ਸਲੋਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਲੋਕ : ਮੱਧ-ਕਾਲ ਦੇ ਕਾਵਿ ਨਾਲ ਸੰਬੰਧਿਤ ਇੱਕ ਲੋਕ-ਪ੍ਰਿਆ ਰੂਪਾਕਾਰ ਸਲੋਕ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਸਾਹਿਤਿਕ ਪਰੰਪਰਾ ਵਿੱਚ ਵੇਦਾਂ ਦੇ ਸਮੇਂ ਤੋਂ ਹੀ ਵਰਤਿਆ ਜਾਂਦਾ ਰਿਹਾ ਹੈ। ਸੰਸਕ੍ਰਿਤ ਵਿੱਚ ਅੱਠ ਅੱਖਰਾ ਛੰਦ ਜਿਸ ਨੂੰ ਅਨੁਸ਼ਟੁਪ ਛੰਦ ਕਹਿੰਦੇ ਸਨ, ਇੱਕ ਪ੍ਰਕਾਰ ਨਾਲ ਸਲੋਕ ਦਾ ਹੀ ਪੁਰਾਣਾ ਰੂਪ ਹੈ ਜਿਸ ਦੀ ਪਰੰਪਰਾ ਵੇਦਾਂ ਨਾਲ ਜੁੜਦੀ ਹੈ। ਉਹਨਾਂ ਸਮਿਆਂ ਵਿੱਚ ਇਹ ਦੋ ਸਤਰਾਂ ਵਾਲਾ ਛੰਦ ਸੀ ਤੇ ਹਰ ਸਤਰ ਵਿੱਚ ਅੱਠ ਅੱਖਰ ਹੁੰਦੇ ਸਨ। ਛੰਦ ਰੂਪ ਵਿੱਚ ਸ਼ਾਸਤਰੀ ਬੰਧਨਾਂ ਵਿੱਚ ਬੱਝਣ ਤੋਂ ਪਹਿਲਾਂ ਇਹ ਲੋਕ-ਕਾਵਿ ਵਿੱਚੋਂ ਨਿਸਰਿਆ ਕਾਵਿ- ਰੂਪ ਸੀ ਜਿਸ ਲਈ ਕਿਸੇ ਨਿਸ਼ਚਿਤ ਛੰਦ ਦੀ ਵਰਤੋਂ ਲਾਜ਼ਮੀ ਨਹੀਂ। ਅੱਜ ਵੀ ਇਹ ਛੰਦ ਨਾਲੋਂ ਵਧੇਰੇ ਕਾਵਿ- ਰੂਪ ਹੀ ਹੈ। ਉਪਦੇਸ਼ ਇਸ ਦਾ ਸੰਚਾਲਕ ਨੁਕਤਾ ਹੈ। ਗੁਰਬਾਣੀ ‘ਉਤਮ ਸਲੋਕ ਸਾਧ ਕੇ ਬਚਨ` ਕਹਿ ਕੇ ਸਲੋਕ ਦੇ ਇਸ ਪੱਖ ਵੱਲ ਸੰਕੇਤ ਕਰਦੀ ਹੋਈ ਇਹ ਦੱਸਦੀ ਹੈ ਕਿ ਇਸ ਕਾਵਿ-ਰੂਪ ਨੂੰ ਸਾਧੂ ਸੰਤ ਆਮ ਵਰਤਦੇ ਸਨ।

     ਮੱਧ-ਕਾਲੀ ਸਾਹਿਤ ਦੀ ਪ੍ਰਮਾਣਿਕ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਭਿੰਨ-ਭਿੰਨ ਆਕਾਰ ਪ੍ਰਕਾਰ ਦੇ ਸਲੋਕ ਦਰਜ ਹਨ। ਹਰ ਸਲੋਕ ਇੱਕੋ ਨਿਸ਼ਚਿਤ ਭਾਵ ਨੂੰ ਪੇਸ਼ ਕਰਦਾ ਹੈ। ਕਬੀਰ, ਫ਼ਰੀਦ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਰਜਨ ਦੇਵ ਤੇ ਗੁਰੂ ਤੇਗ਼ ਬਹਾਦਰ  ਦੇ ਸਲੋਕ ਇਸ ਰੂਪਾਕਾਰ ਦੀ ਮਾਣਯੋਗ ਪ੍ਰਾਪਤੀ ਹਨ। ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਦੁਆਰਾ ਰਚੇ ਦੋ ਤੋਂ 16 ਤੁਕਾਂ ਤੱਕ ਦੇ ਸਲੋਕ ਦਰਜ ਹਨ ਪਰੰਤੂ ਆਮ ਕਰ ਕੇ ਸਲੋਕ ਦੋ ਜਾਂ ਵੱਧ ਤੋਂ ਵੱਧ ਚਾਰ ਤੁਕਾਂ ਦੇ ਹੀ ਰਚੇ ਜਾਣ ਦੀ ਪਰੰਪਰਾ ਹੈ। ਸੁਖਮਨੀ ਸਾਹਿਬ ਵਿੱਚ ਦਰਜ ਸਲੋਕ, ਗੁਰੂ ਤੇਗ਼ ਬਹਾਦਰ ਦੇ ਸਲੋਕ ਤੇ ਬਾਬਾ ਫ਼ਰੀਦ ਦੇ ਬਹੁਤੇ ਸਲੋਕ ਦੋ ਤੁਕਾਂ ਵਾਲੇ ਹੀ ਹਨ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦੋ ਸਲੋਕ ਉਦਾਹਰਨ ਵਜੋਂ ਵੇਖੋ :

