ਸਿਆਪਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿਆਪਾ : ਸਿਆਪਾ ਦਾ ਕੋਸ਼ਗਤ ਅਰਥ ਔਰਤਾਂ ਦੀ ਉਹ ਮਿਲਣੀ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਸ਼ਰੀਕੇ ਕਬੀਲੇ ਦੀਆਂ ਵਿਆਹੁਤਾ ਇਸਤਰੀਆਂ ਸੋਗਮਈ ਪਹਿਰਾਵਾ ਪਹਿਨ ਕੇ ਅਤੇ ਇਕੱਠੀਆਂ ਹੋ ਕੇ ਰੁਦਨ ਕਰਦੀਆਂ ਹਨ। ਰੁਦਨ ਕਰਦੇ ਸਮੇਂ ਉਹ ਪਹਿਲਾਂ ਗੱਲ੍ਹਾਂ ਵਿੱਚ, ਫਿਰ ਛਾਤੀ ਅਤੇ ਬਾਅਦ ਵਿੱਚ ਪੱਟਾਂ ਉੱਤੇ ਦੁਹੱਥੜ ਮਾਰਦੀਆਂ ਹੋਈਆਂ ਰੋਂਦੀਆਂ ਅਤੇ ਪਿੱਟਦੀਆਂ ਹਨ।

     ਸਿਆਪਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ, ਸ੍ਰਵ-ਪ੍ਰਲਾਪ ਦਾ ਤਦਭਵ ਰੂਪ ਮੰਨਿਆ ਜਾਂਦਾ ਹੈ। ਜਿਸ ਦਾ ਅਰਥ ਹੈ ਮ੍ਰਿਤਕ ਪ੍ਰਾਣੀ ਲਈ ਕੀਤਾ ਵਿਰਲਾਪ। ਟੱਬਰ ਵਿੱਚ ਕਿਸੇ ਪ੍ਰਾਣੀ ਦੀ ਮੌਤ ਤੋਂ ਬਾਅਦ ਅੰਤਿਮ ਸਮੇਂ ਦੀਆਂ ਰਸਮਾਂ ਤੱਕ ‘ਸਿਆਪਾ` ਸੋਗਮਈ ਰਸਮ ਹੈ ਜੋ ਕਈ ਦਿਨ ਲਗਾਤਾਰ ਜਾਰੀ ਰਹਿੰਦੀ ਹੈ। ਕਈ ਹਾਲਤਾਂ ਵਿੱਚ ਮੋਏ ਪ੍ਰਾਣੀ ਨਮਿਤ ਸਿਆਪਾ ਕਰਨ ਲਈ ਮਰਾਸਣਾਂ ਨੂੰ ਸੱਦ ਲਿਆ ਜਾਂਦਾ ਹੈ ਜੋ ਮ੍ਰਿਤਕ ਪਾਣੀ ਦੀ ਉਮਰ ਅਤੇ ਪ੍ਰਤਿਭਾ ਅਨੁਸਾਰ, ਉਸ ਦੇ ਗੁਣ ਯਾਦ ਕਰ ਕੇ ਰੋਂਦੀਆਂ ਪਿੱਟਦੀਆਂ ਹਨ। ਜਿਸ ਨਾਲ ਵਾਤਾਵਰਨ ਸੋਗਮਈ ਬਣ ਜਾਂਦਾ ਹੈ।

     ਸਿਆਪੇ ਦਾ ਸੰਬੰਧ ਮ੍ਰਿਤਕ ਪ੍ਰਾਣੀ ਦੀ ਉਮਰ ਨਾਲ ਵੀ ਨਿਸ਼ਚਿਤ ਕੀਤਾ ਜਾਂਦਾ ਹੈ। ਜੁਆਨੀ ਵਿੱਚ ਹੋ ਗਈ ਮੌਤ ਸਮੇਂ ਸਿਆਪਾ ਕਰਦਿਆਂ ਤੇਜ਼ ਗਤੀ ਅਤੇ ਕਰੁਣਾਮਈ ਅਲਾਹੁਣੀਆਂ ਬੋਲੀਆਂ ਜਾਂਦੀਆਂ ਹਨ; ਜਿਨ੍ਹਾਂ ਦੀ ਲੈਅ ਵਿੱਚ ਪਿੱਟਦੀਆਂ ਤੀਵੀਂਆਂ ਆਪਣਾ ਪਿੰਡਾ ਨੀਲਾ ਕਰ ਲੈਂਦੀਆਂ ਹਨ। ਕਿਸੇ ਬਜ਼ੁਰਗ ਦੀ ਮੌਤ ਸਮੇਂ ਲੰਮੀ ਅਤੇ ਦਰਦਨਾਕ ਹੇਕ ਨਾਲ ਕੇਵਲ ਰੁਦਨ ਕੀਤਾ ਅਤੇ ਪਿੱਟਿਆ ਜਾਂਦਾ ਹੈ। ਇਹ ਰੁਦਨ ਮਰ ਗਏ ਵਿਅਕਤੀ ਦੇ ਗੁਣ ਯਾਦ ਕਰਦਿਆਂ ਅਲਾਹੁਣੀਆਂ ਦੀ ਕਰੁਣਾਮਈ ਹੇਕ ਨਾਲ ਰਲ ਕੇ ਕੀਤਾ ਜਾਂਦਾ ਹੈ।

