ਸਿੰਘਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੰਘਾ. ਇੱਕ ਬ੍ਰਾਹਮਣ ਜੋ ਸੋਢੀਆਂ ਦਾ ਪੁਰੋਹਿਤ ਸੀ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਇਹ ਭਾਰੀ ਯੋਧਾ ਹੋਇਆ. ਅਮ੍ਰਿਤਸਰ ਦੇ ਯੁੱਧ ਵਿੱਚ ਇਸ ਨੇ ਵਡੀ ਵੀਰਤਾ ਦਿਖਾਈ ਅਤੇ ਅਲੀ ਮੁਹੰਮਦ ਸਰਦਾਰ ਨੂੰ ਮਾਰ ਕੇ ਸ਼ਹੀਦ ਹੋਇਆ:—“ਇਮ ਤੁਰਕ ਸੇਨਪਤਿ ਲੀਨ ਮਾਰ, ਨਹਿ ਟਰ੍ਯੋ ਆਪ ਸਿੰਘਾ ਜੁਝਾਰ, ਹੁਇ ਖੰਡ ਖੰਡ ਮਿਲ ਗਯੋ ਖੇਤ , ਹਤ ਰਿਪੁਨ ਚਹਿਤ ਰਿਸ ਕੇ ਸਮੇਤ.” (ਗੁਪ੍ਰਸੂ) ਇਸ ਦਾ ਬੇਟਾ ਜਾਤੀ ਮਲਿਕ ਅਤੇ ਪੋਤਾ ਦਯਾਰਾਮ ਹੋਇਆ ਹੈ. ਦੇਖੋ, ਦਯਾਰਾਮ।
੨ ਖੀਵੇ ਦਾ ਵਸਨੀਕ ਇੱਕ ਜੱਟ , ਜੋ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਭੋਜਨ ਆਦਿ ਦਾ ਵਰਤਾਰਾ ਲੈਣ ਕਦੇ ਕਿਸੇ ਦੇ ਘਰ ਨ ਜਾਓ, ਜੋ ਆਪ ਪ੍ਰੇਮ ਨਾਲ ਦੇ ਜਾਵੇ ਉਹ ਲੈ ਲਓ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿੰਘਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੰਘਾ : ਸੋਢੀ ਬੰਸ ਦਾ ਪਰਵਾਰਿਕ ਬ੍ਰਾਹਮਣ ਪੁਰੋਹਿਤ ਸੀ ਜੋ ਛੇਵੇਂ ਗੁਰੂ ਹਰਗੋਬਿੰਦ (1595-1644) ਦਾ ਸਿੱਖ ਬਣ ਗਿਆ। 1629 ਵਿਚ ਮੁਗਲ ਕਮਾਂਡਰ ਮੁਖ਼ਲਿਸ ਖ਼ਾਨ ਵੱਲੋਂ ਹੋਏ ਹਮਲੇ ਸਮੇਂ ਜਦੋਂ ਪਰਵਾਰ ਅੰਮ੍ਰਿਤਸਰ ਤੋਂ ਨਿਕਲ ਕੇ ਝਬਾਲ ਪਹੁੰਚ ਗਿਆ ਸੀ ਤਾਂ ਗੁਰੂ ਜੀ ਦੀ ਸੁਪੁੱਤਰੀ ਬੀਬੀ ਵੀਰੋ ਗਲਤੀ ਨਾਲ ਪਿੱਛੇ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਚ ਰਹਿ ਗਈ ਸੀ; ਉਸ ਨੂੰ ਝਬਾਲ ਲਿਆਉਣ ਲਈ ਰਾਗੀ ਬਾਬਕ ਨਾਲ ਭਾਈ ਸਿੰਘਾ ਦੀ ਡਿਊਟੀ ਲਗਾਈ ਗਈ ਸੀ। ਭਾਈ ਸਿੰਘਾ ਅਤੇ ਬਾਬਕ ਨੇ ਉਸ ਨੂੰ ਮੁਗ਼ਲ ਫ਼ੌਜਾਂ ਵਿਚੋਂ ਸੁਰੱਖਿਅਤ ਵਾਪਸ ਲਿਆਂਦਾ। ਅਗਲੀ ਸਵੇਰ ਭਾਈ ਸਿੰਘਾ ਨੂੰ ਇਕ ਸਿੱਖ ਯੋਧੇ ਦੇ ਤੌਰ ਤੇ 500 ਸਿੱਖਾਂ ਦਾ ਮੁਖੀ ਬਣਾ ਕੇ ਦੁਸ਼ਮਨ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ਕਿਉਂਕਿ ਇਸ ਲੜਾਈ ਵਿਚ ਭਾਈ ਭਾਨੂੰ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਵੇਂ ਭਾਈ ਸੰਤੋਖ ਸਿੰਘ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਹੈ ਕਿ ਵਿਰੋਧੀ ਮੁਗਲ ਅਫ਼ਸਰ ਮੁਹੰਮਦ ਅਲੀ ਦੀ ਗੋਲੀ ਨਾਲ ਭਾਈ ਸਿੰਘੇ ਦਾ ਘੋੜਾ ਜ਼ਖ਼ਮੀ ਹੋ ਗਿਆ ਸੀ। ਇਸ ਨਾਲ ਘੋੜਾ ਮਰ ਗਿਆ ਪਰੰਤੂ ਭਾਈ ਸਿੰਘਾ ਨੇ ਆਪਣੇ ਆਪ ਨੂੰ ਸੰਭਾਲ ਕੇ ਮੁਹੰਮਦ ਅਲੀ ਵੱਲ ਤੀਰ ਚਲਾਇਆ ਜਿਸਦੇ ਲੱਗਣ ਨਾਲ ਉਹ ਮੌਕੇ ਤੇ ਹੀ ਮਾਰਿਆ ਗਿਆ। ਇਸ ਪਿੱਛੋਂ ਭਾਈ ਸਿੰਘਾ ਹਮਲੇ ਲਈ ਨਿਸ਼ਾਨਾ ਬਣ ਗਿਆ ਅਤੇ ਨਾ ਬਰਾਬਰੀ ਦੀ ਲੜਾਈ ਵਿਚ ਸ਼ਹੀਦ ਹੋ ਗਿਆ।
ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਿੰਘਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸਿੰਘਾ : ਸਿੱਖ ਇਤਿਹਾਸ ਅਨੁਸਾਰ ਸਿੰਘਾਂ ਨਾਂ ਦੇ ਦੋ ਸਿੱਖ ਹੋਏ ਹਨ। ਇਕ ਭਾਈ ਸਿੰਘਾ ਬ੍ਰਾਹਮਣ ਸੀ ਜੋ ਸੋਢੀਆਂ ਦਾ ਪ੍ਰੋਹਤ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਸੀ। ਜਿਸ ਸਮੇਂ ਮੀਰੀ ਪੀਰੀ ਦੇ ਵਾਲੀ ਸਤਿਗੁਰੂ ਨੇ ਸਿੱਖਾਂ ਨੂੰ ਸ਼ਸਤਰ ਫੜਾ ਕੇ ਸੰਤ ਸਿਪਾਹੀ ਸਜਾਇਆ ਤਾਂ ਸਿੰਘਾ ਪ੍ਰੋਹਤ ਦੀ ਵੀ ਕਾਇਆ ਪਲਟ ਗਈ। ਇਹ ਚੰਗਾ ਸੁਘੜ ਸ਼ਸਤਰਧਾਰੀ ਸੀ। ਅੰਮ੍ਰਿਤਸਰ ਦੀ ਜੰਗ ਸਮੇਂ ਇਸ ਨੇ ਭਾਰੀ ਬਹਾਦਰੀ ਵਿਖਾਈ। ਇਸ ਦਾ ਪੁੱਤਰ ਜਾਤੀ ਮਲਕ ਤੇ ਪੋਤਰਾ ਦਯਾ ਰਾਮ ਵੀ ਚੰਗੇ ਬਹਾਦਰ ਹੋਏ ਹਨ। ਦਯਾ ਰਾਮ ਭੰਗਾਣੀ ਦੀ ਜੰਗ ਵਿਚ ਵੀਰਤਾ ਨਾਲ ਲੜਿਆ ਸੀ।
