਖੇਤਰ ਉੱਪਰ ਰਾਜ ਕਰਦਾ ਸੀ। ਇਸ ਨੇ ਹੀ ਸਰਹਿੰਦ ਵਸਾਇਆ ਤੇ ਖ਼ਿਆਲ ਕੀਤਾ ਜਾਂਦਾ ਹੈ ਇਸ ਦੇ ਨਾਂ ਤੇ ਹੀ ‘ਸਰਹਿੰਦ’ ਦਾ ਇਹ ਨਾਂ ਪਿਆ। ਇਕ ਹੋਰ ਲੇਖਕ ਨੂਰ-ਉਦ-ਦੀਨ ਅਨੁਸਾਰ ‘ਸਰਹਿੰਦ’ ਦੀ ਨੀਂਹ ਫ਼ਿਰੋਜ਼ਸ਼ਾਹ ਤੀਜੇ ਦੇ ਸਮੇਂ ਸੱਯਦ ਜਲਾਲ-ਉਦ-ਦੀਨ ਬੁਖ਼ਾਰੀ ਨੇ ਰੱਖੀ ਸੀ। ਡਾ. ਬਖਸ਼ੀਸ਼ ਸਿੰਘ ਨਿੱਜਰ ਅਨੁਸਾਰ ਸਰਹਿੰਦ ਇਸ ਤੋਂ ਬਹੁਤ ਪਹਿਲਾਂ ਵੱਸਿਆ ਹੋਇਆ ਸੀ।

        ਸਰਹਿੰਦ ਮੁਸਲਮਾਨਾਂ ਦੇ ਹਮਲੇ ਸਮੇਂ ਦਿੱਲੀ ਦੇ ਅਧੀਨ ਆ ਗਿਆ। ਇਥੇ ਇਕ ਫ਼ੌਜੀ ਕਿਲਾ ਵੀ ਬਣਾ ਲਿਆ ਗਿਆ। ਸੰਨ 1415 ਵਿਚ ਦਿੱਲੀ ਦੇ ਸਮਰਾਟ ਸੱਯਦ ਖ਼ਿਜ਼ਰ ਖ਼ਾਂ ਨੇ ਆਪਣੇ ਲੜਕੇ ਮਲਿਕ ਮੁਬਾਰਕ ਨੂੰ ਫ਼ਿਰੋਜ਼ਪੁਰ ਅਤੇ ਸਰਹਿੰਦ ਦਾ ਗਵਰਨਰ ਨਿਯੁਕਤ ਕੀਤਾ ਸੀ। ਮੁਗ਼ਲ ਸਮਰਾਟਾਂ ਦੇ ਸਮੇਂ ਸਰਹਿੰਦ ਬਹੁਤ ਵੱਡਾ ਸ਼ਹਿਰ ਬਣ ਚੁੱਕਾ ਸੀ। ਲਾਹੌਰ ਪੁੱਜਣ ਤੋਂ ਪਹਿਲਾਂ ਬਾਬਰ ਨੇ ਸਰਹਿੰਦ ਵਿਖੇ ਆਪਣਾ ਦਰਬਾਰ ਕੀਤਾ ਸੀ। ਦਿੱਲੀ ਤੋਂ ਲਾਹੌਰ ਪੁੱਜਦੇ ਸਮੇਂ ਮੁਗ਼ਲ ਸਮਰਾਟ ਸਰਹਿੰਦ ਵਿਖੇ ਠਹਿਰਿਆ ਕਰਦੇ ਸਨ। ਸੰਨ 1556 ਤੋਂ 1707 ਦੌਰਾਨ ਸਰਹਿੰਦ ਨੇ ਕਾਫ਼ੀ ਉੱਨਤੀ ਕੀਤੀ। ਆਨੰਦਪੁਰ ਸਾਹਿਬ ਦੇ ਯੁੱਧ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜੇ ਉਨ੍ਹਾਂ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸਰਹਿੰਦ ਦੇ ਫ਼ੌਜਦਾਰ ਨੇ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਂ ਕੋਲ ਪਹੁੰਚਾ ਦਿੱਤਾ। ਸ਼ਾਹਿਬਜ਼ਾਦਿਆਂ ਦੇ ਇਸਲਾਮ ਕਬੂਲ ਨਾ ਕਰਨ ਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ। ਹੁਣ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਇਸ ਥਾਂ ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਹੈ। ਗੁਰਦੁਆਰਾ ਜੋਤੀ ਸਰੂਪ ਵੀ ਇਸ ਦੇ ਨੇੜੇ ਹੀ ਹੈ ਜਿਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

        ਬਾਬਾ ਬੰਦਾ ਸਿੰਘ ਬਹਾਦਰ ਨੇ 1708 ਈ. ਵਿਚ ਜ਼ੁਲਮ ਦਾ ਬਦਲਾ ਲੈਣ ਲਈ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਸਰਹਿੰਦ ਦੀ ਬਹੁਤ ਮਾੜੀ ਹਾਲਤ ਹੋ ਗਈ। ਅਹਿਮਦਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੇ ਸਮੇਂ ਵੀ ਮੁਗ਼ਲਾਂ ਅਤੇ ਪਠਾਣਾ ਵਿਚਕਾਰ ਇਥੇ ਕਈ ਲੜਾਈਆਂ ਹੋਈਆਂ। ਸੰਨ 1762 ਵਿਚ ਇਹ ਬਾਬਾ ਆਲਾ ਸਿੰਘ ਦੇ ਕਬਜ਼ੇ ਵਿਚ ਆ ਗਿਆ।

        ਸਰਹਿੰਦ ਅੰਦਰ ਹੁਣ ਵੀ ਥਾਂ ਥਾਂ ਖੰਡਰ ਮਿਲਦੇ ਹਨ ਜਿਨ੍ਹਾਂ ਤੋਂ ਪੁਰਾਤਨ ਸਮੇਂ ਦੀ ਉਸਾਰੀ ਕਲਾ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ। ਇਥੇ ਅਲਫ਼ਸਾਨੀ ਦੇ ਮਕਬਰੇ ਦੀ ਯਾਤਰਾ ਲਈ ਹਿੰਦੁਸਤਾਨ ਅਤੇ ਬਦੇਸ਼ਾਂ ਤੋਂ ਮੁਸਲਮਾਨ ਆਉਂਦੇ ਹਨ। ਮਕਬਰੇ ਦੇ ਨੇੜੇ ਹੀ ਰੋਜ਼ਾ ਰਫ਼ੀ-ਉਦ-ਦੀਨ ਅਤੇ ਰੋਜ਼ਾ ਚੀਨੀ ਹਨ। ਇਕ ਹੋਰ ਮਕਬਰਾ ਵੀ ਨੇੜੇ ਪੈਂਦਾ ਹੈ ਜੋ ਕਾਬਲ ਦੇ ਬਾਦਸ਼ਾਹ ਸ਼ਾਹਜਮਾਂ ਦੀ ਮਲਕਾ ਦਾ ਹੈ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਨੇੜਲੇ ਪਿੰਡ ਡੇਰਾ ਮੀਰ ਮੀਆਂ ਵਿਚ ਗ਼ਜੋਤਾਜ਼ ਦਾ ਮਕਬਰਾ ਅਤੇ ਬਹਿਲੋਲ ਲੋਧੀ ਦੀ ਧੀ ਦਾ ਰੋਜ਼ਾ ਹਨ। ਸਮਰਾਟ ਸ਼ਾਹਜਹਾਂ ਦੇ ਸਮੇਂ ਸੁਲਤਾਨ ਹਾਫਿਜ਼ ਦੁਆਰਾ ਬਣਵਾਇਆ ਆਮ ਖ਼ਾਸ ਬਾਗ਼ ਫ਼ਤਹਿਗੜ੍ਹ ਸਾਹਿਬ ਅਤੇ ਸਰਹਿੰਦ ਦੇ ਵਿਚਕਾਰ ਹੈ। ਇਸ ਦਾ ਰਕਬਾ 1.92 ਵ. ਕਿ. ਮੀ. ਹੈ।

        ਸਥਿਤੀ – 30° 38' ਉ. ਵਿਥ.; 76° 27' ਪੂ. ਲੰਬ.

        ਆਬਾਦੀ – 30,818 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-03-11-34, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਪੰ. ਲੋ. ਵਿ. ਕੋ.2.; ਸਿ. ਹਿ. ––ਕੰਨਿਘਮ, ਸਿ. ਹਿ.–ਗੁਪਤਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.