     ਅਲਾਹੁਣੀਆਂ ਦੇ ਕੋਸ਼ਗਤ ਅਰਥ, ਸ਼ਲਾਘਾ ਦੀ ਕਵਿਤਾ ਤੋਂ ਲਏ ਜਾਂਦੇ ਹਨ। ਅਜਿਹਾ ਕਰੁਣਾਮਈ ਗੀਤ, ਜਿਸ ਵਿੱਚ ਕਿਸੇ ਦੇ ਗੁਣਾਂ ਨੂੰ ਗਾਇਆ ਜਾਵੇ, ਨੂੰ ਅਲਾਹੁਣੀ ਕਿਹਾ ਗਿਆ ਹੈ। ਜੁਆਨੀ ਦੀ ਉਮਰ ਵਿੱਚ ਮੋਏ ਪ੍ਰਾਣੀ ਦੇ ਸਿਆਪੇ ਸਮੇਂ ਰੁਦਨ ਕਰਨ ਵਾਲੀਆਂ ਅਲਾਹੁਣੀਆਂ ਵਿੱਚ ਕਰੁਣਾਮਈ ਰਸ ਬਹੁਤ ਹਿਰਦੇਵੇਦਕ ਹੁੰਦਾ ਹੈ। ਜਦ ਕਿ ਕਿਸੇ ਬਾਲ (ਬੱਚੇ) ਦੀ ਮੌਤ ਸਮੇਂ ਕੇਵਲ ਵੈਣ ਪਾਉਣ ਦੀ ਹੀ ਰੀਤ ਹੈ ਪਿੱਟਿਆ ਨਹੀਂ ਜਾਂਦਾ।

     ਪਹਿਲੇ ਸਮਿਆਂ ਵਿੱਚ ਰੱਜੇ-ਪੁੱਜੇ ਟੱਬਰ, ਆਪਣੇ ਪਰਿਵਾਰ ਵਿੱਚ ਹੋਈ ਮੌਤ ਸਮੇਂ, ਸਿਆਪਾ ਕਰਨ ਲਈ ਮਰਾਸਣਾਂ ਨੂੰ ਬੁਲਾ ਲਿਆਇਆ ਕਰਦੇ ਸਨ। ਜਿਨ੍ਹਾਂ ਦੀ ਗਿਣਤੀ ਸੱਦਣ ਵਾਲੇ ਪਰਿਵਾਰ ਦੀ ਆਰਥਿਕ ਹੈਸੀਅਤ ਮੁਤਾਬਕ ਹੁੰਦੀ ਸੀ। ਮ੍ਰਿਤਕ ਪ੍ਰਾਣੀ ਦੇ ਪਰਿਵਾਰ ਵਿੱਚ ਸਿਆਪਾ, ਮੌਤ ਹੋਣ ਵਾਲੇ ਦਿਨ ਤੋਂ ਲੈ ਕੇ ਸੋਗ ਦੀਆਂ ਅੰਤਿਮ ਰਸਮਾਂ ਤੱਕ ਚੱਲਦਾ ਰਹਿੰਦਾ ਹੈ। ਜਦੋਂ ਵੀ ਸੋਗੀ ਪਰਿਵਾਰ ਨਾਲ ਸੰਬੰਧਿਤ ਅੰਗ-ਸਾਕ ਅਫ਼ਸੋਸ ਪ੍ਰਗਟ ਕਰਨ ਲਈ ਆਉਂਦੇ ਹਨ ਅਤੇ ਆਈਆਂ ਇਸਤਰੀਆਂ ਪਿੱਟਣ ਲੱਗਦੀਆਂ ਹਨ ਤਾਂ ਇਹ ਮਰਾਸਣਾਂ, ਸੋਗੀ ਪਰਿਵਾਰ ਦੀਆਂ ਤ੍ਰੀਮਤਾਂ ਦੀ ਥਾਂ ਰੋਣ ਪਿੱਟਣ ਲੱਗਦੀਆਂ ਹਨ ਅਤੇ ਪਿੜ ਬੰਨ੍ਹ ਲੈਂਦੀਆਂ ਹਨ। ਨੈਣ ਸਭ ਦੇ ਵਿਚਕਾਰ ਖਲੋ ਜਾਂਦੀ ਹੈ ਅਤੇ ਬਾਕੀ ਘੇਰਾ ਬੰਨ੍ਹ ਲੈਂਦੀਆਂ ਹਨ। ਨੈਣਾਂ ਅਤੇ ਮਰਾਸਣਾਂ ਨੂੰ ਬੜੇ ਕਰੁਣਾਮਈ ਵੈਣ ਅਤੇ ਅਲਾਹੁਣੀਆਂ ਯਾਦ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਇਸ ਢੰਗ ਨਾਲ ਅਲਾਪਦੀਆਂ ਹਨ ਕਿ ਜਿਵੇਂ ਉਹ ਖ਼ੁਦ ਬੜੀ ਹਿਰਦੇਵੇਦਕ ਪੀੜ ਨਾਲ ਵਿੰਨ੍ਹੀਆਂ ਪਈਆਂ ਹੋਣ। ਉਹ ਲੈਅ ਅਤੇ ਸੁਰਤਾਲ ਵਿੱਚ ਅਲਾਹੁਣੀਆਂ ਅਲਾਪਦੀਆਂ ਹੋਈਆਂ ਸੋਗ ਕਰਨ ਆਈਆਂ ਇਸਤਰੀਆਂ ਨੂੰ ਵੀ ਆਪਣੇ ਵੇਗ ਵਿੱਚ ਬੰਨ੍ਹ ਲੈਂਦੀਆਂ ਹਨ ਅਤੇ ਮਰਾਸਣ ਦੀ ਅਗਵਾਈ ਵਿੱਚ ਸਾਰੀਆਂ ਇਸਤਰੀਆਂ ਇੱਕ ਤਾਲ ਵਿੱਚ ਰੋਂਦੀਆਂ ਹੋਈਆਂ ਤਰਤੀਬਵਾਰ, ਮੱਥਾ, ਗੱਲ੍ਹਾਂ, ਛਾਤੀ ਤੇ ਫਿਰ ਪੱਟਾਂ `ਤੇ ਦੁਹੱਥੜ ਮਾਰਦੀਆਂ ਹੋਈਆਂ ਇੰਞ ਰੋਂਦੀਆਂ ਪਿੱਟਦੀਆਂ ਹਨ ਕਿ ਸੁਣਨ ਅਤੇ ਵੇਖਣ ਵਾਲੇ ਦਾ ਹਿਰਦਾ ਕੰਬ ਉਠਦਾ ਹੈ।

