ਸਵਰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਵਰਗ (ਨਾਂ,ਪੁ) ਮੌਤ ਉਪਰੰਤ ਧਰਮੀ ਪੁਰਸ਼ਾਂ ਦੇ ਨਿਵਾਸ ਲਈ ਸਮਝਿਆ ਜਾਂਦਾ ਕਲਪਿਤ ਦੇਵ ਲੋਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਵਰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਵਰਗ [ਨਾਂਪੁ] ਸੁਰਗ , ਬਹਿਸ਼ਤ , ਜੰਨਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਵਰਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਵਰਗ: ਸਿੱਖ-ਧਰਮ ਦੇ ਸਾਹਿਤ ਵਿਚ ‘ਸਵਰਗ’ ਦਾ ਉੱਲੇਖ ਹੋਇਆ ਹੈ ਪਰ ਸਿੱਧਾਂਤ ਵਜੋਂ ਸਵੀਕ੍ਰਿਤ ਨਹੀਂ

            ਭਾਰਤੀ ਸੰਸਕ੍ਰਿਤੀ ਵਿਚ ਮਨੁੱਖ ਨੂੰ ਚੰਗੇ ਕਰਮਾਂ ਵਲ ਪ੍ਰੇਰਿਤ ਕਰਨ ਅਤੇ ਮਾੜੇ ਕਰਮਾਂ ਤੋਂ ਹਟਾਉਣ ਲਈ ‘ਸਵਰਗ’ ਅਤੇ ‘ਨਰਕ ’ ਦੀ ਪ੍ਰਾਪਤੀ ਦੀ ਕਲਪਨਾ ਕੀਤੀ ਗਈ ਹੈ। ਇਸ ਦਾ ਮੂਲ-ਆਧਾਰ ‘ਕਰਮਵਾਦ’ ਹੈ। ਚੂੰਕਿ ਸਾਰੇ ਧਰਮਾਂ ਦੇ ਮੂਲ ਵਿਚ ਚੰਗੇ ਕਰਮਾਂ ਉਤੇ ਬਲ ਦਿੱਤਾ ਗਿਆ ਹੈ ਅਤੇ ਮਾੜੇ ਕਰਮਾਂ ਨੂੰ ਨਿਖੇਧਿਆ ਗਿਆ ਹੈ, ਇਸ ਲਈ ਸਵਰਗ ਅਤੇ ਨਰਕ ਦਾ ਸੰਕਲਪ ਲਗਭਗ ਸਾਰੇ ਧਰਮਾਂ ਵਿਚ ਮਿਲ ਜਾਂਦਾ ਹੈ।

            ਹਿੰਦੂ-ਧਰਮ ਵਿਚ ਸਵਰਗ ਦਾ ਵਿਵੇਚਨ ਬੜੀ ਬਾਰੀਕੀ ਨਾਲ ਹੋਇਆ ਹੈ। ਉਪਨਿਸ਼ਦਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਪੂਰਣ-ਗਿਆਨ ਜਾਂ ਬ੍ਰਹਮ-ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਬ੍ਰਹਮ-ਲੋਕ ਵਿਚ ਜਾਂਦੇ ਹਨ। ਜਿਨ੍ਹਾਂ ਪ੍ਰਾਣੀਆਂ ਦਾ ਗਿਆਨ ਅਪੂਰਣ ਹੁੰਦਾ ਹੈ, ਉਹ ਸਵਰਗ ਵਿਚ ਜਾਂਦੇ ਹਨ ਅਤੇ ਆਪਣੇ ਸ਼ੁਭ ਕਰਮਾਂ ਅਨੁਸਾਰ ਫਲ ਭੋਗ ਕੇ ਫਿਰ ਸੰਸਾਰ ਵਿਚ ਜਨਮ ਲੈਂਦੇ ਹਨ। ਪਰ ਜੋ ਲੋਕ ਅਗਿਆਨੀ ਹਨ, ਉਹ ਨਰਕਾਂ ਵਿਚ ਦੁਖ ਭੋਗਦੇ ਹਨ ਜਾਂ ਫਿਰ ਫਿਰ ਜਨਮ ਧਾਰਣ ਕਰਦੇ ਹਨ।

            ਸਵਰਗ ਅਤੇ ਨਰਕ ਦਾ ਸੰਕਲਪ ਪੁਰਾਣਾਂ ਵਿਚ ਅਧਿਕ ਵਿਕਸਿਤ ਹੋਇਆ ਹੈ। ‘ਪਦਮ-ਪੁਰਾਣ’ (ਸਵਰਗ- ਖੰਡ) ਵਿਚ ਸਵਰਗ ਦਾ ਵਰਣਨ ਕਰਦਿਆਂ ਲਿਖਿਆ ਗਿਆ ਹੈ ਕਿ ਇਸ ਵਿਚ ਬਹੁਤ ਸੁੰਦਰ ਬਾਗ਼ ਅਤੇ ਉਪਵਨ ਹਨ। ਹਰ ਪਾਸੇ ਫੁੱਲਾਂ ਨਾਲ ਲਦੇ ਬ੍ਰਿਛ ਲਹਿਰਾ ਰਹੇ ਹਨ। ਬੈਠਣ ਲਈ ਚਾਂਦੀ ਦੇ ਆਸਣ ਅਤੇ ਸੌਣ ਲਈ ਸੁਨਹਿਰੀ ਪਲਿੰਘ ਹਨ। ਰਹਿਣ ਲਈ ਸੁੰਦਰ ਮਹੱਲ ਹਨ, ਸੇਵਾ ਲਈ ਮਨਮੋਹਨੀਆਂ ਅਪਛਰਾਵਾਂ ਹਨ। ਮਨੋਰੰਜਨ ਲਈ ਗੰਧਰਵਾਂ ਦੀ ਵਿਵਸਥਾ ਹੈ। ਅਸਲੋਂ ਸਵਰਗ ਵਿਚ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਉਪਲਬਧ ਹਨ। ਇਸ ਵਿਚ ਕਿਸੇ ਕਿਸਮ ਦੀ ਕੋਈ ਬੀਮਾਰੀ ਜਾਂ ਦੁਖ-ਸੰਤਾਪ ਨਹੀਂ। ਸ਼ੁਭ ਕਰਮਾਂ ਕਰਕੇ ਹੀ ਵਿਅਕਤੀ ਇਥੇ ਪਹੁੰਚ ਸਕਦਾ ਹੈ।

            ਇਸ ਦੀ ਸਥਿਤੀ ਬਾਰੇ ਵੀ ਕਈ ਪ੍ਰਕਾਰ ਦੇ ਵਿਵਰਣ ਮਿਲਦੇ ਹਨ। ਇਕ ਮਤ ਅਨੁਸਾਰ ਇਹ ਧਰਤੀ ਤੋਂ ਉਪਰ, ਸੂਰਜ ਲੋਕ ਤੋਂ ਪਰੇ, ਸੂਰਜ ਅਤੇ ਧ੍ਰੂਹ ਲੋਕ ਦੇ ਵਿਚਕਾਰ ਸਥਿਤ ਹੈ। ਦੂਜੇ ਮਤ ਅਨੁਸਾਰ ਇਹ ਇਲਾਵ੍ਰਿਤ ਦੀਪ (ਜੰਬੂ ਦੀਪ ਦੇ ਨੌਂ ਭਾਗਾਂ ਵਿਚੋਂ ਇਕ) ਵਿਚ ਸੁਮੇਰ ਪਰਬਤ ਦੇ ਉੱਤਰ ਵਲ ਹੈ। ਸਾਧਾਰਣ ਰੂਪ ਵਿਚ ਇੰਦ੍ਰ ਨੂੰ ਸਵਰਗ ਦਾ ਸੁਆਮੀ ਮੰਨਿਆ ਜਾਂਦਾ ਹੈ। ਇੰਦ੍ਰ-ਪਦ ਵਿਅਕਤੀ ਸੂਚਕ ਨਹੀਂ, ਉਪਾਧੀ ਦਾ ਲਖਾਇਕ ਹੈ। ਹਰ ਸੌ ਦੈਵੀ-ਵਰ੍ਹਿਆਂ ਬਾਦ ਇੰਦ੍ਰ ਦੀ ਬਦਲੀ ਹੁੰਦੀ ਹੈ। ਇਸ ਪਦ ਨੂੰ ਪ੍ਰਾਪਤ ਕਰਨ ਲਈ ਕਈ ਰਿਸ਼ੀਆਂ, ਮੁਨੀਆਂ , ਰਾਜਿਆਂ, ਦੈਂਤਾਂ ਨੇ ਵੀ ਯੱਗ ਅਤੇ ਤਪਸਿਆ ਕੀਤੀ ਹੈ।

