ਸਵਰ-ਵਾਹਕ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਵਰ-ਵਾਹਕ: ਗੁਰਮੁਖੀ ਲਿਪੀ ਵਿਚ ਤਿੰਨ ਸਵਰ-ਵਾਹਕ ਚਿੰਨ੍ਹ ਹਨ। ਸਵਰ ਧੁਨੀਆਂ ਅਤੇ ਸਵਰ-ਵਾਹਕ ਚਿਨ੍ਹਾਂ ਵਿਚ ਅੰਤਰ ਕਰਨਾ ਜ਼ਰੂਰੀ ਹੈ। ਸਵਰ-ਵਾਹਕ ਚਿਨ੍ਹਾਂ ਅਤੇ ਸਵਰਾਂ ਨੂੰ ਆਮ ਤੌਰ ’ਤੇ ਰਲਗਡ ਕਰ ਲਿਆ ਜਾਂਦਾ ਹੈ ਜਦੋਂ ਕਿ ਪੰਜਾਬੀ ਵਿਚ ਸਵਰ ਧੁਨੀਆਂ ਦੀ ਗਿਣਤੀ ਦਸ ਹੈ ਅਤੇ ਸਵਰ-ਵਾਹਕ (ੳ, ਅ, ੲ) ਤਿੰਨ ਹਨ। ਗੁਰਮੁਖੀ ਲਿਪੀ ਵਿਚ ਸਵਰਾਂ ਨੂੰ ਅੰਕਤ ਕਰਨ ਲਈ ਇਨ੍ਹਾਂ ਸਵਰ-ਵਾਹਕਾਂ ਨਾਲ ਲਗਾਂ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੋਮਨ ਲਿਪੀ ਵਿਚ ਇਸ ਪਰਕਾਰ ਦੀ ਕੋਈ ਵਿਵਸਥਾ ਨਹੀਂ ਹੈ। (ੳ, ਅ ਤੇ ੲ) ਗੁਰਮੁਖੀ ਲਿਪੀ ਵਿਚ ਤਿੰਨ ਲਿਪੀ ਚਿੰਨ੍ਹ ਹਨ ਜਿਨ੍ਹਾਂ ਦੀ ਤਰਤੀਬ ਬਾਕੀ ਲਿਪੀ ਚਿੰਨ੍ਹਾਂ ਦੀ ਤਰਤੀਬ ਨਾਲ ਮੇਲ ਖਾਂਦੀ ਹੈ। ਗੁਰਮੁਖੀ ਲਿਪੀ ਉਚਾਰਨ ਦੇ ਬਿਲਕੁਲ ਨੇੜੇ ਹੈ। ਮੂੰਹ ’ਚੋਂ ਪਿਛਲੇ ਸਥਾਨ ਤੋਂ ਉਚਾਰੀਆਂ ਗਈਆਂ ਧੁਨੀਆਂ ਨੂੰ ਲਿਪੀ ਭਾਵ ਵਰਨਮਾਲਾ ਵਿਚ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ। (ੳ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਉ, ਊ, ਓ) ਮੂੰਹ ਦੇ ਪਿਛਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ, (ਅ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਅ, ਆ, ਐ, ਤੇ ਔ) ਮੂੰਹ ਦੇ ਵਿਚਕਾਰਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ ਅਤੇ (ੲ) ਨਾਲ ਸਬੰਧਤ ਸਵਰ ਧੁਨੀਆਂ (ਇ, ਏ, ਈ) ਮੂੰਹ ਦੇ ਅਗਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ। ਇਸੇ ਪਰਕਾਰ ਬਾਕੀ ਦੀ ਵਰਨਮਾਲਾ ਵਿਚ ਪਹਿਲੀ ਪੰਗਤੀ ਵਿਚ (ਕ, ਖ, ਗ, ਘ, ਙ) ਨੂੰ ਰੱਖਿਆ ਗਿਆ ਹੈ ਪਰ ਇਹ ਧੁਨੀਆਂ ਕੋਮਲ ਤਾਲੂ ਤੋਂ ਉਚਾਰੀਆਂ ਜਾਂਦੀਆਂ ਹਨ ਅਤੇ (ਪ, ਫ, ਬ, ਭ, ਮ) ਨੂੰ ਅੰਤਲੀ ਸ਼ਰੇਣੀ ਵਿਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦਾ ਉਚਾਰਨ ਮੂੰਹ ਦੇ ਬਿਲਕੁਲ ਮੁੱਢਲੇ ਹਿੱਸੇ ਭਾਵ ਬੁੱਲ੍ਹਾਂ ਰਾਹੀਂ ਕੀਤਾ ਜਾਂਦਾ ਹੈ ਇਸ ਲਈ ਸਵਰ-ਵਾਹਕਾਂ ਦੀ ਤਰਤੀਬ ਗੁਰਮੁਖੀ ਲਿਪੀ ਦੀ ਤਰਤੀਬ ਦੀ ਇਕ ਕੁੰਜੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 12740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First