     ਇੱਕ ਤਾਲ ਵਿੱਚ ਪਿੱਟਣ ਦੀ ਇਹ ਚਾਲ ਸ਼ੁਰੂ ਵਿੱਚ ਮੱਧਮ ਹੁੰਦੀ ਹੈ ਜੋ ਹੌਲੀ-ਹੌਲੀ ਤੇਜ਼ ਹੁੰਦੀ ਜਾਂਦੀ ਹੈ। ਨੈਣ ਵੱਲੋਂ ਬੋਲੀ ਗਈ ਅਲਾਹੁਣੀ ਦੇ ਪਿਛਲੇ ਬੋਲ ਘੇਰੇ ਵਿੱਚ ਖਲੋਤੀਆਂ ਇਸਤਰੀਆਂ ਦੁਹਰਾਉਂਦੀਆਂ ਹਨ; ਜਿਵੇਂ, ਮਰਦ ਲਈ ਹੇਕ ਦੇ ਅੰਤ `ਤੇ ‘ਗੱਭਰੂ ਸਰੂ ਜਿਹਾ` ਜਾਂ ਇਸਤਰੀ ਸੰਬੰਧੀ ‘ਹਾਏ ਨੀਂ ਧੀਏ ਮੋਰਨੀਏ` ਕਹਿ ਕੇ ਵਿਲਕਣੀ ਲਈ ਜਾਂਦੀ ਹੈ।

     ਮਰਦਾਂ ਤੇ ਇਸਤਰੀਆਂ ਦੇ ਸਿਆਪੇ ਨਾਲ ਸੰਬੰਧਿਤ ਅਲਾਹੁਣੀਆਂ ਵੱਖਰੋ-ਵੱਖਰੇ ਭਾਂਤ ਦੀਆਂ ਹਨ। ਮਰਦ ਦੀ ਮੌਤ `ਤੇ ਸਿਆਪਾ ਕਰਦੇ ਸਮੇਂ ਅਲਾਹੁਣੀਆਂ ਵਿੱਚ ਮਰਦਾਵੇਂ ਗੁਣਾਂ ਦੀ ਸਿਫ਼ਤ ਕੀਤੀ ਜਾਂਦੀ ਹੈ ਜਦ ਕਿ ਕਿਸੇ ਇਸਤਰੀ ਦੀ ਮੌਤ ਸਮੇਂ ਇਸਤਰੀ ਦੇ ਗੁਣਾਂ ਦੀ ਸਿਫ਼ਤ ਕਰਦਿਆਂ ਤੋੜਾ ਅਜਿਹੇ ਬੋਲਾਂ `ਤੇ ਮੁਕਾਇਆ ਜਾਂਦਾ ਹੈ ਜਿੱਥੇ ਦਰਦ ਦਾ ਪ੍ਰਭਾਵ ਤੀਖਣ ਹੋ ਜਾਵੇ। ਜਿਵੇਂ, ‘ਤੰਦ ਅਜੇ ਨਾ ਪਾਈ ਨੀ ਧੀਏ ਮੋਰਨੀਏ`। ਸੋਗ ਪ੍ਰਗਟ ਕਰਨ ਲਈ ਪਹਿਰਾਵੇ ਦੀ ਮਦਦ ਵੀ ਲਈ ਜਾਂਦੀ ਹੈ। ਪੇਂਡੂ ਇਸਤਰੀਆਂ ਅਜਿਹੇ ਸਮੇਂ ਅਕਸਰ ਤੇੜ ਕਾਲਾ ਘੱਗਰਾ ਅਤੇ ਸਿਰ ਪੁਰ ਚਿੱਟੇ ਰੰਗ ਦੀ ਚੁੰਨੀ ਲੈ ਲੈਂਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਗੜੀ ਦੇ ਰੂਪ ਵਿੱਚ ਚਿੱਟਾ ਰੰਗ ਸਾਦਗੀ ਅਤੇ ਬਜ਼ੁਰਗੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ, ਜਦੋਂ ਕਿ ਚੁੰਨੀ ਦੇ ਰੂਪ ਵਿੱਚ ਚਿੱਟਾ ਰੰਗ (ਵੱਡੀ ਉਮਰ ਨੂੰ ਛੱਡ ਕੇ) ਇਸਤਰੀ ਦੇ ਸਿਰੋ ਨੰਗੀ ਹੋਣ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਸੋਗ ਸਮੇਂ ਭੜਕੀਲੇ ਰੰਗਾਂ ਦੇ ਵਸਤਰ ਪਹਿਨਣੇ ਮਨ੍ਹਾਂ ਹਨ।

     ਜਿਸ ਘਰ ਕਿਸੇ ਪ੍ਰਾਣੀ ਦੀ ਮੌਤ ਹੋ ਗਈ ਹੋਵੇ ਉਹਨਾਂ ਨਾਲ ਦੂਰ-ਦੁਰੇਡਿਉਂ ਅਫ਼ਸੋਸ ਕਰਨ ਆਈਆਂ ਇਸਤਰੀਆਂ ਘਰ ਤੋਂ ਦੂਰ ਹੀ ਵੈਣ ਪਾਉਣ ਅਤੇ ਪਿੱਟਣ ਲੱਗਦੀਆਂ ਹਨ। ਅੱਗੋਂ ਮਰਾਸਣਾ ਜਾਂ ਮ੍ਰਿਤਕ ਪਰਿਵਾਰ ਦੀਆਂ ਇਸਤਰੀਆਂ ਜਾਂ ਮਰਾਸਣਾ ਵੀ ਅਗਲਵਾਂਢ੍ਹੀ ਹੋ ਕੇ ਉਹਨਾਂ ਦੀ ਸੁਰ ਵਿੱਚ ਸੁਰ ਮਿਲਾ ਕੇ ਪਿੱਟਦੀਆਂ ਅਤੇ ਵੈਣ ਪਾਉਂਦੀਆਂ ਹੋਈਆਂ ਘਰ ਵੱਲ ਆਉਂਦੀਆਂ ਹਨ। ਮਰਾਸਣ ਅੱਗੇ-ਅੱਗੇ ਬੋਲਦੀ ਹੈ:

ਰੋਵੇ ਚੂੜੇ ਵਾਲੀ ਨੀ ਬੈਠੀ

ਸ਼ੇਰੂ ਸਰੂ ਜਿਹਾ

ਰੋਵੇਂ ਸਿਰ ਦੀ ਛਾਂ

ਨੀਂ ਸ਼ੇਰੂ ਸਰੂ ਜਿਹਾ।

ਰੋਵੇ ਪੁਤ ਦੀ ਮਾਂ

            ਨੀਂ ਸ਼ੇਰਾ ਸਰੂ ਜਿਹਾ।

     ਇਵੇਂ ਹੀ ਕਿਸੇ ਮੁਟਿਆਰ ਦੀ ਮੌਤ `ਤੇ ਮਰਾਸਣਾ ਮਰਦਾਵੀਂਆਂ ਅਲਾਹੁਣੀਆਂ ਦੇ ਨਾਲ-ਨਾਲ ਦਰਦੀਲੇ ਬੋਲ ਵੀ ਉਚਾਰਦੀਆਂ ਹਨ। ਜਿਵੇਂ :

ਸਾਡੀ ਸੋਹਣੀ ਛੈਲ ਛਬੀਲੀ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਤੂੰ ਗਈ ਜਹਾਨੋਂ ਤੁਰ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਸਾਡੇ ਦਿਲ ਦੀ ਆਂਦਰ ਸੈਂ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਕਿਉਂ ਵੱਸ ਕਾਲ ਦੇ ਪਈ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਤੂੰ ਲਾਡ ਲਡਿੱਕੀ ਸੈਂ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਕਿਉ ਰੁਸ ਕੇ ਗਈ ਏਂ ਸੌਂ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਤੇਰੇ ਗੁਡੀਆਂ ਪਟੋਲ੍ਹੇ ਰੋਣ ਨੀ, ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਜਰਾ ਉਠ ਕੇ ਕਿੱਕਲੀ ਪਾ, ਨੀ ਧੀਏ ਮੋਰਨੀਏ,