            ਪੁਰਾਣ-ਸਾਹਿਤ ਵਿਚ ਸੰਪ੍ਰਦਾਇਕ ਵਿਚਾਰਧਾਰਾ ਦੇ ਵਿਕਸਿਤ ਹੋ ਜਾਣ ਤੋਂ ਬਾਦ ਹਰ ਪ੍ਰਮੁਖ ਦੇਵਤੇ ਦੇ ਅਨੁਯਾਈਆਂ ਨੇ ਆਪਣੇ ਆਪਣੇ ਦੇਵਤੇ ਦੇ ਸਵਰਗ ਵਿਚ ਜਾਣ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਸਵਰਗਾਂ ਦੇ ਵੀ ਕਈ ਸਰੂਪ ਅਤੇ ਭੇਦ ਪ੍ਰਚਲਿਤ ਹੋ ਗਏ ਹਨ। ‘ਪਦਮ-ਪੁਰਾਣ’ ਵਿਚ ਮੁੱਖ ਤੌਰ ’ਤੇ ਪੰਜ ਸਵਰਗ ਦਸੇ ਗਏ ਹਨ। ਜਿਵੇਂ ਇੰਦ੍ਰ-ਪੁਰੀ, ਬੈਕੁੰਠ-ਪੁਰੀ, ਕੈਲਾਸ਼-ਪੁਰੀ, ਅਲਕਾ-ਪੁਰੀ ਅਤੇ ਬ੍ਰਹਮ-ਲੋਕ (ਬ੍ਰਹਮ-ਪੁਰੀ)। ‘ਨਰਸਿੰਘ ਪੁਰਾਣ ’ ਵਿਚ ਸੁਮੇਰ ਪਰਬਤ ਦੀਆਂ ਤਿੰਨ ਚੋਟੀਆਂ ਨੂੰ ਹੀ ਸਵਰਗ ਮੰਨਿਆ ਗਿਆ ਹੈ।

            ਤਿੰਨ ਲੋਕਾਂ ਦੀ ਕਲਪਨਾ ਅਨੁਸਾਰ ‘ਸਵਰਗ- ਲੋਕ’ ਆਕਾਸ਼ ਵਿਚ ਹੈ, ‘ਪਾਤਾਲ-ਲੋਕ’ ਧਰਤੀ ਦੇ ਹੇਠਾਂ ਹੈ ਅਤੇ ‘ਮਾਤ-ਲੋਕ’ ਧਰਤੀ ਉਪਰ ਹੈ। ਪੁਰਾਣਾਂ ਅਨੁਸਾਰ ਸਵਰਗ ਦੀ ਸਥਾਨਗਤ ਹੋਂਦ ਹੈ। ਮੱਧ-ਕਾਲ ਦੇ ਸੰਤਾਂ ਨੇ ਆਪਣੀਆਂ ਬਾਣੀਆਂ ਵਿਚ ਭਾਵੇਂ ਸਵਰਗ ਦੀ ਹੋਂਦ ਨੂੰ ਮੰਨਿਆ ਹੈ, ਪਰ ਇਹ ਸਥਾਨਗਤ ਨਹੀਂ, ਭਾਵਨਾਗਤ ਹੈ, ਜਿਵੇਂ ‘ਸੋਦਰ’ ਦੀ ਪਉੜੀ ਵਿਚ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ। ਸੰਤ ਰਵਿਦਾਸ ਜੀ ਨੇ ਇਸ ਨੂੰ ‘ਬੇਗਮਪੁਰਾ’ ਨਾਂ ਦਿੱਤਾ ਹੈ। ਸੰਤ ਕਬੀਰ ਜੀ ਨੇ ਇਸ ਨੂੰ ‘ਬੈਕੁੰਠ ’ ਕਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਸਵਰਗ ਅਤੇ ਨਰਕ ਨੂੰ ਮਾਇਆਵੀ ਕੁਚੱਕਰ ਨਾਲ ਸੰਬੰਧਿਤ ਕੀਤਾ ਹੈ — ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ (ਗੁ.ਗ੍ਰੰ.761)।