ਦੂਸਰਾ ਭਾਈ ਸਿੰਘਾ ਜੱਟ ਸੀ ਅਤੇ ਖੀਵੇ ਦਾ ਰਹਿਣ ਵਾਲਾ ਸੀ। ਇਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਿੱਖ ਹੋਇਆ ਹੈ। ਗੁਰੂ ਜੀ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਭੋਜਨ ਆਦਿ ਲੈਣ ਕਿਸੇ ਦੇ ਘਰ ਨਹੀਂ ਜਾਣਾ ਚਾਹੀਦਾ ਅਤੇ ਜੋ ਪ੍ਰੇਮ ਨਾਲ ਦੇ ਜਾਵੇ ਉਹ ਹੀ ਲੈਣਾ ਚਾਹੀਦਾ ਹੈ।
ਹ. ਪੁ.––ਮ. ਕੋ. 194
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no
ਸਿੰਘਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਿੰਘਾ : ਸਿੱਖ ਇਤਿਹਾਸ ਅਨੁਸਾਰ ਸਿੰਘਾ ਨਾਂ ਦੇ ਦੋ ਸਿੱਖ ਹੋਏ ਹਨ। ਇਕ ਭਾਈ ਸਿੰਘਾ ਬ੍ਰਾਹਮਣ ਸੀ ਜੋ ਸੋਢੀਆਂ ਦਾ ਪੁਰੋਹਿਤ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਸੀ। ਗੁਰੂ ਜੀ ਨੇ ਜਦੋਂ ਸਿੱਖਾਂ ਨੂੰ ਸ਼ਸਤਰ ਫੜਾ ਕੇ ਸੰਤ ਸਿਪਾਹੀ ਸਜਾਇਆ ਤਾਂ ਸਿੰਘਾ ਪੁਰੋਹਿਤ ਦੀ ਵੀ ਕਾਇਆ ਪਲਟ ਗਈ। ਇਹ ਚੰਗਾ ਸੁਘੜ ਸ਼ਸਤਰਧਾਰੀ ਸੀ। ਅੰਮ੍ਰਿਤਸਰ ਦੀ ਜੰਗ ਸਮੇਂ ਇਸ ਨੇ ਭਾਰੀ ਬਹਾਦਰੀ ਵਿਖਾਈ। ਇਸ ਦਾ ਪੁੱਤਰ ਜਾਤੀ ਮਲਿਕ ਤੇ ਪੋਤਰਾ ਦਯਾ ਰਾਮ ਵੀ ਚੰਗੇ ਬਹਾਦਰ ਹੋਏ ਹਨ। ਦਯਾ ਰਾਮ ਭੰਗਾਣੀ ਦੀ ਜੰਗ ਵਿਚ ਵੀਰਤਾ ਨਾਲ ਲੜਿਆ ਸੀ।
ਦੂਸਰਾ ਭਾਈ ਸਿੰਘਾ ਜੱਟ ਸੀ ਅਤੇ ਖੀਵੇ ਦਾ ਰਹਿਣ ਵਾਲਾ ਸੀ। ਇਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਿੱਖ ਹੋਇਆ ਹੈ। ਗੁਰੂ ਜੀ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਭੋਜਨ ਆਦਿ ਲੈਣ ਕਿਸੇ ਦੇ ਘਰ ਨਹੀਂ ਜਾਣਾ ਜੋ ਪ੍ਰੇਮ ਨਾਲ ਦੇ ਜਾਵੇ ਕੇਵਲ ਉਹ ਹੀ ਲੈਣਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-02-49-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 194.
ਵਿਚਾਰ / ਸੁਝਾਅ
Please Login First