ਹਾਏ ਨੀ ਧੀਏ ਮੋਰਨੀਏ।

ਤੇਰਾ ਵਿੱਚ ਸੰਦੂਕੇ ਪਿਆ ਨੀ, ਸਾਲੂ ਸੋਹਣੀਏ,

ਹਾਏ ਨੀ ਧੀਏ ਮੋਰਨੀਏ।

ਜਰਾ ਉਠ ਕੇ ਸੀਨੇ ਲਾ, ਨੀ ਧੀਏ ਮੋਰਨੀਏ,

            ਹਾਏ ਨੀ ਧੀਏ ਮੋਰਨੀਏ।

ਇਉਂ ਸਿਆਪੇ ਦਾ ਇਹ ਚਲਨ ਮ੍ਰਿਤਕ ਪਰਿਵਾਰ ਦੇ ਟੱਬਰ ਵਿੱਚ ਕਈ ਦਿਨ ਲਗਾਤਾਰ ਜਾਰੀ ਰਹਿੰਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆਪਾ (ਨਾਂ,ਪੁ) ਮੌਤ ਪਿੱਛੋਂ ਇਸਤਰੀਆਂ ਵੱਲੋਂ ਮੋਏ ਵਿਅਕਤੀ ਨਿਮਿੱਤ ਰੁਦਨ ਕਰਦੇ ਹੋਏ ਛਾਤੀ, ਗੱਲ੍ਹਾਂ, ਪੱਟਾਂ ਆਦਿ ’ਤੇ ਦੁਹੱਥੜ ਮਾਰ ਕੇ ਰੋਂਦੇ ਪਿੱਟਦੇ ਹੋਏ ਕੀਤਾ ਵਿਰਲਾਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆਪਾ [ਨਾਂਪੁ] ਕਿਸੇ ਦੀ ਮੌਤ ਸਮੇਂ ਰੋਣ-ਪਿੱਟਣ ਦਾ ਭਾਵ; ਮੁਸੀਬਤ , ਪੁਆੜਾ , ਕਜੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆਪਾ. ਸ਼ਵ—ਪ੍ਰਲਾਪ. ਸ਼ਵ (ਮੁਰਦੇ) ਲਈ ਪ੍ਰਲਾਪ. ਸੰਗ੍ਯਾ—ਇਸਤ੍ਰੀਆਂ ਦਾ ਸ਼ੌਕ ਕਰਕੇ ਸ਼ਰੀਰ ਤਾੜਨ (ਪਿੱਟਣਾ) ਅਤੇ ਮੁਰਦੇ ਲਈ ਪ੍ਰਲਾਪ (ਵੈਣ). ਦੇਖੋ, ਸਤੀ ਰੰਨੀ ਘਰੇ ਸਿਆਪਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਆਪਾ (ਸੰ.। ਸੰਸਕ੍ਰਿਤ ਸ਼ਪੑ=ਸਹੁੰ ਖਾਣੀ, ਫਿਟਕਾਰਨਾ, ਉਲਾਂਭਾ ਦੇਣਾ) ਮਰੇ ਹੋਏ ਇਸਤ੍ਰੀ ਪੁਰਖ ਦਾ ਨਾਮ ਲੈ ਕੇ (ਤੀਮੀਆਂ ਦਾ) ਪਿਟਣਾ, ਰੋਣਾ, ਕੀਰਨੇ ਕਰਨੇ। ਯਥਾ-‘ਸਤੀ ਰੰਨੀ ਘਰੇ ਸਿਆਪਾ’। ਦੇਖੋ , ‘ਸਤੀ ਰੰਨੀ ਘਰੇ ਸਿਆਪਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਆਪਾ : ਸਿਆਪਾ ਔਰਤਾਂ ਦੀ ਉਹ ਮਿਲਣੀ ਹੈ, ਜਿਸ ਵਿਚ ਕਿਸੇ ਇਸਤਰੀ ਜਾਂ ਪੁਰਖ ਦੇ ਅਕਾਲ ਚਲਾਣੇ ਮਗਰੋਂ ਆਂਢ-ਗੁਆਂਢ ਅਤੇ ਸ਼ਰੀਕੇ-ਭਾਈਚਾਰੇ ਦੀਆਂ ਤੀਵੀਆਂ ਕਾਲੇ ਘੱਗਰੇ ਪਾ ਕੇ ਇਕੱਠੀਆਂ ਹੋ ਕੇ ਸ਼ੋਕ-ਗੀਤ (ਅਲਾਹੁਣੀਆਂ) ਗਾਉਂਦੀਆਂ ਹਨ। ਔਰਤ, ਮਰਦ, ਬੁੱਢੇ, ਜੁਆਨ ਅਤੇ ਬੱਚੇ ਦੀ ਅਲਾਹੁਣੀ ਵੱਖਰੀ ਵੱਖਰੀ ਹੁੰਦੀ ਹੈ। ਇਸ ਨੂੰ ਮਰਾਸਨ ਜਾਂ ਨੈਣ ਗਾਉਂਦੀ ਹੈ। ਸਿਆਪੇ ਆਈਆਂ ਬਾਕੀ ਔਰਤਾਂ ਖੜ੍ਹੋ ਕੇ ਪੱਟਾਂ, ਛਾਤੀ ਅਤੇ ਮੱਥੇ ਉੱਤੇ ਦੁਹੱਥੜ ਮਾਰ ਮਾਰ ਕੇ ਰੋਂਦੀਆਂ ਕੁਰਲਾਉਂਦੀਆਂ ਹਰੇਕ ਟੱਪੇ ਉਤੇ ਸਭ ਤੋਂ ਪਹਿਲੀ ਤੁਕ ਵਾਰ ਵਾਰ ਦੁਹਰਾਉਂਦੀਆਂ ਹਨ। ਸਿਆਪਾ ਕਿਰਿਆ ਤੇਰ੍ਹਵੀ (ਤੇਰ੍ਹਵਾ ਦਿਨ) ਜਾਂ ਸਤਾਰ੍ਹਵੀਂ (ਸਤਾਰ੍ਹਵਾਂ ਦਿਨ) ਤਾਈਂ ਚਲਦਾ ਹੈ। ਇਨ੍ਹਾਂ ਦਿਨਾਂ ਤੋਂ ਇਲਾਵਾ ਚੌਥੇ, ਦਸਾਈ (ਦਸਵਾਂ ਦਿਨ), ਸ਼ਰਧ (ਭਾਦੋਂ ਦੇ ਹਨ੍ਹੇਰੇ ਪੱਖ), ਬਰਸੀ (ਹਰੇਕ ਵਰ੍ਹੇ ਵਿਚ ਮੌਤ ਦੀ ਤਾਰੀਖ਼) ਅਤੇ ਸੁੱਧ (ਚੌਥੇ-ਪੰਜਵੇਂ ਵਰ੍ਹੇ) ਨੂੰ ਵੀ ਹੁੰਦਾ ਹੈ। ਸਿਆਪੇ ਆਈਆਂ ਔਰਤਾਂ ਦੇ ਇਕ ਦੂਜੀ ਨੂੰ ਜੱਫੀ ਪਾ ਕੇ ਰੋਣ ਨੂੰ, ‘ਵੈਣ ਪਾਉਣਾ’ ਅਤੇ ਇਕੱਲੀ ਜ਼ਨਾਨੀ ਦੇ ਜ਼ੋਰ ਦੀ ਰੋਣ-ਪਿੱਟਣ ਨੂੰ ‘ਕੀਰਨੇ ਪਾਉਣਾ’ ਆਖਦੇ ਹਨ। ਹਰ ਰੋਜ਼ ਸਵੇਰੇ ਸੱਤ-ਅੱਠ ਵਜੇ ਸਿਆਪੇ ਬੈਠਣ ਵਾਲੇ ਅਤੇ ਸ਼ਾਮ ਨੂੰ ਪੰਜ-ਸਾਢੇ ਪੰਜ ਵਜੇ ਸਿਆਪਾ ਉੱਠਣ ਵੇਲੇ ਅਤੇ ਅਲਾਹੁਣੀਆਂ ਪਿੱਛੋਂ ਤੀਵੀਆਂ ਦੇ ਆਪੋ ਆਪਣੇ ਮੂੰਹ ਢੱਕ ਕੇ ਰੋਣ ਨੂੰ ‘ਪੱਲੇ ਪਾਉਣਾ’ ਕਹਿੰਦੇ ਹਨ।