            ਸੰਤ ਕਬੀਰ ਜੀ ਨੇ ਗਉੜੀ ਰਾਗ ਵਿਚ ਸਵਰਗ ਅਤੇ ਨਰਕ ਦੀਆਂ ਮਾਨਤਾਵਾਂ ਬਾਰੇ ਟਿਪਣੀ ਦਿੰਦਿਆਂ ਕਿਹਾ ਹੈ ਕਿ ਨ ਸਵਰਗ ਦੀ ਇੱਛਾ ਕਰਨੀ ਚਾਹੀਦੀ ਅਤੇ ਨ ਹੀ ਨਰਕ ਤੋਂ ਡਰਨਾ ਚਾਹੀਦਾ ਹੈ। ਜੋ ਹੋਣਾ ਹੈ, ਉਹ ਹੋਏਗਾ ਹੀ, ਇਸ ਲਈ ਮਨ ਵਿਚ ਇਨ੍ਹਾਂ ਦੀ ਆਸ ਕਰਨ ਦੀ ਲੋੜ ਹੀ ਨਹੀਂ ਹੈ — ਸੁਰਗ ਬਾਸੁ ਬਾਛੀਐ ਡਰੀਐ ਨਰਕਿ ਨਿਵਾਸੁ ਹੋਨਾ ਹੈ ਸੋ ਹੋਈ ਹੈ ਮਨਹਿ ਕੀਜੈ ਆਸ (ਗੁ.ਗ੍ਰੰ.337)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਵਰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਵਰਗ : ਸਵਰਗ ਦੀ ਕਲਪਨਾ ਸੰਸਾਰ ਦੇ ਲਗਭਗ ਸਾਰੇ ਹੀ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤੀ ਗਈ ਹੈ। ਇਹ ਆਮ ਵਿਸ਼ਵਾਸ ਹੈ ਕਿ ਚੰਗੇ ਕਰਮ ਕਰਨ ਨਾਲ ਮੌਤ ਤੋਂ ਮਗਰੋਂ ਆਤਮਾ ਨੂੰ ਸੁੱਖ-ਆਰਾਮ ਮਿਲਦਾ ਹੈ ਅਤੇ ਭੈੜੇ ਕਰਮ ਕਰਨ ਨਾਲ ਆਤਮਾ ਨੂੰ ਦੁੱਖਾਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਅਵਸਥਾ ਨੂੰ ਸਵਰਗ ਦਾ ਵਾਸ ਕਹਿੰਦੇ ਹਨ ਅਤੇ ਪਿਛਲੇਰੀ ਅਵਸਥਾ ਨੂੰ ਨਰਕ ਦਾ ਵਾਸ। ਆਪਣੇ ਜੀਵਨ ਵਿਚ ਵਿਅਕਤੀ ਜਿੰਨਾਂ ਜ਼ਿਆਦਾ ਪੁੰਨ ਕਰਦਾ ਹੈ, ਉਸ ਨੂੰ ਉੱਨੀ ਹੀ ਦੇਰ ਸਵਰਗ ਵਿਚ ਰਹਿਣ ਦਾ ਅਧਿਆਕਰ ਮਿਲਦਾ ਹੈ ਅਤੇ ਪੁੰਨਾਂ ਦੇ ਖ਼ਤਮ ਹੋ ਜਾਣ ਤੇ ਉਸਨੂੰ ਫੇਰ ਧਰਤੀ ਤੇ ਜਨਮ ਲੈਣਾ ਪੈਂਦਾ ਹੈ। ਗੀਤਾ ਦੇ ਨੌਵੇਂ ਅਧਿਆਇ ਵਿਚ ਵੀ ਲਿਖਿਆ ਹੈ ਕਿ “ਉਹ ਉਸ ਵਿਸ਼ਾਲ ਸਵਰਗ-ਲੋਕ ਦਾ ਆਨੰਦ ਮਾਣ ਕੇ ਪੁੰਨ ਖ਼ਤਮ ਹੋ ਜਾਣ ਤੇ ਫਿਰ ਧਰਤੀ ਵਿਚ ਪਰਵੇਸ਼ ਕਰਦੇ ਹਨ।” ਇਸ ਤਰ੍ਹਾਂ ਸਵਰਗ ਦਾ ਵਾਸ ਸਦੀਵੀ ਨਹੀਂ ਹੈ, ਸਗੋਂ ਖ਼ਤਮ ਹੋ ਜਾਣ ਵਾਲਾ ਹੈ।

          ਪਦਮ ਪੁਰਾਣ ਦੇ ‘ਸਵਰਗ ਖੰਡ’ ਵਿਚ ਸਵਰਗ ਲੋਕ ਦਾ ਵਰਣਨ ਬਹੁਤ ਵਧੀਆ ਕੀਤਾ ਗਿਆ ਹੈ ਅਤੇ ਲਿਖਿਆ ਹੈ ਕਿ ਸਵਰਗ ਵਿਚ ਰਮਣੀਕ ਮਨੋਹਰ ਬਾਗ਼-ਬਗੀਚੇ ਹਨ। ਇਹ ਬਾਗ਼-ਬਗ਼ੀਚੇ ਬਹੁਤ ਪਵਿੱਤਰ ਹਨ। ਇਨ੍ਹਾਂ ਦੇ ਚਾਰੇ ਪਾਸੇ ਫੁੱਲਦਾਰ ਰੁੱਖ ਲਹਿਰਾ ਰਹੇ ਹਨ। ਉਥੇ ਚਾਂਦੀ ਦੇ ਆਸਣ ਅਤੇ ਸੋਨੇ ਦੇ ਪਲੰਘ ਹਨ। ਉਥ ਸਭ ਤਰ੍ਹਾਂ ਦੇ ਸੁਖ ਮਿਲਦੇ ਹਨ। ਉਥੇ ਸਿਰਫ਼ ਚੰਗੇ ਕਰਮ ਕਰਨ ਵਾਲੇ ਹੀ ਜਾ ਸਕਦੇ ਹਨ ਅਤੇ ਉਥੇ ਕਿਸੇ ਨੂੰ ਕਿਸੇ ਕਿਸਮ ਦਾ ਰੋਗ ਸੋਗ, ਚਿੰਤਾ ਜਾਂ ਹੋਰ ਕੋਈ ਤਕਲੀਫ਼ ਨਹੀਂ ਹੁੰਦੀ। ਪਾਪੀ, ਨਾਸਤਕ ਲੋਕ ਉਥੇ ਨਹੀਂ ਜਾ ਸਕਦੇ। ਆਪਣੇ ਸ਼ੁਭ ਕਰਮਾਂ ਦਾ ਫਲ ਭੋਗ ਕੇ ਉਹ ਫਿਰ ਧਰਤੀ ਤੇ ਜਨਮ ਲੈਂਦੇ ਹਨ। ਭਾਰਤੀ ਫ਼ਿਲਾਸਫ਼ੀ ਦੀਆਂ ਕੁਝ ਪੁਸਤਕਾਂ ਵਿਚ ਇਥੋਂ ਤਕ ਲਿਖਿਆ ਹੈ ਕਿ ਕਿਸੇ ਕਿਸਮ ਦੇ ਦੁੱਖ ਤੋਂ ਬਿਨਾਂ ਜਿਹੜੇ ਸੁਖ ਦਾ ਮਾਣਨਾ ਹੈ, ਉਹੀ ਸਵਰਗ ਹੈ। ਜੇ ਉਸ ਵਿਚ ਦੁੱਖ ਦਾ ਮੇਲ ਹੋ ਜਾਏ ਤਾਂ ਉਹ ਸਵਰਗ ਨਹੀਂ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਸਵਰਗ ਲੋਕ ਧਰਤੀ ਤੋਂ ਉਪਰ, ਸੂਰਜ ਲੋਕ ਤੋਂ ਵੀ ਪਰੇ, ਸੂਰਜ ਲੋਕ ਅਤੇ ਧ੍ਰਵ ਲੋਕ ਦੇ ਵਿਚਕਾਰ ਹੈ।