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥

            ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥

                                                                                         (ਆਸਾ ਦੀ ਵਾਰ)

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਝਾ ਦੁਧੁ॥

            ਸਭੇ ਵਸਤੂ ਮਿਠੀਆ ਰਬ ਨ ਪੁਜਨਿ ਤੁਧੁ॥27॥

     ਪਹਿਲੇ ਸਲੋਕ ਦੇ ਰਚੇਤਾ ਆਪਣੇ ਗੁਰੂ ਪ੍ਰਤਿ ਤੀਬਰ ਪ੍ਰੇਮ ਤੇ ਸੱਚੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਉਸ ਗੁਰੂ ਦਾ, ਜੋ ਸਧਾਰਨ ਮਨੁੱਖਾਂ ਨੂੰ ਦੇਵਤੇ ਦੇ ਰੂਪ ਵਿੱਚ ਬਦਲਣ ਦੇ ਸਮਰੱਥ ਹੈ। ਦੂਜੇ ਸਲੋਕ ਵਿੱਚ ਬਾਬਾ ਫ਼ਰੀਦ ਆਪਣੇ ਪ੍ਰਭੂ ਨਾਲ ਸੰਵਾਦ ਰਚਾ ਰਹੇ ਹਨ, ਕਿਸੇ ਤੀਜੇ ਸ੍ਰੋਤਾ ਜਾਂ ਸ੍ਰੋਤਾ ਸਮੂਹ ਦੀ ਹੋਂਦ ਤੋਂ ਬੇਖ਼ਬਰ। ਇਹ ਪ੍ਰਭੂ ਉਹਨਾਂ ਲਈ ਦੁਨੀਆਂ ਦੀ ਮਿੱਠੀ ਤੋਂ ਮਿੱਠੀ ਚੀਜ਼ ਤੋਂ ਵੀ ਵੱਧ ਮਿੱਠਾ ਤੇ ਪਿਆਰਾ ਹੈ। ਇਹ ਸੰਬੋਧਨੀ ਬਿਰਤੀ ਸਲੋਕਾਂ ਨੂੰ ਪ੍ਰਗੀਤ ਕਾਵਿ ਦੇ ਸ਼ਕਤਸ਼ਾਲੀ ਰੂਪ ਵਜੋਂ ਉਭਾਰਦੀ ਹੈ।

     ਸਲੋਕ ਦੀ ਸੂਤਰਿਕ ਸ਼ੈਲੀ ਅਤੇ ਪਰੰਪਰਾਗਤ ਲੋਕ ਪ੍ਰਿਅਤਾ ਕਾਰਨ ਦੋ ਤੁਕਾਂ ਵਾਲੀਆਂ ਮੁਕਤਕ ਰਚਨਾਵਾਂ ਆਧੁਨਿਕ ਯੁੱਗ ਦੇ ਪੰਜਾਬੀ ਕਵੀ ਵੀ ਕਦੇ-ਕਦੇ ਰਚਦੇ ਰਹੇ ਹਨ। ਇਹਨਾਂ ਨੂੰ ਉਹ ਸਲੋਕ ਦਾ ਨਿਸ਼ਚਿਤ ਨਾਮ ਦੇਣ ਦੀ ਥਾਂ ਦੋਹਾ ਕਹਿ ਦਿੰਦੇ ਹਨ। ਇੱਥੇ ਦੋਹਾ ਤੋਂ ਉਹਨਾਂ ਦਾ ਭਾਵ ਦੋਹਿਰਾ ਨਾਮੀ ਮਾਤ੍ਰਿਕ ਛੰਦ ਨਹੀਂ ਕੇਵਲ ਦੋ ਸਤਰਾਂ ਦਾ ਮੁਕਤਕ ਹੀ ਹੈ, ਜਿਸਨੂੰ ਪਰੰਪਰਾਗਤ ਰੂਪ ਵਿੱਚ ਸਲੋਕ ਵਜੋਂ ਪਛਾਣਿਆ ਜਾਂਦਾ ਹੈ। ਉਂਞ ਦੋਹਰੇ ਦੇ ਵੀ ਦੋ ਹੀ ਚਰਨ ਹੁੰਦੇ ਹਨ ਤੇ ਹਰ ਚਰਨ ਭਾਵ ਤੁਕ ਵਿੱਚ 24 ਮਾਤਰਾਵਾਂ ਜਿਨ੍ਹਾਂ ਵਿੱਚ ਪਹਿਲਾ ਵਿਸ਼ਰਾਮ 13 ਮਾਤਰਾਵਾਂ ਉੱਤੇ ਹੁੰਦਾ ਹੈ ਤੇ ਦੂਜਾ 11 ਉੱਤੇ।