          ਸਿਆਪਾ ਸ਼ਬਦ ਦਾ ਨਿਕਾਸ ਫ਼ਾਰਸੀ ਸ਼ਬਦ ‘ਸਿਆਹ ਪੋਸ਼’ ਕਾਲੇ ਕਪੜੇ ਪਹਿਨਣ ਵਾਲਾ (ਬਾਬੂ ਰਾਮ ਚੰਦ੍ਰ ਵਰਮਾ) ਅਤੇ ਸੰਸਕ੍ਰਿਤ ਸ਼ਬਦ ‘ਸ਼੍ਰਵ ਪ੍ਰਲਾਪ’ ਮੁਰਦੇ ਲਈ ਰੋਣਾ (ਭਾਈ ਕਾਨ੍ਹ ਸਿੰਘ) ਤੋਂ ਮੰਨਿਆ ਜਾਂਦਾ ਹੈ। ਇਸ ਰਿਵਾਜ ਦੇ ਸ਼ੁਰੂ ਹੋਣ ਦੇ ਸਹੀ ਸਮੇਂ ਦਾ ਕੋਈ ਪਤਾ ਨਹੀਂ ਚਲਦਾ, ਪਰ ਰਿਗਵੇਦ (10/14/7), ਮਹਾਭਾਰਤ (ਇਸਤ੍ਰੀ ਪਰਵ 20/4-28), ਸ਼ੀਮਦ ਭਾਗਵਤ ਪੁਰਾਣ (ਸਤਵਾਂ ਸਕੰਧ, ਅਧਿਆਇ ਦੂਜਾ, ਸ਼ਲੋਕ 31-34) ਅਤੇ ਕਾਲੀਦਾਸ ਕ੍ਰਿਤ ‘ਕੁਮਾਰ ਸੰਭਵ’ ਵਿਚ ਇਸਤਰੀ ਵਿਰਲਾਪ ਦੇ ਗੀਤ ਮਿਲਦੇ ਹਨ। ਆਇਰਲੈਂਡ ਦੇ ‘ਕੀਨਜ਼’ (kecns) ਗੀਤ ਅਲਾਹੁਣੀਆਂ ਵਰਗੇ ਹੁੰਦੇ ਹਨ। ਦੱਖਣੀ ਅਮਰੀਕਾ ਅਤੇ ਅਫ਼ਰੀਕਾ ਦੀਆਂ ਕਈ ਕੌਮਾਂ ਵਿਚ ਵੀ ਸਿਆਪੇ ਵਾਂਗ ਰੋਣ-ਪਿਟਣ ਜਾਂ ਸ਼ੋਕ-ਗੀਤ ਗਾਉਣ ਦਾ ਰਿਵਾਜ ਹੈ।

          ਲਗਾਤਾਰ ਰੋਣਾ ਹੈ ਵੀ ਬੁਰਾ। ਵਿਰਲਾਪ ਕਰਦੀਆਂ ਔਰਤਾਂ ਨੂੰ ਮਹਾਭਾਰਤ ਅਤੇ ਸ੍ਰੀਮਦ ਭਾਗਵਤ ਪੁਰਾਣ (7/2/58) ਵਿਖੇ ਰੋਕਿਆ ਵੀ ਗਿਆ ਹੈ। ਸ਼ੋਕ ਵੇਲੇ ਮੁਰਦੇ ਦੀ ਥਾਂ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਡਹੰਸ ਵਿਚ ਨੌਂ ਅਲਾਹੁਣੀਆਂ (ਮਹਲਾ ਪਹਿਲਾ ਦੀਆਂ ਪੰਜ ਅਤੇ ਮਹਲਾ ਤੀਜਾ ਦੀਆਂ ਚਾਰ) ਰਚੀਆਂ ਹੋਈਆਂ ਮਿਲਦੀਆਂ ਹਨ। ਆਰੀਆ ਸਮਾਜ ਵਰਗੀਆਂ ਸਭਾਵਾਂ ਨੇ ਇਸ ਤੇ ਰੋਕ ਲਾਉਣ ਦਾ ਉਪਰਾਲਾ ਕੀਤਾ। 1947 ਵਿਚ ਪੰਜਾ ਵੰਡ, ਰਿਸ਼ਤੇਦਾਰਾਂ ਦੀ ਦੂਰੀ, ਸੰਯੁਕਤ ਪਰਿਵਾਰਾਂ ਦੇ ਬਿਖਰਨ, ਪੇਸ਼ਿਆਂ ਦੀ ਤਬਦੀਲੀ, ਵਿਦਿਆ ਪ੍ਰਸਾਰ ਅਤੇ ਮਰਾਸਨਾਂ ਜਾਂ ਨੈਣਾਂ ਦੀ ਘਾਟ ਕਾਰਨ ਇਸਦਾ ਰਿਵਾਜ ਘੱਟਦਾ ਜਾ ਰਿਹਾ ਹੈ।