          ਪੁਰਾਣਾ ਦੇ ਮੁਤਾਬਕ ਸਵਰਗ ਦਾ ਮਾਲਕ ਇੰਦਰ ਹੈ। ਇਹ ਇੰਦਰ ਕਿਸੇ ਦਾ ਨਾਂ ਨਹੀਂ ਹੈ ਸਗੋਂ ਉਪਾਧੀ ਹੈ। ਜਿਸ ਸਮੇਂ ਜਿਹੜਾ ਵੀ ਸਵਰਗ ਦਾ ਰਾਜਾ ਹੁੰਦਾ ਹੈ, ਉਸ ਸਮੇਂ ਉਸੇ ਨੂੰ ਇੰਦਰ ਕਹਿੰਦੇ ਹਨ। ਇਹ ਇੰਦਰ ਬਦਲਦਾ ਰਹਿੰਦਾ ਹੈ। ਅਕਸਰ ਕੋਈ ਦੇਵਤਾ ਹੀ ਇੰਦਰ ਬਣਦਾ ਹੈ ਪਰ ਕਦੇ ਕਦੇ ਦੈਂਤ ਅਤੇ ਰਾਖਸ਼ ਵੀ ਦੇਵਤਿਆਂ ਨੂੰ ਹਰਾ ਕੇ ਸਵਰਗ ਦੇ ਰਾਜ ਉੱਤੇ ਕਬਜ਼ਾ ਕਰਦੇ ਰਹੇ ਹਨ। ਇਹ ਜ਼ਿਕਰ ਪੁਰਾਣਾਂ ਵਿਚ ਆਉਂਦਾ ਹੈ। ਫਿਰ ਦੇਵਤਿਆਂ ਨੂੰ ਆਪਣਾ ਸਵਰਗ ਵਾਪਸ ਲੈਣ ਲਈ ਵਿਸ਼ਨੂੰ ਦੀ ਸਹਾਇਤਾ ਲੈਣੀ ਪੈਂਦੀ ਹੈ।

