ਸਲੋਕ ਵਾਰਾ ਤੇ ਵਧੀਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਲੋਕ ਵਾਰਾ ਤੇ ਵਧੀਕ: ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਰਾਗ-ਮੁਕਤ ਬਾਣੀ ਵਜੋਂ ਇਸ ਸਿਰਲੇਖ ਅਧੀਨ ਬਹੁਤ ਸਾਰੇ ਸ਼ਲੋਕ ਸੰਕਲਿਤ ਕੀਤੇ ਗਏ ਹਨ। ਇਹ ਉਹ ਸ਼ਲੋਕ ਹਨ ਜੋ ਗ੍ਰੰਥ-ਸੰਪਾਦਨ ਵੇਲੇ ਵਾਰਾਂ ਵਿਚ ਪਉੜੀਆਂ ਨਾਲ ਜੋੜਨੋਂ ਬਚ ਰਹੇ ਸਨ। ਇਹ ਕੁਲ 152 ਹਨ, ਜਿਨ੍ਹਾਂ ਵਿਚੋਂ ‘ਮਹਲਾ ੧’ ਅਧੀਨ 33, ‘ਮਹਲਾ ੩’ ਅਧੀਨ 67, ‘ਮਹਲਾ ੪’ ਅਧੀਨ 30 ਅਤੇ ‘ਮਹਲਾ ੫’ ਅਧੀਨ 22 ਹਨ।
‘ਮਹਲਾ ੧’ ਅਧੀਨ ਦਰਜ 33 ਸ਼ਲੋਕਾਂ ਵਿਚ 28ਵਾਂ ਸ਼ਲੋਕ (ਲਾਹੌਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ) ਮਹਲਾ ੩ ਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦੇ 27ਵੇਂ ਸ਼ਲੋਕ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ) ਦੇ ਭਾਵ ਨੂੰ ਵਿਸਤਾਰਨ ਲਈ ਗੁਰੂ ਅਰਜਨ ਦੇਵ ਜੀ ਨੇ ਇਥੇ ਦਰਜ ਕੀਤਾ ਹੈ। ਇਸ ਤਰ੍ਹਾਂ ਇਸ ਪ੍ਰਸੰਗ ਵਿਚ ਗੁਰੂ ਨਾਨਕ ਦੇਵ ਜੀ ਦੇ ਕੁਲ 32 ਸ਼ਲੋਕ ਹਨ ਅਤੇ ਇਕ ਗੁਰੂ ਅਮਰਦਾਸ ਦਾ ਹੈ। ਇਨ੍ਹਾਂ ਵਿਚੋਂ ਅਧਿਕਾਂਸ਼ ਸ਼ਲੋਕ ਚਾਰ ਚਾਰ ਤੁਕਾਂ ਦੇ ਹਨ, ਪਰ ਉਂਜ ਇਕ ਤੋਂ ਲੈ ਕੇ ਸੱਤ ਤੁਕਾਂ ਤਕ ਦੇ ਸ਼ਲੋਕ ਮਿਲਦੇ ਹਨ। ਇਨ੍ਹਾਂ ਸ਼ਲੋਕਾਂ ਵਿਚ ਲਹਿੰਦੀ ਪੰਜਾਬੀ ਦਾ ਰੰਗ ਅਧਿਕ ਹੈ। ਛੰਦ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਹਨ।
ਇਨ੍ਹਾਂ ਸ਼ਲੋਕਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਹਉਮੈ ਦੇ ਤਿਆਗ ਉਤੇ ਬਲ ਦਿੱਤਾ ਹੈ ਅਤੇ ਅਜਿਹੇ ਆਗੂ ਦਾ ਪੱਲਾ ਫੜਨ ਦਾ ਉਪਦੇਸ਼ ਦਿੱਤਾ ਹੈ ਜੋ ਜਿਗਿਆਸੂ ਨੂੰ ਸੰਸਾਰਿਕ ਪ੍ਰਪੰਚ ਵਿਚ ਫਸਣੋਂ ਬਚਾ ਸਕਦਾ ਹੋਵੇ। ਅਜਿਹਾ ਆਗੂ ਗੁਰੂ ਹੀ ਹੋ ਸਕਦਾ ਹੈ। ਮਨਮੁਖ ਵਿਅਕਤੀ ਹਰਿ ਦੇ ਪ੍ਰੇਮ ਨੂੰ ਅਪਣਾਉਣੋਂ ਸੰਕੋਚ ਕਰਦਾ ਹੈ। ਪਰਮਾਤਮਾ ਦੀ ਕ੍ਰਿਪਾ ਨਾਲ ਹੀ ਪ੍ਰੇਮ ਦੀ ਭਾਵਨਾ ਵਿਅਕਤੀ ਦੇ ਮਨ ਵਿਚ ਵਿਕਸਿਤ ਹੁੰਦੀ ਹੈ। ਹਠ-ਸਾਧਨਾ ਦੀ ਥਾਂ ਸ਼ਰੀਰ ਨੂੰ ਪਰਮਾਤਮਾ ਦਾ ਨਿਵਾਸ ਸਮਝ ਕੇ ਇਸ ਦੀ ਸਹੀ ਵਿਵਸਥਾ ਕਰਨੀ ਚਾਹੀਦੀ ਹੈ। ਇਸ ਸੰਸਾਰ ਵਿਚ ਪਰਮਾਤਮਾ ਦੀ ਸਹਾਇਤਾ ਤੋਂ ਬਿਨਾ ਕੋਈ ਵੀ ਸਫਲ-ਮਨੋਰਥ ਨਹੀਂ ਹੁੰਦਾ। ਮਨੁੱਖ ਨੂੰ ਸਾਰੇ ਕੰਮ ਛਡ ਕੇ ਹਰਿ-ਭਗਤੀ ਵਿਚ ਲੀਨ ਹੋਣਾ ਚਾਹੀਦਾ ਹੈ। ਕਿਉਂਕਿ ਵਿਸ਼ੇ-ਵਾਸਨਾਵਾਂ ਦਾ ਮੋਹ ਤਾਂ ਕਦੇ ਖ਼ਤਮ ਹੀ ਨਹੀਂ ਹੁੰਦਾ— ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ।31। (ਗੁ.ਗ੍ਰੰ.1412)।
‘ਮਹਲਾ ੩’ ਅਧੀਨ ਦਰਜ ਸ਼ਲੋਕਾਂ ਦੀ ਗਿਣਤੀ 67 ਹੈ। ਇਨ੍ਹਾਂ ਵਿਚੋਂ ਅਧਿਕਤਰ ਸ਼ਲੋਕ ਦੋ ਦੋ ਤੁਕਾਂ ਦੇ ਹਨ। ਉਂਜ ਦੋ ਤੋਂ ਲੈ ਕੇ 12 ਤੁਕਾਂ ਤਕ ਦੇ ਸ਼ਲੋਕ ਇਸ ਪ੍ਰਸੰਗ ਵਿਚ ਮਿਲਦੇ ਹਨ। ਇਨ੍ਹਾਂ ਦੀ ਭਾਸ਼ਾ ਨੂੰ ਪੰਜਾਬੀ ਪ੍ਰਧਾਨ ਸਾਧ-ਭਾਖਾ ਕਿਹਾ ਜਾ ਸਕਦਾ ਹੈ। ਕਿਸੇ ਪ੍ਰਕਾਰ ਦੇ ਛੰਦ ਲੱਛਣਾਂ ਨੂੰ ਇਨ੍ਹਾਂ ਉਤੇ ਲਾਗੂ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਵਿਚ ਗੁਰੂ ਅਮਰਦਾਸ ਜੀ ਨੇ ਜਿਗਿਆਸੂ ਨੂੰ ਉਪਦੇਸ਼ ਦਿੱਤਾ ਹੈ ਕਿ ਕਰਮਕਾਂਡੀ ਸਾਧੂਆਂ ਜਾਂ ਪੰਡਿਤਾਂ ਦੇ ਚੱਕਰ ਵਿਚ ਨਹੀਂ ਫਸਣਾ ਚਾਹੀਦਾ ਕਿਉਂਕਿ ਸੱਚਾ ਮਾਰਗ ਇਕੋ ਹੀ ਹੈ ਜੋ ਪਰਮਾਤਮਾ ਦੀ ਦਰਗਾਹ ਵਲ ਜਾਂਦਾ ਹੈ। ਉਹ ਪਰਮਾਤਮਾ ਸਰਬੱਤ੍ਰ ਵਿਆਪਕ ਹੈ— ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ। ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ। ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ। ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ।8। (ਗੁ.ਗ੍ਰੰ.1413)। ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਗੁਰੂ-ਸ਼ਬਦ ਹੈ। ਗੁਰੂ ਤੋਂ ਮੂੰਹ ਫੇਰਨ ਵਾਲੇ ਜੀਵਨ ਦੀ ਖੇਡ ਹਾਰ ਜਾਂਦੇ ਹਨ। ਜੇ ਉਨ੍ਹਾਂ ਉਤੇ ਗੁਰੂ ਦੀ ਕ੍ਰਿਪਾ ਹੋ ਜਾਏ ਤਾਂ ਉਹ ਵੀ ਕਲਿਆਣਕਾਰੀ ਮਾਰਗ ਉਤੇ ਅਗੇ ਵਧ ਜਾਂਦੇ ਹਨ। ਮਾਇਆ ਦੇ ਵਿਸ਼ੈਲੇ ਪ੍ਰਭਾਵ ਨੂੰ ਕਟਣ ਲਈ ਕੇਵਲ ਹਰਿ-ਨਾਮ ਹੀ ਸਹੀ ਇਲਾਜ ਹੈ ਜੋ ਗੁਰੂ ਹੀ ਕਰ ਸਕਦਾ ਹੈ। ਵਿਸ਼ੇ-ਵਿਕਾਰਾਂ ਦੇ ਪ੍ਰਭਾਵ ਤੋਂ ਬਚਾਉਣ ਵਾਲੇ ਗੁਰੂ ਰਾਹੀਂ ਹੀ ਭਗਤੀ ਦੀ ਪ੍ਰਾਪਤੀ ਸੰਭਵ ਹੈ— ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ। ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰੁ।39। (ਗੁ.ਗ੍ਰੰ. 1417)। ਹਰਿ ਦੀ ਤਾਂਘ ਪਪੀਹੇ ਦੀ ਜਲ ਲਈ ਤਾਂਘ ਦੇ ਤੁਲ ਹੋਣੀ ਚਾਹੀਦੀ ਹੈ।
‘ਮਹਲੇ ੪’ ਦੇ ਨਾਂ ਅਧੀਨ ਕੁਲ 30 ਸ਼ਲੋਕ ਹਨ। ਇਨ੍ਹਾਂ ਵਿਚੋਂ ਅਧਿਕਾਂਸ਼ ਸ਼ਲੋਕ ਦੋ ਦੋ ਤੁਕਾਂ ਦੇ ਹਨ। ਪਰ ਉਂਜ ਇਨ੍ਹਾਂ ਦੀ ਤੁਕ-ਗਿਣਤੀ ਦੋ ਤੋਂ ਅੱਠ ਤਕ ਚਲਦੀ ਹੈ। ਇਨ੍ਹਾਂ ਦੀ ਭਾਸ਼ਾ ਸਾਧ-ਭਾਖਾਈ ਰੰਗ ਵਾਲੀ ਹੈ ਅਤੇ ਉਸ ਉਤੇ ਪੰਜਾਬੀ ਦਾ ਪ੍ਰਭਾਵ ਸਪੱਸ਼ਟ ਹੈ। ਕੁਝ ਸ਼ਲੋਕਾਂ ਦਾ ਤੋਲ ਦੋਹਿਰੇ ਨਾਲ ਮੇਲ ਖਾਂਦਾ ਹੈ।
ਇਨ੍ਹਾਂ ਵਿਚ ਗੁਰੂ ਰਾਮਦਾਸ ਜੀ ਨੇ ਦਸਿਆ ਹੈ ਕਿ ਪਰਮਾਤਮਾ ਦਾ ਯਸ਼ ਗਾਉਣ ਨਾਲ ਹਰ ਪ੍ਰਕਾਰ ਦੇ ਸੰਸਾਰਿਕ ਬੰਧਨ ਕਟ ਜਾਂਦੇ ਹਨ, ਔਕੜਾਂ ਮੁਕ ਜਾਂਦੀਆਂ ਹਨ। ਫਲਸਰੂਪ ਪਰਮਾਤਮਾ ਨਾਲ ਮਿਲਾਪ ਸੰਭਵ ਹੋ ਜਾਂਦਾ ਹੈ। ਅਜਿਹਾ ਲਾਭ ਕੇਵਲ ਗੁਰਮੁਖ ਨੂੰ ਪ੍ਰਾਪਤ ਹੁੰਦਾ ਹੈ, ਮਨਮੁਖ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਸੱਚਾ ਪ੍ਰੇਮ ਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਅਤੇ ਇਕ ਵਾਰ ਪ੍ਰਾਪਤ ਹੋਣ ’ਤੇ ਸਦਾ ਬਣਿਆ ਰਹਿੰਦਾ ਹੈ — ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ। ਕਬਹੁ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ।11। (ਗੁ.ਗ੍ਰੰ. 1422)। ਸੱਚੇ ਪ੍ਰੇਮ ਲਈ ਮਨ ਅੰਦਰ ਜਾਗ੍ਰਿਤੀ ਪੈਦਾ ਹੋਣੀ ਅਤਿ-ਆਵੱਸ਼ਕ ਹੈ ਅਤੇ ਇਹ ਜਾਗ੍ਰਿਤੀ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਪ੍ਰੇਮ ਪ੍ਰਾਪਤ ਹੋਣ ਨਾਲ ਵਾਸਨਾਵਾਂ ਮਿਟ ਜਾਂਦੀਆਂ ਹਨ। ਇਸ ਧਰਮ- ਸਾਧਨਾ ਵਿਚ ਗੁਰੂ ਦੇ ਨਾਲ ਨਾਲ ਸਤਿ-ਸੰਗਤ ਦਾ ਵੀ ਬਹੁਤ ਮਹੱਤਵ ਹੈ। ਸਤਿ-ਸੰਗਤ ਨਾਲ ਇਕ ਵਿਸ਼ੇਸ਼ ਬਿਰਤੀ ਦਾ ਵਿਕਾਸ ਹੁੰਦਾ ਹੈ ਜਿਸ ਕਰਕੇ ਜਿਗਿਆਸੂ ਈਸ਼ਵਰੀ ਹੁਕਮ ਨੂੰ ਮੰਨਣ ਲਗ ਜਾਂਦਾ ਹੈ— ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ। ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ। (ਗੁ.ਗ੍ਰੰ.1424)।