          ਹ. ਪੁ.––ਮ. ਕੋ.; ਪੰਜਾਬ ਦੇ ਲੋਕ ਗੀਤ––ਐਮ. ਐਸ. ਰੰਧਾਵਾ ਤੇ ਦੇਵਿੰਦਰ ਸਤਿਆਰਥੀ; ਪ੍ਰਮਾਣਕ ਹਿੰਦੀ ਕੋਸ਼––ਬਾਬੂ ਰਾਮ ਚੰਦ੍ਰ ਵਰਮਾ; ਵਿਸ਼ਵ ਜਯੋਤਿ ਹੁਸ਼ਿਆਰਪੁਰ ਅਕਤੂਬਰ, 1966––ਡਾ. ਨਵਰਤਨ ਕਪੂਰ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਸਿਆਪਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿਆਪਾ  :  ਇਹ ਸੰਸਕ੍ਰਿਤ ਦੇ ਸ਼ਬਦ 'ਸ਼ਵ-ਪ੍ਰਲਾਪ' ਦਾ ਤਦਭਵ ਹੈ ਜਿਸਦਾ ਅਰਥ ਹੈ ਸ਼ਵ (ਮੁਰਦੇ) ਲਈ ਵਿਰਲਾਪ ਕਰਨਾ। ਕਿਸੇ ਇਨਸਾਨ ਦੇ ਅਕਾਲ ਚਲਾਣੇ ਮਗਰੋਂ ਰਿਸ਼ੇਤਦਾਰ ਅਤੇ ਆਂਢ-ਗੁਆਂਢ ਦੀਆਂ ਇਸਤਰੀਆਂ ਕਾਲੇ ਘੱਘਰੇ ਪਾ ਕੇ ਮਿਲਣੀ ਕਰਦੀਆਂ ਹਨ ਅਤੇ ਸ਼ੋਕ-ਗੀਤ (ਅਲਾਹੁਣੀਆਂ) ਗਾਉਂਦੀਆਂ ਹਨ। ਔਰਤ, ਮਰਦ, ਜਵਾਨ, ਬੁੱਢੇ ਅਤੇ ਬੱਚੇ ਲਈ ਵੱਖਰੀ ਵੱਖਰੀ ਅਲਾਹੁਣੀ ਹੁੰਦੀ ਹੈ। ਇਸ ਸ਼ੋਕ-ਗੀਤ ਨੂੰ ਮਰਾਸਣ ਜਾਂ ਨੈਣ ਗਾਉਂਦੀ ਹੈ। ਬਾਕੀ ਔਰਤਾਂ ਛਾਤੀ ਅਤੇ ਮੱਥੇ ਉੱਤੇ ਦੁਹੱਥੜ ਮਾਰ ਕੇ ਰੋਂਦੀਆਂ ਹਨ ਅਤੇ ਹਰੇਕ ਟੱਪੇ ਦੀ ਪਹਿਲੀ ਤੁਕ ਵਾਰ ਵਾਰ ਦੁਹਰਾਉਂਦੀਆਂ ਹਨ। ਇਹ ਕਿਰਿਆ ਤੇਰ੍ਹਵੀਂ (ਤੇਰ੍ਹਵਾਂ ਦਿਨ) ਜਾਂ ਸਤਾਰ੍ਹਵੀ (ਸਤਰ੍ਹਵਾਂ ਦਿਨ) ਤਕ ਚਲਦੀ ਹੈ। ਇਸ ਤੋਂ ਇਲਾਵਾ ਚੌਥੇ, ਦਸਾਈ (ਦਸਵਾਂ ਦਿਨ), ਸਰਾਧ, ਬਰਸੀ ਅਤੇ ਸੁੱਧ (ਚੌਥੇ-ਪੰਜਵੇਂ ਵਰ੍ਹੇ) ਨੂੰ ਵੀ ਸਿਆਪਾ ਕੀਤਾ ਜਾਂਦਾ ਹੈ। ਔਰਤਾਂ ਦੇ ਇਕ ਦੂਜੀ ਨੂੰ ਜੱਫੀ ਪਾ ਕੇ ਰੋਣ ਨੂੰ 'ਵੈਣ ਪਾਉਣਾ' ਅਤੇ ਇਕੱਲੀ ਔਰਤ ਦੇ ਰੋਣ ਪਿੱਟਣ ਨੂੰ 'ਕੀਰਨੇ ਪਾਉਣਾ' ਕਿਹਾ ਜਾਂਦਾ ਹੈ। ਸਿਆਪੇ ਬੈਠਣ ਵੇਲੇ ਸਵੇਰੇ ਅਤੇ ਸਿਆਪਾ ਉੱਠਣ ਵੇਲੇ ਸ਼ਾਮ ਨੂੰ ਔਰਤਾਂ ਦੇ ਮੂੰਹ ਢੱਕ ਕੇ ਰੋਣ ਨੂੰ 'ਪੱਲਾ ਪਾਉਣਾ' ਕਹਿੰਦੇ ਹਨ।