          ਜਿਹੜੇ ਧਰਮ ਪੁਨਰ-ਜਨਮ ਵਿਚ ਵਿਸ਼ਵਾਸ ਨਹੀਂ ਰਖਦੇ, ਸਵਰਗ ਦੀ ਮਾਨਤਾ ਉਨ੍ਹਾਂ ਵਿਚ ਵੀ ਹੈ। ਇਬਰਾਨੀ ਜਾਤੀ ਦਾ ਵਿਸ਼ਵਾਸ ਸੀ ਕਿ ਸਵਰਗ ਇਕ ਮਜ਼ਬੂਤ ਦੀਵਾਰ ਜਾਂ ਗੁੰਬਦ ਵਾਲੇ ਬੁਰਜ ਦੇ ਉਪਰ ਟਿਕਿਆ ਹੋਇਆ ਹੈ। ‘Old Testament’ ਵਿਚ ਲਿਖਿਆ ਹੈ ਕਿ ਸਵਰਗ ਇਕ ਵਿਸ਼ਾਲ ਠੋਸ ਗੁੰਬਦ ਦੀ ਸ਼ਕਲ ਦਾ ਸਥਾਨ ਜਾਂ ਆਕਾਸ਼ ਹੈ ਜਿਹੜਾ ਧਰਤੀ ਦੇ ਉਪਰ ਟਿਕਿਆ ਹੋਇਆ ਹੈ ਅਤੇ ਉਪਰ ਦੇ ਪਾਣੀਆਂ ਨੂੰ ਧਰਤੀ ਦੇ ਪਾਣੀਆਂ ਤੋਂ ਵਖਰਾ ਕਰਦਾ ਹੈ। ਇੱਥੇ ਦੇਵਤਿਆਂ ਦਾ ਵਾਸ ਹੈ। ਫ਼ਰਿਸ਼ਤੇ ਤੇ ਸਾਧੂ ਲੋਕ ਵੀ ਇਥੇ ਰਹਿੰਦੇ ਹਨ। ਨਿਊ ਟੈਸਟਾਮੈਂਟ ਵਿਚ ਸਵਰਗ ਦੇ ਕਈ ਹਿੱਸਿਆਂ ਦਾ ਜ਼ਿਕਰ ਆਉਂਦਾ ਹੈ ਅਤੇ ਲਿਖਿਆ ਹੈ ਕਿ ਈਸਾ ਮਸੀਹ ਉਥੇ ਹੀ ਗਿਆ ਹੈ ਤੇ ਉਨ੍ਹਾਂ ਲੋਕਾਂ ਲਈ ਬੰਦੋਬਸਤ ਕਰ ਰਿਹਾ ਹੈ, ਜਿਹੜੇ ਉਸਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਉਹ ਅਖ਼ੀਰ ਉਥੇ ਹੀ ਲੈ ਜਾਵੇਗਾ।

          ਇਸਲਾਮ ਵਿਚ ਵੀ ਸਵਰਗ ਜਾਂ ਬਹਿਸ਼ਤ ਦੀ ਕਲਪਨਾ ਇਹੋ ਜਿਹੀ ਹੀ ਹੈ। ਉਨ੍ਹਾਂ ਦੇ ਵਿਸ਼ਵਾਸ ਦੇ ਮੁਤਾਬਕ ਸਵਰਗ ਅੱਠ ਹਨ। ਪਹਿਲਾ ਖ਼ੁਲਦ, ਦੂਜਾ ਦਾਰੁੱਸਲਾਮ, ਤੀਜਾ ਦਾਰੁਲਕਰਾਰ, ਚੌਥਾ ਜੰਨਤਿਲਅਦਨ, ਪੰਜਵਾਂ ਜੰਨਤੁਲਮਾਵਾ, ਛੇਵਾਂ ਜੰਨਤੁਨਈਮ, ਸੱਤਵਾਂ ਅਲਈਅਨ ਤੇ ਅਠਵਾਂ ਫ਼ਿਰਦੌਸ। ਕੁਰਾਨ ਵਿਚ ਲਿਖਿਆ ਹੈ ਕਿ ਅਨੇਕਾਂ ਸੁਖਾਂ ਵਿਚੋਂ ਸਭ ਤੋਂ ਉੱਚਾ ਸੁਖ ਅੱਲਾਹ ਦੇ ਨਜ਼ਦੀਕ ਪਹੁੰਚਣ ਦਾ ਹੀ ਹੈ ਅਤੇ ਕੇਵਲ ਪੀਰ-ਪੈਗ਼ੰਬਰ ਜਾਂ ਧਰਮ ਦੇ ਨਾਂ ਤੇ ਕੁਰਬਾਨੀ ਕਰਨ ਵਾਲੇ ਹੀ ਜੰਨਤ ਵਿਚ ਪਹੁੰਚ ਸਕਦੇ ਹਨ। ਬਾਕੀ ਸਭ ਧਰਮਾਂ ਵਿਚ ਵੀ ਸਵਰਗ ਦੀ ਕਲਪਨਾ ਇਸ ਤੋਂ ਬਹੁਤੀ ਵੱਖ ਨਹੀਂ ਹੈ।