     ਆਧੁਨਿਕ ਕਵੀਆਂ ਨੇ ਆਪਣੀਆਂ ਸਲੋਕ ਜਾਂ ਦੋਹੇ ਦੇ ਰੂਪ ਵਿੱਚ ਰਚੀਆਂ ਮੁਕਤਕ ਰਚਨਾਵਾਂ ਵਿੱਚ ਸਥੂਲ, ਪਦਾਰਥਿਕ, ਲੌਕਿਕ ਤੇ ਰਹੱਸਵਾਦੀ ਹਰ ਕਿਸਮ ਦੇ ਵਿਸ਼ੇ ਲਏ ਹਨ। ਪਰਵਾਸੀ ਸ਼ਾਇਰ ਗੁਰਚਰਨ ਰਾਮਪੁਰੀ ਦੇ ਕਾਵਿ ਵਿੱਚੋਂ ਉਦਾਹਰਨਾਂ ਵੇਖੋ :

      -     ਘੜੀ ਦਲੀਲਾਂ ਰਿਸ਼ੀਵਰ, ਪਾਪੀ ਖਾਤਰ ਆਪ।

            ਮਹਾਂਭਾਰਤ ਹੀ ਹੋਣਗੇ, ਜਦੋਂ ਫਲੇਗਾ ਪਾਪ।

      -     ਕਾਮੇ ਕੱਠੇ ਹੋਣ ਪਰ, ਅਸੀਂ ਨਾ ਕਰਨਾ ਕੱਠ।

            ਬੜੀ ਪਿਆਰੀ ਲੀਡਰੀ, ਧੜੇ ਅਸਾਡੇ ਸੱਠ।

      -     ਟੇਪਾਂ ਲਾ ਕੇ ਸੌਂ ਗਏ ਮੰਦਰੀਂ ਭਾਈ ਸਾਧ।

            ਧੂਤੂ ਸਿਰ ਚੜ੍ਹ ਕੂਕਦੇ, ਪਿੰਡ ਦਾ ਕੀ ਅਪਰਾਧ।

     ਸਲੋਕ ਮੂਲ ਰੂਪ ਵਿੱਚ ਲੋਕ-ਕਾਵਿ ਦਾ ਹੀ ਇੱਕ ਰੂਪ ਸੀ। ਸਲੋਕ ਦੇ ਸ਼ਾਬਦਿਕ ਅਰਥ ਪ੍ਰਸੰਸਾ ਹਨ। ਹੌਲੀ- ਹੌਲੀ ਇਹ ਉਸ ਕਾਵਿ-ਰੂਪ ਲਈ ਰਾਖਵਾਂ ਤੇ ਰੂੜ੍ਹ ਹੋ ਗਿਆ ਜਿਸ ਵਿੱਚ ਕਿਸੇ ਦੇਵਤੇ ਦੀ ਮਹਿਮਾ ਜਾਂ ਜਸ ਹੋਵੇ। ਮੱਧ-ਕਾਲ ਵਿੱਚ ਨੀਤੀ ਤੇ ਆਚਾਰ-ਵਿਹਾਰ ਦੀ ਅਭਿਵਿਅਕਤੀ ਸਲੋਕਾਂ ਵਿੱਚ ਕੀਤੀ ਗਈ ਹੈ। ਭਰਤਰੀ ਹਰੀ ਦੇ ਤਿੰਨੇ ਸੂਤਕ ਸਲੋਕਾਂ ਵਿੱਚ ਹਨ। ਸਲੋਕ ਦੀ ਲੈਅ, ਛੰਦ ਤੇ ਪੰਕਤੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਫਿਰ ਵੀ ਇਸ ਦੇ ਪ੍ਰਧਾਨ ਛੰਦ ਦੋਹਰਾ ਤੇ ਚੌਪਈ ਹਨ।ਪੰਜਾਬੀ ਵਿੱਚ ਸਲੋਕ ਸੁਣਾਉਣ ਜਿਹੇ ਮੁਹਾਵਰੇ ਦਾ ਜਨਮ ਹੋਇਆ ਹੈ। ਲਿਖਤੀ ਸਾਹਿਤ ਵਿੱਚ ਗਾਲ੍ਹ, ਨਿੰਦਾ ਜਾਂ ਹੱਤਕ ਦੀ ਸੁਰ ਵਿੱਚ ਲਿਖੇ ਕਿਸੇ ਸਲੋਕ ਦਾ ਵਿਸ਼ਿਸ਼ਟ ਸਾਹਿਤ ਵਿੱਚ ਪ੍ਰਮਾਣ ਲੱਭਣਾ ਔਖਾ ਹੈ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਲੋਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਲੋਕ [ਨਾਂਪੁ] ਇੱਕ ਮਾਤਰਿਕ ਛੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਲੋਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ. ਸ—ਲੋਕ. ਉਹੀ ਲੋਕ. ਵਹੀ ਦੇਸ਼ । ੨ ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। ੩ ਸੰ. ਸ਼ੑਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। ੪ ਯਸ਼ ਦਾ ਗੀਤ । ੫ ਛੰਦ. ਪਦ ਕਾਵ੍ਯ. ਪਦ੍ਯ. “ਉਤਮ ਸਲੋਕ ਸਾਧ ਕੇ ਬਚਨ.” (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸਲੋਕ” ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ “ਗੁਰੁਛੰਦ ਦਿਵਾਕਰ” ਵਿੱਚ ਦਿਖਾਏ ਗਏ ਹਨ। ੬ ਦੇਖੋ, ਅਨੁ੄ੑਟੁਭ। ੭ ਦੇਖੋ, ਸੱਲੋਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਲੋਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਲੋਕ (ਸੰ.। ਸੰਸਕ੍ਰਿਤ ਸਾਲੋਕ੍ਯ*) ੧. ਚਾਰ ਮੁਕਤੀਆਂ ਵਿਚੋਂ ਇਕ ਮੁਕਤੀ ਦਾ ਨਾਉਂ ਹੈ। ਯਥਾ-‘ਉਤਮ ਸਲੋਕ ਸਾਧ ਕੇ ਬਚਨ ’ ਸਲੋਕ ਮੁਕਤੀ ਤੋਂ ਬੀ ਸਾਧ ਦੇ ਬਚਨ ਉੱਤਮ ਹਨ।

੨. (ਸੰਸਕ੍ਰਿਤ ਸ਼ਲੋੑਕ) ਛੰਦ, ਕਵਿਤਾ ਵਿਚ ਰਚੀ ਰਚਨਾ। ਯਥਾ-‘ਉਤਮ ਸਲੋਕ ਸਾਧ ਕੇ ਬਚਨ’।

੩. ਸੰਸਕ੍ਰਿਤ ਵਿਚ ਅਨੁਸ਼ਟਪ ਵਜ਼ਨ ਦੇ ਛੰਦਾਂ ਨੂੰ ਕਹਿੰਦੇ ਸਨ , ਪਰ ਪੰਜਾਬੀ ਵਿਚ ਐਸੇ ਵਜ਼ਨ ਦੇ ਛੰਦਾਂ ਨੂੰ ਬੀ ਕਹਿੰਦੇ ਹਨ, ਜੋ ਦੋਹੇ ਯਾ ਦੋਹੇ ਦੇ ਕ੍ਰੀਬ ਹੁੰਦੇ ਹਨ-ਜੈਸੇ ਨਾਵੀਂ ਪਾਤਸ਼ਾਹੀ ਦੇ ਸ਼ਲੋਕ ਹਨ।