‘ਮਹਲੇ ੫’ ਦੇ ਇਸ ਪ੍ਰਸੰਗ ਵਿਚ ਕੁਲ 22 ਸ਼ਲੋਕ ਹਨ। ਇਹ ਸ਼ਲੋਕ ਆਮ ਤੌਰ ’ਤੇ ਦੋ ਦੋ ਤੁਕਾਂ ਦੇ ਹਨ। ਉਂਜ ਛੇ ਤੁਕਾਂ ਤਕ ਦੇ ਸ਼ਲੋਕ ਵੀ ਇਸ ਵਿਚ ਮਿਲਦੇ ਹਨ। ਇਨ੍ਹਾਂ ਦੀ ਭਾਸ਼ਾ ਲਹਿੰਦੀ ਪਿਛੋਕੜ ਵਾਲੀ ਪੰਜਾਬੀ ਹੈ ਅਤੇ ਸਾਧ-ਪਾਖਾ ਦਾ ਪ੍ਰਭਾਵ ਵੀ ਦਿਸ ਪੈਂਦਾ ਹੈ। ਦੋਹਿਰੇ ਦੇ ਲੱਛਣ ਕੁਝ ਕੁ ਸ਼ਲੋਕਾਂ ਉਤੇ ਘਟਦੇ ਵੇਖੇ ਜਾ ਸਕਦੇ ਹਨ।
ਇਨ੍ਹਾਂ ਵਿਚ ਗੁਰੂ ਅਰਜਨ ਦੇਵ ਨੇ ਸੱਚੇ ਪ੍ਰੇਮ ਉਤੇ ਬਲ ਦਿੱਤਾ ਹੈ। ਇਹ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਪ੍ਰੇਮ ਇਕ-ਰਸ ਹੈ, ਕਦੇ ਘਟਦਾ ਵਧਦਾ ਨਹੀਂ। ਕੱਚਾ ਪ੍ਰੇਮ ਸਦਾ ਅਸਫਲ ਹੁੰਦਾ ਹੈ— ਰਤੇ ਸੇਈ ਜਿ ਮੁਖੁ ਨ ਮੋੜੰਨ੍ਹਿ ਜਿਨ੍ਹੀ ਸਿਞਾਤਾ ਸਾਈ। ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹਾ ਕਾਰਿ ਨ ਆਈ। (ਗੁ.ਗ੍ਰੰ.1424)। ਜਿਨ੍ਹਾਂ ਜਿਗਿਆਸੂਆਂ ਦੇ ਅੰਦਰ ਨਾਮ ਦਾ ਨਿਵਾਸ ਹੋ ਜਾਂਦਾ ਹੈ, ਉਹ ਕਦੇ ਦੁਨਿਆਵੀ ਤੌਰ’ਤੇ ਨਹੀਂ ਮਰਦੇ ਕਿਉਂਕਿ ਉਹ ਜੀਉਂਦੇ-ਜੀ ਮੁਕਤ ਹੋ ਜਾਂਦੇ ਹਨ। ਜਦੋਂ ਤਕ ਪਰਮਾਤਮਾ ਦੀ ਕ੍ਰਿਪਾ- ਦ੍ਰਿਸ਼ਟੀ ਰਹਿੰਦੀ ਹੈ, ਸਾਧਕ ਨੂੰ ਕਿਸੇ ਪ੍ਰਕਾਰ ਦੀ ਥੁੜ੍ਹ ਨਹੀਂ ਹੁੰਦੀ। ਅਸਲ ਵਿਚ, ਸ਼ਬਦ ਅਖੁਟ ਭੰਡਾਰ ਹੈ। ਉਹ ਕਦੇ ਨਹੀਂ ਮੁਕਦਾ। ਉਸ ਵਿਚ ਮਗਨ ਰਹਿਣ ਨਾਲ ਸਫਲਤਾ ਹੀ ਸਫਲਤਾ ਹੈ। ਸਚ ਤਾਂ ਇਹ ਹੈ ਕਿ ਇਸ ਪ੍ਰੇਮ ਦੇ ਫਲਸਰੂਪ ਮਹਾ-ਮਿਲਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ— ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲੁ। ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ। (ਗੁ.ਗ੍ਰੰ.1426)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First