          ਵੱਖ ਵੱਖ ਮੱਤਾਂ ਦੇ ਮੁਤਾਬਕ ਸਵਰਗਾਂ ਦੀ ਗਿਣਤੀ ਭਿੰਨ ਭਿੰਨ ਹੈ। ਨਰਸਿੰਘ-ਪੁਰਾਣ ਵਿਚ ਸੁਮੇਰ-ਪਰਬਤ ਦੀਆਂ ਤਿੰਨ ਚੋਟੀਆਂ ਨੂੰ ਹੀ ਤਿੰਨ ਸਵਰਗ ਮੰਨਿਆ ਗਿਆ ਹੈ। ਮੈਕਸੀਕੋ ਵਿਚ ਨੌਂ ਸਵਰਗ-ਲੋਕਾਂ ਦੀ ਕਲਪਨਾ ਹੈ। ਯਹੂਦੀ ਹੇਠਲਾ, ਵਿਚਕਾਰਲਾ ਅਤੇ ਉਪਰਲਾ ਇਹ ਤਿੰਨ ਸਵਰਗ ਮੰਨਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਉਪਰਲੇ ਸਵਰਗ ਵਿਚ ਸੱਤ ਭਵਨ ਹਨ, ਜਿਨ੍ਹਾਂ ਵਿਚ ਆਪਣੇ ਆਪਣੇ ਪੁੰਨਾਂ ਦੇ ਮੁਤਾਬਕ ਵਾਸਾ ਮਿਲਦਾ ਹੈ। ਪੁਰਾਣੇ ਸਮੇਂ ਵਿਚ ਮਿਸਰ ਦੇਸ਼ ਵਿਚ ਵੀ ਇਹ ਵਿਸ਼ਵਾਸ ਸੀ ਕਿ ਆਤਮਾ ਨਸ਼ਟ ਨਹੀਂ ਹੁੰਦੀ ਸਗੋਂ ਆਪਣੇ ਕਰਮਾਂ ਮੁਤਾਬਕ ਸੁਖ-ਦੁਖ ਭੋਗਦੀ ਹੈ ਅਤੇ ਅੰਤ ਵਿਚ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ। ਸਕੰਡੇਨੇਵੀਆ ਵਾਲੇ ਵਲਹੱਲਾ (Walhalla) ਅਤੇ ਗਿਮਲੀ (Gimle) ਨਾਂ ਦੇ ਦੋ ਸਵਰਗਾਂ ਨੂੰ ਮੰਨਦੇ ਹਨ।

ਭੌਤਿਕਵਾਦੀ ਅਤੇ ਨਾਸਤਕ ਲੋਕ ਕਿਸੇ ਸਵਰਗ-ਨਰਕ ਨੂੰ ਨਹੀਂ ਮੰਨਦੇ ਪਰ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਦੀ ਹੋਂਦ ਤੋਂ ਮੁਨਕਰ ਵੀ ਨਹੀਂ ਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖ ਅਤੇ ਦੁਖ ਦਾ ਭੋਗ ਭੌਤਿਕ ਸਰੀਰ ਹੀ ਕਰ ਸਕਦਾ ਹੈ, ਇਸ ਲਈ ਇਸ ਸਰੀਰ ਦੇ ਨਾ ਰਹਿਣ ਤੇ ਸੁਖ-ਦੁਖ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਸਲ ਵਿਚ ਇਸ ਸੰਸਾਰ ਵਿਚ ਮਿਲਣ ਵਾਲੇ ਸੁਖ-ਆਰਾਮ ਵੀ ਸਵਰਗ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no

ਸਵਰਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਵਰਗ : ਧਰਮ ਦੇ ਖੇਤਰ ਵਿਚ ਸਵਰਗ ਦਾ ਸੰਕਲਪ ਬੜਾ ਮਹੱਤਵਪੂਰਨ ਹੈ। ਲਗਭਗ ਸਾਰੇ ਧਰਮਾਂ ਵਿਚ ਇਹ ਕਿਸੇ ਨਾ ਕਿਸੇ ਰੂਪ ਵਿਚ ਉਪਲਬਧ ਹੈ।

        ਭਾਰਤੀ ਧਰਮ ਪ੍ਰਬੰਧ ਵਿਚ ਸਵਰਗ ਦਾ ਕਾਫ਼ੀ ਲੁਭਾਉਣਾ ਵਰਣਨ ਮਿਲਦਾ ਹੈ। ਪਦਮ ਪੁਰਾਣ ਵਿਚ ਲਿਖਿਆ ਹੈ ਕਿ ਸਵਰਗ ਵਿਚ ਸੁਹਣੇ ਅਤੇ ਪਵਿੱਤਰ ਬਾਗ਼-ਬਗ਼ੀਚੇ ਹਨ, ਸੋਨੇ-ਚਾਂਦੀ ਦੇ ਢੇਰ ਹਨ। ਨਰਸਿੰਘ ਪੁਰਾਣ ਅਨੁਸਾਰ, ਸੁਮੇਰ ਪਰਬਤ ਦੀਆਂ ਤਿੰਨ ਚੋਟੀਆਂ ਹੀ ਸਵਰਗ ਹਨ। ਗੀਤਾ ਅਨੁਸਾਰ, ਕੋਈ ਮਨੁੱਖ ਜਿੰਨੇ ਜ਼ਿਆਦਾ ਪੁੰਨ ਕਰਦਾ ਹੈ ਉੰਨਾ ਜ਼ਿਆਦਾ ਉਹ ਸਵਰਗ ਵਿਚ ਸੁਖ ਮਾਣ ਸਕਦਾ ਹੈ।