----------

* ਚਾਰ ਮੁਕਤੀਆਂ ਇਹ ਹਨ- ੧. ਸਾਲੋਕ, ੨. ਸਾਮੀਪ, ੩. ਸਾਯੁਜ਼, ੪. ਸਾਰੂਪ, ਅਰਥਾਤ ੧. ਵਾਹਿਗੁਰੂ ਦੇ ਦੇਸ਼ ਵਿਚ, ੨. ਉਸਦੇ ਨੇੜੇ, ੩. ਉਸ ਨਾਲ ਮਿਲਕੇ, ੪. ਉਸ ਦੇ ਰੂਪ ਵਿਚ ਪ੍ਰਾਪਤੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਲੋਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਲੋਕ : ਕਾਵਿ ਛੰਦ ਦਾ ਉਹ ਰੂਪ ਜਿਸ ਵਿਚ ਕਿਸੇ ਦੀ ਸਿਫ਼ਤ ਕੀਤੀ ਗਈ ਹੋਵੇ, ਉਸਨੂੰ ਸਲੋਕ ਕਿਹਾ ਜਾਂਦਾ ਹੈ। ਸੰਸਕ੍ਰਿਤ ਗ੍ਰੰਥਾਂ ਵਿਚ ਪਦ ਕਾਵਿ ਲਈ ਸਲੋਕ ਸ਼ਬਦ ਵਰਤਿਆ ਗਿਆ ਹੈ। ਇਸ ਵਿਸ਼ੇਸ਼ ਛੰਦ ਦਾ ਨਾਂ ਅਨੁਸ਼ਟੁਭ ਛੰਦ ਵੀ ਹੈ। ਇਸ ਵਿਚ ਚਾਰ ਚਰਣ ਅਤੇ 32 ਮਾਤਰਾਂ ਹੁੰਦੀਆਂ ਹਨ। ਇਹ ਮਾਤ੍ਰਿਕ ਛੰਦ ਦਾ ਇਕ ਭੇਦ ਹੈ ਜਿਸ ਵਿਚ ਹਰ ਚਰਣ ਵਿਚ ਅਠ ਮਾਤਰਾਂ ਹੁੰਦੀਆਂ ਹਨ। ਹਰ ਚਰਣ ਵੀ ਪੰਜਵੀਂ ਮਾਤਰਾ ਲਘੂ, ਛੇਵੀਂ ਦੀਰਘ ਅਤੇ ਦੂਜੇ ਤੇ ਚੌਥੇ ਚਰਣ ਦੀ ਸੱਤਵੀਂ ਮਾਤਰਾ ਲਘੂ ਹੋਣੀ ਚਾਹੀਦੀ ਹੈ। ਇਸ ਦੀ ਵਰਤੋਂ ਸਭ ਤੋਂ ਪਹਿਲਾਂ ਬਾਲਮੀਕ ਜੀ ਨੇ ਕੀਤੀ ਹੈ। ਸੰਸਕ੍ਰਿਤ ਦੇ ਪਦਾਂ ਜਾਂ ਛੰਦਾਂ ਨੂੰ ਆਮ ਤੌਰ ਤੇ ਸਲੋਕ ਕਹਿ ਦਿਤਾ ਜਾਂਦਾ ਹੈ।

        ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਸਿਰਲੇਖ ਹੇਠ ਕਈ ਛੰਦ ਆਏ ਹਨ ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ- (1) ਉਪਮਾਨ (2) ਉਲਾਲਾ (3) ਅਨੁਸ਼ਟੁਭ (4) ਸਰਸੀ (5) ਸਾਰ (6) ਹਾਕਲ (7) ਦੋਹਾ (8) ਸੋਰਠਾ (9) ਡਖਣਾ (10) ਚੌਪਈ। ਗੁਰਬਾਣੀ ਵਿਚ ਸਲੋਕ ਲਈ ਦੋਹਾ ਛੰਦ ਦੀ ਸਭ ਤੋਂ ਵਧ ਵਰਤੋਂ ਕੀਤੀ ਗਈ ਹੈ। ਕਬੀਰ ਜੀ, ਫ਼ਰੀਦ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਸਭ ਦੋਹਾ ਰੂਪ ਵਿਚ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-05-08, ਹਵਾਲੇ/ਟਿੱਪਣੀਆਂ: ਹ. ਪੁ.–ਹਿੰ. ਸਾ. ਕੋ.; ਗੁ. ਛੰ. ਦਿ.

ਸਲੋਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਲੋਕ, (ਸੰਸਕ੍ਰਿਤ : ਸਲੋਕ) / ਪੁਲਿੰਗ : ਇੱਕ ਮਾਤ੍ਰਕ ਛੰਦ

–ਸਲੋਕ ਸੁਣਨਾ, ਮੁਹਾਵਰਾ : ਬੁਰੀ ਭਲੀ ਸੁਣਨਾ

–ਸਲੋਕ ਸੁਣਾਉਣਾ, ਮੁਹਾਵਰਾ : ਬੁਰੀ ਭਲੀ ਸੁਣਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-12-49-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.