        ਬਾਬੂ ਰਾਮ ਚੰਦਰ ਵਰਮਾ ਅਨੁਸਾਰ ਇਸ ਸ਼ਬਦ ਦਾ ਨਿਕਾਸ ਫ਼ਾਰਸੀ ਸ਼ਬਦ 'ਸਿਆਹ ਪੋਸ਼' ਜਾਂ ਕਾਲੇ ਕਪੜੇ ਪਹਿਨਣ ਅਤੇ ਭਾਈ ਕਾਨ੍ਹ ਸਿੰਘ ਅਨੁਸਾਰ ਸੰਸਕ੍ਰਿਤ ਸ਼ਬਦ 'ਸ਼੍ਰਵ–ਪ੍ਰਲਾਪ' ਤੋਂ ਹੋਇਆ ਮੰਨਿਆ ਜਾਂਦਾ ਹੈ। ਰਿਗਵੇਦ, ਮਹਾਭਾਰਤ, ਭਾਗਵਤ ਪੁਰਾਣ ਅਤੇ ਕਾਲੀਦਾਸ ਕ੍ਰਿਤ 'ਕੁਮਾਰ-ਸੰਭਵ' ਵਿਚ ਇਸਤਰੀ ਵਿਰਲਾਪ ਦੇ ਗੀਤ ਮਿਲਦੇ ਹਨ ਪਰ ਇਸ ਰਿਵਾਜ ਦੇ ਸ਼ੁਰੂ ਹੋਣ ਦਾ ਸਹੀ ਸਮਾਂ ਪਤਾ ਨਹੀਂ ਲਗਦਾ। ਇਸ ਰਿਵਾਜ ਦਾ ਵਿਰੋਧ ਮਹਾਭਾਰਤ ਅਤੇ ਸ੍ਰੀਮਦ ਭਾਗਵਤ ਪੁਰਾਣ ਵਿਚ ਵੀ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਡਹੰਸ ਵਿਚ ਨੌਂ ਅਲਾਹੁਣੀਆਂ ਰਚੀਆਂ ਹੋਈਆਂ ਹਨ ਜਿਨ੍ਹਾਂ ਵਿਚ ਮੌਤ ਦੇ ਸਮੇਂ ਮੁਰਦੇ ਵਾਸਤੇ ਸ਼ੋਕ ਦੀ ਥਾਂ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਲਿਖਿਆ ਹੈ। ਇਸ ਰਿਵਾਜ ਨੂੰ ਬੰਦ ਕਰਨ ਵਾਸਤੇ ਆਰੀਆ ਸਮਾਜ ਅਤੇ ਸਿੰਘ ਸਭਾ ਵਰਗੀਆਂ ਸਭਾਵਾਂ ਨੇ ਵੀ ਬਹੁਤ ਯਤਨ ਕੀਤਾ। ਅੱਜਕੱਲ੍ਹ ਵਿਦਿਆ ਦੇ ਪ੍ਰਸਾਰ ਨਾਲ ਇਹ ਰਿਵਾਜ ਘਟਦਾ ਜਾ ਰਿਹਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-02-40-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਪੰ. ਲੋ. ਵਿ. ਕੋ.

ਸਿਆਪਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਆਪਾ, ਪੁਲਿੰਗ : ੧. ਕਿਸੇ ਦੇ ਮਰਨ ਪਿੱਛੋਂ ਇਸਤਰੀਆਂ ਦੇ ਰੋਣ ਪਿੱਟਣ ਦੀ ਰੀਤ, ਵਿਰਲਾਪ, ੨. ਕਜੀਆ, ਪੁਆੜਾ (ਲਾਗੂ ਕਿਰਿਆ : ਹੋਣਾ, ਕਰਨਾ)

–ਸਿਆਪਾ ਕਰਨਾ, ਮੁਹਾਵਰਾ : ੧. ਮੁਰਦੇ ਨੂੰ ਰੋਣਾ, ਸੋਗ ਕਰਨਾ; ੨. ਕਿਸੇ ਦੇ ਪਾਏ ਹੋਏ ਔਖੇ ਤੇ ਬੇਮਤਲਬ ਕੰਮ ਨੂੰ ਨਜਿੱਠਣਾ

–ਸਿਆਪਾ ਪਾਉਣਾ, ਮੁਹਾਵਰਾ : ੧. ਕੋਈ ਮੁਸ਼ਕਲ ਪੈਦਾ ਕਰਨਾ, ਵਖਤ ਜਾਂ ਕਜੀਆ ਪਾਉਣਾ; ੨. ਕਲੇਸ਼ ਪਾਉਣਾ

–ਸਿਆਪਾ ਪੈਣਾ, ਮੁਹਾਵਰਾ : ੧. ਵਖਤ ਜਾਂ ਕਜੀਆ ਪੈਣਾ; ੨. ਕਲੇਸ਼ ਖੜਾ ਹੋਣਾ

–ਸਿਆਪੇ ਦੀ ਨੈਣ, ਇਸਤਰੀ ਲਿੰਗ : ਨੈਣ ਜੋ ਅਲਾਹੁਣੀ ਦੇ ਕੇ ਤ੍ਰੀਮਤਾਂ ਦੀ ਮੰਡਲੀ ਨੂੰ ਪਿਟਾਉਂਦੀ ਹੈ; ੨. ਝਗੜਾ ਪੁਆਉਣ ਵਾਲਾ ਮਨੁੱਖ ਜਾਂ ਤਰੀਮਤ

–ਰੰਨ ਗਈ ਸਿਆਪੇ ਘਰ ਆਵੇ ਤਾਂ ਜਾਪੇ, ਅਖੌਤ : ਔਰਤਾਂ ਜਦੋਂ ਕਿਸੇ ਦੇ ਘਰ ਸਿਆਪੇ ਤੇ ਜਾਂਦੀਆਂ ਹਨ ਤਾਂ ਘਰ ਦਾ ਖਿਆਲ ਭੁੱਲ ਜਾਂਦੀਆਂ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-12-05-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.