        ਈਸਾਈ ਧਰਮ ਅਨੁਸਾਰ, ਇਹ ਸਥਾਨ ਵਿਸ਼ਾਲ ਠੋਸ ਗੁੰਬਦ ਦੀ ਸ਼ਕਲ ਵਾਂਗ ਜਾਂ ਅਕਾਸ਼ ਵਾਂਗ ਹੈ। ਇਥੇ ਦੇਵਤੇ, ਸਾਧੂ ਤੇ ਫਰਸ਼ਿਤੇ ਨਿਵਾਸ ਕਰਦੇ ਹਨ। ਈਸਾ ਮਸੀਹ ਦਾ ਨਿਵਾਸ ਵੀ ਇਸ ਸਥਾਨ ਉੱਤੇ ਹੈ।

        ਇਸਲਾਮ ਵਿਚ ਸਵਰਗ ਨੂੰ ਬਹਿਸ਼ਤ ਜਾਂ ਜੰਨਤ ਕਿਹਾ ਗਿਆ ਹੈ। ਇਸਲਾਮੀ ਵਿਸ਼ਵਾਸ ਅਨੁਸਾਰ ਅੱਠ ਸਵਰਗ ਮੰਨੇ ਜਾਂਦੇ ਹਨ–ਪਹਿਲਾ ਖਲਦ, ਦੂਜਾ ਦਾਰੁਸਲਾਮ, ਤੀਜਾ ਦਾਰੁਲਕਰਾਰ, ਚੌਥਾ ਜੰਨਤਿਲਅਦਨ, ਪੰਜਵਾਂ ਜੰਨਤੁਲਮਾਵਾ, ਛੇਵਾਂ ਜੰਨਤੁਨਈਮ, ਸੱਤਵਾਂ ਅਲਈਅਨ ਅਤੇ ਅਠੱਵਾਂ ਫਿਰਦੌਸ। ਕੁਰਾਨ ਅਨੁਸਾਰ, ਕੇਵਲ ਪੈਗ਼ੰਬਰ ਅਤੇ ਇਸਲਾਮ ਧਰਮ ਨੂੰ ਮੰਨਣ ਵਾਲੇ ਹੀ ਜੰਨਤ ਵਿਚ ਪਹੁੰਚ ਸਕਦੇ ਹਨ। ਮੈਕਸੀਕੋ ਵਿਚ ਨੌ ਸਵਰਗ, ਯਹੂਦੀ ਤਿੰਨ ਸਵਰਗ, ਸਕੰਡੇਨੇਵੀਆ ਨਿਵਾਸੀ ਵਲਹਲਾ ਤੇ ਗਿਮਨੀ ਨਾਂ ਦੇ ਦੋ ਸਵਰਗ ਮੰਨਦੇ ਹਨ। ਸਿੱਖ ਧਰਮ ਵਿਚ ਸੁਰਗ ਜਾਂ ਜੰਨਤ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮਾਤਮਾ ਨਾਲ ਪ੍ਰੇਮ ਅਤੇ ਉਸ ਨਾਲ ਅਭੇਦਤਾ ਨੂੰ ਹੀ ਅੰਤਿਮ ਮੰਜ਼ਲ ਮੰਨਿਆ ਜਾਂਦਾ ਹੈ।

        ਧਨ ਨਹੀ ਬਾਛਹਿ ਸੁਰਗ ਨਾ ਆਛਹਿ॥

        ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ॥

        ਅਜੋਕੇ ਯੁਗ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਅਕਤੀ ਸਵਰਗ ਨੂੰ ਨਹੀਂ ਮੰਨਦੇ। ਉਨ੍ਹਾਂ ਦਾ ਵਿਚਾਰ ਹੈ ਕਿ ਸੁਖ ਦੁਖ ਦਾ ਸੰਬੰਧ ਮਨੁੱਖ ਦੇ ਜੀਵਤ ਸਰੀਰ ਨਾਲ ਹੈ। ਜਦੋਂ ਸਰੀਰ ਨਹੀਂ ਰਹਿੰਦਾ ਤਾਂ ਸਵਰਗ ਵਿਚ ਮਿਲਣ ਵਾਲੇ ਸੁਖਾਂ ਦਾ ਕੋਈ ਅਰਥ ਨਹੀਂ ਰਹਿੰਦਾ। ਅਸਲ ਵਿਚ ਇਸ ਸੰਸਾਰ ਨੂੰ ਇੰਨਾ ਵਧੀਆ ਬਣਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਧਾਰਮਿਕ ਖੇਤਰ ਵਿਚ ਕਲਪਿਤ ਕੀਤੇ ਸੁਖ ਸਾਧਨ ਮਨੁੱਖ ਨੂੰ ਜੀਉਂਦਿਆ ਹੀ ਪ੍ਰਾਪਤ ਹੋ ਸਕਣ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-11-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.